ਸੀਆਈਏ ਸਟਾਫ ਜਾ ਬੁੱਚੜਖਾਨੇ; ਫਰੀਦਕੋਟ ਵਿੱਚ ਹਿਰਾਸਤ 'ਚ ਨੌਜਵਾਨ ਦੀ ਮੌਤ ਮਗਰੋਂ ਲੋਕਾਂ 'ਚ ਫੈਲਿਆ ਰੋਹ

ਸੀਆਈਏ ਸਟਾਫ ਜਾ ਬੁੱਚੜਖਾਨੇ; ਫਰੀਦਕੋਟ ਵਿੱਚ ਹਿਰਾਸਤ 'ਚ ਨੌਜਵਾਨ ਦੀ ਮੌਤ ਮਗਰੋਂ ਲੋਕਾਂ 'ਚ ਫੈਲਿਆ ਰੋਹ

ਫਰੀਦਕੋਟ: ਪੰਜਾਬ ਵਿੱਚ ਚੋਣਾਂ ਖਤਮ ਹੁੰਦਿਆਂ ਹੀ ਪੁਲਿਸ ਹਿਰਾਸਤ ਵਿੱਚ 24 ਸਾਲਾ ਨੌਜਵਾਨ ਦੀ ਮੌਤ ਦਾ ਮਾਮਲਾ ਭਖ ਗਿਆ ਹੈ। ਸੀਆਈਏ ਸਟਾਫ ਫਰੀਦਕੋਟ ਵਿਖੇ 18 ਮਈ ਨੂੰ ਲਿਆਂਦੇ ਗਏ ਨੌਜਵਾਨ ਜਸਪਾਲ ਸਿੰਘ ਲਾਡੀ ਦੀ ਰਹੱਸਮਈ ਹਾਲਤਾਂ ਵਿੱਚ ਹੋਈ ਮੌਤ ਅਤੇ ਉਸ ਤੋਂ ਬਾਅਦ ਉਸਦੀ ਲਾਸ਼ ਨੂੰ ਸੀਆਈਏ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਖੁਰਦ ਬੁਰਦ ਕਰਕੇ ਆਪ ਵੀ ਖੁਦਕੁਸ਼ੀ ਕਰ ਲੈਣ ਨਾਲ ਇਹ ਮਾਮਲਾ ਗੰਭੀਰ ਉਲਝਣਾ ਵਿੱਚ ਫਸ ਗਿਆ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਫਰੀਦਕੋਟ ਦੇ ਐੱਸਐੱਸਪੀ ਦਫਤਰ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ ਵਿੱਚ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਬੀਬੀ ਪਰਮਜੀਤ ਕੌਰ ਖਾਲੜਾ, ਲੱਖਾ ਸਿਧਾਣਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ, ਕਿਸਾਨ, ਸਟੂਡੈਂਟਸ ਤੇ ਕਈ ਧਾਰਮਕ ਜਥੇਬੰਦੀਆਂ  ਦੇ ਨੁਮਾਂਇੰਦਿਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ। 


ਨੌਜਵਾਨ ਜਸਪਾਲ ਸਿੰਘ

ਗੁੰਝਲਦਾਰ ਬਣ ਚੁੱਕੇ ਇਸ ਮਾਮਲੇ ਵਿੱਚ ਹੁਣ ਤੱਕ ਕਈ ਕਹਾਣੀਆਂ ਸਾਹਮਣੇ ਆ ਰਹੀਆਂ ਹਨ ਜਿੱਥੇ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਕਿਸੇ ਕੁੜੀ ਦੇ ਮਾਮਲੇ ਵਿੱਚ ਆਈ ਸ਼ਿਕਾਇਤ ਦੇ ਅਧਾਰ 'ਤੇ ਨੌਜਵਾਨ ਜਸਪਾਲ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਤੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਜ਼ਾਇਜ਼ ਅਸਲਾ ਰੱਖਣ ਦੇ ਮਾਮਲੇ 'ਚ ਨੌਜਵਾਨ ਜਸਪਾਲ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। 

ਇੰਚਾਰਜ ਨਰਿੰਦਰ ਸਿੰਘ

ਸੱਚ ਕੀ ਹੈ ਇਹ ਤਾਂ ਕੁਝ ਸਮੇਂ ਤੱਕ ਸਾਹਮਣੇ ਆ ਹੀ ਜਾਵੇਗਾ ਪਰ ਸਾਹਮਣੇ ਦਿਖਦੇ ਤੱਥ ਇਹ ਹਨ ਕਿ ਨੌਜਵਾਨ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋਣ ਤੋਂ ਬਾਅਦ ਨਰਿੰਦਰ ਸਿੰਘ ਨੇ ਉਸਦੀ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਤੇ ਮਾਪਿਆਂ ਵੱਲੋਂ ਆਪਣਾ ਪੁੱਤ ਮੰਗਣ 'ਤੇ ਦਬਾਅ  ਵਿੱਚ ਆਏ ਇੰਚਾਰਜ ਨਰਿੰਦਰ ਸਿੰਘ ਨੇ ਖੁਦਕੁਸ਼ੀ ਕਰ ਲਈ। 

ਸਾਹਮਣੇ ਦਿਸਦੇ ਇਹਨਾਂ ਤੱਥਾਂ ਤੋਂ ਇਲਾਵਾ ਪੂਰਨ ਸੱਚ ਨੂੰ ਲਕੋਈ ਬੈਠੇ ਤੱਥਾਂ ਦੇ ਸਾਹਮਣੇ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਪਰ ਪੰਜਾਬ ਵਿੱਚ ਇਸ ਮਾਮਲੇ ਨਾਲ ਲੋਕਾਂ ਅੰਦਰ ਪੰਜਾਬ ਪੁਲਿਸ ਦੇ ਜ਼ੁਲਮ ਦੀਆਂ ਉਹ ਯਾਦਾਂ ਤਾਜ਼ਾ ਹੋ ਗਈਆਂ ਹਨ ਜਦੋਂ ਪਿੰਡਾਂ ਵਿੱਚੋਂ ਜਵਾਨ ਪੁੱਤਾਂ ਧੀਆਂ ਨੂੰ ਚੁੱਕ ਪੰਜਾਬ ਪੁਲਿਸ ਦੇ ਇਹਨਾਂ ਸੀਆਈਏ ਸਟਾਫ ਕੈਦਖਾਨਿਆਂ ਅੰਦਰ ਤਸ਼ੱਦਦ ਕਰ ਕਰ ਕਤਲ ਕਰ ਦਿੱਤਾ ਜਾਂਦਾ ਸੀ। ਪੰਜਾਬ ਪੁਲਿਸ ਦੇ ਸੀਆਈਏ ਸਟਾਫ ਕੇਂਦਰਾਂ ਨੂੰ ਪੰਜਾਬ ਦੀ ਆਮ ਬੋਲ ਚਾਲ ਵਿੱਚ ਬੁਚੜਖਾਨੇ ਕਿਹਾ ਜਾਂਦਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