ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਨਿਕਾਹ ਕਰਾਉਣ ਦੇ ਮਾਮਲੇ ਦੀ ਜਾਂਚ ਲਈ ਇਮਰਾਨ ਖਾਨ ਨੇ ਸੂਬਾ ਸਰਕਾਰਾਂ ਨੂੰ ਹੁਕਮ ਜਾਰੀ ਕੀਤੇ

ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਨਿਕਾਹ ਕਰਾਉਣ ਦੇ ਮਾਮਲੇ ਦੀ ਜਾਂਚ ਲਈ ਇਮਰਾਨ ਖਾਨ ਨੇ ਸੂਬਾ ਸਰਕਾਰਾਂ ਨੂੰ ਹੁਕਮ ਜਾਰੀ ਕੀਤੇ

ਇਸਲਾਮਾਬਾਦ: ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਦੋ ਨਬਾਲਗ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ, ਜਬਰਨ ਧਰਮ ਤਬਦੀਲੀ ਮਗਰੋਂ ਵਿਆਹ ਕਰਾਉਣ ਦੀ ਘਟਨਾ ਸਬੰਧੀ ਮਾਮਲੇ ਵਿਚ ਦਖਲ ਦਿੰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਾਂਚ ਦੇ ਹੁਕਮ ਕੀਤੇ ਹਨ ਅਤੇ ਤੁਰੰਤ ਕੁੜੀਆਂ ਨੂੰ ਵਾਪਿਸ ਘਰਦਿਆਂ ਕੋਲ ਪਹੁੰਚਾਉਣ ਲਈ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। 

ਪ੍ਰਾਪਤ ਜਾਣਕਾਰੀ ਮੁਤਾਬਿਕ 13 ਸਾਲਾ ਰਵੀਨਾ ਅਤੇ 15 ਸਾਲਾ ਰੀਨਾ ਨੂੰ ਉਨ੍ਹਾਂ ਦੇ ਘਰਾਂ ਤੋਂ ਹੋਲੀ ਵਾਲੇ ਦਿਨ ਅਗਵਾ ਕਰ ਲਿਆ ਗਿਆ ਸੀ। ਅਗਵਾ ਤੋਂ ਬਾਅਦ ਇਕ ਵੀਡੀਓ ਸਾਹਮਣੇ ਆਈ ਸੀ ਜਿਸ ਵਿਚ ਕਾਜ਼ੀ ਇਹਨਾਂ ਕੁੜੀਆਂ ਦਾ ਨਿਕਾਹ ਪੜ੍ਹਾ ਰਿਹਾ ਸੀ। 

ਇਸ ਤੋਂ ਇਲਾਵਾ ਇਕ ਹੋਰ ਵੀਡੀਓ ਸਾਹਮਣੇ ਆਈ ਜਿਸ ਵਿਚ ਕੁੜੀਆਂ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਕਬੂਲ ਕਰਨ ਦੀ ਗੱਲ ਕਹਿ ਰਹੀਆਂ ਹਨ।

ਅੱਜ ਟਵਿੱਟਰ 'ਤੇ ਪੋਸਟ ਪਾਉਂਦਿਆਂ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿੰਧ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਉਹਨਾਂ ਕਿਹਾ ਕਿ ਰਿਪੋਰਟਾਂ ਹਨ ਕਿ ਕੁੜੀਆਂ ਨੂੰ ਪੰਜਾਬ ਦੇ ਰਹੀਮ ਯਾਰ ਖਾਨ ਵਿਖੇ ਲਿਜਾਇਆ ਗਿਆ ਹੈ। 

ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿੰਧ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਸਾਂਝੀ ਕਾਰਵਾਈ ਨੀਤੀ ਬਣਾ ਕੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। 

ਉਹਨਾਂ ਕਿਹਾ, "ਪਾਕਿਸਤਾਨ ਦੀਆਂ ਘੱਟਗਿਣਤੀਆਂ ਸਾਡੇ ਕੌਮੀ ਝੰਡੇ ਦਾ ਚਿੱਟਾ ਰੰਗ ਬਣਾਉਂਦੀਆਂ ਹਨ ਅਤੇ ਸਾਡੇ ਲਈ ਕੌਮੀ ਝੰਡੇ ਦੇ ਸਾਰੇ ਰੰਗ ਬੇਸ਼ਕੀਮਤੀ ਹਨ। ਆਪਣੇ ਝੰਡੇ ਦੀ ਸੁਰੱਖਿਆ ਕਰਨੀ ਸਾਡਾ ਫਰਜ਼ ਹੈ।"
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