ਜੇਕਰ ਡੋਵਾਲ ਅਮਰੀਕਾ ਜਾਂਦੇ ਤਾਂ ਗਿ੍ਫਤਾਰ ਕੀਤੇ ਜਾਣ ਦੀ ਸੰਭਾਵਨਾ ਸੀ

ਜੇਕਰ ਡੋਵਾਲ ਅਮਰੀਕਾ ਜਾਂਦੇ ਤਾਂ ਗਿ੍ਫਤਾਰ ਕੀਤੇ ਜਾਣ ਦੀ ਸੰਭਾਵਨਾ ਸੀ

ਗੋਦੀ ਮੀਡੀਆ ਜਿਸ ਸ਼ਖ਼ਸ ਨੂੰ 'ਇੰਡੀਆ ਦਾ ਜੇਮਸ ਬਾਂਡ' ਦੱਸਦਾ ਹੈ, ਉਹ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਅਮਰੀਕਾ ਫੇਰੀ 'ਤੇ ਨਹੀਂ ਜਾ ਸਕਿਆ।

'ਜੇਮਸ ਬਾਂਡ' ਭਾਵ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਨਾ ਜਾ ਸਕਣ ਦਾ ਜੋ ਅਧਿਕਾਰਤ ਕਾਰਨ ਦੱਸਿਆ ਗਿਆ, ਉਹ ਦਿਲਚਸਪ ਹੈ। ਸਰਕਾਰ ਦੇ ਇਕ ਉੱਚ ਅਹੁਦੇ 'ਤੇ ਤਾਇਨਾਤ ਸੂਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ 'ਜੇਮਸ ਬਾਂਡ', ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਕਾਰਨ ਅਮਰੀਕਾ ਨਹੀਂ ਗਏ। 

ਪਰ ਸੱਚ ਇਹ ਹੈ ਕਿ ਕੈਨੇਡੀਆਈ-ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪੰਨੂੰ ਨੇ 17 ਸਤੰਬਰ ਨੂੰ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਯੂ.ਐੱਸ. ਡਿਸਟ੍ਰਿਕਟ ਕੋਰਟ ਵਿਚ ਇਕ ਦੀਵਾਨੀ ਮੁਕੱਦਮਾ ਦਾਇਰ ਕੀਤਾ ਹੈ, ਜਿਸ 'ਚ ਭਾਰਤ ਸਰਕਾਰ ਦੇ ਕੁਝ ਅਧਿਕਾਰੀਆਂ ਦੁਆਰਾ ਉਸ ਦੀ ਹੱਤਿਆ ਲਈ ਕਥਿਤ ਤੌਰ 'ਤੇ ਰਚੀ ਗਈ ਸਾਜਿਸ਼ ਲਈ ਹਰਜਾਨੇ ਦੀ ਮੰਗ ਕੀਤੀ ਗਈ ਹੈ। 

ਅਦਾਲਤ ਨੇ ਭਾਰਤ ਸਰਕਾਰ, ਕੌਮੀ ਸੁਰੱਖਿਆ ਸਲਾਹਾਕਾਰ ਅਜੀਤ ਡੋਵਾਲ, ਰਾਅ ਦੇ ਸਾਬਕਾ ਮੁਖੀ ਸਾਮੰਤ ਗੋਇਲ, ਵਿਕਰਮ ਯਾਦਵ (ਜਿਨ੍ਹਾਂ ਨੂੰ ਖ਼ੁਫੀਆ ਏਜੰਸੀ ਦੇ ਏਜੰਟ ਦੇ ਰੂਪ ਵਿਚ ਪਛਾਣਿਆ ਗਿਆ ਹੈ) ਅਤੇ ਇਕ ਕਾਰੋਬਾਰੀ ਨਿਖਿਲ ਗੁਪਤਾ ਨੂੰ ਤਲਬ ਕੀਤਾ ਹੈ। ਖ਼ਾਲਿਸਤਾਨੀ ਸੰਗਠਨ ਸਿੱਖ ਫ਼ਾਰ ਜਸਟਿਸ ਦੇ ਨੇਤਾ ਗੁਰਪਤਵੰਤ ਸਿੰਘ ਪੰਨੂੰ ਨੇ ਇਸ ਨੂੰ ਵੱਡਾ ਮੁੱਦਾ ਬਣਾਈ ਰੱਖਿਆ ਹੈ। ਇਸ ਕਾਰਨ ਅਮਰੀਕੀ ਪ੍ਰਸ਼ਾਸਨ ਵੀ ਉਸ ਦੀ ਪਿੱਠ ਠੋਕਦਾ ਰਿਹਾ ਹੈ। ਹਾਲਾਂਕਿ ਭਾਰਤ ਸਰਕਾਰ ਨੇ ਮੁਕੱਦਮੇ ਨੂੰ 'ਪੂਰੀ ਤਰ੍ਹਾਂ ਨਾਲ ਗ਼ੈਰ-ਜ਼ਰੂਰੀ ਅਤੇ ਬੇਬੁਨਿਆਦ' ਦੱਸਿਆ ਹੈ, ਪਰ ਅਮਰੀਕੀ ਅਦਾਲਤਾਂ ਦਾ ਕੋਈ ਭਰੋਸਾ ਨਹੀਂ, ਕਿਉਂਕਿ ਉਹ ਭਾਰਤ ਦੀਆਂ ਅਦਾਲਤਾਂ ਵਾਂਗ ਨਹੀਂ ਹਨ ਅਤੇ ਪੂਰੀ ਤਰ੍ਹਾਂ ਦਬਾਅ ਮੁਕਤ ਹੋ ਕੇ ਕੰਮ ਕਰਦੀਆਂ ਹਨ। ਜੇਕਰ ਡੋਵਾਲ ਉਥੇ ਜਾਂਦੇ ਤਾਂ ਗਿ੍ਫਤਾਰ ਕੀਤੇ ਜਾਣ ਦੀ ਸੰਭਾਵਨਾ ਸੀ।