ਕੀ ਈਰਾਨ ਦੀ ਮਿਸਾਈਲ ਨਾਲ ਹੀ ਡਿਗਿਆ ਸੀ ਯਾਤਰੀ ਜਹਾਜ਼? (ਪੜਤਾਲ)

ਕੀ ਈਰਾਨ ਦੀ ਮਿਸਾਈਲ ਨਾਲ ਹੀ ਡਿਗਿਆ ਸੀ ਯਾਤਰੀ ਜਹਾਜ਼? (ਪੜਤਾਲ)
ਜਹਾਜ਼ ਦਾ ਮਲਬਾ ਸਾਫ ਕਰਦੇ ਹੋਏ ਮੁਲਾਜ਼ਮ

ਚੰਡੀਗੜ੍ਹ, (ਅੰਮ੍ਰਿਤਸਰ ਟਾਈਮਜ਼ ਬਿਊਰੋ):  ਬੀਤੇ ਦਿਨੀਂ ਹੋਏ ਈਰਾਨ ਅਮਰੀਕਾ ਟਕਰਾਅ ਦੌਰਾਨ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਉਡੇ ਯੂਕਰੇਨ ਦੇ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ ਹਾਦਸੇ ਦੇ ਕਾਰਨਾਂ ਬਾਰੇ ਕਈ ਤਰ੍ਹਾਂ ਦੇ ਦਾਅਵੇ ਸਾਹਮਣੇ ਆ ਰਹੇ ਹਨ। ਦਸ ਦਈਏ ਕਿ ਇਹ ਹਾਦਸੇ 'ਚ 176 ਯਾਤਰੀਆਂ ਦੀ ਮੌਤ ਹੋ ਗਈ ਸੀ ਜਿਹਨਾਂ ਵਿੱਚ 82 ਈਰਾਨੀ, 63 ਕੈਨੇਡੀਅਨ, 11 ਯੁਕਰੇਨੀਅਨ, 10 ਸਵੀਡਿਸ਼, 4 ਅਫਗਾਨ, 3 ਜਰਮਨ ਅਤੇ 3 ਬਰਤਾਨਵੀ ਨਾਗਰਿਕ ਸਨ। 

ਜਿੱਥੇ ਅਮਰੀਕਾ ਅਤੇ ਕੈਨੇਡਾ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਜਹਾਜ਼ ਈਰਾਨ ਦੀ ਮਿਸਾਈਲ ਦੇ ਵੱਜਣ ਨਾਲ ਹਾਦਸਾਗ੍ਰਸਤ ਹੋਇਆ ਉੱਥੇ ਹੀ ਈਰਾਨ ਨੇ ਇਹਨਾਂ ਦਾਅਵਿਆਂ ਨੂੰ ਬੇਬੁਨਿਆਦ ਦਸਦਿਆਂ ਯੁਕਰੇਨ, ਅਮਰੀਕਾ ਅਤੇ ਕੈਨੇਡਾ ਦੇ ਸਬੰਧਿਤ ਮਹਿਕਮਿਆਂ ਨੂੰ ਜਹਾਜ਼ ਹਾਦਸੇ ਵਾਲੀ ਥਾਂ ਆ ਕੇ ਜਾਂਚ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਦੇ ਆਪਣੇ ਸੂਤਰਾਂ ਅਤੇ ਭਾਈਵਾਲਾਂ ਤੋਂ ਹਾਸਲ ਹੋਈ ਜਾਣਕਾਰੀ ਮੁਤਾਬਿਕ ਯੁਕਰੇਨ ਦਾ ਯਾਤਰੀ ਜਹਾਜ਼ ਈਰਾਨ ਦੀ ਧਰਤੀ ਤੋਂ ਅਸਮਾਨ ਵਿੱਚ ਮਾਰ ਕਰਨ ਵਾਲੀ ਮਿਸਾਈਲ ਨਾਲ ਵੱਜਣ ਮਗਰੋਂ ਹਾਦਸਾਗ੍ਰਸਤ ਹੋਇਆ ਹੈ। ਪਰ ਟਰੂਡੋ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਇਹ ਅਣਜਾਣਪੁਣੇ ਵਿੱਚ ਹੋਇਆ ਹੋਵੇ। ਟਰੂਡੋ ਨੇ ਇਸ ਘਟਨਾ ਦੀ ਜਾਂਚ ਵਿੱਚ ਕੌਮਾਂਤਰੀ ਭਾਈਚਾਰੇ ਦੀ ਸ਼ਮੂਲੀਅਤ ਦੀ ਮੰਗ ਕੀਤੀ। ਟਰੂਡੋ ਨੇ ਕਿਹਾ ਕਿ ਉਹ ਇਸ ਹਾਦਸੇ ਦੀ ਸਹੀ ਵਜ੍ਹਾ ਪਤਾ ਕਰਨ ਲਈ ਕਿਸੇ ਨਾਲ ਵੀ ਗੱਲ ਕਰਨ ਨੂੰ ਤਿਆਰ ਹਨ। 


ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਸਟਿਨ ਟਰੂਡੋ ਤੇ ਨਾਲ ਖੜ੍ਹੇ ਹਨ ਕੈਨੇਡਾ ਦੇ ਸੁਰੱਖਿਅਤ ਮੰਤਰੀ ਹਰਜੀਤ ਸਿੰਘ ਸੱਜਣ

ਅਮਰੀਕਾ ਨੇ ਵੀ ਇਹੀ ਦਾਅਵਾ ਕੀਤਾ ਹੈ ਕਿ ਈਰਾਨ ਤੋਂ ਹੀ ਗਲਤੀ ਨਾਲ ਮਿਸਾਈਲ ਯਾਤਰੀ ਜਹਾਜ਼ ਵਿੱਚ ਵੱਜੀ ਜਿਸ ਨਾਲ ਇਹ ਹਾਦਸਾ ਵਾਪਰਿਆ। 

ਇਹਨਾਂ ਬਿਆਨਾਂ ਨੂੰ ਬੇਬੁਨਿਆਦ ਦਸਦਿਆਂ ਈਰਾਨ ਦੇ ਹਵਾਬਾਜ਼ੀ ਮਹਿਕਮੇ ਦੇ ਮੁਖੀ ਨੇ ਕਿਹਾ ਕਿ ਉਡਾਨ ਭਰਨ ਮਗਰੋਂ ਜਹਾਜ਼ ਪੰਜ ਮਿੰਟ ਤਕ ਸਹੀ ਉਡਦਾ ਰਿਹਾ ਤੇ ਉਸ ਮਗਰੋਂ ਪਾਇਲਟ ਨੇ ਜਹਾਜ਼ ਨੂੰ ਹਵਾਈ ਅੱਡੇ ਵੱਲ ਮੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋ ਸਕਿਆ। ਉਹਨਾਂ ਸਵਾਲ ਕੀਤਾ ਕਿ ਮਿਸਾਈਲ ਜਾਂ ਰਾਕੇਟ ਵੱਜਣ ਮਗਰੋਂ ਪਾਇਲਟ ਜਹਾਜ਼ ਨੂੰ ਹਵਾਈ ਅੱਡੇ ਵੱਲ ਵਾਪਸ ਮੋੜਨ ਦੀ ਕੋਸ਼ਿਸ਼ ਕਿਵੇਂ ਕਰ ਸਕਦਾ ਹੈ? 

ਹਲਾਂਕਿ ਅਮਰੀਕਨ ਦਾਅਵਿਆਂ ਦਾ ਯੂਰਪੀਨ ਸੁਰੱਖਿਆ ਅਫਸਰਾਂ ਨੇ ਵੀ ਸਮਰਥਨ ਕੀਤਾ ਹੈ। 

ਹਾਦਸਾਗ੍ਰਸਤ ਜਹਾਜ਼ ਦੇ ਆਖਰੀ ਪਲਾਂ ਦੀ ਜਾਣਕਾਰੀ ਸੁਰੱਖਿਅਤ ਰੱਖਣ ਵਾਲਾ "ਬਲੈਕ ਬਾਕਸ" ਈਰਾਨ ਨੇ ਆਪਣੇ ਕੋਲ ਰੱਖਿਆ ਹੈ ਤੇ ਉਹਨਾਂ ਇਸ ਨੂੰ ਜਹਾਜ਼ ਬਣਾਉਣ ਵਾਲੀ ਕੰਪਨੀ 'ਬੋਇੰਗ' ਜਾਂ ਯੂਕਰੇਨ ਨੂੰ ਦੇਣ ਤੋਂ ਨਾਹ ਕਰ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਈਰਾਨ ਵਿੱਚ ਰੱਖ ਕੇ ਹੀ ਜਾਂਚ ਕੀਤੀ ਜਾਵੇਗੀ ਤੇ ਜੇ ਜਾਣਕਾਰੀ ਨੂੰ ਡੀਕੋਡ ਕਰਨ ਲਈ ਮਦਦ ਦੀ ਲੋੜ ਪਈ ਤਾਂ ਉਹ ਬਾਹਰੀ ਮਦਦ ਜ਼ਰੂਰ ਲੈਣਗੇ। ਉਹਨਾਂ ਕਿਹਾ ਕਿ ਈਰਾਨ ਕੋਲ 'ਬਲੈਕ ਬਾਕਸ' ਤੋਂ ਜਾਣਕਾਰੀ ਡੀਕੋਡ ਕਰਨ ਦੀ ਤਕਨੀਕ ਹੈ ਪਰ ਜੇ ਲੋੜ ਪਈ ਤਾਂ ਉਹ ਫਰਾਂਸ ਜਾਂ ਕੈਨੇਡਾ ਤੋਂ ਮਦਦ ਲੈ ਸਕਦੇ ਹਨ। 

