ਹਿੰਦੂਤਵੀ ਜਥੇਬੰਦੀਆਂ ਮੰਦਰ- ਮਸਜਿਦ ਵਿਵਾਦ ਭੜਕਾਉਣ ਲਗੀਆਂ

ਹਿੰਦੂਤਵੀ ਜਥੇਬੰਦੀਆਂ ਮੰਦਰ- ਮਸਜਿਦ ਵਿਵਾਦ ਭੜਕਾਉਣ ਲਗੀਆਂ

ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਵੱਲੋਂ ਮੰਦਰ-ਮਸਜਿਦ ਦੇ ਨਵੇਂ ਵਿਵਾਦ ਖੜ੍ਹੇ ਕਰਨ ਵਿਰੁੱਧ ਚਿਤਾਵਨੀ ਦੇਣ ਦੇ ਬਾਵਜੂਦ ਯੂ ਪੀ ਵਿੱਚ ਆਏ ਦਿਨ ਕੋਈ ਨਾ ਕੋਈ ਛੱਡਿਆ, ਢਾਹਿਆ ਤੇ ਮਕਬੂਜ਼ਾ ਮੰਦਰ ਲੱਭਿਆ ਜਾ ਰਿਹਾ ਹੈ।

ਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਹ ਸਿਲਸਿਲਾ 2027 ਦੀਆਂ ਅਸੰਬਲੀ ਚੋਣਾਂ ਤੱਕ ਚੱਲੇਗਾ, ਜਿਹੜੀਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਲੈਣ ਦੀ ਸਧਰ ਪੂਰੀ ਕਰਨ ਵਾਸਤੇ ਬਹੁਤ ਅਹਿਮ ਹੋਣਗੀਆਂ। ਬੀਤੇ ਦਿਨੀਂ ਫਰੂਖਾਬਾਦ ਦੇ ਪਿੰਡ ਮਾਧੋਪੁਰ ਵਿਚ ਹਿੰਦੂ ਮਹਾਸਭਾ ਦੇ ਮੈਂਬਰਾਂ ਨੇ ਵੀਰਾਨ ਸ਼ਿਵ ਮੰਦਰ ਦੇ ਦਰਵਾਜ਼ੇ ਖੋਲ੍ਹ ਕੇ ਮੂਰਤੀ ਦਾ ਜਲਾਭਿਸ਼ੇਕ ਕੀਤਾ। ਪੁਜਾਰੀ ਈਸ਼ਵਰ ਦਾਸ ਨੇ ਦਾਅਵਾ ਕੀਤਾ ਕਿ ਮੰਦਰ ’ਤੇ ਕਬਜ਼ਾ ਕੀਤਾ ਹੋਇਆ ਸੀ, ਜਦਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੇਖਭਾਲ ਨਾ ਹੋਣ ਕਰਕੇ ਚਾਰ ਦਹਾਕੇ ਪੁਰਾਣੇ ਮੰਦਰ ਵਿੱਚ ਕੋਈ ਨਹੀਂ ਸੀ ਜਾਂਦਾ। ਦੋ ਦਿਨ ਪਹਿਲਾਂ ਬ੍ਰਾਹਮਣ ਸੰਸਦ ਨਾਂਅ ਦੀ ਇੱਕ ਅਣਪਛਾਤੀ ਜਥੇਬੰਦੀ ਦੇ ਆਗੂ ਅਮਰਨਾਥ ਮਿਸ਼ਰਾ ਨੇ ਦਾਅਵਾ ਕੀਤਾ ਕਿ ਲਖਨਊ ’ਚ ਵਿਧਾਨ ਸਭਾ ਦੇ ਨੇੜੇ ਮਾਰਕਿਟ ਕੰਪਲੈਕਸ ਦੇ ਥੱਲੇ ਮੰਦਰ ਹੈ। ਇਹ ਗਜਰਾਜ ਸਿੰਘ ਨੇ 1885 ਵਿੱਚ ਬਣਵਾਇਆ ਸੀ ਤੇ ਉੱਥੇ ਸ਼ਿਵ ਤੇ ਰਾਧਾ-ਕਿ੍ਰਸ਼ਨ ਦੀਆਂ ਮੂਰਤੀਆਂ ਸਨ, ਪਰ ਸਮਾਜਵਾਦੀ ਪਾਰਟੀ ਦੇ ‘ਗੰੁਡਿਆਂ’ ਨੇ 1992 ਵਿੱਚ ਉੱਥੇ ਮਾਰਕਿਟ ਕੰਪਲੈਕਸ ਬਣਾ ਦਿੱਤਾ। ਕੰਪਲੈਕਸ ਦੇ ਮਾਲਕ ਸਈਦ ਹੁਸੈਨ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਮੰਦਰ ’ਤੇ ਕਬਜ਼ਾ ਨਹੀਂ ਕੀਤਾ ਅਤੇ ਉਹ ਬੇਸਮੈਂਟ ’ਚ ਮੌਜੂਦ ਹੈ। ਰਜਨੀਸ਼ ਸ਼ੁਕਲਾ ਨਾਂਅ ਦੇ ਸ਼ਰਧਾਲੂ ਨੇ ਕਿਹਾ ਕਿ ਉਹ ਪਿਛਲੇ ਪੰਦਰਾਂ ਸਾਲ ਤੋਂ ਹਰ ਸ਼ਾਮ ਮੰਦਰ ’ਚ ਪੂਜਾ ਕਰਦਾ ਆ ਰਿਹਾ ਹੈ। ਉਨ੍ਹਾਂ ਨੇ ਮਿਲ ਕੇ ਮੰਦਰ ਦੀ ਹਾਲਤ ਸੁਧਾਰੀ ਅਤੇ ਉੱਥੇ ਸ਼ਿਵ ਕਿਸ਼ਨ-ਰਾਧਾ ਦੀਆਂ ਮੂਰਤੀਆਂ ਮੌਜੂਦ ਹਨ। ਜਿਹੜੇ ਕਬਜ਼ੇ ਦੀ ਗੱਲ ਕਰਦੇ ਹਨ, ਉਹ ਤਾਂ ਕਦੇ ਇੱਥੇ ਦਿਸੇ ਨਹੀਂ।

