50 ਤੋਂ ਬਾਅਦ ਸਿਹਤਮੰਦ ਕਿਵੇਂ ਰਹੀਏ

50 ਤੋਂ ਬਾਅਦ ਸਿਹਤਮੰਦ ਕਿਵੇਂ ਰਹੀਏ

ਆਪਣੀ ਸਿਹਤ, ਆਪਣੀ ਦਿੱਖ 'ਤੇ ਧਿਆਨ ਦੇਈਏ

ਭਾਰਤੀ ਔਰਤਾਂ ਅਕਸਰ 50 ਸਾਲ ਦੀ ਉਮਰ ਤੋਂ ਬਾਅਦ ਖ਼ੁਦ ਨੂੰ ਬਜ਼ੁਰਗਾਂ ਦੇ ਵਰਗ ਵਿਚ ਰੱਖਣ ਲਗਦੀਆਂ ਹਨ। ਉਨ੍ਹਾਂ ਦੀ ਸੋਚ ਉਨ੍ਹਾਂ ਨੂੰ ਜ਼ਿਆਦਾ ਬੁੱਢਾ ਬਣਾ ਦਿੰਦੀ ਹੈ। ਜੇਕਰ ਅਸੀਂ ਇਸ ਉਮਰ ਤੱਕ ਪਹੁੰਚਦਿਆਂ ਹੀ ਆਪਣੀ ਸਿਹਤ, ਆਪਣੀ ਦਿੱਖ 'ਤੇ ਧਿਆਨ ਦੇਈਏ ਤਾਂ ਅਸੀਂ ਵੀ ਸਿਹਤਮੰਦ ਅਤੇ ਸੁੰਦਰ ਨਜ਼ਰ ਆ ਸਕਦੇ ਹਾਂ।

ਕਰਾਓ ਜ਼ਰੂਰੀ ਟੈਸਟ :

*50 ਸਾਲ ਤੱਕ ਪਹੁੰਚਦੇ ਪਹੁੰਚਦੇ ਸਾਡੀਆਂ ਹੱਡੀਆਂ ਦੀ ਘਣਤਾ ਘੱਟ ਹੋ ਜਾਂਦੀ ਹੈ ਅਤੇ ਜੋੜਾਂ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ ਜੋ ਆਰਥਰਾਈਟਸ ਦੀ ਪਛਾਣ ਹੈ। ਇਸ ਲਈ ਹਰ ਦੋ ਸਾਲ ਵਿਚ ਬੋਨ ਘਣਤਾ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਤਾਂ ਕਿ ਸਮਾਂ ਰਹਿੰਦਿਆਂ ਇਲਾਜ ਕਰਵਾ ਕੇ ਅਸੀਂ ਆਪਣੀਆਂ ਹੱਡੀਆਂ ਨੂੰ ਬਚਾ ਸਕੀਏ।

* ਪੇਸ਼ਾਬ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇੰਫੈਕਸ਼ਨ ਹੋਣ 'ਤੇ ਕਲਚਰ ਚੈੱਕ ਕਰਵਾਓ ਤਾਂ ਕਿ ਕੋਈ ਵੀ ਇੰਫੈਕਸ਼ਨ ਹੋਵੇ ਤਾਂ ਪਤਾ ਲੱਗ ਸਕੇ। ਲੰਮੇ ਸਮੇਂ ਤੱਕ ਇੰਫੈਕਸ਼ਨ ਰਹਿਣ ਨਾਲ ਕਿਡਨੀ ਪ੍ਰਭਾਵਿਤ ਹੋਣ ਦਾ ਖ਼ਤਰਾ ਰਹਿੰਦਾ ਹੈ।

* ਪੈਲਵਿਕ ਅਲਟਰਾਸਾਊਂਡ ਸਾਲ ਵਿਚ ਦੋ ਵਾਰ ਕਰਵਾਉਣਾ ਚਾਹੀਦਾ ਹੈ ਤਾਂ ਕਿ ਬੱਚੇਦਾਨੀ ਵਿਚ ਹੋਣ ਵਾਲੇ ਟਿਊਮਰ ਦਾ ਪਤਾ ਲਗ ਸਕੇ।

* ਛਾਤੀ ਦਾ ਅਲਟਰਾਸਾਊਂਡ ਵੀ ਦੋ ਸਾਲ ਵਿਚ ਇਕ ਵਾਰ ਕਰਵਾਉਣਾ ਚਾਹੀਦਾ ਹੈ ਤਾਂ ਕਿ ਛਾਤੀ ਕੈਂਸਰ ਦੇ ਖ਼ਤਰੇ ਦਾ ਸਮਾਂ ਰਹਿੰਦਿਆਂ ਪਤਾ ਲਗ ਸਕੇ।

* ਇਸ ਤੋਂ ਇਲਾਵਾ ਵਿਟਾਮਿਨ ਡੀ, ਅੱਖ, ਦੰਦ, ਕੰਨ, ਤਣਾਅ, ਡਿਮੇਸ਼ੀਆ ਆਦਿ ਟੈਸਟ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ।

