ਜਨਰਲ ਬਾਡੀ ਸੰਗਤਾਂ ਦਾ ਸੰਵਿਧਾਨਕ ਹੱਕ: ਸਿੱਖ ਪੰਚਾਇਤ

ਜਨਰਲ ਬਾਡੀ ਸੰਗਤਾਂ ਦਾ ਸੰਵਿਧਾਨਕ ਹੱਕ: ਸਿੱਖ ਪੰਚਾਇਤ

ਫਰੀਮੌਂਟ, (ਏ.ਟੀ. ਨਿਊਜ਼): ਗੁਰਦੁਆਰਾ ਸਾਹਿਬ ਫਰੀਮੌਂਟ ਵਿਚ 24 ਨਵੰਬਰ ਨੂੰ ਹੋਣ ਵਾਲੀ ਜਨਰਲ ਬਾਡੀ ਨੂੰ ਤਿੰਨ ਸੁਪਰੀਮ ਕੌਂਸਲ ਮੈਂਬਰ ਬੀਬੀ ਅਰਵਿੰਦਰ ਕੌਰ, ਹਰਮਿੰਦਰ ਸਿੰਘ ਤੇ ਕੁਲਜੀਤ ਸਿੰਘ ਗੈਰ ਸੰਵਿਧਾਨਕ ਕਹਿ ਕੇ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ। ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਸੰਗਤ ਜਦੋਂ ਮਰਜ਼ੀ ਕਿਸੇ ਮੁੱਦੇ ਨੂੰ ਲੈ ਕੇ 1/5 ਦਸਤਖਤ ਕਰਾ ਕੇ ਜਨਰਲ ਬਾਡੀ ਕਰਵਾ ਸਕਦੀ ਹੈ। ਅਸੀਂ ਸਮਝਦੇ ਹਾਂ ਕਿ 24 ਨਵੰਬਰ ਵਾਲੀ ਜਨਰਲ ਬਾਡੀ ਹੇਠ ਲਿਖੇ ਕਾਰਨਾਂ ਕਰਕੇ ਗੁਰਦੁਆਰਾ ਬਾਈਲਾਅਜ਼ ਮੁਤਾਬਕ ਹੋ ਰਹੀ ਹੈ :

1. ਅਪ੍ਰੈਲ 2019 ਨੂੰ ਜਨਰਲ ਬਾਡੀ ਨਹੀਂ ਹੋਈ ਜਿਸ ਲਈ ਇਹ ਉਹੀ ਜਨਰਲ ਬਾਡੀ ਹਲੇ ਹੋਣੀ ਬਾਕੀ ਹੈ। 
2. ਗੁਰਦੁਆਰਾ ਸਾਹਿਬ ਦੀ ਕਮੇਟੀ ਵੀ ਬਹੁਸੰਮਤੀ ਨਾਲ ਜਨਰਲ ਬਾਡੀ ਕਰਵਾ ਸਕਦੀ ਹੈ। ਇਨ੍ਹਾਂ ਪੰਜਾਂ ਸਿੰਘਾਂ ਵਲੋਂ ਸਰਬਸੰਮਤੀ ਨਾਲ 84 ਮੈਂਬਰੀ ਕਮੇਟੀ ਬਣਾਈ ਗਈ ਸੀ ਤੇ ਸਿੱਖ ਪੰਚਾਇਤ ਕੋਲ 61 ਮੈਂਬਰਾਂ ਦੇ ਜਨਰਲ ਬਾਡੀ ਕਰਾਉਣ ਲਈ ਦਸਤਖਤ ਹਨ।
3. ਸੰਗਤ ਦਾ ਪੰਜਵਾਂ ਹਿੱਸਾ ਵੀ ਜਨਰਲ ਬਾਡੀ ਬੁਲਾ ਸਕਦਾ ਹੈ, ਜਿਸ ਲਈ ਸਿੱਖ ਪੰਚਾਇਤ ਦਸਤਖਤ ਕਰਵਾ ਰਹੀ ਹੈ। ਹੁਣ ਤੱਕ ਤਕਰੀਬਨ 1600 ਮੈਂਬਰਾਂ ਦੇ ਦਸਤਖਤ ਹੋ ਚੁੱਕੇ ਹਨ ਅਤੇ ਤਕਰੀਬਨ 1300-1400 ਦੇ ਨਵੰਬਰ 17 ਤੱਕ ਹੋਰ ਲੋੜੀਂਦੇ ਹਨ।

