ਅਮਰੀਕੀ ਕਾਂਗਰਸ ਦੇ ਇੰਡੀਆ ਕੌਕਸ ਨੇ ਕਿਸਾਨਾਂ ਦੇ ਹੱਕਾਂ ਦੀ ਬਹਾਲੀ ਲਈ ਭਾਰਤ ਸਰਕਾਰ ਨੂੰ ਕਿਹਾ

ਅਮਰੀਕੀ ਕਾਂਗਰਸ ਦੇ ਇੰਡੀਆ ਕੌਕਸ ਨੇ ਕਿਸਾਨਾਂ ਦੇ ਹੱਕਾਂ ਦੀ ਬਹਾਲੀ ਲਈ ਭਾਰਤ ਸਰਕਾਰ ਨੂੰ ਕਿਹਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਾ ਦੀ 117ਵੀਂ ਕਾਂਗਰਸ ਦੀ ਚੋਣ ਮਗਰੋਂ ਪਹਿਲੀ ਵਾਰ ਕਾਂਗਰਸ ਦੇ ਇੰਡੀਆ ਕੌਕਸ ਨੇ ਕਿਸਾਨ ਸੰਘਰਸ਼ ਦਾ ਮਸਲਾ ਵਿਚਾਰਿਆ ਹੈ। ਇੰਡੀਆ ਕੌਕਸ ਦੇ ਮੈਂਬਰਾਂ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦਿੱਤਾ ਜਾਵੇ ਅਤੇ ਇੰਟਰਨੈਟ 'ਤੇ ਰੋਕਾਂ ਨਾ ਲਾਈਆਂ ਜਾਣ। ਇਹਨਾਂ ਮੈਂਬਰਾਂ ਨੇ ਭਾਰਤ ਸਰਕਾਰ ਨੂੰ ਇਹ ਵੀ ਕਿਹਾ ਕਿ ਲੋਕਤੰਤਰ ਦੇ ਨਿਯਮਾਂ ਨੂੰ ਬਹਾਲ ਰੱਖਿਆ ਜਾਵੇ।

ਅਮਰੀਕੀ ਕਾਂਗਰਸ ਦੇ ਇੰਡੀਆ ਕੌਕਸ ਮੈਂਬਰ ਡੈਮੋਕਰੈਟ ਬਰੈਡ ਸ਼ੇਰਮਨ, ਰਿਪਬਲਿਕਨ ਸਟੀਵ ਚੈਬੋਟ ਅਤੇ ਰੋ ਖੰਨਾ ਨੇ ਇਹਨਾਂ ਮਸਲਿਆਂ ਸਬੰਧੀ ਅਮਰੀਕੀ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਵੀ ਗੱਲਬਾਤ ਕੀਤੀ। ਇਸ ਬੈਠਕ ਵਿਚ ਜਿੱਥੇ ਭਾਰਤ ਤੇ ਅਮਰੀਕਾ ਨਾਲ ਜੁੜੇ ਹੋਰ ਕਈ ਮਸਲੇ ਵਿਚਾਰੇ ਗਏ ਉੱਥੇ ਕਿਸਾਨ ਸੰਘਰਸ਼ ਦੇ ਵੀ ਕਈ ਪਹਿਲੂਆਂ 'ਤੇ ਗੱਲਬਾਤ ਹੋਈ। 

ਸ਼ੇਰਮਨ ਨੇ ਕਿਹਾ, "ਮੈਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲੋਕਤੰਤਰ ਦੇ ਨਿਯਮਾਂ ਨੂੰ ਬਹਾਲ ਰੱਖਿਆ ਜਾਵੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦਿੱਤੇ ਜਾਵੇ ਤੇ ਉਹਨਾਂ ਦੇ ਇੰਟਰਨੈਟ ਵਰਤਣ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਨ 'ਤੇ ਰੋਕਾਂ ਨਾ ਲਾਈਆਂ ਜਾਣ। ਭਾਰਤ ਦੇ ਸਾਰੇ ਮਿੱਤਰ ਇਹ ਆਸ ਕਰਦੇ ਹਨ ਕਿ ਦੋਵੇਂ ਧਿਰਾਂ ਕਿਸੇ ਸਮਝੌਤੇ 'ਤੇ ਪਹੁੰਚ ਜਾਣਗੀਆਂ।"

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਅਮਰੀਕੀ ਕਾਂਗਰਸਮੈਨਾਂ ਨੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਅਵਾਜ਼ ਚੁੱਕੀ ਹੈ।