ਫਰਜ਼ੀ ਦਸਤਾਵੇਜਾਂ ਕਾਰਣ ਕੈਨੇਡਾ, ਆਸਟ੍ਰੇਲੀਆ ਆਦਿ ਦੇਸ਼ਾਂ ਵਿਚ ਰੱਦ ਹੋ ਰਹੈ ਭਾਰਤੀਆਂ  ਦੇ 'ਵੀਜ਼ੇ'   

ਫਰਜ਼ੀ ਦਸਤਾਵੇਜਾਂ ਕਾਰਣ ਕੈਨੇਡਾ, ਆਸਟ੍ਰੇਲੀਆ ਆਦਿ ਦੇਸ਼ਾਂ ਵਿਚ ਰੱਦ ਹੋ ਰਹੈ ਭਾਰਤੀਆਂ  ਦੇ 'ਵੀਜ਼ੇ'   

ਅੰਮ੍ਰਿਤਸਰ ਟਾਈਮਜ਼   

ਦਿਲੀ: ਕੈਨੇਡਾ, ਆਸਟ੍ਰੇਲੀਆ ਜਿਹੇ ਦੇਸ਼ਾਂ ਵਿਚ ਕਰੀਅਰ ਬਣਾਉਣ ਦੀ ਇੱਛਾ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਕਈ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਇਹਨਾਂ ਵਿਚ ਪੰਜਾਬ ਤੋਂ ਸਟੱਡੀ ਬੇਸ 'ਤੇ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਵੱਡੀ ਗਿਣਤੀ ਵਿਚ ਨਾਮਨਜ਼ੂਰ ਹੋ ਰਹੀਆਂ ਹਨ। ਇਸ ਦੇ ਪ੍ਰਮੱਖ ਕਾਰਨ ਫਰਜ਼ੀ ਬੈਂਕ ਸਟੇਟਮੈਂਟ, ਬਰਥ ਸਰਟੀਫਿਕੇਟ ਅਤੇ ਐਜੁਕੇਸ਼ਨ ਗੇਪ ਨੂੰ ਲੈ ਕੇ ਤਿਆਰ ਕੀਤੇ ਜਾਣ ਵਾਲੇ ਫਰਜ਼ੀ ਦਸਤਾਵੇਜ਼ ਹੋਣਾ ਹੈ ਅਤੇ ਨਾਲ ਹੀ ਅਧਿਕਾਰੀਆਂ ਇਸ ਸਬੰਧੀ ਸ਼ੱਕ ਹੋਣਾ ਹੈ। 

2020-21 ਵਿਚ ਆਸਟ੍ਰੇਲੀਆ ਦੇ ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਨੇ ਪੰਜਾਬ, ਹਰਿਆਣਾ ਨਾਲ ਸਬੰਧਤ 600 ਤੋਂ ਵੱਧ ਅਜਿਹੇ ਮਾਮਲੇ ਫੜੇ, ਜਿਹਨਾਂ ਵਿਚ ਆਸਟ੍ਰੇਲੀਆ ਦਾ ਐਜੁਕੇਸ਼ਨ ਵੀਜ਼ਾ ਹਾਸਲ ਕਰਨ ਲਈ ਫਰਜ਼ੀ ਦਸਤਾਵੇਜ਼ ਲਗਾਏ ਗਏ ਸਨ। ਉੱਥੇ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਇਕ ਸਾਲ ਵਿਚ ਫੜੇ ਅਜਿਹੇ ਮਾਮਲਿਆਂ ਦਾ ਅੰਕੜਾ 2500 ਤੋਂ ਵਧੇਰੇ ਹੈ। ਅਜਿਹੇ ਹੀ ਮਾਮਲੇ ਨਿਊਜ਼ੀਲੈਂਡ, ਯੂਕੇ, ਅਮਰੀਕੀ ਅੰਬੈਸੀਆਂ ਵੱਲੋਂ ਵੀ ਫੜੇ ਜਾ ਚੁੱਕੇ ਹਨ। ਕੈਨੇਡਾ ਦੇ ਵੀਜ਼ਾ ਰੱਦ ਹੋਣ ਦੀ ਦਰ 41 ਫੀਸਦੀ ਪਹੁੰਚ ਗਈ ਹੈ। ਕੋਵਿਡ ਤੋਂ ਪਹਿਲਾਂ ਇਹ ਦਰ 15 ਫੀਸਦ ਸੀ। ਕਈ ਮਾਹਿਰਾਂ ਮੁਤਾਬਕ ਅਜਿਹਾ ਹੋਣ ਕਰ ਕੇ ਕੋਵਿਡ ਕਾਰਨ 2 ਸਾਲ ਤੋਂ ਐਪਲੀਕੇਸ਼ਨ ਪੈਂਡਿੰਗ ਹੋਣਾ ਵੀ ਹੈ। ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ 'ਤੇਸਟੈਂਡਿੰਗ ਕਮੇਟੀ ਦੀ ਨਵੀਂ ਰਿਪੋਰਟ ਮੁਤਾਬਕ 2021 ਵਿਚ ਸਟੱਡੀ ਵੀਜ਼ਾ ਲਈ 225,402 ਅਰਜੀਆਂ ਪ੍ਰੋਸੈੱਸ ਕੀਤੀਆਂ ਗਈਆਂ ਅਤੇ ਉਹਨਾਂ ਵਿਚੋਂ 91,439 ਖਾਰਿਜ ਕਰ ਦਿੱਤੀਆਂ ਗਈਆਂ ਮਤਲਬ ਕਰੀਬ 41 ਫੀਸਦੀ ਅਰਜ਼ੀਆਂ ਖਾਰਿਜ ਕਰ ਦਿੱਤੀਆਂ ਗਈਆਂ।

