ਖੱਟਰ ਨੇ ਹਰਿਆਣਾ ਲਈ ਵੱਖਰੀ ਹਾਈਕੋਰਟ ਦੀ ਕੀਤੀ ਮੰਗ

ਖੱਟਰ ਨੇ ਹਰਿਆਣਾ ਲਈ ਵੱਖਰੀ ਹਾਈਕੋਰਟ ਦੀ ਕੀਤੀ ਮੰਗ

ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ -ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਚੰਡੀਗੜ੍ਹ 'ਵਿਚ ਹਰਿਆਣਾ ਰਾਜ ਦੀ ਵੱਖਰੀ ਹਾਈਕੋਰਟ ਬਣਾਉਣ ਦੀ ਮੰਗ ਕੀਤੀ ਹੈ । ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖੇ ਪੱਤਰ 'ਵਿਚ ਮੁੱਖ ਮੰਤਰੀ ਖੱਟਰ ਨੇ ਕਿਹਾ ਕਿ 1966 'ਚ ਹਰਿਆਣਾ ਰਾਜ ਦੀ ਸਥਾਪਨਾ ਤੋਂ ਬਾਅਦ ਚੰਡੀਗੜ੍ਹ 'ਵਿਚ ਹਰਿਆਣਾ ਅਤੇ ਪੰਜਾਬ ਦੀ ਸਾਂਝੀ ਹਾਈਕੋਰਟ ਹੈ । ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਵੀ ਕਈ ਵਾਰੀ ਚੰਡੀਗੜ੍ਹ 'ਚ ਹਰਿਆਣਾ ਦੀ ਵੱਖਰੀ ਹਾਈਕੋਰਟ ਬਣਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ । ਇਸ ਸੰਬੰਧ 'ਚ ਹਰਿਆਣਾ ਵਿਧਾਨ ਸਭਾ 'ਵਿਚ ਵੱਖ-ਵੱਖ ਸਮੇਂ 'ਤੇ ਮਤੇ ਵੀ ਪਾਸ ਕੀਤੇ ਜਾ ਚੁੱਕੇ ਹਨ ।ਖੱਟਰ ਨੇ ਸੰਵਿਧਾਨ ਦੀ ਧਾਰਾ 214 ਦਾ ਹਵਾਲਾ ਦਿੰਦਿਆਂ ਕਿਹਾ ਕਿ ਹਰੇਕ ਰਾਜ ਲਈ ਵੱਖਰੀ ਹਾਈਕੋਰਟ ਹੋਣੀ ਚਾਹੀਦੀ ਹੈ ।  ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਤੇ ਹਰਿਆਣਾ ਹਾਈਕੋਰਟ 'ਵਿਚ ਬਕਾਇਆ ਕੁੱਲ ਮਾਮਲਿਆਂ 'ਚੋਂ 50 ਫ਼ੀਸਦੀ ਮਾਮਲੇ ਹਰਿਆਣਾ ਦੇ ਹਨ, ਜਦਕਿ ਹਾਈਕੋਰਟ 'ਵਿਚ ਜੱਜਾਂ ਲਈ ਹਰਿਆਣਾ ਦੀ ਪ੍ਰਤੀਨਿਧਤਾ ਰਵਾਇਤੀ ਤੌਰ 'ਤੇ 40 ਫ਼ੀਸਦੀ ਤੈਅ ਕੀਤੀ ਗਈ ਹੈ ।ਖੱਟਰ ਨੇ ਕਿਹਾ ਕਿ ਇਸ ਤੋਂ ਇਲਾਵਾ 30 ਅਪ੍ਰੈਲ 2022 ਨੂੰ ਹਾਈਕੋਰਟ ਦੇ ਚੀਫ਼ ਜਸਟਿਸਾਂ ਅਤੇ ਮੁੱਖ ਮੰਤਰੀਆਂ ਦੀ ਨਵੀਂ ਦਿੱਲੀ ਵਿਖੇ ਹੋਈ ਇਕ ਕਾਨਫ਼ਰੰਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਖਰੀ ਹਾਈਕੋਰਟ ਦਾ ਮੁੱਦਾ ਵੀ ਉਠਾਇਆ ਗਿਆ ਸੀ ।  ਇਸ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਤੇ ਹਰਿਆਣਾ ਲਈ ਵੱਖਰੀ ਹਾਈਕੋਰਟ ਦੀ ਸਥਾਪਨਾ ਦਾ ਇਹ ਢੁਕਵਾਂ ਸਮਾਂ ਹੈ ।