ਵਧ ਰਹੀ ਤਪਸ਼ ਧਰਤੀ ਦੇ ਵਾਜੂਦ ਲਈ ਖ਼ਤਰਾ ਬਣੀ

ਵਧ ਰਹੀ ਤਪਸ਼ ਧਰਤੀ ਦੇ ਵਾਜੂਦ ਲਈ ਖ਼ਤਰਾ ਬਣੀ

ਵਾਤਾਵਰਨ

ਧਰਤੀ ਦੀ ਵਧ ਰਹੀ ਤਪਸ਼ ਦਾ ਪ੍ਰਭਾਵ ਹੁਣ ਪੂਰੀ ਤਰ੍ਹਾਂ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਕਾਰਨ ਹੀ ਸਾਡੀ ਧਰਤੀ ਦਾ ਤਾਪਮਾਨ ਦਿਨੋ-ਦਿਨ ਵਧਣ ਕਾਰਨ ਵਾਤਾਵਰਨ ਅਸੰਤੁਲਨ ਬੇਹੱਦ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਮੌਸਮ 'ਚ ਵਿਗਾੜ ਆ ਰਿਹਾ ਹੈ। ਨਿਰਸੰਦੇਹ ਭਾਰਤ ਦੇਸ਼ ਵਿਚ 6 ਰੁੱਤਾਂ ਆਪਣੇ ਰੰਗ ਬਿਖੇਰਦੀਆਂ ਹਨ ਪਰ ਹੁਣ ਇਹ ਆਪਣੇ ਸਮੇਂ 'ਤੇ ਦਸਤਕ ਨਹੀਂ ਦਿੰਦੀਆਂ। ਸੰਸਾਰ ਦੇ ਸਾਰੇ ਦੇਸ਼ ਇਸ ਸਮੱਸਿਆ ਤੋਂ ਬੇਹੱਦ ਚਿੰਤਤ ਹਨ। ਸਮੇਂ-ਸਮੇਂ 'ਤੇ ਸੰਯੁਕਤ ਰਾਸ਼ਟਰ ਸੰਘ ਵਿਚ ਵੀ ਇਨ੍ਹਾਂ ਖ਼ਤਰਨਾਕ ਪ੍ਰਸਥਿਤੀਆਂ 'ਤੇ ਵਿਚਾਰ-ਚਰਚਾ ਹੁੰਦੀ ਰਹਿੰਦੀ ਹੈ। ਸੰਯੁਕਤ ਰਾਸ਼ਟਰ ਸੰਘ ਨੇ ਆਲਮੀ ਪੱਧਰ 'ਤੇ ਆਬੋ-ਹਵਾ ਵਿਚ ਆ ਰਹੇ ਪਰਿਵਰਤਨ ਨਾਲ ਪੈਣ ਵਾਲੇ ਪ੍ਰਭਾਵਾਂ ਉੱਤੇ ਚਿੰਤਾ ਪ੍ਰਗਟ ਕਰਦਾ ਹੈ ਅਤੇ ਇਸ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਵਿਆਪਕ ਨੀਤੀਗਤ ਤਬਦੀਲੀ ਉੱਤੇ ਜ਼ੋਰ ਦਿੱਤਾ ਹੈ। ਵਾਤਾਵਰਨ ਵਿਚ ਆ ਰਹੀ ਤਬਦੀਲੀ ਰੁੱਤ ਚੱਕਰ ਨੂੰ ਬੇਹੱਦ ਪ੍ਰਭਾਵਿਤ ਕਰ ਰਹੀ ਹੈ। ਇਸ ਨਾਲ ਵੀ ਸਾਡੀ ਧਰਤੀ ਖ਼ਤਰੇ ਦੀ ਜ਼ੱਦ ਵਿਚ ਹੈ।

