ਵਿਸ਼ਵ ਪੱਧਰੀ ਹਾਲਾਤ ਵਿਚ ਭਾਰਤ ਦੀ ਤਰੱਕੀ ਲਈ ਅਮਰੀਕਾ ਦੀ ਦੋਸਤੀ ਜ਼ਰੂਰੀ

ਵਿਸ਼ਵ ਪੱਧਰੀ ਹਾਲਾਤ ਵਿਚ ਭਾਰਤ ਦੀ ਤਰੱਕੀ ਲਈ ਅਮਰੀਕਾ ਦੀ ਦੋਸਤੀ ਜ਼ਰੂਰੀ

ਸਾਲ 2014 ਤੋਂ ਹੁਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਠ ਵਾਰ ਸਿਰਫ਼ ਇਕ ਦੇਸ਼ ਦੀ ਯਾਤਰਾ ਕੀਤੀ ਹੈ ਤੇ ਉਹ ਹੈ ਅਮਰੀਕਾ।

ਅਮਰੀਕਾ ਨੂੰ ਤਰਜੀਹ ਦੇਣ ਦੇ ਪਿੱਛੇ ਪ੍ਰਧਾਨ ਮੰਤਰੀ ਦੀ ਸੋਚ ਇਹ ਹੈ ਕਿ ਉਸ ਨਾਲ ਭਾਰਤ ਦੀ ਤਰੱਕੀ ਲਈ ਜਿੰਨੇ ਲਾਭ ਹਾਸਲ ਹੁੰਦੇ ਹਨ, ਓਨੇ ਹੋਰ ਕਿਤਿਓਂ ਹਾਸਲ ਨਹੀਂ ਹੁੰਦੇ। ਭਾਰਤ ਦੇ ਮੁੱਖ ਟੀਚੇ ਹਨ, ਆਰਥਕ ਵਿਕਾਸ, ਤਕਨੀਕੀ ਤਰੱਕੀ, ਫ਼ੌਜੀ ਸ਼ਕਤੀ ’ਚ ਵਾਧਾ ਤੇ ਜ਼ਮੀਨੀ ਪੱਧਰ ’ਤੇ ਸਿਆਸੀ ਸੰਤੁਲਨ। ਇਨ੍ਹਾਂ ਸਭ ਦੀ ਪੂਰਤੀ ’ਚ ਅਮਰੀਕਾ ਦੀ ਅਹਿਮ ਭੂਮਿਕਾ ਹੈ। ਵਪਾਰ ’ਚ ਅਮਰੀਕਾ ਅੱਜ ਭਾਰਤ ਦਾ ਸਭ ਤੋਂ ਵੱਡਾ ਭਾਈਵਾਲ ਹੈ।

ਦੋਵਾਂ ਦੇਸ਼ਾਂ ਵਿਚਾਲੇ ਚੀਜ਼ਾਂ ਤੇ ਸੇਵਾਵਾਂ ਦਾ ਸਾਲਾਨਾ ਕਾਰੋਬਾਰ ਲਗਪਗ 200 ਅਰਬ ਡਾਲਰ ਹੈ। ਕੇਂਦਰੀ ਵਣਜ ਮੰਤਰੀ ਪੀਯੂਸ਼ ਗੋਇਲ ਨੇ ਅੰਦਾਜ਼ਾ ਲਾਇਆ ਹੈ ਕਿ 2030 ਤੱਕ ਇਹ ਵਪਾਰ ਤਿੰਨ ਗੁਣਾ ਵਧ ਸਕਦਾ ਹੈ। ਹੋਰ ਵਪਾਰਕ ਭਾਈਵਾਲਾਂ ਦੇ ਮੁਕਾਬਲੇ ਅਮਰੀਕਾ ਨਾਲ ਭਾਰਤ ਨੂੰ ਵਪਾਰ ਸਰਪਲਸ ਹੋਣ ਦੀ ਵੀ ਤਸੱਲੀ ਹੈ। ਭਾਰਤ ਦੀ ਰਾਸ਼ਟਰੀ ਆਮਦਨ ਦਾ ਲਗਪਗ 50 ਫ਼ੀਸਦੀ ਵਪਾਰ ਤੋਂ ਆਉਂਦਾ ਹੈ ਤੇ ਇਸ ਲਈ ਅਮਰੀਕਾ ਨਾਲ ਭਾਰਤ ਦੀ ਆਰਥਕ ਤਰੱਕੀ ਦਾ ਸਿੱਧਾ ਸਬੰਧ ਹੈ। ਅਗਲੇ ਦਹਾਕਿਆਂ ’ਚ ਭਾਰਤ ਨੂੰ ਵਿਸ਼ਾਲ ਅਰਥਚਾਰਾ ਬਣਾਉਣ ਲਈ ਅਮਰੀਕਾ ਦੇ ਨਾਲ ਵਪਾਰ ਤੇ ਵਿਦੇਸ਼ੀ ਨਿਵੇਸ਼ ਫ਼ੈਸਲਾਕੁਨ ਹੋਣਗੇ।