* ਬੀ.ਪੀ., ਬਲੱਡ ਪ੍ਰੈਸ਼ਰ ਤੇ ਕੋਲੈਸਟ੍ਰੋਲ ਦੀ ਜਾਂਚ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ।

ਕਰੋ ਲਗਾਤਾਰ ਕਸਰਤ : ਇਸ ਉਮਰ ਤੱਕ ਪਹੁੰਚਦੇ-ਪਹੁੰਚਦੇ ਕਈ ਵਾਰ ਫੈਟ ਸਰੀਰ ਦੇ ਕਿਸੇ ਵਿਸ਼ੇਸ਼ ਹਿੱਸੇ 'ਚ ਇਕੱਠੀ ਹੋ ਜਾਂਦੀ ਹੈ। ਕਸਰਤ ਕਰਦੇ ਸਮੇਂ ਉਸ ਹਿੱਸੇ ਵਲ ਜ਼ਰੂਰ ਧਿਆਨ ਦਿੰਦੇ ਹੋਏ ਕਰੋ ਤਾਂ ਕਿ ਉਸ ਹਿੱਸੇ ਦੇ ਫੈਟਸ ਘੱਟ ਹੋ ਜਾਣ।

ਹਲਕੇ-ਫੁਲਕੇ ਯੋਗ ਆਸਣ ਜਾਂ ਕਸਰਤ ਰੋਜ਼ ਕਰਦੇ ਰਹੋ ਤਾਂ ਕਿ ਸਰੀਰ ਵਿਚ ਲਚਕ ਬਣੀ ਰਹੇ। ਜੇਕਰ ਐਨਰਜੀ ਪੱਧਰ ਉੱਚਾ ਹੈ ਤਾਂ ਜਿਮ ਟ੍ਰਾਈ ਕਰ ਸਕਦੇ ਹੋ। ਉਂਝ ਬ੍ਰਿਸਕ ਵਾਕ, ਜਾਗਿੰਗ, ਸਵਿਮਿੰਗ ਜਾਂ ਕੋਈ ਮਨਪਸੰਦ ਖੇਡ ਚੁਣ ਸਕਦੇ ਹੋ।

ਕੋਈ ਵੀ ਕਸਰਤ ਲਗਾਤਾਰ ਕਰਨ ਤੋਂ ਪਹਿਲਾਂ ਆਪਣੇ ਸਰੀਰ ਦੀ ਸਥਿਤੀ ਨੂੰ ਧਿਆਨ ਵਿਚ ਜ਼ਰੂਰ ਰੱਖੋ। ਹਰ ਸਰੀਰ ਦੀ ਸਥਿਤੀ ਵੱਖਰੀ ਹੁੰਦੀ ਹੈ। ਆਪਣੀ ਚਰਬੀ ਨੂੰ ਘਟਾਉਣ ਲਈ ਹਰ ਮਹੀਨੇ ਕਸਰਤ ਦੇ ਢੰਗ ਵਿਚ ਥੋੜ੍ਹਾ ਬਦਲਾਅ ਕਰਦੇ ਰਹੋ।

ਸੰਤੁਲਿਤ ਭੋਜਨ ਜ਼ਰੂਰੀ

 ਖ਼ੁਰਾਕ ਮਾਹਿਰ ਅਨੁਸਾਰ ਇਸ ਉਮਰ ਵਿਚ ਵੀ ਪ੍ਰੋਟੀਨ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਦੀ ਜ਼ਰੂਰਤ ਰਹਿੰਦੀ ਹੈ ਪਰ ਇਨ੍ਹਾਂ ਦਾ ਸੰਤੁਲਿਤ ਮਾਤਰਾ ਵਿਚ ਲੈਣਾ ਹੀ ਸਰੀਰ ਲਈ ਠੀਕ ਹੁੰਦਾ ਹੈ। ਜੇਕਰ ਅਸੀਂ ਖ਼ੁਰਾਕ ਮਾਹਿਰ ਤੋਂ ਆਪਣੀ ਭੋਜਨ ਸੂਚੀ ਬਣਵਾ ਲਈਏ ਅਤੇ ਉਸ 'ਤੇ ਅਮਲ ਕਰੀਏ ਤਾਂ ਸਿਹਤਮੰਦ ਰਹਿ ਸਕਦੇ ਹਾਂ। ਉਂਝ ਆਮ ਤੌਰ 'ਤੇ ਪਾਲਕ, ਦੁੱਧ, ਟਮਾਟਰ, ਫਲ, ਅੰਡੇ, ਨਿੰਬੂ, ਆਂਵਲਾ, ਚੁਕੰਦਰ, ਦਲੀਆ, ਸੁੱਕੇ ਮੇਵੇ ਖਾਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਸਰੀਰ ਨੂੰ ਸਹੀ ਖੁਰਾਕ ਮਿਲਦੀ ਰਹੇ।