ਲੰਡਨ ਵਿੱਚ ਘੱਲੂਘਾਰਾ ਜੂਨ 84 ਦੀ ਯਾਦ ਵਿੱਚ ਸੰਕੇਤਕ ਮੁਜਾਹਰਾ ਕੀਤਾ ਗਿਆ

ਲੰਡਨ ਵਿੱਚ ਘੱਲੂਘਾਰਾ ਜੂਨ 84 ਦੀ ਯਾਦ ਵਿੱਚ ਸੰਕੇਤਕ ਮੁਜਾਹਰਾ ਕੀਤਾ ਗਿਆ

ਲੰਡਨ: ਭਾਵੇਂ ਕਿ ਕਰੋਨਾ ਮਹਾਂਮਾਰੀ ਦਾ ਪ੍ਰਕੋਪ ਪੂਰੀ ਦੁਨੀਆਂ ਵਿੱਚ ਫੈਲ ਚੁੱਕਾ ਹੈ ਅਤੇ ਮੌਤ ਦੇ ਸਾਏ ਨਾਲ ਦੁਨੀਆਂ ਦੇ ਲੋਕ ਪੂਰੀ ਤਰਾਂ ਭੈਅ ਭੀਤ ਹਨ ਪਰ ਇਸ ਦੇ ਬਾਵਜੂਦ ਬਰਤਾਨੀਆ ਵਿੱਚ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ ਵਲੋਂ ਸਿੱਖ ਤਵਾਰੀਖ ਵਿੱਚ ਵਾਪਰੇ ਤੀਸਰੇ ਖੂਨੀ ਘੱਲੂਘਾਰੇ ਦੀ ਯਾਦ ਨੂੰ ਸਮਰਪਤਿ ਸੰਕੇਤਕ ਰੋਸ ਮੁਜਾਹਰਾ ਕਰਕੇ ਦਰਸਾ ਦਿੱਤਾ ਗਿਆ ਕਿ ਸਿੱਖ ਜੂਨ 1984 ਦੇ ਖੂਨੀ ਘੱਲੂਘਾਰੇ ਨੂੰ ਸਦਾ ਹੀ ਯਾਦ ਰੱਖਣਗੇ ਅਤੇ ਕੌਮੀ ਅਜਾਦੀ ਦੇ ਨਿਸ਼ਾਨੇ ਖਾਲਿਸਤਾਨ ਲਈ ਆਖਰੀ ਦਮ ਤੱਕ ਯਤਨ ਜਾਰੀ ਰੱਖਣਗੇ। 

ਬੀਤੇ ਐਤਵਾਰ ਲੰਡਨ ਵਿੱਚ ਬ੍ਰਿਟਿਸ਼ ਸਰਕਾਰ ਦੇ ਕਰੋਨਾ ਸਬੰਧੀ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਸੈਂਕੜਿਆਂ ਦੀ ਤਾਦਾਦ ਵਿੱਚ ਵੈਲਿੰਗਟਨ ਅਰਚ ਹਾਈਡ ਪਾਰਕ ਲੰਡਨ ਤੋਂ ਟਰਫਾਲਗਰ ਸੁਕੇਅਰ ਤੱਕ ਰੋਸ ਮਾਰਚ ਕੀਤਾ ਗਿਆ। ਪੰਜ ਸਿੰਘਾਂ ਦੀ ਅਗਵਾਈ ਵਿੱਚ ਅਰੰਭ ਹੋਏ ਇਸ ਰੋਸ ਮਾਰਚ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਜਨਰਲ ਸ਼ਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਸਮੇਤ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਕੇਸਰੀ ਪ੍ਰਣਾਮ ਕਰਦਿਆਂ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ ਗਿਆ। 

