ਸਾਬਕਾ ਰਾਸ਼ਟਰਪਤੀ ਬੁਸ਼, ਉਪ-ਰਾਸ਼ਟਰਪਤੀ ਡਿਕ ਚੇਨੀ, ਗਾਇਕਾ ਟੇਲਰ ਸਵਿਫਟ ਹੈਰਿਸ ਦੇ ਹੱਕ ਵਿਚ
ਆਮ ਰਾਇ ਇਹ ਹੈ ਕਿ ਬਹਿਸ ਵਿਚ ਕਮਲਾ ਹੈਰਿਸ ਜੇਤੂ ਰਹੀ ਕਿਉਂਕਿ ਬਹਿਸ ਤੋਂ ਤੁਰੰਤ ਬਾਅਦ ਦੇ ਇਕ ਸਰਵੇਖਣ ਵਿਚ ਲਗਪਗ ਦੋ ਤਿਹਾਈ ਦਰਸ਼ਕਾਂ ਨੇ ਕਮਲਾ ਹੈਰਿਸ ਦੇ ਪ੍ਰਦਰਸ਼ਨ ਨੂੰ ਬਿਹਤਰ ਦੱਸਿਆ।
ਅਮਰੀਕੀ ਚੋਣ ’ਤੇ ਸੱਟਾ ਲਗਾਉਣ ਵਾਲੇ ਪਾਲੀਮਾਰਕੀਟ ਸੱਟਾ ਬਾਜ਼ਾਰ ਵਿਚ ਵੀ ਕਮਲਾ ਹੈਰਿਸ ਦੀ ਜਿੱਤ ਦੇ ਭਾਅ ਵਿਚ ਤਿੰਨ ਅੰਕਾਂ ਦੀ ਤੇਜ਼ੀ ਦਰਜ ਹੋਈ। ਆਪਣੇ ਪ੍ਰਦਰਸ਼ਨ ਤੋਂ ਉਤਸ਼ਾਹਤ ਕਮਲਾ ਹੈਰਿਸ ਨੇ ਟਰੰਪ ਨੂੰ ਇਕ ਟੀਵੀ ਬਹਿਸ ਦੀ ਚੁਣੌਤੀ ਦੇ ਦਿੱਤੀ। ਟਰੰਪ ਨੇ ਉਸ ਦਾ ਸਿੱਧਾ ਜਵਾਬ ਨਾ ਦਿੰਦੇ ਹੋਏ ਬਹਿਸ ਸੰਚਾਲਕਾਂ ਦੀ ਨਿਰਪੱਖਤਾ ’ਤੇ ਸਵਾਲ ਚੁੱਕੇ ਜੋ ਇਸ ਦਾ ਸੰਕੇਤ ਹੈ ਕਿ ਖ਼ੁਦ ਉਹ ਵੀ ਆਪਣੇ ਪ੍ਰਦਰਸ਼ਨ ਤੋਂ ਸੰਤੁਸ਼ਟ ਨਹੀਂ ਪਰ ਹੰਕਾਰ ਕਾਰਨ ਟਰੰਪ ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਆਪਣੀ ਹੀ ਜਿੱਤ ਦੇ ਦਾਅਵੇ ਕਰਦੇ ਫਿਰ ਰਹੇ ਹਨ। ਤ੍ਰਾਸਦੀ ਇਹ ਰਹੀ ਕਿ ਬਹਿਸ ਦੇਸ਼ ਅਤੇ ਵਿਦੇਸ਼ ਦੀਆਂ ਨੀਤੀਆਂ ’ਤੇ ਕੇਂਦਰਿਤ ਨਾ ਰਹਿ ਕੇ ਨਿੱਜੀ ਤੂੰ-ਤੂੰ, ਮੈਂ-ਮੈਂ, ਨਿੱਜੀ ਹਮਲਿਆਂ ਅਤੇ ਮਿੱਥਾਂ ’ਤੇ ਆਧਾਰਤ ਪ੍ਰਚਾਰ ਵਿਚ ਬਦਲ ਗਈ।
