ਗੁਰੂ ਕਾ ਬਾਗ’ ਦਾ ਮੋਰਚਾ

ਗੁਰੂ ਕਾ ਬਾਗ’ ਦਾ ਮੋਰਚਾ

ਵਿਸ਼ੇਸ਼

ਸਿੱਖ ਤਵਾਰੀਖ਼ ਦਾ ਸ਼ਾਇਦ ਹੀ ਕੋਈ ਪੰਨਾ ਅਜਿਹਾ ਹੋਵੇ ਜੋ ਸ਼ਹਾਦਤਾਂ ਦੀ ਗਵਾਹੀ ਨਾ ਭਰਦਾ ਹੋਵੇ। ਸਿੱਖ ਸੰਗਤ ਆਪਣੇ ਧਾਰਮਿਕ ਸਥਾਨਾਂ ਨਾਲ ਅਥਾਹ ਪਿਆਰ, ਸਤਿਕਾਰ ਅਤੇ ਸ਼ਰਧਾ ਭਾਵਨਾ ਰੱਖਦੀ ਹੈ। ਗੁਰਦੁਆਰਾ ਸਾਹਿਬਾਨ ਤੋਂ ਹੀ ਸਿੱਖ ਨੂੰ ਹੱਕ-ਸੱਚ ਲਈ ਜੂਝਣ ਦੀ ਪ੍ਰੇਰਨਾ ਮਿਲਦੀ ਹੈ। ਇਹੋ ਹੀ ਕਾਰਨ ਰਿਹਾ ਹੈ ਕਿ ਹਮੇਸ਼ਾ ਸਮੇਂ ਦੇ ਹਾਕਮਾਂ ਦਾ ਇਹ ਰੁਝਾਨ ਰਿਹਾ ਹੈ ਕਿ ਸਿੱਖ ਧਰਮ ਦੇ ਇਨ੍ਹਾਂ ਗੁਰਧਾਮਾਂ ਤੋਂ ਸਿੱਖ ਸੰਗਤ ਨੂੰ ਕਿਸੇ ਨਾ ਕਿਸੇ ਤਰੀਕੇ ਤੋੜਿਆ ਜਾਵੇ। ਇਹੋ ਜਿਹੀ ਚਾਲ ਅੰਗਰੇਜ਼ੀ ਹਕੂਮਤ ਨੇ ਵੀ ਖੇਡੀ। ਉਨ੍ਹਾਂ ਨੇ ਗੁਰਦੁਆਰੇ ’ਤੇ ਕਾਬਜ਼ ਮਹੰਤਾਂ ਨੂੰ ਸਰਕਾਰੀ ਸ਼ਹਿ ਦਿੱਤੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਮਹੰਤ ਸ਼ਰੇਆਮ ਗੁਰੂ ਘਰਾਂ ਵਿੱਚ ਗੁਰਮਤਿ ਦੇ ਉਲਟ ਗਤੀਵਿਧੀਆਂ ਕਰਨ ਲੱਗ ਪਏ ਸਨ। ਇਸ ਸਮੇਂ ਦੌਰਾਨ ਕੁੱਝ ਅਜਿਹੀਆਂ ਘਟਨਾਵਾਂ ਘਟੀਆਂ ਜਿਸ ਕਾਰਨ ਸਿੱਖ ਸੰਗਤ ਵਿੱਚ ਰੋਸ ਹੋਣਾ ਸੁਭਾਵਿਕ ਹੀ ਸੀ ਜਿਵੇਂ ਅੰਗਰੇਜ਼ ਸਰਕਾਰ ਦੇ ਹੁਕਮ ਮੰਨਣ ਵਾਲਿਆਂ ਦਾ ਦਰਬਾਰ ਸਾਹਿਬ ’ਤੇ ਕਬਜ਼ਾ ਹੋ ਗਿਆ ਸੀ, ਜਿਨ੍ਹਾਂ ਨੇ ਅੰਗਰੇਜ਼ ਸਰਕਾਰ ਦੀ ਸ਼ਹਿ ’ਤੇ ਕਲਕੱਤੇ ਦੇ ਬੱਜ-ਬੱਜ ਘਾਟ ਦੇ ਸ਼ਹੀਦਾਂ ਵਿਰੁੱਧ ਪਤਿਤ ਹੋਣ ਦਾ ਫ਼ਰਮਾਨ ਜਾਰੀ ਕੀਤਾ। ਦੂਜਾ ਜਲਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਦੇ ਜ਼ਿੰਮੇਵਾਰ ਅਫ਼ਸਰ ਜਨਰਲ ਡਾਇਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੁਜਾਰੀਆਂ ਵੱਲੋਂ ਸਿਰੋਪਾ ਦੇ ਕੇ ਸਨਮਾਨਿਤ ਕਰਨਾ ਸੀ। ਅਜਿਹੇ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਸਿੱਖ ਧਰਮ ਵਿੱਚ “ਗੁਰਦੁਆਰਾ ਸੁਧਾਰ ਲਹਿਰ” ਦਾ ਉਥਾਨ ਹੋਇਆ, ਜਿਸ ਨੇ ਸਿੱਖ ਸਮਾਜ ਵਿੱਚ ਇਕ ਨਵੀਂ ਜਾਗ੍ਰਿਤੀ ਲਿਆਂਦੀ।

ਇਸ ਸਮੇਂ ਦੌਰਾਨ ਗੁਰਦੁਆਰੇ ਦੇ ਸੁਚੱਜੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੋਂਦ ਵਿੱਚ ਆ ਚੁੱਕੀ ਸੀ, ਜਿਸ ਨਾਲ ਪੰਥ ਨੂੰ ਇਕ ਕੇਂਦਰੀ ਮਜ਼ਬੂਤ ਜਥੇਬੰਦੀ ਪ੍ਰਾਪਤ ਹੋਈ। ‘ਗੁਰੂ ਕਾ ਬਾਗ’ ਦਾ ਇਤਿਹਾਸਕ ਸਥਾਨ ਅੰਮ੍ਰਿਤਸਰ ਤੋਂ ਅਜਨਾਲੇ ਵੱਲ ਜਾਂਦੀ ਸੜਕ ’ਤੇ ਲਗਪਗ 13 ਕੁ ਮੀਲ ਦੀ ਦੂਰੀ ’ਤੇ ਘੁੱਕੇਵਾਲੀ ਪਿੰਡ ਵਿੱਚ ਸਥਿਤ ਹੈ। ਗੁਰਦੁਆਰੇ ਦੇ ਨਜ਼ਦੀਕ ਹੀ ਗੁਰਦੁਆਰੇ ਦੀ ਮਲਕੀਅਤ ਵਾਲੀ ਜ਼ਮੀਨ ਹੈ ਜੋ ਕਿਸੇ ਸਮੇਂ ਬਾਗ ਸੀ, ਜਿਸ ਨੂੰ ‘ਗੁਰੂ ਕਾ ਬਾਗ’ ਕਿਹਾ ਜਾਂਦਾ ਹੈ। ਇਸ ਗੁਰਦੁਆਰੇ ਦਾ ਪ੍ਰਬੰਧ ਮਹੰਤ ਸੁੰਦਰ ਦਾਸ ਕੋਲ ਸੀ, ਜੋ ਕਿ ਗਿਰੇ ਹੋਏ ਇਖ਼ਲਾਕ ਦਾ ਮਾਲਕ ਸੀ। ਇਸ ਕਾਰਨ ਸੰਗਤ ਗੁਰਦੁਆਰੇ ਦਾ ਪ੍ਰਬੰਧ ਉਸ ਤੋਂ ਵਾਪਸ ਲੈਣਾ ਚਾਹੁੰਦੀ ਸੀ ਪਰ ਅੰਗਰੇਜ਼ ਸਰਕਾਰ ਕਦੇ ਵੀ ਨਹੀਂ ਚਾਹੁੰਦੀ ਸੀ ਕਿ ਮਹੰਤ ਤੋਂ ਇਸ ਗੁਰੂ ਘਰ ਦਾ ਪ੍ਰਬੰਧ ਨਿਕਲ ਕੇ ਸਿੱਖਾਂ ਦੇ ਹੱਥਾਂ ਵਿੱਚ ਚਲਾ ਜਾਏ। ਇਸ ਹੀ ਸੰਦਰਭ ਵਿੱਚ ਮੋਰਚਾ “ਗੁਰੂ ਕਾ ਬਾਗ” ਵਾਪਰਿਆ, ਜਿਸ ਵਿੱਚ ਅੰਗਰੇਜ਼ ਸਰਕਾਰ ਮਹੰਤ ਸੁੰਦਰ ਦਾਸ ਦੀ ਪਿੱਠ ’ਤੇ ਆਣ ਖੜੋਤੀ। ਉੱਧਰ ਸਿੱਖ ਵੀ ਆਪਣੀ ਇਸ ਮੰਗ ਤੇ ਦ੍ਰਿੜ ਇਰਾਦੇ ਨਾਲ ਡਟੇ ਹੋਏ ਸਨ। ਜਦੋਂ ਸੰਗਤ 31 ਜਨਵਰੀ 1921 ਨੂੰ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠ ਮਹੰਤ ਸੁੰਦਰ ਦਾਸ ਤੋਂ ਪ੍ਰਬੰਧ ਵਾਪਸ ਲੈਣ ਲਈ ਘੁਕੇਵਾਲੀ ਪਹੁੰਚ ਗਈ ਤਾਂ ਮਹੰਤ ਸੁੰਦਰ ਦਾਸ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਲਿਖਤੀ ਮਾਫ਼ੀ ਮੰਗ ਲਈ ਅਤੇ ਹੇਠ ਲਿਖੀਆਂ ਸ਼ਰਤਾਂ ਵੀ ਮੰਨ ਲਈਆਂ: 1. ਮਹੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਨਾਮਜ਼ਦ ਕਮੇਟੀ ਅਧੀਨ ਕੰਮ ਕਰੇਗਾ। 2. ਉਹ ਅੰਮ੍ਰਿਤ ਛੱਕ ਕੇ ਸਿੰਘ ਸਜੇਗਾ। 3. ਉਹ ਆਪਣੇ ਨਾਲ ਰੱਖੀ ਇਸਤਰੀ ਨਾਲ ਅਨੰਦ ਕਾਰਜ ਕਰਵਾ ਲਵੇਗਾ ਤੇ ਹੋਰ ਕਿਸੇ ਪਰਾਈ ਇਸਤਰੀ ਨਾਲ ਨਾਜਾਇਜ਼ ਸਬੰਧ ਨਹੀਂ ਰੱਖੇਗਾ। ਫਰਵਰੀ 1922 ਨੂੰ ਮਹੰਤ ਨਾਲ ਹੋਏ ਮੁੜ ਸਮਝੌਤੇ ਅਨੁਸਾਰ ਗੁਰਦੁਆਰਾ ਗੁਰੂ ਕਾ ਬਾਗ ਦਾ ਸਾਰਾ ਕਬਜ਼ਾ ਦੇਣ ਬਦਲੇ 120 ਰੁਪਏ ਮਹੀਨਾ ਪੈਨਸ਼ਨ ਤੇ ਅੰਮ੍ਰਿਤਸਰ ਵਿੱਚ ਰਿਹਾਇਸ਼ ਲਈ ਮਕਾਨ ਲੈਣ ਲਈ ਰਾਜ਼ੀ ਹੋ ਗਿਆ ਪਰ ਮਹੰਤ ਨੇ ਕੁੱਝ ਮਹੀਨੇ ਬਾਅਦ ਫਿਰ ਆਪਣੀ ਮਹੰਤੀ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਅਗਸਤ 1922 ਨੂੰ ਪੁਲੀਸ ਅਤੇ ਮਹੰਤ ਦੀ ਚਾਲ ਨੇ ਅਦਾਲਤ ਰਾਹੀਂ ਪੰਜ ਸਿੰਘਾਂ ਨੂੰ ਲੰਗਰ ਲਈ ਗੁਰੂ ਘਰ ਦੀ ਮਲਕੀਅਤ ਵਾਲੀ ਜ਼ਮੀਨ ਵਿੱਚੋਂ ਲੱਕੜਾਂ ਵੱਢ ਕੇ ਲਿਆਉਣ ਦੇ ਦੋਸ਼ ਹੇਠ ਛੇ-ਛੇ ਮਹੀਨੇ ਦੀ ਕੈਦ ਅਤੇ ਪੰਜਾਹ-ਪੰਜਾਹ ਰੁਪਏ ਜੁਰਮਾਨਾ ਕਰਵਾ ਦਿੱਤਾ। ਜਿਸ ਦੇ ਸਿੱਟੇ ਵਜੋਂ ਮੋਰਚਾ ‘ਗੁਰੂ ਕਾ ਬਾਗ’ ਆਰੰਭ ਹੋ ਗਿਆ। ਆਰੰਭ ਵਿੱਚ ਪੰਜ-ਪੰਜ ਸਿੰਘਾਂ ਦੇ ਜਥੇ ਜਾਣ ਲੱਗੇ ਫਿਰ ਸੌ-ਸੌ ਦੇ ਜਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰ ਕੇ ਸ਼ਾਂਤਮਈ ਤਰੀਕੇ ਨਾਲ ਆਪਣਾ ਵਿਰੋਧ ਪ੍ਰਗਟ ਕਰਨ ਲਈ ਜਾਣ ਲੱਗੇ। ਮੌਕੇ ਦਾ ਅਫ਼ਸਰ ਐੱਸਜੀਐੱਸ ਬੀਟੀ ਜਥੇ ਵਿੱਚ ਆਏ ਸਿੱਖਾਂ ’ਤੇ ਉਸ ਸਮੇਂ ਤੱਕ ਤਸ਼ੱਦਦ ਢਾਹੁੰਦਾ ਜਦੋਂ ਤੱਕ ਅਕਾਲੀ ਬੇਸੁੱਧ ਹੋ ਕੇ ਜ਼ਮੀਨ ਤੇ ਡਿਗ ਨਾ ਪੈਂਦੇ। ਕਾਫੀ ਜ਼ੁਲਮ ਸਹਿਣ ਤੋਂ ਬਾਅਦ ਵੀ ਸਿੱਖ ਜਥਿਆਂ ਦੇ ਹੌਸਲੇ ਅਤੇ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ। ਇਸ ਅੰਨ੍ਹੇ ਤਸ਼ੱਦਦ ਦੀਆਂ ਖ਼ਬਰਾਂ ਦੇਸ਼ ਵਿਦੇਸ਼ ਦੀਆਂ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਣ ਲੱਗੀਆਂ। ਲਾਹੌਰ ਤੋਂ ਛਪਦੇ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਨੇ ਤਾਂ ਇਕ ਵਿਸ਼ੇਸ਼ ਕਾਲਮ ‘ਗੁਰੂ ਕੇ ਬਾਗ ਦਾ ਮਾਮਲਾ’ ਸ਼ੁਰੂ ਕੀਤਾ ਹੋਇਆ ਸੀ ਤਾਂ ਜੋ ਰੋਜ਼ ਹੋਣ ਵਾਲੇ ਘਟਨਾਕ੍ਰਮ ਦੀ ਸੂਚਨਾ ਆਪਣੇ ਪਾਠਕਾਂ ਤੱਕ ਪਹੁੰਚ ਸਕੇ। ਹੋਰਨਾਂ ਅਖ਼ਬਾਰਾਂ ਵਿੱਚ ਵਿਦੇਸ਼ੀ ਅਖ਼ਬਾਰ ‘ਮਾਨਚੈਸਟਰ ਗਾਰਡੀਅਨ’, ‘ਲੰਡਨ ਟਾਈਮਜ਼’, ‘ਨੈਸ਼ਨਲ ਹੈਰਲਡ’ ਆਦਿ ਸ਼ਾਮਿਲ ਸਨ, ਜੋ ਇਸ ਸਾਕੇ ਦੀਆਂ ਖ਼ਬਰਾਂ ਵਿਸ਼ੇਸ਼ ਕਰ ਕੇ ਆਪਣੇ ਅੰਕ ਵਿੱਚ ਛਾਪਦੇ ਸਨ। ਅਮਰੀਕਾ ਤੋਂ ਆਏ ਕੈਪਟਨ ਏ.ਅੇਲ.ਵਰਗੀਜ਼ ਨੇ 12 ਅਤੇ 13 ਸਤੰਬਰ ਨੂੰ ‘ਗੁਰੂ ਕੇ ਬਾਗ’ ਵਿਖੇ ਪੁਲੀਸ ਜਬਰ-ਜ਼ੁਲਮ ਦੀ ਫ਼ਿਲਮ ਬਣਾਈ। ਜਦੋਂ ਇਹ ਫ਼ਿਲਮ ਅਮਰੀਕਾ ਵਿੱਚ ਵਿਖਾਈ ਗਈ ਤਾਂ ਦਰਸ਼ਕਾਂ ਦੇ ਮਨਾਂ ਵਿੱਚ ਸਿੱਖ ਭਾਈਚਾਰੇ ਪ੍ਰਤੀ ਹਮਦਰਦੀ ਪੈਦਾ ਹੋਣੀ ਸ਼ੁਰੂ ਹੋ ਗਈ। ਪਾਦਰੀ ਸੀ.