ਚੀਨ ਅਤੇ ਅਮਰੀਕਾ ਦੀ ਠੰਡੀ ਜੰਗ ਦਾ ਅਖਾੜਾ ਬਣਦਾ ਜਾ ਰਿਹਾ ਹਾਂਗਕਾਂਗ

ਚੀਨ ਅਤੇ ਅਮਰੀਕਾ ਦੀ ਠੰਡੀ ਜੰਗ ਦਾ ਅਖਾੜਾ ਬਣਦਾ ਜਾ ਰਿਹਾ ਹਾਂਗਕਾਂਗ
ਪ੍ਰਦਰਸ਼ਨ ਵਿੱਚ ਸ਼ਾਮਿਲ ਪ੍ਰਦਰਸ਼ਨਕਾਰੀ

ਸੁਖਵਿੰਦਰ ਸਿੰਘ
ਅੱਜ ਦੇ ਮੋਜੂਦਾ ਵਿਸ਼ਵੀਕਰਨ ਦੇ ਯੁੱਗ ਵਿੱਚ ਜਿੱਥੇ ਦੁਨੀਆ ਦੀਆਂ ਆਪਸੀ ਦੂਰੀਆਂ ਬਹੁਤ ਘਟ ਗਈਆਂ ਹਨ ਤਾਂ ਧਰਤੀ ਦੇ ਕਿਸੇ ਵੀ ਖੇਤਰ ਵਿੱਚ ਹੁੰਦੀ ਰਾਜਨੀਤਕ ਹਿੱਲ ਜੁੱਲ ਦੀਆਂ ਜੜ੍ਹਾਂ ਹਮੇਸ਼ਾ ਵਿਸ਼ਵ ਦੀਆਂ ਵੱਡੀਆਂ ਤਾਕਤਾਂ ਨਾਲ ਜਾ ਜੁੜਦੀਆਂ ਹਨ। ਮੋਜੂਦਾ ਸਮੇਂ ਦੀ ਮੰਨੀ ਹੋਈ ਵਿਸ਼ਵ ਤਾਕਤ ਅਮਰੀਕਾ ਨੂੰ ਏਸ਼ੀਆ ਖਿੱਤੇ ਵਿੱਚੋਂ ਉੱਭਰ ਰਹੀ ਨਵੀਂ ਸ਼ਕਤੀ ਚੀਨ ਵੱਡੀ ਚੁਣੌਤੀ ਦੇ ਰਿਹਾ ਹੈ ਅਤੇ ਚੀਨ ਅਮਰੀਕਾ ਨੂੰ ਮਾਤ ਦੇ ਕੇ ਆਪਣਾ ਵਿਸ਼ਵ ਆਡਰ () ਸਥਾਪਿਤ ਕਰਨ ਦੀ ਇੱਛਾ ਰੱਖਦਾ ਹੈ। ਇਸ ਕਾਰਨ ਅਮਰੀਕਾ ਅਤੇ ਚੀਨ ਦਰਮਿਆਨ ਇੱਕ ਠੰਡੀ ਜੰਗ ਸ਼ੁਰੂ ਹੋ ਚੁੱਕੀ ਹੈ ਅਤੇ ਹਾਂਗਕਾਂਗ ਇਸ ਠੰਡੀ ਜੰਗ ਦਾ ਇੱਕ ਅਹਿਮ ਕੇਂਦਰ ਬਣਨ ਵੱਲ ਵਧ ਰਿਹਾ ਹੈ। 

ਜਿੱਥੇ ਚੀਨ ਆਪਣੇ ਰਾਜਨੀਤਕ ਇਰਾਦਿਆਂ ਨੂੰ "ਬੈਲਟ-ਰੋਡ" ਪ੍ਰੋਗਰਾਮ ਦੇ ਆਰਥਿਕ ਪਲੇਥਣ ਵਿੱਚ ਲਪੇਟ ਕੇ ਯੂਰਪ ਅਤੇ ਏਸ਼ੀਆ ਦੇ ਸਾਂਝੇ ਯੂਰੇਸ਼ੀਆ ਮਾਡਲ 'ਤੇ ਆਪਣੀ ਸਰਦਾਰੀ ਕਾਇਮ ਕਰਨ ਦੀ ਨੀਤੀ 'ਤੇ ਚਲਦਿਆਂ ਕਿਸੇ ਸਿੱਧੇ ਫੌਜੀ ਟਕਰਾਅ ਤੋਂ ਫਿਲਹਾਲ ਬਚਣਾ ਚਾਹੁੰਦਾ ਹੈ ਪਰ ਅਮਰੀਕਾ ਉਸਦੀ ਸਥਿਰਤਾ ਨੂੰ ਝੰਬ ਕੇ ਇਸ ਚੀਨੀ ਨੀਤੀ ਨੂੰ ਠੱਲਣ ਦੀਆਂ ਨੀਤੀਆਂ ਦੇ ਤਰੀਕੇ ਲੱਭ ਰਿਹਾ ਹੈ। 

ਬੀਤੇ ਕੱਲ੍ਹ ਹਾਂਗਕਾਂਗ ਦੀਆਂ ਸੜਕਾਂ 'ਤੇ ਲੱਖਾਂ ਲੋਕਾਂ ਨੇ ਇਕੱਠੇ ਹੋ ਕੇ ਚੀਨੀ ਪ੍ਰਭਾਵ ਵਾਲੀ ਸਰਕਾਰ ਖਿਲਾਫ ਜ਼ਬਰਦਸਤ ਮੁਜ਼ਾਹਰਾ ਕੀਤਾ। ਕਾਲੇ ਕੱਪੜਿਆਂ ਵਿੱਚ ਆਏ ਇਹ ਮੁਜ਼ਾਹਰਾਕਾਰੀ ਬੀਤੇ 6 ਮਹੀਨਿਆਂ ਤੋਂ ਸਰਕਾਰ ਖਿਲਾਫ ਚੱਲ ਰਹੇ ਸੰਘਰਸ਼ ਦੌਰਾਨ ਵਧੀਕੀਆਂ ਕਰਨ ਵਾਲੇ ਪੁਲਿਸ ਅਫਸਰਾਂ ਖਿਲਾਫ ਅਜ਼ਾਦ ਕਮਿਸ਼ਨ ਬਣਾ ਕੇ ਜਾਂਚ ਉਪਰੰਤ ਕਾਰਵਾਈ ਦੀ ਮੰਗ ਕਰ ਰਹੇ ਸਨ। ਮੁੱਖ ਤੌਰ 'ਤੇ ਇਹ ਪ੍ਰਦਰਸ਼ਨ ਚੀਨ ਦੇ ਹਾਂਗਰਕਾਂਗ ਦੀ ਰਾਜਨੀਤੀ 'ਤੇ ਪ੍ਰਭਾਵ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਹਨ ਜਿਹਨਾਂ ਨੂੰ ਅਮਰੀਕਾ ਦਾ ਪੂਰਾ ਸਮਰਥਨ ਹਾਸਿਲ ਹੈ।

ਹਾਂਗਕਾਂਗ ਦੀ ਰਾਜਨੀਤਕ ਸਥਿਤੀ ਕੀ ਹੈ?
ਹਾਂਗਕਾਂਗ ਚੀਨ ਦੇ ਦੱਖਣਪੂਰਬੀ ਤੱਟ 'ਤੇ ਇੱਕ ਟਾਪੂ ਰੂਪ ਸ਼ਹਿਰ ਹੈ। ਇਸ ਦੀ ਭੂਗੋਲਿਕ ਸਥਿਤੀ ਦੁਨੀਆ ਦੇ ਵਪਾਰ ਵਿੱਚ ਬਹੁਤ ਅਹਿਮ ਹੈ ਜਿਸ ਕਾਰਨ ਇਸ ਸ਼ਹਿਰ ਨੇ ਬਹੁਤ ਤੇਜੀ ਨਾਲ ਵਿਕਾਸ ਵੀ ਕੀਤਾ।

ਇਤਿਹਾਸਕ ਤੌਰ 'ਤੇ ਹਾਂਗਕਾਂਗ ਚੀਨ ਦੀ ਕਿੰਗ ਸਲਤਨਤ ਦਾ ਹਿੱਸਾ ਸੀ ਪਰ 1842 ਦੇ ਪਹਿਲੇ ਅਫੀਮ ਯੁੱਧ ਵਿੱਚ ਬਰਤਾਨੀਆ ਨੇ ਇਸ ਟਾਪੂ ਨੂੰ ਜਿੱਤ ਲਿਆ ਸੀ। ਇਸ ਤੋਂ ਤਕਰੀਬਨ 150 ਸਾਲ ਬਾਅਦ 1 ਜੁਲਾਈ 1997 ਨੂੰ ਬਰਤਾਨੀਆ ਨੇ ਇਸ ਟਾਪੂ ਖੇਤਰ ਨੂੰ ਦੁਬਾਰਾ ਚੀਨ ਦੇ ਸਪੁਰਦ ਕਰ ਦਿੱਤਾ। ਹਾਂਗਕਾਂਗ ਦੇ ਰਾਜਨੀਤਕ ਪ੍ਰਬੰਧ ਲਈ ਬਰਤਾਨੀਆ ਅਤੇ ਚੀਨ ਦਰਮਿਆਨ ਹੋਈ ਸੰਧੀ 'ਚ ਮਿੱਥਿਆ ਗਿਆ ਕਿ ਹਾਂਗਕਾਂਗ ਦਾ ਪ੍ਰਬੰਧ, "ਇੱਕ ਦੇਸ਼, ਦੋ ਪ੍ਰਬੰਧ" ਦੇ ਵਿਧਾਨ 'ਤੇ ਚੱਲੇਗਾ। ਇਸ ਵਿਧਾਨ ਵਿੱਚ ਦਰਜ ਸੀ ਕਿ ਹਾਂਗਕਾਂਗ ਸ਼ਹਿਰ ਦੀ ਅਜ਼ਾਦਾਨਾ ਹਸਤੀ ਬਰਕਰਾਰ ਰਹੇਗੀ ਜਿਸ ਲਈ ਇਸਦੀ ਕਾਰਜਕਾਰੀ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ ਅਜ਼ਾਦ ਰਹਿਣਗੀਆਂ।