ਹਾਲਾਂਕਿ ਭਾਰਤ ’ਚ ਵਿਦੇਸ਼ੀ ਨਿਵੇਸ਼ ਦੇ ਮੋਰਚੇ ’ਤੇ ਸਿੰਗਾਪੁਰ ਤੇ ਮਾਰੀਸ਼ਸ ਨੂੰ ਪਹਿਲਾ ਅਤੇ ਦੂਜਾ ਸਥਾਨ ਦਿੱਤਾ ਜਾਂਦਾ ਹੈ, ਪਰ ਅਸਲ ’ਚ ਤੀਜੇ ਸਥਾਨ ’ਤੇ ਮੌਜੂਦ ਅਮਰੀਕਾ ਹੀ ਸਾਡੇ ਦੇਸ਼ ’ਚ ਪੁਖਤਾ ਵਿਦੇਸ਼ੀ ਪੂੰਜੀ ਲੈ ਕੇ ਆਉਂਦਾ ਹੈ। ਅਮਰੀਕੀ ਨਿਵੇਸ਼ ਨਾਲ ਭਾਰਤ ’ਚ ਸਿਰਫ਼ ਸੇਵਾਵਾਂ ਦਾ ਹੀ ਫ਼ਾਇਦਾ ਨਹੀਂ ਹੋਇਆ ਹੈ, ਬਲਕਿ ਉਦਯੋਗੀਕਰਨ ’ਚ ਵੀ ਉਸ ਦੀ ਅਹਿਮ ਭੂਮਿਕਾ ਹੈ। ਮੋਟਰ ਵਾਹਨ, ਰਸਾਇਣ, ਇਲੈਕਟ੍ਰਾਨਿਕਸ, ਫੂਡ ਪ੍ਰੋਸੈਸਿੰਗ, ਸਾਫ਼ ਊਰਜਾ, ਪੁਲਾੜ ਤਕਨੀਕ ਤੇ ਰੱਖਿਆ ਵਰਗੇ ਵੱਖ-ਵੱਖ ਨਿਰਮਾਣ ਖੇਤਰਾਂ ’ਚ ਅਮਰੀਕੀ ਨਿਵੇਸ਼ਕ ਭਾਰਤ ’ਚ ਸਰਗਰਮ ਹਨ।

ਉਨ੍ਹਾਂ ਵੱਲੋਂ ਲੱਖਾਂ ਭਾਰਤੀਆਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ, ਜਿਨ੍ਹਾਂ ਨੇ ਆਪਣੇ ਬਾਰੇ ਕਿਹਾ ਹੈ ਕਿ ‘ਗੁਜਰਾਤੀ ਹੋਣ ਵਜੋਂ ਵਪਾਰ ਮੇਰੇ ਖ਼ੂਨ ’ਚ ਹੈ’, ਚੰਗੀ ਤਰ੍ਹਾਂ ਜਾਣਦੇ ਹਨ ਕਿ ਅਮਰੀਕਾ ਵਰਗੇ ਅਮੀਰ ਦੇਸ਼ ’ਚ ਵਸੇ ਪੂੰਜੀਪਤੀਆਂ ਨੂੰ ਖਿੱਚ ਕੇ ਭਾਰਤ ਲਿਆਉਣ ’ਚ ਹੀ ਰਾਸ਼ਟਰ ਦਾ ਹਿਤ ਹੈ।