ਟਰੰਪ ਨੇ ਹੈਰਿਸ ਨੂੰ ਮਾਰਕਸਵਾਦੀ ਗਰਮਖ਼ਿਆਲੀ ਤੇ ਮਿੱਥਵਾਦੀ ਗਰਦਾਨਿਆ ਅਤੇ ਕਿਹਾ ਕਿ ਹੰਗਰੀ ਦੇ ਰਾਸ਼ਟਰਪਤੀ ਵਿਕਟਰ ਓਬਰਾਨ ਵਰਗੇ ਦਬੰਗ ਨੇਤਾ ਅਤੇ ਪੁਤਿਨ, ਚੀਨ ਅਤੇ ਉੱਤਰੀ ਕੋਰੀਆ ਵਰਗੇ ਦੇਸ਼ ਵੀ ਉਨ੍ਹਾਂ ਦਾ ਲੋਹਾ ਮੰਨਦੇ ਹਨ। ਕਮਲਾ ਹੈਰਿਸ ਨੇ ਟਰੰਪ ’ਤੇ ਚੱਲ ਰਹੇ ਕੇਸ ਗਿਣਾਉਂਦੇ ਹੋਏ ਉਨ੍ਹਾਂ ਨੂੰ ਦੰਗੇ ਉਕਸਾਉਣ ਵਾਲਾ ਅਤੇ ਲੋਕਤੰਤਰ ਲਈ ਖ਼ਤਰਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਦੁਨੀਆ ਉਨ੍ਹਾਂ ਦੀ ਕਮਜ਼ੋਰੀ ’ਤੇ ਹੱਸਦੀ ਹੈ ਅਤੇ ਪੁਤਿਨ ਤਾਂ ਉਨ੍ਹਾਂ ਨੂੰ ‘ਹਜ਼ਮ’ ਕਰ ਸਕਦੇ ਹਨ। ਬਹਿਸ ਵਿਚ ਇਕ ਵਕਤਾ ਦੇ ਬੋਲਦੇ ਸਮੇਂ ਦੂਜੇ ਦਾ ਮਾਈਕ ਬੰਦ ਰੱਖਿਆ ਗਿਆ ਸੀ।
ਇਸ ਲਈ ਇਕ-ਦੂਜੇ ਨੂੰ ਟੋਕਣਾ ਤਾਂ ਸੰਭਵ ਨਹੀਂ ਸੀ ਪਰ ਹੈਰਿਸ ਨੇ ਟਰੰਪ ਦਾ ਸੰਤੁਲਨ ਵਿਗਾੜਨ ਲਈ ਆਪਣੇ ਵੱਖ-ਵੱਖ ਹਾਵ-ਭਾਵਾਂ ਦਾ ਬਾਖ਼ੂਬੀ ਇਸਤੇਮਾਲ ਕੀਤਾ। ਟਰੰਪ ਨੂੰ ਸਭ ਤੋਂ ਵੱਧ ਗੁੱਸਾ ਉਦੋਂ ਆਇਆ ਜਦ ਹੈਰਿਸ ਨੇ ਉਨ੍ਹਾਂ ਦੀਆਂ ਰੈਲੀਆਂ ’ਤੇ ਵਿਅੰਗ ਕੱਸਿਆ। ਉਸ ਤੋਂ ਬਾਅਦ ਉਹ ਗ਼ੈਰ-ਕਾਨੂੰਨੀ ਪਰਵਾਸੀ ਪਾਲਤੂ ਕੁੱਤੇ-ਬਿੱਲੀਆਂ ਮਾਰ ਕੇ ਖਾ ਰਹੇ ਹਨ ਅਤੇ ਹਸਪਤਾਲਾਂ ਵਿਚ ਗਰਭਪਾਤ ਦੇ ਨਾਂ ’ਤੇ ਨਵਜਾਤ ਬੱਚਿਆਂ ਨੂੰ ਮਾਰਿਆ ਜਾ ਰਿਹਾ ਹੈ, ਵਰਗੇ ਬੇਸਿਰ-ਪੈਰ ਦੇ ਦਾਅਵੇ ਕਰਨ ਲੱਗੇ।
ਹੈਰਿਸ ਨੇ ਵੀ ਟਰੰਪ ਦੁਆਰਾ ਗਰਭਪਾਤ ’ਤੇ ਪਾਬੰਦੀ ਲਗਾਉਣ ਅਤੇ 20 ਪ੍ਰਤੀਸ਼ਤ ਵਿਕਰੀ ਕਰ ਲਗਾਉਣ ਵਰਗੇ ਮਿੱਥ ’ਤੇ ਆਧਾਰਤ ਦਾਅਵੇ ਕੀਤੇ। ਟਰੰਪ ਦੀ ਪਿਛਲੇ ਦਸ ਸਾਲ ਦੀ ਰਾਜਨੀਤੀ ਦਾ ਅਧਿਐਨ ਕਰਨ ਤੋਂ ਸਪਸ਼ਟ ਹੈ ਕਿ ਉਨ੍ਹਾਂ ਦੇ ਜਨ ਆਧਾਰ ’ਤੇ ਬਹਿਸ ਵਿਚ ਹਾਰ ਦਾ ਖ਼ਾਸ ਅਸਰ ਨਹੀਂ ਪੈਂਦਾ। ਹੈਰਿਸ ਹਾਰਦੀ ਤਾਂ ਉਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਸਨ। ਉਸ ਦੀ ਚੜ੍ਹਤ ਉਸ ਦੇ ਜਨ ਆਧਾਰ ਨੂੰ ਮਜ਼ਬੂਤ ਕਰੇਗੀ ਜਿਸ ਦੇ ਸਹਾਰੇ ਉਹ ਟਰੰਪ ਨੂੰ ਸਖ਼ਤ ਟੱਕਰ ਦੇ ਸਕੇਗੀ ਪਰ ਇਸ ਨਾਲ ਚੋਣਾਂ ਵਿਚ ਉਸ ਦੀ ਜਿੱਤ ਪੱਕੀ ਹੋ ਗਈ ਹੋਵੇ, ਅਜਿਹਾ ਨਹੀਂ ਹੈ। ਜਨਮਤ ਸੂਚਕ ਅੰਕ ਦੱਸਦੇ ਹਨ ਕਿ ਹੈਰਿਸ ਦੀ ਇਸ ਜਿੱਤ ਤੋਂ ਬਾਅਦ ਵੀ ਟੱਕਰ ਕਾਂਟੇ ਦੀ ਬਣੀ ਹੋਈ ਹੈ।
ਉੱਤਰੀ ਤੇ ਦੱਖਣੀ ਜਿਨ੍ਹਾਂ ਸੱਤ ਸੂਬਿਆਂ ਵਿਚ ਹਾਰ-ਜਿੱਤ ਫ਼ੈਸਲਾਕੁੰਨ ਹੈ, ਉਨ੍ਹਾਂ ਵਿਚ ਵਿਸਕਾਨਸਿਨ, ਮਿਸ਼ੀਗਨ ਤੇ ਨਵਾਡਾ ਵਿਚ ਹੈਰਿਸ ਅੱਗੇ ਹੈ ਜਦਕਿ ਏਰੀਜ਼ੋਨਾ ਅਤੇ ਜਾਰਜੀਆ ਵਿਚ ਟਰੰਪ। ਫ਼ਰਕ ਇੰਨਾ ਮਾਮੂਲੀ ਹੈ ਕਿ ਦੋਵਾਂ ’ਚੋਂ ਕੋਈ ਵੀ ਜਿੱਤ ਸਕਦਾ ਹੈ।
ਇਨ੍ਹਾਂ ’ਚੋਂ ਸਭ ਤੋਂ ਵੱਡਾ ਸੂਬਾ ਪੈਨਸਿਲਵੇਨੀਆ ਹੈ ਜਿੱਥੇ ਟੀਵੀ ਬਹਿਸ ਹੋਈ ਸੀ। ਇੱਥੇ ਦੋਵੇਂ ਉਮੀਦਵਾਰ ਬਰਾਬਰੀ ’ਤੇ ਚੱਲ ਰਹੇ ਹਨ। ਜਿੱਤ-ਹਾਰ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਕੌਣ ਆਪਣੇ ਕਿੰਨੇ ਜ਼ਿਆਦਾ ਸਮਰਥਕਾਂ ਤੋਂ ਵੋਟਾਂ ਪੁਆ ਸਕਦਾ ਹੈ।ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੀ ਪ੍ਰਕਿਰਿਆ ਕਾਫ਼ੀ ਪੇਚੀਦਾ ਹੈ। ਪੰਜਾਹ ਸੂਬਿਆਂ ਦੇ ਆਪੋ-ਆਪਣੇ ਚੁਣਾਵੀ ਨਿਯਮ ਹਨ। ਕੁਝ ਸੂਬਿਆਂ ਵਿਚ ਅਗਾਊਂ ਮਤਦਾਨ ਸ਼ੁਰੂ ਹੋ ਚੁੱਕਾ ਹੈ ਅਤੇ ਹੋਰਾਂ ਵਿਚ ਸ਼ੁਰੂ ਹੋਣ ਵਾਲਾ ਹੈ। ਅਜਿਹੇ ਵਿਚ ਆਪਣੇ ਸਮਰਥਕਾਂ ਦਾ ਮਤਦਾਨ ਯਕੀਨੀ ਕਰਵਾ ਸਕਣਾ ਆਸਾਨ ਕੰਮ ਨਹੀਂ ਹੈ। ਟੀਵੀ ਬਹਿਸ ਵਿਚ ਹੈਰਿਸ ਦੇ ਪ੍ਰਦਰਸ਼ਨ ਤੋਂ ਉਮੀਦ ਬੱਝੀ ਹੈ ਕਿ ਉਹ ਬੇਯਕੀਨੀ ਦੀ ਸਥਿਤੀ ਵਿਚ ਫਸੇ ਵੋਟਰਾਂ ਨੂੰ ਲੁਭਾਉਣ ਦੇ ਨਾਲ-ਨਾਲ ਡੈਮੋਕ੍ਰੈਟਿਕ ਪਾਰਟੀ ਦੇ ਸਮਰਥਕਾਂ ਨੂੰ ਵੀ ਵੋਟ ਪਾਉਣ ਲਈ ਉਤਸ਼ਾਹਤ ਕਰ ਸਕੇਗੀ।
ਉਸ ਨੂੰ ਸਮਰਥਨ ਦੇਣ ਦਾ ਐਲਾਨ ਰਿਪਬਲਿਕਨ ਪਾਰਟੀ ਦੇ ਉਨ੍ਹਾਂ ਦਿੱਗਜ ਨੇਤਾਵਾਂ ਵੀ ਕਰ ਦਿੱਤਾ ਹੈ ਜੋ ਟਰੰਪ ਦੀਆਂ ਨੀਤੀਆਂ ਤੋਂ ਨਾਰਾਜ਼ ਹਨ। ਇਨ੍ਹਾਂ ਵਿਚ ਸਾਬਕਾ ਰਾਸ਼ਟਰਪਤੀ ਬੁਸ਼, ਉਪ-ਰਾਸ਼ਟਰਪਤੀ ਡਿਕ ਚੇਨੀ, ਉਨ੍ਹਾਂ ਦੀ ਬੇਟੀ ਲਿਜ਼ ਚੇਨੀ ਅਤੇ ਸੈਨੇਟ ਦੇ ਸਾਬਕਾ ਨੇਤਾ ਮਿਚ ਮਕਾਨਲ ਸ਼ਾਮਲ ਹਨ।
ਮਸ਼ਹੂਰ ਗਾਇਕਾ ਟੇਲਰ ਸਵਿਫਟ ਵੀ ਹੈਰਿਸ ਦੇ ਪੱਖ ਵਿਚ ਆ ਗਈ ਹੈ। ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ 25 ਕਰੋੜ ਤੋਂ ਵੀ ਜ਼ਿਆਦਾ ਹੈ। ਇਸ ਲਈ ਕੁਝ ਦਿਨ ਪਹਿਲਾਂ ਉਸ ਦੇ ਸਮਰਥਨ ਦਾ ਦਾਅਵਾ ਟਰੰਪ ਨੇ ਵੀ ਕੀਤਾ ਸੀ ਜੋ ਗ਼ਲਤ ਨਿਕਲਿਆ। ਸਮਰਥਕਾਂ ਵਿਚ ਉਤਸ਼ਾਹ ਜਗਾਉਣ ਦੇ ਨਾਲ ਹੀ ਬੇਯਕੀਨੀ ਵਿਚ ਫਸੇ ਵੋਟਰਾਂ ਨੂੰ ਲੁਭਾਉਣ ਲਈ ਅਗਲੇ ਸੱਤ ਹਫ਼ਤਿਆਂ ਵਿਚ ਵਿਗਿਆਪਨਾਂ ਦੀ ਜੰਗ ਲੜੀ ਜਾਵੇਗੀ।
Comments (0)