ਰੈਫਰੈਂਡਮ 2020 ਦੇ ਚਲਦਿਆਂ ਦਰਬਾਰ ਸਾਹਿਬ ਸਮੇਤ ਪੰਜਾਬ ਪੁਲਸ ਵੱਲੋਂ ਗੁਰਦੁਆਰਿਆਂ ਦੀਆਂ ਘੇਰਾਬੰਦੀਆਂ

ਰੈਫਰੈਂਡਮ 2020 ਦੇ ਚਲਦਿਆਂ ਦਰਬਾਰ ਸਾਹਿਬ ਸਮੇਤ ਪੰਜਾਬ ਪੁਲਸ ਵੱਲੋਂ ਗੁਰਦੁਆਰਿਆਂ ਦੀਆਂ ਘੇਰਾਬੰਦੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਾ ਵਿਚ ਸਥਿਤ ਜਥੇਬੰਦੀ ਸਿੱਖਸ ਫਾਰ ਜਸਟਿਸ ਵੱਲੋਂ ਸੰਯੁਕਤ ਰਾਸ਼ਟਰ ਦੇ ਨਿਯਮਾਂ ਮੁਤਾਬਕ ਪੰਜਾਬ ਦੀ ਅਜ਼ਾਦੀ ਲਈ ਰਾਇਸ਼ੁਮਾਰੀ ਕਰਾਉਣ ਵਾਸਤੇ ਅੱਜ ਸ਼ੁਰੂ ਕੀਤੀ ਜਾ ਰਹੀ ਆਨਲਾਈਨ ਵੋਟਿੰਗ ਰਸਿਟਰੇਸ਼ਨ ਦੇ ਚਲਦਿਆਂ ਪੰਜਾਬ ਵਿਚ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ। 

ਅੱਜ ਪੰਜਾਬ ਪੁਲਸ ਵੱਲੋਂ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਗਲਿਆਰੇ ਦੁਆਲੇ ਸੜਕਾਂ 'ਤੇ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਬੀਤੇ ਦਿਨ ਰੈਫਰੈਂਡਮ 2020 ਦੇ ਪੋਸਟਰ ਲੱਗਣ ਉਪਰੰਤ ਅੱਜ ਪੁਲਿਸ ਨੇ ਜਿੱਥੇ ਸ਼ਹਿਰ ਦੀ ਨਾਕੇਬੰਦੀ ਕੀਤੀ ਹੋਈ ਹੈ ਉੱਥੇ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੁਆਲੇ ਸਵੇਰੇ 4 ਵਜੇ ਤੋਂ ਪੁਲਿਸ ਤਾਇਨਾਤ ਕੀਤੀ ਹੋਈ ਹੈ। 

ਬੀਤੇ ਦਿਨੀਂ ਭਾਰਤ ਸਰਕਾਰ ਨੇ ਸਿੱਖ ਅਜ਼ਾਦੀ ਲਈ ਯਤਨਸ਼ੀਲ 9 ਆਗੂਆਂ ਨੂੰ ਯੂਏਪੀਏ ਕਾਨੂੰਨ ਅਧੀਨ ਅੱਤਵਾਦੀ ਐਲਾਨ ਦਿੱਤਾ ਸੀ। ਇਹਨਾਂ ਵਿਚ ਸਿੱਖਸ ਫਾਰ ਜਸਟਿਸ ਨਾਲ ਸਬੰਧਿਤ ਆਗੂ ਗੁਰਪਤਵੰਤ ਸਿੰਘ ਪਨੂੰ ਵੀ ਸ਼ਾਮਲ ਹੈ। ਇਸ ਐਲਾਨ ਮਗਰੋਂ ਉਹਨਾਂ ਖਿਲਾਫ ਦੇਸ਼ ਧਰੋਹ ਦੀਆਂ ਧਾਰਾਵਾਂ ਅਧੀਨ ਮਾਮਲੇ ਵੀ ਦਰਜ ਕੀਤੇ ਗਏ ਹਨ। 

ਭਾਵੇਂ ਕਿ ਸਿੱਖਸ ਫਾਰ ਜਸਟਿਸ ਸੰਯੁਕਤ ਰਾਸ਼ਟਰ ਦੇ ਚਾਰਟਰ ਵਿਚ ਦਿੱਤੇ ਗਏ ਸਵੈ ਨਿਰਣੇ ਦੇ ਹੱਕ ਦੀ ਮੰਗ ਕਰਦਿਆਂ ਕੌਮਾਂਤਰੀ ਤੌਰ 'ਤੇ ਪ੍ਰਵਾਨਤ ਜ਼ਮਹੂਰੀ ਤਰੀਕੇ ਵੋਟਿੰਗ ਨਾਲ ਸਿੱਖ ਅਜ਼ਾਦੀ ਦਾ ਮਸਲਾ ਚੁੱਕ ਰਹੀ ਹੈ ਪਰ ਭਾਰਤ ਸਰਕਾਰ ਵੱਲੋਂ ਸਿੱਖਸ ਫਾਰ ਜਸਟਿਸ 'ਤੇ ਬਾਹਰੀ ਤਾਕਤਾਂ ਦੀ ਮਦਦ ਨਾਲ ਦੇਸ਼ ਦੀ ਅਖੰਡਤਾ ਨੂੰ ਤੋੜਨ ਦੀਆਂ ਸਾਜਿਸ਼ਾਂ ਲਾ ਕੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਿੱਖਸ ਫਾਰ ਜਸਟਿਸ ਦੇ ਆਗੂਆਂ 'ਤੇ ਕਈ ਅਪਰਾਧਕ ਮਾਮਲੇ ਵੀ ਦਰਜ ਕੀਤੇ ਗਏ ਹਨ। 

ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਖ਼ਿਲਾਫ਼ ਕਦਮ ਚੁੱਕਣ ਦੀ ਮੰਗ ਕਰਦੀ ਪਟੀਸ਼ਨ ਦਾ ਨਿਬੇੜਾ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਕੱਲ੍ਹ ਸਬੰਧਤ ਅਧਿਕਾਰੀਆਂ ਨੂੰ ‘ਲੋੜੀਂਦੇ ਕਾਰਵਾਈ’ ਕਰਨ ਦੇ ਆਦੇਸ਼ ਦਿੱਤੇ ਸਨ। 

ਬੀਤੇ ਕੁੱਝ ਦਿਨਾਂ ਦੌਰਾਨ ਸੋਸ਼ਲ ਮੀਡੀਆ 'ਤੇ ਸਿੱਖਸ ਫਾਰ ਜਸਟਿਸ ਦੀ ਰੈਫਰੈਂਡਮ 2020 ਮੁਹਿੰਮ ਨਾਲ ਸਬੰਧਿਤ ਪੋਸਟਾਂ ਸਾਂਝੀਆਂ ਕਰਨ ਵਾਲੇ ਸਿੱਖ ਨੌਜਵਾਨਾਂ ਦੀ ਪੁਲਸ ਵੱਲੋਂ ਪੁੱਛਗਿੱਛ ਕਰਨ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।