ਆਪਣੇ ਹਰ ਅਮਰੀਕੀ ਦੌਰੇ ’ਚ ਉਹ ਉਥੇ ਦੇ ਵਪਾਰ ਜਗਤ ਦੇ ਦਿੱਗਜਾਂ ਨਾਲ ਮਿਲਦੇ-ਜੁਲਦੇ ਹਨ ਤੇ ਉਨ੍ਹਾਂ ਨੂੰ ਭਾਰਤ ’ਚ ਨਿਵੇਸ਼ ਲਈ ਪ੍ਰੇਰਿਤ ਕਰਦੇ ਹਨ। ਬਣਾਉਟੀ ਅਕਲ ਭਾਵ ਏਆਈ, ਕਵਾਂਟਮ ਕੰਪਿਊਟਿੰਗ, ਸੈਮੀਕੰਡਕਟਰ ਤੇ ਜੈਵ ਤਕਨੀਕ ਭਾਵ ਬਾਇਓਟੈਕ ਵਰਗੇ ਅਤਿ-ਆਧੁਨਿਕ ਵਪਾਰਾਂ ’ਚ ਮੁਹਾਰਤ ਹਾਸਲ ਕਰਨ ਵਾਲੇ ਦੇਸ਼ ਵਿਸ਼ਵ ਪੱਧਰੀ ਸ਼ਕਤੀ ਸਮੀਕਰਣ ’ਚ ਉੱਚੇ ਸਥਾਨ ’ਤੇ ਰਹਿਣਗੇ।

ਅਜਿਹੀ ਉੱਭਰਦੀ ਹੋਈ ਤਕਨੀਕ ਦੇ ਮਾਮਲੇ ’ਚ ਵੀ ਅਮਰੀਕਾ ਸਿਖਰ ’ਤੇ ਹੈ। ਇਸੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਅਮਰੀਕਾ ਦੇ ਨਾਲ ਮਹੱਤਵਪੂਰਨ ਤੇ ਉੱਭਰਦੀ ਤਕਨੀਕੀ ਪਹਿਲ (ਆਈਸੈੱਟ) ਦੇ ਅਧੀਨ ਅਨੇਕ ਤਕਨੀਕਾਂ ਦੇ ਸਹਿ-ਵਿਕਾਸ ਤੇ ਸਹਿ-ਨਿਰਮਾਣ ’ਤੇ ਜ਼ੋਰ ਦਿੱਤਾ ਹੈ। ਅਿਜਹੀ ਤਕਨੀਕ ਦੇ ਦੋਹਰੇ ਇਸਤੇਮਾਲ ਹੁੰਦੇ ਹਨ ਤੇ ਉਨ੍ਹਾਂ ਨਾਲ ਫ਼ੌਜੀ ਆਧੁਨੀਕੀਕਰਨ ਵੀ ਹੁੰਦਾ ਹੈ। ਇਹ ਜ਼ਿਕਰਯੋਗ ਹੈ ਕਿ ਤਕਨੀਕਾਂ ਦੇ ਸਹਿ-ਨਿਰਮਾਣ ਦੀ ਸਰਗਰਮੀ ਦੋਵਾਂ ਧਿਰਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਅਗਵਾਈ ’ਚ ਚਲਾਈ ਜਾ ਰਹੀ ਹੈ।

