ਪੰਥਕ ਹਾਲਾਤਾਂ ਅਤੇ ਚਿੰਤਾਵਾਂ ਤੇ "ਰੰਗ ਕਰਤਾਰ ਦੇ" ਸੰਸਥਾ ਵਲੋ ਅਨੰਦਪੁਰ ਸਾਹਿਬ ਵਿਖੇ ਲਗਾਇਆ ਗਿਆ ਗੁਰਮਤਿ ਕੈਂਪ

ਪੰਥਕ ਹਾਲਾਤਾਂ ਅਤੇ ਚਿੰਤਾਵਾਂ ਤੇ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 23 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੀ ਸੰਸਥਾ ਰੰਗ ਕਰਤਾਰ ਦੇ ਵਲੋ ਅਨੰਦਪੁਰ ਸਾਹਿਬ ਵਿਖੇ ਗੁਰਮਤਿ ਕੈਂਪ ਦਾ ਇਕ ਉਪਰਾਲਾ ਪਿਛਲੇ ਦਿਨੀਂ ਕੀਤਾ ਗਿਆ। 2 ਬਸਾਂ ਰਾਹੀਂ ਲਗਭਗ 80 ਤੋਂ ਵੱਧ ਬੱਚਿਆਂ ਜਿਸ ਵਿਚ ਦਿੱਲੀ  ਤੋਂ ਇਲਾਵਾ ਪੰਜਾਬ ਹਰਿਆਣਾ ਕਾਨਪੁਰ ਤੋਂ ਵੀ ਬੱਚਿਆਂ ਨੇ ਭਾਗ ਲਿਆ। ਇਸ ਉਪਰਾਲੇ ਦੀ ਖ਼ਾਸ ਗੱਲ ਇਹ ਰਹੀ ਕਿ ਵੱਖ ਵੱਖ ਅਦਾਰਿਆਂ ਨੇ ਇਸ ਉਪਰਾਲੇ ਵਿਚ ਸਹਿਯੋਗ ਦਿੱਤਾ ਨਾਲ ਆਪਣੀ ਸ਼ਮੂਲੀਅਤ ਵੀ ਕੀਤੀ।

ਬਸਾਂ ਦੀ ਸੇਵਾ ਬੀਬੀ ਰਣਜੀਤ ਕੌਰ ਸਿਖ ਮਿਸ਼ਨ ਦਿੱਲੀ ਨੇ ਕੀਤੀ, ਐਸਜੀਪੀਸੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 20 ਤੋਂ ਵੱਧ ਕਮਰੇ ਅਤੇ ਲੰਗਰ ਪਾਣੀ ਦਾ ਸਹਿ ਯੋਗ ਦਿੱਤਾ, ਇਸ ਤੋਂ ਇਲਾਵਾ  ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਵਲੋ ਵੀਰ ਪਰਮਪਾਲ ਸਿੰਘ, ਪਰਦੀਪ ਸਿੰਘ ਅਤੇ ਹੋਰ ਵੀਰਾ ਸਮੇਤ ਭਾਈ ਜੋਗਾ ਸਿੰਘ ਸੇਵਾ ਸੁਸਾਇਟੀ, ਵੀਰ ਜਗਧਰ ਸਿੰਘ, ਵੀਰ ਜਸਵਿੰਦਰ ਸਿੰਘ ਕਾਨਪੁਰ, ਬ੍ਰਦਰਜ਼ ਫਾਰ ਆਲ ਦੇ ਵੀਰਾਂ ਨੇ ਵੀ ਸਹਿਯੋਗ ਦਿੱਤਾ।