ਯੁਕਰੇਨ ਦੇ ਰਾਸ਼ਟਰਪਤੀ ਨੇ ਈਰਾਨ ਦੇ ਰਾਸ਼ਟਰਪਤੀ ਸਮੇਤ ਕਈ ਦੇਸ਼ਾਂ ਦੇ ਉੱਚ ਆਗੂਆਂ ਨਾਲ ਫੋਨ 'ਤੇ ਗੱਲ ਕੀਤੀ ਤੇ ਉਹਨਾਂ ਨੂੰ ਇਸ ਹਾਦਸੇ ਨਾਲ ਸਬੰਧਿਤ ਕੋਈ ਵੀ ਜਾਣਕਾਰੀ ਜੋ ਉਹਨਾਂ ਕੋਲ ਹੋਵੇ ਸਾਂਝੀ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਇਹ ਹਾਦਸੇ ਦਾ ਸੱਚ ਜਾਣਨਾ ਚਾਹੁੰਦੇ ਹਾਂ।

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਈਰਾਨੀ ਮਿਸਾਈਲ ਨਾਲ ਹੀ ਇਹ ਜਹਾਜ਼ ਹਾਦਸਾ ਵਾਪਰਿਆ ਹੈ ਪਰ ਹੋ ਸਕਦਾ ਹੈ ਕਿ ਇਹ ਜਾਣਬੁੱਝ ਕੇ ਨਾ ਕੀਤਾ ਗਿਆ ਹੋਵੇ। 

ਸੰਯੁਕਤ ਰਾਸ਼ਟਰ ਵਿੱਚ ਈਰਾਨ ਦੇ ਰਾਜਦੂਤ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਈਰਾਨ ਇਸ ਹਾਦਸੇ ਦੀ ਜਾਂਚ ਕਰ ਰਿਹਾ ਹੈ। 

ਈਰਾਨ ਦੇ ਵਿਦੇਸ਼ ਮਹਿਕਮੇ ਦੇ ਬੁਲਾਰੇ ਨੇ ਟਵੀਟ ਕਰਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਨਿਯਮਾਂ ਮੁਤਾਬਿਕ ਇਸ ਜਹਾਜ਼ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਯੁਕਰੇਨ ਅਤੇ ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਨੂੰ ਇਸ ਜਾਂਚ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਮਰੀਕਾ ਦੇ ਸਬੰਧਿਤ ਮਹਿਕਮੇ ਅਤੇ ਕੈਨੇਡਾ ਦੇ ਸਬੰਧਿਤ ਮਹਿਕਮੇ ਨੂੰ ਜਾਂਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। 

ਕੈਨੇਡਾ ਨੇ ਇਸ ਸੱਦੇ ਨੂੰ ਪ੍ਰਵਾਨ ਕਰ ਲਿਆ ਹੈ ਤੇ ਉਸ ਦੇ ਅਫਸਰ ਹਾਦਸੇ ਵਾਲੀ ਥਾਂ 'ਤੇ ਜਾਂਚ ਵਿੱਚ ਸ਼ਾਮਲ ਹੋਣ ਜਾ ਰਹੇ ਹਨ। 

ਇਸ ਲਈ ਫਿਲਹਾਲ ਇਹ ਸਾਫ ਨਹੀਂ ਹੈ ਕਿ ਇਸ ਜਹਾਜ਼ ਹਾਦਸੇ ਦੀ ਵਜ੍ਹਾ ਕੀ ਸੀ। ਜਹਾਜ਼ ਹਾਦਸੇ ਸਬੰਧੀ ਸਾਹਮਣੇ ਆਈ ਇਕ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਜਹਾਜ਼ ਹਵਾਈ ਅੱਡੇ ਵੱਲ ਵਾਪਸ ਮੋੜਨ ਮਗਰੋਂ ਉਸ ਵਿੱਚ ਧਮਾਕਾ ਹੁੰਦਾ ਹੈ। 

ਈਰਾਨ ਸਟੇਟ ਟੀਵੀ ਨੇ ਸਰਕਾਰ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ, "ਇਹ ਸਾਰੀਆਂ ਰਿਪੋਰਟਾਂ (ਜੋ ਈਰਾਨੀ ਮਿਸਾਈਲ ਬਾਰੇ ਹਨ) ਈਰਾਨ ਖਿਲਾਫ ਮਨੋਵਿਗਿਆਨਕ ਯੁੱਧ ਦਾ ਹਿੱਸਾ ਹਨ। ਉਹ ਸਾਰੇ ਦੇਸ਼ ਜਿਹਨਾਂ ਦੇ ਨਾਗਰਿਕ ਇਸ ਜਹਾਜ਼ ਵਿੱਚ ਸਵਾਰ ਸਨ, ਆਪਣੇ ਨੁਮਾਂਇੰਦੇ ਭੇਜ ਸਕਦੇ ਹਨ ਅਤੇ ਅਸੀਂ ਬੋਇੰਗ (ਜਹਾਜ਼ ਬਣਾਉਣ ਵਾਲੀ ਕੰਪਨੀ) ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਹਾਦਸੇ ਦੀ ਜਾਂਚ ਦਾ ਹਿੱਸਾ ਬਣਨ ਲਈ ਆਪਣੇ ਨੁਮਾਂਇੰਦੇ ਭੇਜਣ।"

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।