ਅਸੀਂ ਤਿੰਨ ਸੁਪਰੀਮ ਕੌਂਸਲ ਮੈਂਬਰਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕਿਸੇ ਵੀ ਮੁੱਦੇ ਤੇ ਕਿਸੇ ਵੀ ਮੈਂਬਰ ਨੂੰ ਸੰਗਤ ਨਾਲ ਵਿਚਾਰ ਕਰਨੋ ਕਿਉਂ ਰੋਕਿਆ ਜਾ ਰਿਹਾ ਹੈ? ਇਨ੍ਹਾਂ ਤਿੰਨਾਂ ਨੇ ਸਟੇਜ ਤੇ ਪੂਰਨ ਕਬਜ਼ਾ ਕੀਤਾ ਹੋਇਆ ਹੈ  ਇਹਨਾਂ ਵੱਲੋਂ ਬਾਹਰਲੇ ਸ਼ਹਿਰਾਂ ਤੋਂ ਲਿਆਕੇ ਬੁਲਾਰੇ ਬੁਲਾਏ ਜਾ ਰਹੇ ਹਨ ਪਰ ਆਪਣੇ ਹੀ ਸੁਪਰੀਮ ਕੌਂਸਲ ਮੈਂਬਰਾਂ ਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ, ਇਹ ਕਿੱਧਰ ਦੀ ਸਿੱਖੀ ਹੈ? 

ਜੇ ਅਸੀਂ ਟਾਈਮ ਮੰਗਣ ਦੀ ਬੇਨਤੀ ਕਰਦੇ ਹਾਂ ਤਾਂ ਕਹਿ ਦਿੰਦੇ ਹਨ ਕਿ ਸਟੇਜ ਦੇ ਨੇੜੇ ਨਾ ਆਇਓ ਨਹੀਂ ਤਾਂ ਲੜਾਈ ਹੋਵੇਗੀ।ਇਹਨਾਂ ਵੱਲੋਂ ਸਪੱਸ਼ਟ ਸੁਨੇਹਾ ਹੈ ਕਿ ਤੁਹਾਨੂੰ ਧੱਕੇ ਨਾਲ ਰੋਕਾਂਗੇ, ਜਿਵੇਂ ਪਹਿਲਾਂ ਵੀ ਦੀਵਾਨ ਹਾਲ ਵਿਚ ਇਹਨਾਂ ਵੱਲੋਂ ਇਕ ਕਮੇਟੀ ਮੈਂਬਰ ਦੇ ਸਿਰ ਵਿਚ ਸਿਰੀ ਸਾਹਿਬ ਨਾਲ ਹਮਲਾ ਕੀਤਾ ਸੀ।

ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਦੇ ਬਿਆਨਾਂ ਨੂੰ ਗਹੁ ਨਾਲ ਦੇਖਿਆ ਜਾਵੇ। ਇਹ ਅਖ਼ਬਾਰਾਂ ਤੇ ਸੰਗਤਾਂ ਵਿਚ ਕਹਿ ਰਹੇ ਹਨ ਕਿ 24 ਨਵੰਬਰ ਨੂੰ ਸਿੱਖ ਪੰਚਾਇਤ ਜਾਂ ਜਸਜੀਤ ਸਿੰਘ ਨੇ ਲੜਾਈ ਕਰਾਉਣ ਲਈ ਜਨਰਲ ਬਾਡੀ ਸੱਦੀ ਹੈ। ਅਸੀਂ ਇਨ੍ਹਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਜੇ ਅਸੀਂ ਕਿਸੇ ਮੁੱਦੇ ਤੇ ਸੰਗਤ ਨਾਲ ਵਿਚਾਰ ਸਾਂਝੇ ਕਰਨੇ ਚਾਹੁੰਦੇ ਹਾਂ ਤਾਂ ਸਾਨੂੰ ਇਨ੍ਹਾਂ ਵਲੋਂ ਰੋਕਣ ਦਾ ਕੀ ਮਤਲਬ? ਅਸਲ ਵਿਚ ਇਹ ਸਾਨੂੰ ਸੁਨੇਹਾ ਦੇ ਰਹੇ ਹਨ ਕਿ ਆਇਓ ਜਨਰਲ ਬਾਡੀ ਕਰਨ ਤੇ ਤੁਹਾਨੂੰ ਸਟੇਜ ਦੇ ਨੇੜੇ ਫੜਕਣ ਨਹੀਂ ਦਿਆਂਗੇ, ਭਾਵੇਂ ਲੜਾਈ ਵੀ ਕਰਨੀ ਪਵੇ। ਲੜਾਈ ਕਰਨ ਦਾ ਇਨ੍ਹਾਂ ਦਾ ਵਿਚਾਰ ਹੈ, ਜੇ ਇਨ੍ਹਾਂ ਨੂੰ ਇੰਨਾ ਹੀ ਫਿਕਰ ਹੈ ਤਾਂ ਅਸੀਂ ਸੰਗਤੀ ਰੂਪ ਵਿਚ ਹੇਠੀਆਂ ਸ਼ਰਤਾਂ ਪੇਸ਼ ਕਰਦੇ ਹਾਂ ਤੇ ਜੇ ਇਹ ਮੰਨ ਜਾਂਦੇ ਹਲ ਤਾਂ ਜਨਰਲ ਬਾਡੀ ਦੀ ਜ਼ਰੂਰਤ ਹੀ ਨਹੀਂ ਪਏਗੀ, ਸ਼ਰਤਾਂ ਇਸ ਪ੍ਰਕਾਰ ਹਨ :

1. ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਮੌਜੂਦਾ ਸੁਪਰੀਮ ਕੌਂਸਲ ਮੈਂਬਰ ਚੁਣੇ ਗਏ ਸਨ।  'ਪੰਜ ਪਿਆਰਿਆਂ' ਦਾ ਸਿਧਾਂਤ ਸਰਬਸੰਮਤੀ ਨਾਲ ਫੈਸਲੇ ਲੈਣ ਦਾ ਹੈ। ਇਹ ਪੰਜ ਸੁਪਰੀਮ ਕੌਂਸਲ ਮੈਂਬਰ ਗੁਰੂ ਗ੍ਰੰਥ ਸਾਹਿਬ ਅੱਗੇ ਦੁਬਾਰਾ ਅਰਦਾਸ ਕਰਕੇ ਪ੍ਰਣ ਕਰਨ ਕਿ ਮਾਰਚ 2020 ਤੱਕ ਉਹ ਸਰਬਸੰਮਤੀ ਨਾਲ ਚੱਲਣਗੇ।
2. ਜਿਹੜੀ ਉਸਾਰੀ ਇਨ੍ਹਾਂ ਵਲੋਂ ਰੋਕੀ ਗਈ ਹੈ ਉਸ ਉਪਰ ਇਹ ਪੰਜ ਸੁਪਰੀਮ ਕੌਂਸਲ ਮੈਂਬਰ ਦੁਬਾਰਾ ਮੋਹਰ ਲਾ ਕੇ ਪ੍ਰਵਾਨਗੀ ਦੇਣ।
3. ਸਟੇਜ ਤੇ ਦੋਹਾਂ ਧਿਰਾਂ ਨੂੰ ਬਰਾਬਰ ਦਾ ਮੌਕਾ ਮਿਲੇ।
4. ਜਿਹੜੇ ਸੇਵਾਦਾਰਾਂ ਨੂੰ ਬੇਇੱਜ਼ਤ ਕਰਕੇ ਕੱਢਿਆ ਹੈ, ਉਨ੍ਹਾਂ ਨੂੰ ਮੁੜ ਬਹਾਲ ਕੀਤਾ ਜਾਵੇ।

ਜੇ ਇਹ ਸਾਰੀਆਂ ਸ਼ਰਤਾਂ ਮਨਜ਼ੂਰ ਨਹੀਂ ਤਾਂ 24 ਨਵੰਬਰ ਨੂੰ ਜਨਰਲ ਬਾਡੀ ਹੋਣੀ ਹੈ ਤੇ ਸਾਧ ਸੰਗਤ ਆਪਣੀ ਮਰਜ਼ੀ ਨਾਲ ਫੈਸਲੇ ਲੈ ਸਕਦੀ ਹੈ। ਸਾਡੀ ਇਨ੍ਹਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਲੜਾਈ ਵਾਲਾ ਮਾਹੌਲ ਨਾ ਬਣਾਇਆ ਜਾਵੇ ਅਤੇ ਸੰਵਿਧਾਨਿਕ ਤਰੀਕੇ ਨਾਲ ਹੋ ਰਹੀ ਜਨਰਲ ਬਾਡੀ ਵਿੱਚ ਕੋਈ ਵਿਘਨ ਨਾ ਪਾਇਆ ਜਾਵੇ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।