ਵਾਤਾਵਰਨ ਤਬਦੀਲੀ ਬਾਰੇ ਅੰਤਰ-ਸਰਕਾਰੀ ਪੈਨਲ ਦੀ ਇਤਿਹਾਸਕ ਰਿਪੋਰਟ ਵਿਚ ਸਾਵਧਾਨ ਕੀਤਾ ਗਿਆ ਹੈ ਕਿ ਪਿਛਲੇ ਡੇਢ ਸੌ ਸਾਲ ਅੰਦਰ ਧਰਤੀ ਦਾ ਤਾਪਮਾਨ ਇਕ ਡਿਗਰੀ ਸੈਲਸੀਅਸ ਵਧ ਗਿਆ ਹੈ ਅਤੇ ਬਹੁਤ ਜਲਦ ਇਸ ਦੇ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਤੱਕ ਵੀ ਵਧਣ ਦਾ ਅਨੁਮਾਨ ਲਗਾਇਆ ਗਿਆ ਹੈ। ਤਾਪਮਾਨ ਵਿਚ ਤਬਦੀਲੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਇਸ ਦੇ ਮਾੜੇ ਪ੍ਰਭਾਵ ਪੈਣ ਦਾ ਪੂਰਾ ਖਦਸ਼ਾ ਪ੍ਰਗਟਾਇਆ ਗਿਆ ਹੈ। ਇਕ ਡਿਗਰੀ ਤਾਪਮਾਨ ਵਧਣਾ ਮਹਾਂਸਾਗਰਾਂ ਵਿਚ ਬਹੁਤ ਵੱਡੀ ਉਥਲ-ਪੁਥਲ ਲਿਆ ਸਕਦਾ ਹੈ। ਇਸ ਨਾਲ ਭਿਆਨਕ ਤੂਫ਼ਾਨ, ਹੜ੍ਹ ਅਤੇ ਸੋਕੇ ਵਰਗੀਆਂ ਕੁਦਰਤੀ ਆਫ਼ਤਾਂ ਆ ਸਕਦੀਆਂ ਹਨ। ਭਰੋਸੇਯੋਗ ਵਸੀਲਿਆ ਮੁਤਾਬਿਕ ਸਾਲ 2030 ਜਾਂ 2050 ਤੱਕ ਇਹ ਤਾਪਮਾਨ 1.5 ਡਿਗਰੀ ਸੈਲਸੀਅਸ ਵਧਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਆਲਮੀ ਤਪਸ਼ ਦੇ ਮਾਰੂ ਅਸਰ ਹੁਣ ਤੱਕ ਲਗਾਏ ਅਨੁਮਾਨਾਂ ਨਾਲ ਕਿਤੇ ਵੱਧ ਖ਼ਤਰਨਾਕ ਸਾਬਤ ਹੋ ਸਕਦੇ ਹਨ। ਸਮੇਂ-ਸਮੇਂ 'ਤੇ ਵਿਗਿਆਨੀ ਇਕਜੁੱਟ ਹੋ ਕੇ ਵਿਚਾਰ-ਚਰਚਾ ਕਰਦੇ ਰਹਿੰਦੇ ਹਨ। ਰਿਪੋਰਟ ਰਾਹੀਂ ਵਿਗਿਆਨੀ ਆਪਣੇ ਸੁਨੇਹੇ ਦੇ ਨਾਲ ਸਾਰੇ ਦੇਸ਼ਾਂ ਨੂੰ ਸੁਚੇਤ ਵੀ ਕਰਦੇ ਰਹਿੰਦੇ ਹਨ। ਬੇਸ਼ੱਕ ਇਸ ਰਿਪੋਰਟ ਨੂੰ ਸਾਰੇ ਮੁਲਕ ਮੰਨ ਵੀ ਲੈਂਦੇ ਹਨ ਪਰ ਅਫ਼ਸੋਸ ਇਸ ਗੰਭੀਰ ਸਮੱਸਿਆ ਦਾ ਢੁੱਕਵਾਂ ਹੱਲ ਕੱਢਣ ਲਈ ਉਹ ਪੂਰੀ ਸ਼ਿੱਦਤ ਨਾਲ ਯਤਨਸ਼ੀਲ ਨਹੀਂ ਹੁੰਦੇ। ਇਸ ਵਤੀਰੇ ਨਾਲ ਧਰਤੀ ਦੀ ਹੋਂਦ ਹੀ ਖ਼ਤਮ ਹੋ ਸਕਦੀ ਹੈ। 2015 ਵਿਚ ਪੈਰਿਸ ਕਾਨਫ਼ਰੰਸ ਦੇ ਅਨੁਮਾਨਾਂ ਉੱਤੇ ਮੁੜ ਗ਼ੌਰ ਕਰਨ ਦੀ ਵੀ ਗੱਲ ਹੋਈ ਸੀ। ਉਸ ਕਾਨਫ਼ਰੰਸ ਵਿਚ ਤਾਪਮਾਨ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਬਾਰੇ ਸਹਿਮਤੀ ਬਣੀ ਸੀ ਪਰ ਗਲਾਸਗੋ ਵਾਤਾਵਰਨ ਸਿਖ਼ਰ ਸੰਮੇਲਨ ਤੋਂ ਬਾਅਦ ਆਈ ਰਿਪੋਰਟ ਇਹ ਦਰਸਾਉਂਦੀ ਹੈ ਕਿ ਹਾਲਾਤ ਕੋਈ ਬਹੁਤ ਵਧੀਆ ਨਹੀਂ ਹਨ। ਸਮੁੱਚਾ ਸੰਸਾਰ ਇਕ ਡਿਗਰੀ ਸੈਲਸੀਅਸ ਤਾਪਮਾਨ ਵਾਧੇ ਨਾਲ ਹੀ ਹੜ੍ਹਾਂ ਅਤੇ ਸੋਕਿਆਂ ਦਾ ਘੋਰ ਸਾਹਮਣਾ ਕਰ ਰਿਹਾ ਹੈ। ਸੰਸਾਰ ਦੇ ਵੱਖ-ਵੱਖ ਦੇਸ਼ ਆਪਣੇ ਪੱਧਰ 'ਤੇ ਇਸ ਸਮੱਸਿਆ ਵੱਲ ਧਿਆਨ ਦੇਣ ਲਈ ਯਤਨਸ਼ੀਲ ਹੁੰਦੇ ਹਨ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਥੇ ਇਕ ਗੱਲ ਧਿਆਨ ਦੇਣ ਯੋਗ ਹੈ ਕਿ ਸੰਸਾਰ ਦੇ ਵਿਕਸਿਤ ਦੇਸ਼ ਖ਼ੁਦ ਜ਼ਿਆਦਾ ਪ੍ਰਦੂਸ਼ਣ ਫੈਲਾਅ ਕੇ ਵਿਕਾਸਸ਼ੀਲ ਦੇਸ਼ਾਂ 'ਤੇ ਦੋਸ਼ ਲਗਾਉਂਦਿਆਂ ਉਨ੍ਹਾਂ ਨੂੰ ਡਰਾਉਂਦੇ-ਧਮਕਾਉਂਦੇ ਹਨ। ਇਸ ਨਾਲ ਸਮੱਸਿਆ ਹੱਲ ਨਹੀਂ ਹੋ ਸਕਦੀ।

