ਹਾਈਕੋਰਟ ਨੇ ਮਾਲਵਿੰਦਰ ਸਿੰਘ ਮਾਲੀ ਨੂੰ ਦਿੱਤੀ ਜਮਾਨਤ

ਹਾਈਕੋਰਟ ਨੇ ਮਾਲਵਿੰਦਰ ਸਿੰਘ ਮਾਲੀ ਨੂੰ ਦਿੱਤੀ ਜਮਾਨਤ

*ਵਿਧਾਇਕ ਪ੍ਰਗਟ ਸਿੰਘ ਦੀ ਅਗਵਾਈ ਵਿਚ ਬੁਧੀਜੀਵੀਆਂ ਵਲੋਂ ਵਿਖਾਵਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ : ਮਾਲਵਿੰਦਰ ਸਿੰਘ ਮਾਲੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ, ਹਾਈਕੋਰਟ ਨੇ ਮਾਲੀ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਮਾਲੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਖ਼ਿਲਾਫ਼ ਦਰਜ ਕੇਸ ਅਤੇ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੱਤੀ ਹੈ।

ਦੂਜੇ ਬੰਨੇ  ਪੂਰੇ ਪੰਜਾਬ ਸਮੇਤ ਚੰਡੀਗੜ੍ਹ ਦੇ ਸੈਕਟਰ 17 ਵਿੱਚ ਮਾਲਵਿੰਦਰ ਸਿੰਘ ਮਾਲੀ ਦੀ ਗਿ੍ਫ਼ਤਾਰੀ ਦੇ ਵਿਰੋਧ ਵਿੱਚ ਬੁੱਧੀਜੀਵੀਆਂ ਤੇ ਪੱਤਰਕਾਰਾਂ ਨੇ ਰੋਸ਼ ਵਿਖਾਵਾ ਕੀਤਾ।ਜ਼ਮਾਨਤ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਟੈਕਨੀਕਲ ਤੌਰ ‘ਤੇ ਮਾਲਵਿੰਦਰ ਸਿੰਘ ਮਾਲੀ ਨੂੰ ਜੇਲ੍ਹ ਵਿੱਚ ਰੱਖਣਾ ਗਲਤ ਹੈ ਜਿਸ ਕਾਰਨ ਉਹਨਾਂ ਨੂੰ ਹੁਣ ਜਮਾਨਤ ਮਿਲ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਮੁਲਕ ਵਿੱਚ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਸਿਮਰਨਜੀਤ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਸਰਕਾਰ ਦੇ ਖ਼ਿਲਾਫ਼ ਆਵਾਜ਼ ਚੁੱਕਦਾ ਹੈ ਤਾਂ ਸਰਕਾਰ ਉਸਨੂੰ ਜੇਲ੍ਹ ‘ਚ ਬੰਦ ਕਰ ਦਿੰਦੀ ਹੈ ਜੋ ਕਿ ਗਲਤ ਹੈ।

ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਨੇ ਮਲਵਿੰਦਰ ਸਿੰਘ ਮਾਲੀ ਨੂੰ ਗ੍ਰਿਫ਼ਤਾਰ ਕਰਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਦੇ ਚਾਰੋ ਥੰਮ ਹੁਣ ਢਹਿ ਢੇਰੀ ਹੁੰਦੇ ਹੋਏ ਨਜ਼ਰ ਆ ਰਹੇ ਹਨ। ਪ੍ਰਗਟ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਇਸ ਖ਼ਿਲਾਫ਼ ਮਿਲ ਕੇ ਇਕਜੁਟ ਹੋਣ ਦੀ ਲੋੜ ਹੈ ਤਾਂ ਜੋ ਲੋਕਤੰਤਰ ਨੂੰ ਬਚਾਇਆ ਜਾ ਸਕੇ।

ਚੰਡੀਗੜ੍ਹ ਸੈਕਟਰ 17 ਵਿੱਚ ਕੀਤੇ ਰੋਸ ਵਿਖਾਵੇ ਵਿੱਚ ਐਮਐਲਏ ਪ੍ਰਗਟ ਸਿੰਘ , ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ,ਡਾਕਟਰ ਪਿਆਰਾ ਲਾਲ ਗਰਗ, ਡਾਕਟਰ ਖੁਸ਼ਾਹਾਲ ਸਿੰਘ ਆਦਿ ਨੇ ਸੰਬੋਧਨ ਕੀਤਾ।

16 ਸਤੰਬਰ ਨੂੰ ਮੁਹਾਲੀ ਵਿੱਚ ਮਾਲੀ ਉਪਰ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕੀਤਾ ਗਿਆ ਸੀ ਅਤੇ ਉਸ ਨੂੰ ਭਾਰਤੀ ਦੰਡਾਵਲੀ ਦੀ ਧਾਰਾ 196 ਅਤੇ 299 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ, ਉਦੋਂ ਤੋਂ ਉਹ ਹਿਰਾਸਤ ਵਿੱਚ ਹੈ। ਮਾਲੀ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦੀ ਸ਼ਿਕਾਇਤ ‘ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ, ਉਹ ਸਰਕਾਰ ਦਾ ਕਰੀਬੀ ਹੈ, ਇਸ ਲਈ ਸਿਆਸੀ ਰੰਜਿਸ਼ ਕਾਰਨ ਇਹ ਸਾਰਾ ਮਾਮਲਾ ਦਰਜ ਕੀਤਾ ਗਿਆ ਹੈ। ਅੱਜ ਹਾਈ ਕੋਰਟ ਨੇ ਮਾਲੀ ਨੂੰ ਅੰਤਰਿਮ ਰਾਹਤ ਦਿੰਦਿਆਂ ਉਸ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।