ਵੀਜ਼ਾ ਨਾਮਨਜ਼ੂਰ ਹੋਣ ਦੇ ਕਾਰਨ

ਕਈ ਮਾਮਲਿਆਂ ਵਿਚ ਵੀਜ਼ਾ ਅਫਸਰ ਨੂੰ ਸ਼ੱਕ ਹੋ ਜਾਂਦਾ ਹੈ ਕਿ ਵਿਦਿਆਰਥੀ ਸਟੱਡੀ ਦੇ ਬਹਾਨੇ ਇਮੀਗ੍ਰੇਸ਼ਨ ਲਈ ਜਾ ਰਿਹਾ ਹੈ। ਭਾਰਤ ਵਿਚ ਕਾਮਰਸ, ਨਾਨ-ਮੈਡੀਕਲ ਆਦਿ ਦੇ ਵਿਦਿਆਰਥੀ ਵੀ ਕੈਨੇਡਾ ਵਿਚ ਵੀਜ਼ਾ ਲਈ ਕੇਅਰ ਗਿਵਰਸ, ਡਿਪਲੋਮਾ ਇਨ ਸੈਲੂਨ ਮੈਨੇਜਮੈਂਟ, ਫੂਡ ਕ੍ਰਾਫਟ ਆਦਿ ਆਸਾਨ ਕੋਰਸਾਂ ਲਈ ਅਰਜ਼ੀ ਦਿੰਦੇ ਹਨ। ਇਸ ਨਾਲ ਵੀਜ਼ਾ ਅਫਸਰ ਨੂੰ ਜ਼ਿਆਦਾ ਸ਼ੱਕ ਹੋ ਜਾਂਦਾ ਹੈ ਅਤੇ ਸੰਤੁਸ਼ਟੀ ਵਾਲਾ ਜਵਾਬ ਨਾ ਮਿਲਣ 'ਤੇ ਵੀਜ਼ਾ ਨਹੀਂ ਦਿੱਤਾ ਜਾਂਦਾ।

ਭਾਰਤੀਆਂ ਦੇ ਸਾਢੇ 9 ਲੱਖ ਲੋਕ ਵੀਜ਼ਾ ਲਈ ਕਤਾਰ ਵਿਚ

ਭਾਰਤ ਤੋਂ 96,378 ਲੋਕਾਂ ਦੇ ਪਰਮਾਨੈਂਟ ਰੈਜੀਡੈਸੀ ਅਰਜ਼ੀਆਂ ਕੈਨੇਡਾ ਸਰਕਾਰ ਕੋਲ ਪ੍ਰੋਸੈਸਿੰਗ ਲਈ ਪਈਆਂ ਹਨ। 4,30,286 ਦੀਆਂ ਅਸਥਾਈ ਰੈਜੀਡੈਂਸ ਵੀਜ਼ਾ ਅਰਜ਼ੀਆਂ ਹਨ। ਇਸ ਦੇ ਇਲਾਵਾ ਵੱਖ-ਵੱਖ ਕੈਟੇਗਰੀ ਦੇ ਕੁੱਲ ਮਿਲਾ ਕੇ 9,56,950 ਅਰਜ਼ੀਆਂ 31 ਮਾਰਚ 2022 ਤੱਕ ਕੈਨੇਡਾ ਸਰਕਾਰ ਕੋਲ ਪੈਂਡਿੰਗ ਪਈਆਂ ਹਨ। ਕੈਨੇਡਾ ਕੋਲ ਦੁਨੀਆ ਭਰ ਤੋਂ ਕੁੱਲ 25 ਲੱਖ ਅਰਜ਼ੀਆਂ ਪੈਂਡਿੰਗ ਹਨ।