ਇਸ ਦੀ ਅਣਦੇਖੀ ਨਹੀਂ ਕੀਤੀ ਜਾਣੀ ਚਾਹੀਦੀ ਹੈ ਕਿ ਅਮਰੀਕਾ ਨੇ ਆਪਣੇ ਮੁੱਖ ਵਿਰੋਧੀ ਚੀਨ ਨੂੰ ਸੰਵੇਦਨਸ਼ੀਲ ਤਕਨੀਕ ਦੇਣੀ ਰੋਕ ਦਿੱਤੀ ਹੈ, ਜਦਕਿ ਅਜਿਹੀ ਤਕਨੀਕ ਨੂੰ ਇਹ ਭਾਰਤ ਦੇ ਨਾਲ ਸਾਂਝਾ ਕਰਨ ਲਈ ਤਿਆਰ ਹੈ। ਇਸ ਦੋਹਰੀ ਰਣਨੀਤੀ ਦਾ ਕਾਰਨ ਅਮਰੀਕਾ ਦੀ ਇਹ ਿਚੰਤਾ ਹੈ ਕਿ ਚੀਨ ਆਰਥਕ ਤੇ ਫ਼ੌਜੀ ਤਾਕਤ ’ਚ ਉਨ੍ਹਾਂ ਤੋਂ ਅੱਗੇ ਨਿਕਲ ਜਾਵੇਗਾ ਤੇ ਪੱਛਮੀ ਉਦਾਰ ਅੰਤਰਰਾਸ਼ਟਰੀ ਵਿਵਸਥਾ ਨੂੰ ਨਸ਼ਟ ਕਰ ਦੇਵੇਗਾ।

ਭਾਰਤ ਲੋਕਤੰਤਰ ਹੋਣ ਵਜੋਂ ਤੇ ਸ਼ਕਤੀ ’ਚ ਚੀਨ ਤੋਂ ਮੁਕਾਬਲਤਨ ਘੱਟ ਹੋਣ ਕਾਰਨ ਅਮਰੀਕਾ ਦੇ ਕੁਲੀਨ ਵਰਗ ਤੇ ਅਾਮ ਜਨਤਾ ਨੂੰ ਖ਼ਤਰਾ ਨਹੀਂ ਲਗਦਾ। ਇਸ ਲਈ ਅਮਰੀਕਾ ਭਾਰਤ ’ਤੇ ਅੰਤਰਰਾਸ਼ਟਰੀ ਬਰਾਮਦ ਕੰਟਰੋਲ ਵਿਵਸਥਾਵਾਂ ਤੇ ਨਿਯਮਾਂ ਵਰਗੇ ਅੜਿੱਕਿਆਂ ਨੂੰ ਦੂਰ ਕਰਨ ’ਚ ਸਹਾਇਕ ਰਿਹਾ ਹੈ। ਅਮਰੀਕਾ-ਚੀਨ ਸਬੰਧਾਂ ’ਚ ਕੁੜੱਤਣ ਨੇ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਨੂੰ ਨਵਾਂ ਵਿਸਥਾਰ ਦਿੱਤਾ ਹੈ।

ਅਮਰੀਕਾ ਆਫਸ਼ੋਰ ਬੈਲੇਂਸਿੰਗ ਰਣਨੀਤੀ ਦੇ ਤਹਿਤ ਭਾਰਤ ਤੇ ਹੋਰ ਦੋਸਤ ਦੇਸ਼ਾਂ ਨੂੰ ਅਮੀਰ ਤੇ ਮਜ਼ਬੂਤ ਕਰ ਕੇ ਚੀਨ ’ਤੇ ਰੋਕ ਲਾਉਣ ਦੀ ਮਨਸ਼ਾ ਰੱਖਦਾ ਹੈ। ਖੱਬੇ ਪੱਖੀ ਤੇ ਗੁਟਨਿਰਪੇਖਤਾ ਨੂੰ ਲੈ ਕੇ ਉਤਸ਼ਾਹਤ ਵਿਸ਼ਲੇਸ਼ਕਾਂ ਨੇ ਇਸ ਨੂੰ ਲੈ ਕੇ ਇਹੀ ਚਿਤਾਵਨੀ ਦਿੱਤੀ ਹੈ ਕਿ ਭਾਰਤ ਨੂੰ ਅਮਰੀਕਾ ਦੀ ਰਚੀ ਹੋਈ ਖੇਡ ’ਚ ਮੋਹਰਾ ਬਣ ਕੇ ਚੀਨ ਨਾਲ ਦੁਸ਼ਮਣੀ ਮੁੱਲ ਨਹੀਂ ਲੈਣੀ ਚਾਹੀਦੀ, ਪਰ ਮੋਦੀ ਸਰਕਾਰ ਨੇ ਇਸ ਨਜ਼ਰੀਏ ਨੂੰ ਤਵੱਜੋ ਨਹੀਂ ਦਿੱਤੀ ਹੈ, ਕਿਉਂਕਿ ਚੀਨ ਆਏ ਦਿਨ ਹਮਲਾਵਰ ਰੁਖ਼ ਦਿਖਾਉਂਦਾ ਰਹਿੰਦਾ ਹੈ। ਉਸ ਨਾਲ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਪ੍ਰਤੱਖ ਖ਼ਤਰਾ ਹੈ।