ਪੈਰਿਸ ਸਮਝੌਤੇ ਵਿਚ ਹੋਏ ਫ਼ੈਸਲੇ ਅਨੁਸਾਰ 2020 ਤੱਕ 100 ਅਰਬ ਡਾਲਰ ਫੰਡ ਇਸ ਸਮੱਸਿਆ ਨਾਲ ਨਜਿੱਠਣ ਲਈ ਇਕੱਠੇ ਕਰਨ ਦਾ ਟੀਚਾ ਸੀ। ਪਰ ਕੋਰੋਨਾ ਕਾਲ ਕਾਰਨ ਤਸੱਲੀਬਖਸ਼ ਫੰਡ ਇਕੱਠਾ ਨਹੀਂ ਹੋ ਸਕਿਆ। 2017 'ਚ ਇਸ ਫੰਡ ਦਾ 10 ਫ਼ੀਸਦੀ ਟੀਚਾ ਵੀ ਪੂਰਾ ਨਹੀਂ ਸੀ ਹੋ ਸਕਿਆ। ਬਾਅਦ ਦੀਆਂ ਮੀਟਿੰਗਾਂ ਬੇਸਿੱਟਾ ਹੀ ਰਹੀਆਂ। ਬੇਸ਼ੱਕ ਯਤਨ ਅਜੇ ਵੀ ਜਾਰੀ ਹੈ ਅਤੇ ਸਾਰਥਕ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਅੰਤ ਵਿਚ ਇਹ ਹੀ ਗੱਲ ਕਹੀ ਜਾ ਸਕਦੀ ਹੈ ਕਿ ਘੱਟ ਕਾਰਬਨ ਵਾਲੀ ਤਕਨੀਕ ਅਤੇ ਊਰਜਾ ਕੁਸ਼ਲਤਾ ਵਧਾਉਣ ਵੱਲ ਨੀਤੀਗਤ ਫ਼ੈਸਲੇ ਲੈਣ ਦੀ ਸਖ਼ਤ ਲੋੜ ਹੈ। ਸਾਨੂੰ ਵੀ ਕੁਦਰਤ ਨਾਲ ਖਿਲਵਾੜ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਵੱਧ ਤੋਂ ਵੱਧ ਦਰੱਖਤ ਲਗਾਏ ਜਾਣੇ ਚਾਹੀਦੇ ਹਨ। ਜੰਗਲਾਂ ਦੀ ਕਟਾਈ ਬੰਦ ਕਰਨ ਲਈ ਯਤਨਸ਼ੀਲ ਹੋਈਏ। ਵਾਤਾਵਰਨਕ ਸੰਕਟ ਬਾਰੇ ਅਸੀਂ ਸਾਰੇ ਸੰਵੇਦਨਸ਼ੀਲ ਬਣੀਏ। ਆਓ, ਮਿਲ ਕੇ ਧਰਤੀ ਦੀ ਤਪਸ਼ ਨੂੰ ਘੱਟ ਕਰਨ ਲਈ ਅੱਗੇ ਆਈਏ।

ਵਰਿੰਦਰ ਸ਼ਰਮਾ

-ਸੇਵਾ-ਮੁਕਤ ਲੈਕਚਰਾਰ,

ਮੁਹੱਲਾ ਪੱਬੀਆ, ਧਰਮਕੋਟ (ਮੋਗਾ)

ਮੋ: 94172-80333