ਕਈ ਵੀਜ਼ਾ ਏਜੰਟ ਵਿਦਿਆਰਥੀਆਂ ਤੋਂ ਤੈਅ ਫੀਸ ਲੈ ਕੇ ਬੈਂਕ ਸਟੇਟਮੈਂਟ ਬਣਵਾਉਣ ਦੀ ਗਾਰੰਟੀ ਦਿੰਦੇ ਹਨ। ਉਹ ਵਿਦਿਆਰਥੀਆਂ ਦੇ ਬੈਂਕ ਖਾਤੇ ਵਿਚ ਜ਼ਰੂਰੀ ਪੈਸੇ ਆਪਣੇ ਪੱਧਰ 'ਤੇ ਟਰਾਂਸਫਰ ਕਰਦੇ ਹਨ ਜਾਂ ਵਿਦਿਆਰਥੀ ਖੁਦ ਆਪਣੇ ਅਕਾਊਂਟ ਵਿਚ ਜਮਾਂ ਕਰਦੇ ਹਨ। ਕੁਝ ਹਫ਼ਤੇ ਫੰਡ ਰੱਖਣ ਦੇ ਬਾਅਦ ਸਟੇਟਮੈਂਟ ਲਈ ਜਾਂਦੀ ਹੈ। ਉਸ ਮਗਰੋਂ ਫੰਡ ਮੁੜ ਟਰਾਂਸਫਰ ਕਰ ਲਿਆ ਜਾਂਦਾ ਹੈ। ਅੰਬੈਸੀਆਂ ਦੀ ਜਾਂਚ ਵਿਚ ਸਾਰਾ ਮਾਮਲਾ ਸਾਹਮਣੇ ਆ ਗਿਆ।ਇਕ ਵਾਰ ਪੜ੍ਹਾਈ ਛੱਡ ਦੇਣ ਮਗਰੋਂ ਮੁੜ ਅਰਜ਼ੀ ਦੇਣ ਦੇ ਵਿਚਕਾਰ ਆਏ ਅੰਤਰ ਨੂੰ ਲੈ ਕੇ ਫਰਜ਼ੀ ਸਰਟੀਫਿਕੇਟ ਤਿਆਰ ਕੀਤੇ ਜਾਂਦੇ ਹਨ। ਐਕਸਪੀਰੀਅੰਸ ਸਰਟੀਫਿਕੇਟ ਵੀ ਫਰਜ਼ੀ ਪਾਏ ਗਏ ਹਨ। ਉੱਥੇ ਜਨਮ ਸਰਟੀਫਿਕੇਟ ਤੋਂ ਲੈਕੇ ਪਾਸਪੋਰਟ ਬਣਵਾਉਣ ਵਿਚ ਵੀ ਗੜਬੜੀਆਂ ਫੜੀਆਂ ਗਈਆਂ ਹਨ।

ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀ

2019 ਵਿਚ 1,32,620

2020 ਵਿਚ 43,624

2021 ਵਿਚ 1,02,688

2022 (30 ਜੂਨ ਤੱਕ) 60,258

59 ਫੀਸਦੀ ਪੋਸਟ ਕੋਵਿਡ ਵੀਜ਼ਾ ਮਿਲਣ ਦਰ ਅਤੇ 85 ਫੀਸਦੀ ਪ੍ਰੀ-ਕੋਵਿਡ ਵੀਜ਼ਾ ਮਿਲਣ ਦੀ ਦਰ ਰਹੀ। ਕੈਨੇਡਾ ਨੇ ਬੀਤੇ ਸਾਲ ਵਿਚ ਭਾਰਤ ਦੇ 41 ਫੀਸਦੀ, ਆਸਟ੍ਰੇਲੀਆ ਦੇ 38 ਫੀਸਦੀ, ਚੀਨ ਦੇ 17 ਫੀਸਦੀ, ਅਮਰੀਕਾ ਦੇ 13 ਫੀਸਦੀ, ਯੂਕੇ ਦੇ 11 ਫੀਸਦੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਖਾਰਿਜ ਕਰ ਦਿੱਤੀਆਂ।