ਮੌਜੂਦਾ ਹਾਲਾਤ ’ਚ ਭਾਰਤ ਲਈ, ਏਸ਼ੀਆ ’ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੇ ਚੀਨ ਤੇ ਆਪਣੀ ਸਮਰੱਥਾ ਨੂੰ ਮਜ਼ਬੂਤ ਕਰਦੇ ਅਮਰੀਕਾ ਵਿਚਾਲੇ ਨਿਰਪੱਖ ਰਹਿਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ’ਚ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਕਿ ਚੀਨ ਦਾ ਰਣਨੀਤਕ ਪ੍ਰਤੀਯੋਗੀ ਭਾਰਤ ਹੈ, ਜਦਕਿ ਅਮਰੀਕਾ ਭਾਰਤ ਦਾ ਰਣਨੀਤਕ ਭਾਈਵਾਲ ਹੈ। ਭਾਰਤ ਸਰਕਾਰ ਦੀ ਵਿਦੇਸ਼ ਨੀਤੀ ਨੇ ਚੀਨ ਤੇ ਅਮਰੀਕਾ ਦੇ ਮਾਮਲੇ ’ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ, ਪਰ ਇਸ ਵਿਸ਼ੇ ’ਤੇ ਭਾਰਤ ’ਚ ਸਪੱਸ਼ਟਤਾ ਨਹੀਂ ਬਣ ਸਕੀ ਹੈ।

ਇੱਥੇ ਕਈ ਸਮੀਖਿਅਕ ਤੇ ਨਾਗਰਿਕ ਘਰੇਲੂ ਰਾਜਨੀਤੀ ਦੇ ਨਜ਼ਰੀਏ ਨਾਲ ਅਮਰੀਕਾ ਨੂੰ ਪਰਖਦੇ ਹਨ। ਅਮਰੀਕਾ ਦੇ ਕੁਝ ਸਰਕਾਰੀ ਅਦਾਰੇ ਭਾਰਤ ਦੇ ਅੰਦਰੂਨੀ ਵਿਸ਼ਿਆਂ ਦੀ ਨਿੰਦਾ ਕਰਦੇ ਹਨ। ਇਸੇ ਤਰ੍ਹਾਂ ਉਥੇ ਦਾ ਮੀਡੀਆ ਤੇ ਬੁੱਧੀਜੀਵੀ ਵਰਗ ਮੋਦੀ ਸਰਕਾਰ ਤੇ ਸੰਘ ਪਰਿਵਾਰ ਖ਼ਿਲਾਫ਼ ਮਾੜਾ ਪ੍ਰਚਾਰ ਕਰਦਾ ਰਹਿੰਦਾ ਹੈ। ਇਸ ਕਾਰਨ ਕਈ ਭਾਰਤੀ ਅਮਰੀਕਾ ਨੂੰ ਗ਼ੈਰਵਾਜਬ ਦਖ਼ਲ ਤੇ ਗ਼ਲਤ ਕੰਮਾਂ ਲਈ ਦੋਸ਼ੀ ਠਹਿਰਾਉਂਦੇ ਹਨ। ਕੁਝ ਵਿਸ਼ਲੇਸ਼ਕਾਂ ਮੁਤਾਬਕ ਅਮਰੀਕਾ ਗੁਪਤ ਮੁਹਿੰਮਾਂ ਰਾਹੀਂ ਭਾਰਤ ’ਚ ਸੱਤਾ ਤਬਦੀਲੀ ਦੀ ਵੀ ਕੋਸ਼ਿਸ਼ ਕਰ ਰਿਹਾ ਹੈ।

ਲਗਦਾ ਹੈ ਕਿ ਅਜਿਹੇ ਆਲੋਚਕ ਭਾਰਤ ਦੀ ਜਮਹੂਰੀ ਸਮਰੱਥਾ ’ਤੇ ਓਨਾ ਭਰੋਸਾ ਨਹੀਂ ਰੱਖਦੇ, ਜਿੰਨਾ ਉਨ੍ਹਾਂ ਨੂੰ ਰੱਖਣਾ ਚਾਹੀਦਾ ਹੈ। ਇਸ ਕਾਰਨ ਲੋਕਾਂ ’ਚ ਵਿਸ਼ਵ ਪੱਧਰੀ ਭੂ-ਰਾਜਨੀਤੀ ਦੀ ਸਮਝ ਵੀ ਨਹੀਂ ਹੈ। ਉਨ੍ਹਾਂ ਦੀ ਸੰਵੇਦਨਸ਼ੀਲਤਾ ਕੌਮਾਂਤਰੀ ਸਿਆਸਤ ਤੋਂ ਪਰੇ ਹੈ। ਭਾਵੁਕ ਹੋ ਕੇ ਅਮਰੀਕਾ ਨੂੰ ਭਾਰਤ ਦਾ ਦੁਸ਼ਮਣ ਕਰਾਰ ਦੇਣਾ ਤੇ ਉਸ ਨੂੰ ਚਾਲਬਾਜ਼ ਕਹਿਣਾ ਸੌਖਾ ਹੈ, ਪਰ ਵਿਸ਼ਵ ਪੱਧਰੀ ਹਾਲਾਤ ’ਚ ਭਾਰਤ ਦੀ ਤਰੱਕੀ ਲਈ ਅਮਰੀਕਾ ਦੀ ਦੋਸਤੀ ਜ਼ਰੂਰੀ ਹੈ।

ਇਹ ਜ਼ਰੂਰ ਮੰਨਣਾ ਪਵੇਗਾ ਕਿ ਅਫ਼ਗਾਨਿਸਤਾਨ, ਬੰਗਲਾਦੇਸ਼ ਤੇ ਮਿਆਂਮਾਰ ਵਰਗੇ ਗੁਆਂਢੀਆਂ ਦੇ ਮਾਮਲਿਆਂ ਸਬੰਧੀ ਭਾਰਤ ਤੇ ਅਮਰੀਕਾ ਵਿਚਾਲੇ ਉਮੀਦ ਮੁਤਾਬਕ ਤਾਲਮੇਲ ਨਹੀਂ ਰਿਹਾ। ਫਿਰ ਵੀ, ਸਮੁੱਚੇ ਤੌਰ ’ਤੇ ਦੇਖਿਆ ਜਾਵੇ ਤਾਂ ਅਮਰੀਕਾ ਦੀ ਦੋਸਤੀ ਸਾਡੇ ਲਈ ਕਾਰਗਰ ਰਹੀ ਹੈ ਤੇ ਅੱਗੇ ਵੀ ਰਹੇਗੀ। ਵਿਦੇਸ਼ ਨੀਤੀ ’ਚ ਰਾਸ਼ਟਰੀ ਹਿਤਾਂ ਨੂੰ ਸਭ ਤੋਂ ਉੱਪਰ ਰੱਖ ਕੇ ਸਾਨੂੰ ਇਸ ਦੋਸਤੀ ਨੂੰ ਸੰਭਾਲ ਕੇ ਅੱਗੇ ਲੈ ਕੇ ਜਾਣਾ ਪਵੇਗਾ।

 

ਸ਼੍ਰੀਰਾਮ ਚੌਲੀਆ

(ਲੇਖਕ ਕੌਮਾਂਤਰੀ ਮਾਮਲਿਆਂ ਦੇ ਮਾਹਿਰ ਅਤੇ ‘ਫਰੈਂਡਜ਼ : ਇੰਡੀਆਜ਼ ਕਲੋਜੈਸਟ ਸਟ੍ਰੈਟੇਜਿਕ ਪਾਰਟਨਰਜ਼’ ਦਾ ਲੇਖਕ ਹੈ)

 

-