ਐੱਫ.ਐਂਡਰਿਊ ਨੇ ਲੈਫ਼ਟੀਨੈਂਟ ਗਵਰਨਰ ਨੂੰ ਪੁਲੀਸ ਦੀ ਇਸ ਕਾਰਵਾਈ ਤੋਂ ਜਾਣੂ ਕਰਵਾਇਆ। ਗਵਰਨਰ ਸਰ ਐਡਵਰਡ ਮੈਕਲਾਗਨ 13 ਸਤੰਬਰ 1922 ਨੂੰ ‘ਗੁਰੂ ਕਾ ਬਾਗ’ ਪਹੁੰਚਿਆ ਤੇ ਉਸ ਦੇ ਹੁਕਮ ਨਾਲ ਇਹ ਜ਼ੁਲਮ ਬੰਦ ਹੋ ਗਿਆ। ਇਸ ਸਮੇਂ ਤੱਕ ਸਰਕਾਰ ਵੱਲੋਂ ਗ੍ਰਿਫ਼ਤਾਰ ਕੀਤੇ ਅੰਦੋਲਨਕਾਰੀਆਂ ਦੀ ਗਿਣਤੀ 5500 ਤੋਂ ਵੀ ਵੱਧ ਹੋ ਗਈ ਸੀ ਪਰ ਗੁਰੂ ਦੇ ਸਿੰਘ ਕਾਫ਼ਲਿਆਂ ਦੇ ਰੂਪ ਵਿੱਚ ਬਿਨਾਂ ਕਿਸੇ ਡਰ ਦੇ ਖ਼ੁਸ਼ੀ-ਖ਼ੁਸ਼ੀ ਗ੍ਰਿਫ਼ਤਾਰੀ ਦੇਣ ਆ ਰਹੇ ਸਨ। ਸਰਕਾਰ ਹੁਣ ਕਿਸੇ ਨਾ ਕਿਸੇ ਰੂਪ ਵਿੱਚ ਅਕਾਲੀਆਂ ਨਾਲ ਸਮਝੌਤਾ ਕਰਨਾ ਚਾਹੁੰਦੀ ਸੀ।ਅੰਤ ਸਰਕਾਰ ਨੇ ਇਕ ਸਮਝੌਤੇ ਦਾ ਰਾਹ ਲੱਭ ਲਿਆ, ਜਿਸ ਅਨੁਸਾਰ ਰਿਟਾਇਰਡ ਇੰਜਨੀਅਰ ਰਾਏ ਬਹਾਦਰ ਸਰ ਗੰਗਾ ਰਾਮ ਲਾਹੌਰ ਨੇ ਮਹੰਤ ਕੋਲੋਂ ਜ਼ਮੀਨ ਠੇਕੇ ਉੱਤੇ ਕਾਗ਼ਜ਼ਾਂ ਵਿੱਚ ਲੈ ਲਈ। ਉਸ ਨੇ ਸਰਕਾਰ ਨੂੰ ਲਿਖ ਕੇ ਦੇ ਦਿੱਤਾ ਕਿ ਉਸ ਨੂੰ ਪੁਲੀਸ ਬਲ ਦੀ ਲੋੜ ਨਹੀਂ ਅਤੇ ਨਾ ਉਸ ਨੂੰ ਸਿੰਘਾਂ ਦੁਆਰਾ ਗੁਰੂ ਕੇ ਲੰਗਰ ਲਈ ਲੋੜੀਂਦੇ ਬਾਲਣ ਵੱਢਣ ’ਤੇ ਕੋਈ ਇਤਰਾਜ਼ ਹੈ। ਇਸ ਤਰ੍ਹਾਂ 18 ਨਵੰਬਰ 1922 ਨੂੰ ਲਪਭਗ ਤਿੰਨ ਮਹੀਨੇ ਬਾਅਦ ਮੋਰਚਾ ‘ਗੁਰੂ ਕਾ ਬਾਗ’ ਫ਼ਤਹਿ ਹੋ ਗਿਆ। ਮੋਰਚੇ ਵਿੱਚ ਖ਼ਾਲਸਾ ਪੰਥ ਦੁਆਰਾ ਜਿਸ ਸਬਰ-ਸੰਤੋਖ ਅਤੇ ਦ੍ਰਿੜ੍ਹਤਾ ਨਾਲ ਅਕਹਿ ਅਤੇ ਅਸਹਿ ਤਸ਼ੱਦਦ ਝੱਲ ਕੇ ਗੁਰੂ ਘਰ ਅਜ਼ਾਦ ਕਰਵਾਇਆ ਗਿਆ ਉਸ ਦੀ ਪੂਰੀ ਦੁਨੀਆ ਵਿੱਚ ਪ੍ਰਸੰਸਾ ਹੋਈ।

 

ਜਗਜੀਤ ਸਿੰਘ ਗਣੇਸ਼ਪੁਰ