ਜਦੋਂ ਭਾਗਵਤ ਨੇ ਮਸਜਿਦ ਥੱਲਿਓਂ ਮੰਦਰ ਲੱਭਣੇ ਬੰਦ ਕਰ ਦਿੱਤੇ ਜਾਣ ਦੀ ਗੱਲ ਕਹੀ ਤਾਂ ਯੋਗੀ ਨੇ ਤੁਰੰਤ ਦਾਅਵਾ ਕੀਤਾ ਕਿ ਸਨਾਤਨ ਧਰਮ ਭਾਰਤ ਦਾ ਰਾਸ਼ਟਰੀ ਧਰਮ ਹੈ। ਅਯੁੱਧਿਆ, ਵਾਰਾਨਸੀ, ਮਥੁਰਾ ਤੇ ਸੰਭਲ ਦੇ ਮੰਦਰ ਵਿਵਾਦਾਂ ਦਾ ਜ਼ਿਕਰ ਕਰਦਿਆਂ ਯੋਗੀ ਨੇ ਪੁੱਛਿਆ ਕਿ ਬੀਤੇ ਵਿੱਚ ਸਨਾਤਨ ਧਰਮ ਦੇ ਇਨ੍ਹਾਂ ਪ੍ਰਤੀਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੌਣ ਸਨ? ਯੂ ਪੀ ਦੇ ਯੋਗੀ ਹਮਾਇਤੀ ਕਈ ਸਾਧੂਆਂ ਨੇ ਵੀ ਭਾਗਵਤ ਦੇ ਬਿਆਨ ਦੀ ਨੁਕਤਾਚੀਨੀ ਕੀਤੀ ਹੈ। ਯੂ ਪੀ ਦੇ ਪੱਛਮ ਵਿੱਚ ਗਾਜ਼ੀਆਬਾਦ ਤੋਂ ਪੂਰਬ ਵਿੱਚ ਜੌਨਪੁਰ ਤੱਕ ਹਿੰਦੂਤਵੀ ਗਰੁੱਪਾਂ ਨੇ ਕੁਝ ਕੁ ਦਿਨਾਂ ਵਿੱਚ ਹੀ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਕਈ ‘ਮੰਦਰ’ ਲੱਭ ਲਏ ਹਨ।

ਯੂ ਪੀ ਤੋਂ ਲੋਕ ਸਭਾ ਦਾ ਮੈਂਬਰ ਹੋਣ ਵੇਲੇ ਆਦਿੱਤਿਆਨਾਥ ਨੇ ਹਿੰਦੂ ਯੁਵਾ ਵਾਹਿਨੀ ਬਣਾਈ ਸੀ, ਪਰ 2017 ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਬਕਾਇਦਾ ਤੌਰ ’ਤੇ ਉਸ ਦਾ ਭੋਗ ਪਾ ਦਿੱਤਾ ਸੀ। ਇਸ ਦੇ ਬਾਅਦ ਵੀ ਇਹ ਜਥੇਬੰਦੀ ਹਰ ਜ਼ਿਲ੍ਹੇ ਵਿਚ ਸਰਗਰਮ ਹੈ ਅਤੇ ਇਸ ਦੇ ਆਗੂਆਂ ’ਤੇ ਹਿੰਸਾ ਤੇ ਧਮਕਾਉਣ ਦੇ ਦੋਸ਼ ਲੱਗਦੇ ਰਹਿੰਦੇ ਹਨ। ਵਾਹਿਨੀ ਦੇ ਆਗੂ ਥਾਂ-ਥਾਂ ਮੰਦਰ ਲੱਭ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਭਾਗਵਤ ਆਦਿੱਤਿਆਨਾਥ ਦੇ ਚੇਲਿਆਂ ਨੂੰ ਮੰਦਰ ਲੱਭਣ ਤੋਂ ਰੋਕ ਨਹੀਂ ਸਕਦੇ, ਕਿਉਕਿ ਭਾਜਪਾ ਸਰਕਾਰਾਂ ਨੇ ਆਰ ਐੱਸ ਐੱਸ ਦੇ ਕਈ ਆਗੂਆਂ ਨੂੰ ‘ਕਾਣੇ’ ਕੀਤਾ ਹੋਇਆ ਹੈ। ਇੱਥੋਂ ਤੱਕ ਕਿ ਭਾਗਵਤ ਵੀ ਸਰਕਾਰੀ ਸੁਰੱਖਿਆ ਨਾਲ ਚੱਲਦੇ ਹਨ, ਜਦਕਿ ਉਨ੍ਹਾਂ ਤੋਂ ਪਹਿਲੇ ਮੁਖੀਆਂ ਨੇ ਸਰਕਾਰੀ ਸੁਰੱਖਿਆ ਨਹੀਂ ਲਈ ਸੀ.