ਹਰਫ਼ਾਂ ਪਿੱਛੇ ਲੁਕਿਆ ਸੱਚ

ਹਰਫ਼ਾਂ ਪਿੱਛੇ ਲੁਕਿਆ ਸੱਚ

  ਹਰਪ੍ਰੀਤ ਸਿੰਘ ਜਵੰਦਾ

ਸ਼ਰਾਬੀ ਹੋਇਆ ਜਦੋਂ ਵੀ ਗਲੀ ਵਿਚ ