ਖੇਤੀ ਵਿਚ ਕਿਸਾਨ ਪਾਬੰਦੀਸ਼ੁਦਾ ਕੀਟਨਾਸ਼ਕ ਨਾ ਵਰਤਣ

ਖੇਤੀ ਵਿਚ ਕਿਸਾਨ ਪਾਬੰਦੀਸ਼ੁਦਾ ਕੀਟਨਾਸ਼ਕ ਨਾ ਵਰਤਣ

ਵਧ ਰਹੀ ਆਬਾਦੀ ਦੀ ਲੋੜ ਨੂੰ ਪੂਰਾ ਕਰਨ ਲਈ ਅਤੇ ਨਿਰਯਾਤ ਵਧਾਉਣ ਲਈ ਖੇਤੀ ਦਾ ਉਤਪਾਦਨ ਅਤੇ ਉਤਪਾਦਕਤਾ ਵਧਾਉਣੀ ਜ਼ਰੂਰੀ ਹੈ।

ਭਾਰਤ ਵਿਸ਼ਵ ਦੇ 2.4 ਪ੍ਰਤੀਸ਼ਤ ਜ਼ਮੀਨ ਦੇ ਸਾਧਨ ਅਤੇ 4 ਪ੍ਰਤੀਸ਼ਤ ਪਾਣੀ ਦੇ ਸੋਮੇ ਦੇ ਹੁੰਦੇ ਹੋਏ ਵਿਸ਼ਵ ਦੀ 17.84 ਪ੍ਰਤੀਸ਼ਤ ਜਨਸੰਖਿਆ ਨੂੰ ਖੁਰਾਕ ਮੁਹੱਈਆ ਕਰਨ ਪੱਖੋਂ ਸਹਾਈ ਹੋ ਰਿਹਾ ਹੈ। ਵਿਸ਼ਵ ਦੇ 16 ਪ੍ਰਤੀਸ਼ਤ ਪਸ਼ੂਆਂ ਨੂੰ ਵੀ ਭਾਰਤ ਦੀ ਜ਼ਮੀਨ ਤੋਂ ਹੀ ਖੁਰਾਕ ਮੁਹੱਈਆ ਹੁੰਦੀ ਹੈ। ਤਕਰੀਬਨ 15 ਤੋਂ 25 ਪ੍ਰਤੀਸ਼ਤ ਉਤਪਾਦਨ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੀ ਭੇਟ ਚੜ੍ਹ ਜਾਂਦਾ ਹੈ। ਜਿੱਥੇ ਖੇਤੀ ਉਤਪਾਦਨ ਵਧਾਉਣ ਦੀ ਲੋੜ ਹੈ, ਇਸ ਨੂੰ ਬਿਮਾਰੀਆਂ ਤੇ ਕੀੜੇ-ਮਕੌੜਿਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਉਣ ਦੀ ਬੇਹੱਦ ਜ਼ਰੂਰਤ ਹੈ ਤਾਂ ਜੋ ਦੇਸ਼ ਵਾਸੀਆਂ ਨੂੰ ਪੌਸ਼ਟਿਕ ਤੇ ਸੁਰੱਖਿਅਤ ਖੁਰਾਕ ਲੋੜ ਅਨੁਸਾਰ ਮੁਹੱਈਆ ਹੋ ਸਕੇ। ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਤੋਂ ਨੁਕਸਾਨ ਘਟਾਉਣ ਲਈ ਕੀਟਨਾਸ਼ਕਾਂ ਤੇ ਪੈਸਟੀਸਾਈਡਜ਼ ਦਾ ਪ੍ਰਯੋਗ ਜ਼ਰੂਰੀ ਹੈ। ਐਗਰੋ-ਕੈਮੀਕਲਜ਼ ਕੀੜੇ-ਮਕੌੜਿਆਂ, ਬਿਮਾਰੀਆਂ ਅਤੇ ਨਦੀਨਾਂ ਆਦਿ ਨੂੰ ਨਾਸ਼ ਕਰਨ ਲਈ ਹੀ ਨਹੀਂ ਵਰਤੇ ਜਾਂਦੇ, ਇਨ੍ਹਾਂ ਦੀ ਯੋਗ ਵਰਤੋਂ ਨਾਲ ਉਤਪਾਦਕਤਾ ਵੀ ਵਧਦੀ ਹੈ। ਪੈਸਟੀਸਾਈਡਜ਼ ਉਦਯੋਗ ਤੇ ਖੋਜ ਵਲੋਂ ਨਵੇਂ-ਨਵੇਂ ਕੀਟਨਾਸ਼ਕ ਤੇ ਨਦੀਨਨਾਸ਼ਕ ਵਿਕਸਿਤ ਕੀਤੇ ਜਾ ਰਹੇ ਹਨ ਜੋ ਸੁਰੱਖਿਅਤ ਵੀ ਹਨ ਅਤੇ ਕੀੜੇ-ਮਕੌੜਿਆਂ ਤੇ ਬਿਮਾਰੀਆਂ ਦਾ ਨਾਸ਼ ਕਰ ਕੇ ਉਤਪਾਦਕਤਾ ਵਧਾਉਣ 'ਚ ਵੀ ਸਹਾਈ ਹੁੰਦੇ ਹਨ। ਸੈਂਟਰਲ ਇਨਸੈਕਟੀਸਾਈਡਜ਼ ਬੋਰਡ (ਸੀ.ਆਈ.ਬੀ.) ਵਲੋਂ ਡੂੰਘੀ ਤੇ ਲੰਮੇ ਸਮੇਂ ਦੀ ਪਰਖ ਤੋਂ ਬਾਅਦ ਇਨ੍ਹਾਂ ਨੂੰ ਕਿਸਾਨਾਂ ਦੀ ਵਰਤੋਂ ਲਈ ਪ੍ਰਵਾਨਗੀ ਦਿੱਤੀ ਜਾਂਦੀ ਹੈ। ਪੈਸਟੀਸਾਈਡਜ਼ ਨੂੰ ਇਸਤੇਮਾਲ ਕੀਤੇ ਬਿਨਾਂ ਉਤਪਾਦਨ ਦਾ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਤੋਂ ਨੁਕਸਾਨ ਕਈ ਗੁਣਾ ਵੱਧ ਸਕਦਾ ਹੈ ਪਰ ਇਸ ਦੇ ਨਾਲ ਨਾਲ ਇਹ ਜ਼ਰੂਰੀ ਹੈ ਕਿ ਪੈਸਟੀਸਾਈਡਜ਼ ਤੇ ਕੀਟਨਾਸ਼ਕ ਸੂਝ-ਬੂਝ ਅਤੇ ਵਿਗਿਆਨਕ ਢੰਗ ਨਾਲ ਵਿਗਿਆਨੀਆਂ ਵਲੋਂ ਸਿਫਾਰਸ਼ ਕੀਤੀ ਮਾਤਰਾ 'ਚ ਵਰਤੇ ਜਾਣ। ਵਿਗਿਆਨਕ ਢੰਗ ਨਾਲ ਵਰਤਣ ਲਈ ਕੀਟਨਾਸ਼ਕ ਦੀ ਸਹੀ ਚੋਣ ਖੇਤੀ ਮਾਹਿਰਾਂ ਵਲੋਂ ਦੱਸੀ ਗਈ ਮਾਤਰਾ ਅਤੇ ਸਹੀ ਢੰਗ ਤੇ ਵਿਧੀ ਨਾਲ ਇਸ ਦਾ ਸਪਰੇਅ ਤੇ ਪ੍ਰਯੋਗ ਕੀਤੇ ਜਾਣ ਦੀ ਲੋੜ ਹੁੰਦੀ ਹੈ।

ਸੈਂਟਰਲ ਇਨਸੈਕਟੀਸਾਈਡਜ਼ ਬੋਰਡ ਬੜੇ ਨਿਪੁੰਨ ਢੰਗਾਂ, ਤਰੀਕਿਆਂ ਨਾਲ ਲੰਮੇ ਸਮੇਂ ਤੱਕ ਜਾਂਚ ਕਰਨ ਤੋਂ ਬਾਅਦ ਪੈਸਟੀਸਾੲੀਂਡਜ਼ ਨੂੰ ਮਾਨਤਾ ਦਿੰਦਾ ਹੈ ਅਤੇ ਉਨ੍ਹਾਂ ਦੇ ਇਸਤੇਮਾਲ ਦੀ ਪ੍ਰਵਾਨਗੀ ਲਈ ਸਿਫਾਰਸ਼ ਕਰਦਾ ਹੈ। ਪ੍ਰੰਤੂ ਮੰਡੀ 'ਚ ਗ਼ੈਰ ਮਿਆਰੀ, ਘਟੀਆ ਤੇ ਨਕਲੀ ਪੈਸਟੀਸਾਈਡਜ਼ ਫਿਰ ਵੀ ਛੋਟੀਆਂ-ਛੋਟੀਆਂ ਇਕਾਈਆਂ ਅਤੇ ਡੀਲਰਾਂ ਵਲੋਂ ਅਨੈਤਿਕ ਢੰਗ ਨਾਲ ਵੇਚੇ ਜਾਂਦੇ ਹਨ। ਇਸ ਸੰਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੂੰ ਇਨਸੈਕਟੀਸਾਈਡਜ਼ ਐਕਟ ਅਧੀਨ ਕਾਰਵਾਈ ਕਰ ਕੇ ਨਕਲੀ ਰਸਾਇਣਾਂ 'ਤੇ ਕਾਬੂ ਪਾਉਣ ਦੀ ਲੋੜ ਹੈ। ਕਿਸਾਨਾਂ ਨੂੰ ਵੀ ਇਸ ਸੰਬੰਧੀ ਪੂਰੀ ਜਾਂਚ ਤੇ ਨਿਗਰਾਨੀ ਰੱਖਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਜਾਣਕਾਰੀ ਵੀ ਪੂਰੀ ਹੋਣੀ ਚਾਹੀਦੀ ਹੈ। ਪੈਸਟੀਸਾਈਡਜ਼ ਉਦਯੋਗ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਹਰ ਕੀਟਨਾਸ਼ਕ ਜੋ ਇਸਤੇਮਾਲ ਹੁੰਦਾ ਹੈ, ਉਸ ਦੀ ਪੂਰੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣੀ ਚਾਹੀਦੀ ਹੈ। ਇਸ ਲਈ ਖੇਤੀ ਪ੍ਰਸਾਰ ਸੇਵਾ ਨੂੰ ਮਜ਼ਬੂਤ ਕੀਤਾ ਜਾਏ। ਬਹੁਤੀ ਵਾਰ ਭਾਰਤ ਵਿਚ ਕੀਟਨਾਸ਼ਕਾਂ ਤੇ ਨਦੀਨਨਾਸ਼ਕਾਂ ਦੀ ਵਰਤੋਂ ਸੂਝ-ਬੂਝ ਤੇ ਵਿਗਿਆਨਕ ਢੰਗ ਨਾਲ ਨਹੀਂ ਕੀਤੀ ਜਾਂਦੀ। ਜਿਸ ਲਈ ਕਿਸਾਨਾਂ ਨੂੰ ਸਹੀ ਅਗਵਾਈ ਨਹੀਂ ਮਿਲਦੀ। ਉਹ ਪੈਸਟੀਸਾਈਡਜ਼ ਡੀਲਰਾਂ ਤੋਂ ਦਿੱਤੀ ਜਾਣਕਾਰੀ ਤੇ ਸਿਫਾਰਸ਼ 'ਤੇ ਹੀ ਸਾਰਾ ਆਧਾਰ ਰੱਖਦੇ ਹਨ। ਪ੍ਰੰਤੂ ਜੋ ਹਾਲ 'ਚ ਹੀ ਚੰਡੀਗੜ੍ਹ ਵਿਖੇ ਕਿਸਾਨ ਆਗੂਆਂ ਦੀ ਹੋਏ ਕੌਮੀ ਸੰਮੇਲਨ 'ਚ 18 ਰਾਜਾਂ ਦੇ 90 ਕਿਸਾਨ ਆਗੂਆਂ ਵਲੋਂ ਫ਼ਸਲਾਂ 'ਚ ਜੀ.ਐੱਮ. ਤਕਨਾਲੋਜੀ ਦੀ ਵਰਤੋਂ ਦੀ ਵਿਰੋਧਤਾ ਕੀਤੀ ਗਈ ਹੈ, ਉਸ ਦੇ ਮੱਦੇਨਜ਼ਰ ਜੀ.ਐਮ. ਤਕਨਾਲੋਜੀ ਦੀ ਵਰਤੋਂ ਵੀ ਫ਼ਸਲਾਂ 'ਚ ਬੜੀ ਸੀਮਤ ਕਪਾਹ, ਨਰਮੇ ਤੱਕ ਹੀ ਕੀਤੀ ਜਾਏਗੀ ਜਿਸ ਨਾਲ ਪੈਸਟੀਸਾਈਡਜ਼ ਦਾ ਇਸਤੇਮਾਲ ਹੋਰ ਵੀ ਜ਼ਰੂਰੀ ਹੋਵੇਗਾ। ਕਿਉਂਕਿ ਗ਼ੈਰ-ਜੀ.ਐਮ. ਫ਼ਸਲਾਂ 'ਤੇ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੇ ਹਮਲਿਆਂ ਦੀ ਬਹੁਤਾਤ ਮੁਕਾਬਲਤਨ ਜ਼ਿਆਦਾ ਹੁੰਦੀ ਹੈ। ਕਿਸਾਨਾਂ ਨੂੰ ਉਹ ਹੀ ਪੈਸਟੀਸਾਈਡਜ਼ ਵਰਤਣੇ ਚਾਹੀਦੇ ਹਨ ਜੋ ਯੂ.ਪੀ.ਐਲ. ਵਰਗੀਆਂ ਨਾਮਵਰ ਐਗਰੋ-ਕੈਮੀਕਲਜ਼ ਕੰਪਨੀਆਂ ਵਲੋਂ ਤਿਆਰ ਕੀਤੇ ਜਾਂਦੇ ਹਨ ਅਤੇ ਜਿਨ੍ਹਾਂ ਦੀ ਸਿਫਾਰਸ਼ ਖੇਤੀਬਾੜੀ ਯੂਨੀਵਰਸਿਟੀਆਂ, ਖੋਜ ਸੰਸਥਾਨਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਾਹਿਰਾਂ ਵਲੋਂ ਕੀਤੀ ਜਾਂਦੀ ਹੈ। ਗ਼ੈਰ-ਮਿਆਰੀ ਤੇ ਨਕਲੀ ਕੀਟਨਾਸ਼ਕ ਤੇ ਪੈਸਟੀਸਾਈਡਜ਼ ਦਾ ਪ੍ਰਯੋਗ ਤੇ ਵਿਕਰੀ ਬੰਦ ਕਰਨ ਲਈ ਕਿਸਾਨਾਂ ਨੂੰ ਅਤੇ ਕੀਟਨਾਸ਼ਕ ਵੇਚਣ ਵਾਲਿਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ।

ਭਾਰਤ ਤੋਂ ਚਾਵਲ ਤੇ ਬਾਸਮਤੀ ਵੱਡੇ ਪੈਮਾਨੇ 'ਤੇ ਨਿਰਯਾਤ ਕੀਤੇ ਜਾਂਦੇ ਹਨ। ਬਾਸਮਤੀ ਦੀ ਨਿਰਯਾਤ ਪਿਛਲੇ ਸਾਲ 52 ਲੱਖ ਟਨ ਤੱਕ ਪਹੁੰਚ ਗਈ, ਜਿਸ ਨਾਲ 48 ਹਜ਼ਾਰ ਕਰੋੜ ਰੁਪਏ ਤੋਂ ਵੱਧ ਵਿਦੇਸ਼ੀ ਮੁਦਰਾ ਭਾਰਤ ਆਈ ਹੈ। ਪੰਜਾਬ ਬਾਸਮਤੀ ਦੇ ਜੀ.ਆਈ. ਜ਼ੋਨ 'ਚ ਹੈ ਅਤੇ ਇਸ ਦਾ ਬਰਾਮਦ 'ਚ 40 ਪ੍ਰਤੀਸ਼ਤ ਤੱਕ ਯੋਗਦਾਨ ਹੈ। ਇਸ ਸਾਲ 7 ਲੱਖ ਹੈਕਟੇਅਰ ਦੇ ਕਰੀਬ ਰਕਬੇ 'ਤੇ ਬਾਸਮਤੀ ਦੀ ਕਾਸ਼ਤ ਕੀਤੀ ਗਈ ਹੈ, ਜੋ ਝੋਨੇ ਦੀ ਕਾਸ਼ਤ ਥੱਲੇ ਕੁੱਲ ਰਕਬੇ ਦਾ 24 ਪ੍ਰਤੀਸ਼ਤ ਦੇ ਕਰੀਬ ਹੈ। ਭਵਿੱਖ 'ਚ ਖੇਤੀ ਵਿਭਿੰਨਤਾ ਲਿਆਉਣ 'ਚ ਬਾਸਮਤੀ ਦਾ ਵਿਸ਼ੇਸ਼ ਰੋਲ ਹੋਵੇਗਾ ਅਤੇ ਇਸ ਦੀ ਕਾਸ਼ਤ 10 ਲੱਖ ਹੈਕਟੇਅਰ ਤੱਕ ਰਕਬੇ 'ਤੇ ਕੀਤੇ ਜਾਣ ਦਾ ਅਨੁਮਾਨ ਹੈ। ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਾਸਮਤੀ ਦੀ ਫ਼ਸਲ 'ਚ ਉਹ 'ਟਰਾਈਸਾਇਕਲਾਜ਼ੋਨ' ਜਿਹੇ ਤੇਜ਼ ਰਸਾਇਣ ਜਿਨ੍ਹਾਂ ਨੂੰ ਬਾਸਮਤੀ ਦਰਾਮਦ ਕਰਨ ਵਾਲੇ ਮੁਲਕ ਨਹੀਂ ਚਾਹੁੰਦੇ, ਨਾ ਵਰਤਣ ਤਾਂ ਜੋ ਕਿਸੇ ਕੀਟਨਾਸ਼ਕ ਦੇ ਅੰਸ਼ ਚੌਲਾਂ 'ਚ ਨਾ ਰਹਿਣ। ਕਿਸਾਨਾਂ ਨੂੰ ਪਾਬੰਦੀਸ਼ੁਦਾ ਕੀਟਨਾਸ਼ਕ ਉੱਕਾ ਹੀ ਨਹੀਂ ਵਰਤਣੇ ਚਾਹੀਦੇ।

