ਸਿੱਖਾਂ ਜੁਝਾਰੂਆਂ ਵੱਲੋਂ ਕਤਲ ਕੀਤੇ ਗਏ ਲੌਂਗੋਵਾਲ ਦੀ ਬਰਸੀ 'ਤੇ ਪਹੁੰਚੇ ਜਥੇਦਾਰ

ਸਿੱਖਾਂ ਜੁਝਾਰੂਆਂ ਵੱਲੋਂ ਕਤਲ ਕੀਤੇ ਗਏ ਲੌਂਗੋਵਾਲ ਦੀ ਬਰਸੀ 'ਤੇ ਪਹੁੰਚੇ ਜਥੇਦਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ
ਬੀਤੇ ਕੱਲ੍ਹ ਲੋਂਗੋਵਾਲ ਪਿੰਡ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਸਮਾਗਮਾਂ 'ਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਮਲ ਹੋਏ। ਹਲਾਂਕਿ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੈਰ-ਹਾਜ਼ਰ ਰਹੇ ਪਰ ਪਾਰਟੀ ਦੇ ਹੋਰ ਆਗੂ ਜਿਵੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਬਾਦਲ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਆਦਿ ਪਹੁੰਚੇ ਹੋਏ ਸਨ। 

1980 ਦੇ ਦਹਾਕੇ ਵਿਚ ਜਦੋਂ ਸਿੱਖ ਕੌਮ ਅੰਦਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਰਾਜਸੀ ਅਤੇ ਧਾਰਮਿਕ ਚੇਤਨਾ ਦਾ ਹੈਰਾਨੀਕੁੰਨ ਪ੍ਰਕਾਸ਼ ਹੋਇਆ ਸੀ ਤੇ ਇਸ ਦੇ ਨਤੀਜੇ ਵਜੋਂ ਸਿੱਖਾਂ ਦੀ ਹਿੰਦ ਹਕੂਮਤ ਨਾਲ ਸਿੱਧੀ ਟੱਕਰ ਹੋਈ ਤੇ ਸੰਤ ਜਰਨੈਲ ਸਿੰਘ ਜੀ ਸਿੱਖ ਪ੍ਰੰਪਰਾ ਮੁਤਾਬਕ ਦਰਬਾਰ ਸਾਹਿਬ 'ਤੇ ਚੜ੍ਹ ਕੇ ਆਈਆਂ ਦੁਸ਼ਮਣਾਂ ਫੌਜਾਂ ਨਾਲ ਟੱਕਰ ਲੈਂਦਿਆਂ ਆਪਣੇ ਸਾਥੀ ਸਿੰਘਾਂ-ਸਿੰਘਣੀਆਂ ਸਮੇਤ ਸ਼ਹੀਦ ਹੋ ਗਏ ਸਨ। ਇਸ ਸਾਰੇ ਕਾਲ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਕਰ ਰਹੇ ਸੀ। ਉਹਨਾਂ ਦੀ ਅਗਵਾਈ ਵਿਚ ਹੀ ਅਕਾਲ ਤਖ਼ਤ ਸਾਹਿਬ ਤੋਂ ਸਿੱਖਾਂ ਅਤੇ ਪੰਜਾਬ ਦੀਆਂ ਧਾਰਮਿਕ ਤੇ ਸਿਆਸੀ ਮੰਗਾਂ ਨੂੰ ਲੈ ਕੇ ਧਰਮ ਯੁੱਧ ਮੋਰਚਾ ਲੱਗਿਆ ਹੋਇਆ ਸੀ, ਜਿਸ ਮੋਰਚੇ ਨੂੰ ਖਤਮ ਕਰਨ ਲਈ ਹੀ ਭਾਰਤ ਸਰਕਾਰ ਵੱਲੋਂ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕੀਤਾ ਗਿਆ ਸੀ। ਪਰ ਇਸ ਹਮਲੇ ਤੋਂ ਕੁੱਝ ਸਮਾਂ ਬਾਅਦ ਮਾਰਚ 1985 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸਿੱਖਾਂ ਦੀ ਨੁਮਾਂਇੰਦਗੀ ਕਰਦਿਆਂ ਹਰਚੰਦ ਸਿੰਘ ਲੌਂਗੋਵਾਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਸਮਝੌਤਾ ਕਰ ਲਿਆ ਸੀ। ਸਿੱਖਾਂ ਮੰਗਾਂ ਤੋਂ ਪਿੱਛੇ ਹਟ ਕੇ ਕੀਤੇ ਇਸ ਸਮਝੌਤੇ ਨਾਲ ਹਰਚੰਦ ਸਿੰਘ ਲੌਂਗੋਵਾਲ ਨੂੰ ਸਿੱਖਾਂ ਵਿਚ ਗੱਦਾਰ ਕਿਹਾ ਜਾਣ ਲੱਗਿਆ ਤੇ 20 ਅਗਸਤ 1985 ਨੂੰ ਸਿੱਖ ਨੌਜਵਾਨਾਂ ਨੇ ਹਰਚੰਦ ਸਿੰਘ ਲੌਂਗੋਵਾਲ ਦਾ ਕਤਲ ਕਰ ਦਿੱਤਾ ਸੀ। 


