ਕਸ਼ਮੀਰ ਦੀ ਅਜ਼ਾਦੀ ਲਈ ਕੀਤੀ ਜੱਦੋਜਹਿਦ ਵਾਸਤੇ ਗਿਲਾਨੀ ਨੂੰ ਸਭ ਤੋਂ ਵੱਡੇ ਇਨਾਮ ਨਾਲ ਸਨਮਾਨਿਤ ਕਰੇਗਾ ਪਾਕਿਸਤਾਨ

ਕਸ਼ਮੀਰ ਦੀ ਅਜ਼ਾਦੀ ਲਈ ਕੀਤੀ ਜੱਦੋਜਹਿਦ ਵਾਸਤੇ ਗਿਲਾਨੀ ਨੂੰ ਸਭ ਤੋਂ ਵੱਡੇ ਇਨਾਮ ਨਾਲ ਸਨਮਾਨਿਤ ਕਰੇਗਾ ਪਾਕਿਸਤਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕਸ਼ਮੀਰ ਦੀ ਅਜ਼ਾਦੀ ਲਹਿਰ ਦੇ ਸਭ ਤੋਂ ਉੱਚ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਨੂੰ ਪਾਕਿਸਤਾਨ ਵੱਲੋਂ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ "ਨਿਸ਼ਾਨ-ਏ-ਪਾਕਿਸਤਾਨ" ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਪਾਕਿਸਤਾਨ ਦੀ ਪਾਰਲੀਮੈਂਟ ਦੇ ਸੈਨੇਟ ਵਲੋਂ ਮਤਾ ਪਾਸ ਕਰ ਦਿੱਤਾ ਗਿਆ ਹੈ। 

ਸੈਨੇਟ ਨੇ ਸਰਕਾਰ ਨੂੰ ਸਈਅਦ ਅਲੀ ਸ਼ਾਹ ਗਿਲਾਨੀ ਨੂੰ ਇਹ ਸਨਮਾਨ ਦੇਣ ਦੇ ਨਾਲ-ਨਾਲ 90 ਸਾਲਾ ਗਿਲਾਨੀ ਦੇ ਨਾਂ 'ਤੇ ਯੂਨੀਵਰਸਿਟੀ ਦਾ ਨਾਂ ਰੱਖਣ ਲਈ ਵੀ ਕਿਹਾ ਹੈ। 

ਸੈਨੇਟ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ ਵਿਚ ਮੰਗ ਕੀਤੀ ਗਈ ਹੈ ਕਿ ਦੇਸ਼ ਦੇ ਸਕੂਲੀ ਪਾਠਕ੍ਰਮ ਵਿਚ ਗਿਲਾਨੀ ਦੀ ਜ਼ਿੰਦਗੀ ਬਾਰੇ ਪਾਠ ਸ਼ਾਮਲ ਕੀਤੇ ਜਾਣ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗਿਲਾਨੀ ਵੱਲੋਂ ਆਲ ਪਾਰਟੀ ਹੁਰੀਅਤ ਕਾਨਫਰੰਸ ਦੀ ਚੇਅਰਮੈਨੀ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਗਿਲਾਨੀ ਨੂੰ ਉਮਰ ਭਰ ਲਈ ਇਸਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਗਿਲਾਨੀ ਲੰਮੇ ਸਮੇਂ ਤੋਂ ਭਾਰਤ ਸਰਕਾਰ ਨੇ ਘਰ ਵਿਚ ਨਜ਼ਰਬੰਦ ਕੀਤੇ ਹੋਏ ਹਨ।