ਇਸ ਕੈਂਪ ਵਿਚ ਰੋਜ਼ ਸਵੇਰੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਤੋਂ ਇਲਾਵਾ ਅੱਜ ਦੇ ਸਾਡੇ ਪੰਥਕ ਹਾਲਾਤ, ਪੇਸ਼ ਆ ਰਹੀਆਂ ਚੁਣੌਤੀਆ ਨਾਲ ਕਿਵੇਂ ਨਿਜਿਠਆ ਜਾ ਸਕਦਾ ਸਾਂਝਾ ਕੀਤਾ ਗਿਆ। ਟੀਵੀ ਅਤੇ ਮੁਬਾਇਲ ਦੇ ਬੁਰੇ ਪ੍ਰਭਾਵ ਤੋਂ ਕਿਵੇਂ ਬਚਣਾ, ਆਪਣੇ ਆਪ ਨੂੰ ਸਿੱਖ ਸਿਧਾਂਤਾ ਗੁਰੂ ਉਪਦੇਸ਼ਾਂ ਮੁਤਾਬਿਕ  ਕਿਵੇਂ ਆਪਣੀ ਅਤੇ ਹੋਰਾਂ ਦੇ ਜੀਵਨ ਨੂੰ ਬਦਲਣਾ ਆਦਿਕ ਬਾਰੇ ਦਸਿਆ ਗਿਆ। ਬੱਚਿਆਂ ਨੂੰ ਰਿਵਾਇਤੀ ਖੇਡਾਂ ਖਿਡਾਈਆਂ ਗਈਆਂ, ਆਪਣੇ ਆਲੇ ਦੁਆਲੇ ਵਾਤਾਵਰਨ ਦੇ ਰਖ ਰਖਾਅ, ਸਾਫ ਸਫਾਈ,  ਦਾ ਧਿਆਨ ਕਿਵੇਂ ਰੱਖਣਾ,  ਆਦਿਕ ਬਾਰੇ ਦਸਿਆ ਗਿਆ। ਇਸ ਦੇ ਨਾਲ ਹੀ   20 ਤੋਂ ਵੱਧ ਪਰਿਵਾਰਕ ਮੈਂਬਰ ਅਤੇ ਵਾਲੰਟੀਅਰਾਂ ਦਾ ਕਾਉਂਸਲਿੰਗ ਸੈਸ਼ਨ ਵੀ ਕੀਤੇ ਗਏ ਜਿਸ ਵਿਚ ਅੱਜ ਦੇ ਪਰਿਵਾਰਕ ਤਣਾਅ, ਬੱਚੀਆਂ ਨੂੰ ਕਿਵੇਂ ਸਿੱਖ ਸਿਧਾਂਤਾ ਅਤੇ ਸਿੱਖੀ ਵੱਲ ਪ੍ਰੇਰਨ ਆਦਿਕ ਦੇ ਰਾਹ ਸੁਝਾਏ ਗਏ।  ਬੱਚਿਆਂ ਨੂੰ ਹਿਮਾਚਲ ਵਿਚ ਪੈਂਦੇ ਇਤਿਹਾਸਕ ਸਥਾਨ ਗੁਰੂ ਕਾ ਲਾਹੌਰ ਅਤੇ ਨੜ ਸਾਹਿਬ, ਅਨੰਦਗੜ ਸਾਹਿਬ  ਸਥਾਨਾਂ ਦੇ ਦਰਸ਼ਨ ਵੀ ਕਰਵਾਏ ਗਏ।

ਇਸ ਸਾਰੇ ਉਪਰਾਲੇ ਦੇ ਅਖੀਰ ਵਿਚ ਸਾਰੇ ਮੈਂਬਰਾਂ ਅਤੇ ਬੱਚਿਆਂ ਨੇ ਇਸ ਉਪਰਾਲੇ ਦੀ ਜਿੱਥੇ ਸ਼ਲਾਘਾ ਕੀਤੀ ਉਥੇ ਨਾਲ ਹੀ ਸਮੇਂ ਸਮੇਂ ਤੇ ਇਹੋ ਜਿਹੇ ਕੈਂਪ ਹੋਰ ਲਗਾਏ ਜਾਉਣ ਲਈ ਸੰਸਥਾ ਨੂੰ ਮੰਗ ਕੀਤੀ।  ਸੰਸਥਾ  ਦੀ ਟੀਮ ਵਲੋ ਭਰੋਸਾ ਜਤਾਇਆ ਕਿ ਗੁਰੂ ਕਿਰਪਾ ਸਦਕਾ ਇਹੋ ਜਿਹੇ ਉਪਰਾਲੇ ਸਮੇਂ ਸਮੇਂ ਉਲੀਕੇ ਜਾਉਣਗੇ।