ਪੈਸਟੀਸਾਈਡਜ਼ ਦੀ ਸੁਰੱਖਿਅਤ ਵਰਤੋਂ ਕਰਨ ਲਈ ਕਿਸਾਨਾਂ ਨੂੰ ਇਹ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਕਿਸਾਨਾਂ ਨੂੰ ਪੈਸਟੀਸਾਈਡਜ਼ ਅਸਲੀ ਪੈਕਿੰਗ ਵਿਚ ਬਿੱਲ ਨਾਲ ਖਰੀਦਣੇ ਚਾਹੀਦੇ ਹਨ। ਉਨ੍ਹਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਪਰੇ ਰੱਖਣਾ ਚਾਹੀਦਾ ਹੈ। ਵਰਤੋਂ ਤੋਂ ਪਹਿਲਾਂ ਉਸ 'ਤੇ ਲਿਖੀਆਂ ਹਦਾਇਤਾਂ ਤੇ ਸਾਵਧਾਨੀਆਂ ਧਿਆਨ 'ਚ ਰੱਖਣੀਆਂ ਚਾਹੀਦੀਆਂ ਹਨ। ਮਾਹਿਰਾਂ ਵਲੋਂ ਸਿਫਾਰਸ਼ ਕੀਤੀ ਗਈ ਮਾਤਰਾ 'ਚ ਹੀ ਕੀਟਨਾਸ਼ਕ ਵਰਤਣੇ ਚਾਹੀਦੇ ਹਨ। ਛਿੜਕਾਅ ਕਰਨ ਲੱਗਿਆਂ ਹਵਾ ਦੇ ਰੁਖ਼ ਦੇ ਨਾਲ ਹੀ ਛਿੜਕਾਅ ਕਰਨਾ ਚਾਹੀਦਾ ਹੈ।

ਛਿੜਕਾਅ ਕਰਨ ਤੋਂ ਬਾਅਦ ਹੱਥਾਂ ਅਤੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ। ਖਾਲੀ ਡੱਬੇ ਅਤੇ ਪੈਕਿੰਗ ਨਾਸ਼ ਕਰ ਦੇਣੇ ਚਾਹੀਦੇ ਹਨ। ਸਪਰੇਅ ਕਰਨ ਲੱਗਿਆਂ ਕੋਈ ਚੀਜ਼ ਖਾਣੀ ਜਾਂ ਪੀਣੀ ਨਹੀਂ ਚਾਹੀਦੀ ਅਤੇ ਸਿਗਰੇਟ ਅਤੇ ਬੀੜੀ ਆਦਿ ਤੋਂ ਪੂਰਾ ਪ੍ਰਹੇਜ਼ ਕਰਨਾ ਚਾਹੀਦਾ ਹੈ। ਸਪਰੇਅ ਵਾਲਾ ਪੰਪ ਜਾਂ ਸਪਰੇਅਰ ਲੀਕ ਨਹੀਂ ਹੋਣਾ ਚਾਹੀਦਾ। ਕੋਈ ਖਾਣ ਵਾਲੀ ਚੀਜ਼ ਸਪਰੇਅ ਕੀਤੇ ਜਾ ਰਹੇ ਖੇਤਰ ਦੇ ਨੇੜੇ ਨਹੀਂ ਰੱਖਣੀ ਚਾਹੀਦੀ। ਨੋਜ਼ਲ ਨੂੰ ਸਾਫ ਕਰਨ ਲਈ ਮੂੰਹ ਨਾਲ ਫ਼ੂਕ ਨਹੀਂ ਮਾਰਨੀ ਚਾਹੀਦੀ।

 

ਭਗਵਾਨ ਦਾਸ