ਰਾਜੀਵ-ਲੌਂਗੋਵਾਲ ਸਮਝੌਤੇ ਮੌਕੇ ਦੀ ਤਸਵੀਰ

ਲੋਂਗੋਵਾਲ ਨੂੰ ਅੱਜ ਵੀ ਸਿੱਖਾਂ ਅੰਦਰ ਇਕ ਮਾੜੇ ਆਗੂ ਵਜੋਂ ਜਾਣਿਆ ਜਾਂਦਾ ਹੈ ਜਦਕਿ ਭਾਰਤ ਸਰਕਾਰ ਵੱਲੋਂ ਲੌਂਗੋਵਾਲ ਦੇ ਸਨਮਾਨ ਵਿਚ ਡਾਕ ਟਿਕਟ ਤਕ ਜਾਰੀ ਕੀਤੀ ਗਈ। ਸਿੱਖਾਂ ਅੰਦਰ ਲੌਂਗੋਵਾਲ ਖਿਲਾਫ ਇਸ ਪੱਧਰ ਤਕ ਰੋਸ ਹੈ ਕਿ ਬੀਤੇ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜਦੋਂ ਆਪਣੇ ਫੇਸਬੁੱਕ ਖਾਤੇ 'ਤੇ ਹਰਚੰਦ ਸਿੰਘ ਲੌਂਗੋਵਾਲ ਸ਼ਰਧਾਂਜਲੀ ਦਿੰਦਿਆਂ ਪੋਸਟ ਪਾਈ ਤਾਂ ਉਸ ਥੱਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਲਾਹਨਤਾਂ ਭਰੀਆਂ ਟਿੱਪਣੀਆਂ ਦਾ ਢੇਰ ਲੱਗ ਗਿਆ ਜਿਸ ਦੇ ਚਲਦਿਆਂ ਕੁੱਝ ਘੰਟਿਆਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਪਣੀ ਫੇਸਬੁੱਕ ਤੋਂ ਇਹ ਪੋਸਟ ਹਟਾ ਦਿੱਤੀ।

ਸਿੱਖਾਂ ਦੇ ਵੱਡੇ ਹਿੱਸੇ ਵਿਚ ਗੱਦਾਰ ਵਜੋਂ ਜਾਣੇ ਜਾਂਦੇ ਲੌਂਗੋਵਾਲ ਦੇ ਬਰਸੀ ਸਮਾਗਮਾਂ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਜਾਣਾ ਤੇ ਸ਼ਰਧਾਂਜਲੀ ਭੇਂਟ ਕਰਨਾ ਸਿੱਖ ਸਫਾਂ ਵਿਚ ਨਵੀਂ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਜਥੇਦਾਰਾਂ ਸਮੇਂ ਹੋਏ ਫੈਂਸਲਿਆਂ ਕਾਰਨ ਖਾਲਸਾ ਪੰਥ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਜਥੇਦਾਰਾਂ ਪ੍ਰਤੀ ਵੱਡੀ ਬੇਭਰੋਸਗੀ ਬਣ ਚੁੱਕੀ ਸੀ ਅਤੇ ਬਾਦਲ ਦਲ ਦੇ ਪ੍ਰਭਾਵ ਵਾਲੀ ਕਮੇਟੀ ਵੱਲੋਂ ਜਥੇਦਾਰ ਨਿਯੁਕਤ ਹੋਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਪਿਛਲੇ ਕੁੱਝ ਮਹੀਨਿਆਂ 'ਚ ਸਿੱਖ ਭਾਵਨਾ ਮੁਤਾਬਕ ਬਿਆਨ ਦੇ ਕੇ ਸਿੱਖਾਂ ਵਿਚ ਭਰੋਸਾ ਬਹਾਲ ਕੀਤਾ ਹੈ। ਪਰ ਲੌਂਗੋਵਾਲ ਦੀ ਬਰਸੀ 'ਤੇ ਜਾਣ ਨਾਲ ਗਿਆਨੀ ਹਰਪ੍ਰੀਤ ਸਿੰਘ ਬਾਰੇ ਸਿੱਖਾਂ ਵਿਚ ਸ਼ੰਕੇ ਵਧ ਰਹੇ ਹਨ। 

ਆਮ ਤੌਰ 'ਤੇ ਗਿਆਨੀ ਹਰਪ੍ਰੀਤ ਸਿੰਘ ਦੇ ਸਭ ਸਮਾਗਮਾਂ ਦੇ ਭਾਸ਼ਣ ਉਹਨਾਂ ਦੇ ਫੇਸਬੁੱਕ ਪੇਜ ਤੋਂ ਸਾਂਝੇ ਕੀਤੇ ਜਾਂਦੇ ਹਨ ਪਰ ਲੌਂਗੋਵਾਲ ਦੇ ਸ਼ਰਧਾਂਜਲੀ ਸਮਾਗਮ ਦੀ ਕੋਈ ਜਾਣਕਾਰੀ ਉਹਨਾਂ ਦੇ ਫੇਸਬੁੱਕ ਪੇਜ ਤੋਂ ਸਾਂਝੀ ਨਹੀਂ ਕੀਤੀ ਗਈ। ਇਸ ਸਮਾਗਮ ਵਿਚ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰਚੰਦ ਸਿੰਘ ਲੌਂਗੋਵਾਲ ਨੂੰ ਇਕ ਮਹਾਨ ਹਸਤੀ ਦੱਸਿਆ।