ਇਸ ਵਿਧਾਨ ਤਹਿਤ ਹਾਂਗਕਾਂਗ ਦੀ ਵਿਦੇਸ਼ ਨੀਤੀ ਅਤੇ ਸੁਰੱਖਿਆ ਚੀਨੀ ਪ੍ਰਬੰਧ ਅਧੀਨ ਸੀ, ਪਰ ਚੀਨ ਹਾਂਗਕਾਂਗ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ ਨਹੀਂ ਦੇ ਸਕਦਾ ਸੀ।

ਚੀਨ ਖਿਲਾਫ ਵਿਰੋਧ ਕਿਉਂ?
ਚੀਨ ਸਰਕਾਰ ਖਿਲਾਫ ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਚੀਨ ਦੀ ਕਮਿਊਨਿਸਟ ਪਾਰਟੀ ਵਾਲੀ ਸਰਕਾਰ ਵਿਧਾਨ ਦੀਆਂ ਭਾਵਨਾਵਾਂ ਦੇ ਖਿਲਾਫ ਜਾ ਕੇ ਹਾਂਗਕਾਂਗ ਦੇ ਅੰਦਰੂਨੀ ਮਸਲਿਆਂ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ। ਉਹਨਾਂ ਦਾ ਦੋਸ਼ ਹੈ ਕਿ ਚੀਨ ਸਰਕਾਰ ਹਾਂਗਕਾਂਗ ਦੀ ਵਿਧਾਨਪਾਲਿਕਾ ਵਿੱਚ ਵੀ ਦਖਲਅੰਦਾਜ਼ੀ ਕਰਦੀ ਹੈ।

ਇਸ ਸਾਰੀ ਖਿੱਚੋਤਾਣ ਦਾ ਅਹਿਮ ਨੁਕਤਾ ਇਹ ਹੈ ਕਿ ਹਾਂਗਕਾਂਗ ਦੀ ਵਿਧਾਨ ਸਭਾ ਦੇ ਕੁੱਲ 70 ਮੈਂਬਰ ਹਨ ਜਿਹਨਾਂ ਵਿੱਚੋਂ ਅੱਧੇ ਮੈਂਬਰ ਸਿੱਧੇ ਚੁਣ ਕੇ ਆਉਂਦੇ ਹਨ ਜਦਕਿ ਅੱਧੇ ਮੈਂਬਰਾਂ ਨੂੰ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਦਾ ਇਕ ਸਮੂਹ ਚੁਣਦਾ ਹੈ। ਇਸ ਸਮੂਹ ਦੇ ਮੈਂਬਰਾਂ ਬਾਰੇ ਇਹ ਧਾਰਨਾ ਹੈ ਕਿ ਇਹ ਚੀਨ ਦੇ ਪ੍ਰਭਾਵ ਵਾਲੇ ਹੁੰਦੇ ਹਨ।

2016 ਦੀਆਂ ਚੋਣਾਂ ਤੋਂ ਬਾਅਦ ਹੁਣ ਤੱਕ ਵਿਧਾਨ ਸਭਾ ਦੇ 6 ਮੈਂਬਰਾਂ ਨੂੰ ਬਰਖਾਸਤ ਕੀਤਾ ਜਾ ਚੁੱਕਿਆ ਹੈ ਜਿਹਨਾਂ 'ਤੇ ਚੀਨ ਪੱਖੀ ਝੁਕਾਅ ਰੱਖਣ ਦਾ ਦੋਸ਼ ਸੀ।

ਸਾਲ 2014 ਵਿੱਚ ਚੀਨ ਨੇ ਇੱਕ ਨਵਾਂ ਹੁਕਮ ਜਾਰੀ ਕੀਤਾ ਕਿ ਹਾਂਗਕਾਂਗ ਦੇ ਉੱਚ ਆਗੂ ਦੇ ਅਹੁਦੇ ਲਈ ਉਹ ਹੀ ਚੋਣ ਲੜ ਸਕਦਾ ਹੈ ਜੋ, 'ਆਪਣੇ ਦੇਸ਼ ਨਾਲ ਪਿਆਰ ਕਰਦਾ ਹੋਵੇਗਾ'। 

ਇਸ ਮਾਪਦੰਡ ਨੂੰ ਪਰਖਣ ਲਈ ਉੱਪਰਲੀ ਕਮੇਟੀ ਵਾਂਗ ਹੀ ਇੱਕ 1200 ਮੈਂਬਰਾਂ ਦੀ ਕਮੇਟੀ ਬਣਾਈ ਜੋ ਇਸ ਮਾਪਦੰਡ ਦੀ ਪਰਖ ਕਰਕੇ ਫੈਂਸਲਾ ਦਿੰਦੀ। 

ਇਸ ਖਿਲਾਫ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਤੇ ਦੁਨੀਆ ਦੀ ਆਰਿਥਕਤਾ ਦਾ ਇਹ ਅਹਿਮ ਕੇਂਦਰ ਕਈ ਦਿਨਾਂ ਲਈ ਮੁਕੰਮਲ ਬੰਦ ਰਿਹਾ।

ਇਸ ਸਾਲ ਚੀਨ ਨੇ ਇੱਕ ਨਵਾਂ ਕਾਨੂੰਨ ਲਿਆਂਦਾ ਜਿਸ ਨਾਲ ਹਾਂਗਕਾਂਗ ਦੇ ਕੈਦੀਆਂ ਨੂੰ ਹਾਂਗਕਾਂਘ ਤੋਂ ਚੀਨ ਭੇਜਣ ਦਾ ਨਿਯਮ ਸੀ। ਇਸ ਖਿਲਾਫ ਹਾਂਗਕਾਂਗ ਵਿੱਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਸ਼ੁਰੂ ਹੋਏ ਜੋ ਲਗਾਤਾਰ ਜਾਰੀ ਹਨ। 

ਅਮਰੀਕਾ ਦਾ ਚੀਨ ਵਿਰੋਧੀ ਪ੍ਰਦਰਸ਼ਨਾਂ ਨੂੰ ਸਮਰਥਨ
ਅਮਰੀਕਾ ਨੇ ਹਾਂਗਕਾਂਗ ਸਬੰਧੀ ਕਾਨੂੰਨ ਬਣਾ ਕੇ ਚੀਨ ਖਿਲਾਫ ਹੋ ਰਹੇ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ ਹੈ। ਅਮਰੀਕਾ ਵੱਲੋਂ "ਹਾਂਗਕਾਂਗ ਮਨੁੱਖੀ ਹੱਕ ਅਤੇ ਲੋਕਤੰਤਰ ਕਾਨੂੰਨ" ਬਣਾਇਆ ਗਿਆ ਹੈ ਜਿਸ ਅਧੀਨ ਅਮਰੀਕਾ ਵੱਲੋਂ ਹਾਂਗਕਾਂਗ ਨੂੰ ਦਿੱਤੀ ਜਾਂਦੀ ਖਾਸ ਵਪਾਰਕ ਪਹੁੰਚ ਨੂੰ ਜਾਰੀ ਰੱਖਣ ਲਈ ਹਰ ਸਾਲ ਇਹ ਜਾਂਚਿਆ ਜਾਵੇਗਾ ਕਿ ਹਾਂਗਕਾਂਗ ਕੋਲ ਆਪਣੀ ਖੁਦਮੁਖਤਿਆਰੀ ਹੈ ਜਾਂ ਨਹੀਂ।

ਇਸ ਤੋਂ ਇਲਾਵਾ ਹਾਂਗਕਾਂਗ ਵਿੱਚ ਮਨੁੱਖੀ ਹੱਕਾਂ ਦੇ ਘਾਣ ਲਈ ਜ਼ਿੰਮੇਵਾਰ ਅਫਸਰਾਂ ਖਿਲਾਫ ਪਾਬੰਦੀਆਂ ਅਤੇ ਹਾਂਗਕਾਂਗ ਪੁਲਿਸ ਨੂੰ ਵੇਚੇ ਜਾਂਦੇ ਸਾਜੋ ਸਮਾਨ ਜਿਵੇਂ ਅੱਥਰੂ ਗੈਸ, ਮਿਰਚ ਸਪਰੇਅ, ਰਬੜ ਦੀਆਂ ਗੋਲੀਆਂ, ਪਾਣੀ ਮਾਰਨ ਵਾਲੀ ਤੋਪ ਆਦਿ 'ਤੇ ਰੋਕ ਲਾਉੇਣ ਦੀ ਗੱਲ ਇਸ ਕਾਨੂੰਨ ਵਿੱਚ ਕੀਤੀ ਗਈ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।