ਰੋਸ ਮਾਰਚ ਵਿੱਚ ਪੰਜ ਸੌ ਦੇ ਕਰੀਬ ਪੁੱਜੀਆਂ ਸਿੱਖ ਸੰਗਤਾਂ ਵਿੱਚ 25 ਕੁ ਸਿੰਘਾਂ ਨੂੰ ਛੱਡ ਕੇ ਬਾਕੀ ਸਾਰੇ ਹੀ ਨੌਜਵਾਨ ਸਨ, ਖਾਸਕਰ ਜਿਹਨਾਂ ਦੇ ਜਨਮ ਵੀ ਘੱਲੂਘਾਰੇ ਤੋਂ ਬਾਅਦ ਹੋਏ ਸਨ, ਜੋ ਕਿ ਕੌਮ ਵਿੱਚ ਆ ਰਹੇ ਉਭਾਰ ਅਤੇ ਕੌਮੀ ਦ੍ਰਿੜਤਾ ਦੀ ਨਿਸ਼ਾਨੀ ਹੈ, ਜਿਸ 'ਤੇ ਸਿੱਖ ਆਗੂਆਂ ਨੇ ਤਸੱਲੀ ਅਤੇ ਫਖਰ ਦਾ ਪ੍ਰਗਟਾਵਾ ਕੀਤਾ। ਹਾਈਡ ਪਾਰਕ ਅਤੇ ਟਰਫਾਲਗਰ ਸੁਕਏਅਰ ਵਿਖੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਤੋਂ ਇਲਾਵਾ ਭਾਈ ਅਮਰੀਕ ਸਿੰਘ ਗਿੱਲ ਪ੍ਰਧਾਨ ਸਿੱਖ ਫੈਡਰੇਸ਼ਨ ਯੂ.ਕੇ, ਭਾਈ ਦਵਿੰਦਰਜੀਤ ਸਿੰਘ, ਭਾਈ ਹਰਦੀਸ਼ ਸਿੰਘ, ਭਾਈ ਪਵਿੱਤਰ ਸਿੰਘ ਖੈਰਾ ਪ੍ਰਧਾਨ ਪ੍ਰਬੰਧਕ ਕਮੇਟੀ ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਕਾਵੈਂਟਰੀ, ਭਾਈ ਜਗਰੂਪ ਸਿੰਘ ਕਾਵੈਂਟਰੀ, ਭਾਈ ਜੱਸ ਸਿੰਘ ਡਰਬੀ, ਭਾਈ ਜਤਿੰਦਰ ਸਿੰਘ ਬਾਸੀ ਸਿੱਖ ਕੌਂਸਲ, ਨੌਜਵਾਨ ਭਾਈ ਹਰਜਿੰਦਰ ਸਿੰਘ ,ਭਾਈ ਗੁਰਪ੍ਰੀਤ ਸਿੰਘ ਜੌਹਲ ਭਰਾਤਾ ਭਾਈ ਜਗਤਾਰ ਸਿੰਘ ਜੱਗੀ ਜੌਹਲ ਆਦਿ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ। 

ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਉੱਥੇ ਭਾਰਤ ਵਿੱਚ ਸਿੱਖ ਕੌਮ ਤੇ ਹੋ ਰਹੇ ਜ਼ੁਲਮਾਂ ਧੱਕਸ਼ਾਹੀਆਂ ਦਾ ਵਰਨਣ ਕਰਦਿਆਂ ਹਰ ਸਮੱਸਿਆ ਦਾ ਹੱਲ ਕੇਵਲ ਖਾਲਿਸਤਾਨ ਦੱਸਦਿਆਂ ਸਿੱਖ ਕੌਮ ਨੂੰ ਇਸ ਕੌਮੀ ਕਾਰਜ ਵਾਸਤੇ ਯਤਨਸ਼ੀਲ ਹੋਣ ਦੀ ਅਪੀਲ ਕੀਤੀ। 

ਭਾਰਤ ਸਰਕਾਰ ਵਲੋਂ  ਸਿੱਖ ਮੀਡੀਏ ਕੇ.ਟੀ.ਵੀ ਅਤੇ ਅਕਾਲ ਚੈਨਲ ਦੀਆਂ ਸੋਸ਼ਲ ਸਾਈਟਾਂ (ਯੂ ਟਿਊਬ ਅਤੇ ਫੇਸਬੁੱਕ ਪੇਜ਼) ਭਾਰਤ ਵਿੱਚ ਬੈਨ ਕਰਨ ਦੀ ਸਖਤ ਨਿਖੇਧੀ ਕੀਤੀ। ਰੋਸ ਅਤੇ ਰੋਹ ਭਰਪੂਰ ਮੁਜਾਹਰੇ ਵਿੱਚ  ਭਾਈ ਨਿਰਮਲ ਸਿੰਘ ਸੰਧੂ ਪ੍ਰਧਾਨ ਯੂਨਾੲਟਿਡ ਖਾਲਸਾ ਦਲ ਯੂ.ਕੇ ,ਧਰਮ ਯੁੱਧ ਜਥਾ ਯੂ.ਕੇ ਦੇ ਭਾਈ ਬਲਵਿੰਦਰ ਸਿੰਘ ਵੁਲਵਰਹੈਂਪਟਨ, ਭਾਈ ਨਰਿੰਦਰੀਤ ਸਿੰਘ ਗ੍ਰੇਵਜੈਂਡ, ਭਾਈ ਰਾਜਮਨਵਿੰਦਰ ਸਿੰਘ ਕੰਗ ਪ੍ਰਧਾਨ ਪ੍ਰਬੰਧਕ ਕਮੇਟੀ  ਗੁਰੂ ਤੇਗ ਬਹਾਦਰ ਗੁਰਦਵਾਰਾ ਲੈਸਟਰ, ਭਾਈ ਬਰਿੰਦਰ ਸਿੰਘ ਬਿੱਟੂ, ਭਾਈ ਹਰਜਿੰਦਰ ਸਿੰਘ ਪ੍ਰਧਾਨ ਪ੍ਰਬੰਧਕ ਕਮੇਟੀ ਗੁਰਦਵਾਰਾ ਦਸਮੇਸ਼ ਦਰਬਾਰ  ਈਸਟ ਹੈਮ ਅਤੇ ਭਾਈ ਕਿਰਪਾਲ ਸਿੰਘ ਆਦਿ ਸਮੇਤ ਸਿੱਖ ਨੌਜਵਾਨ ਆਗੂਆਂ ਨੇ ਆਪਣੇ ਸਾਥੀਆਂ ਨਾਲ ਸ਼ਮੂਲੀਅਤ ਕੀਤੀ ।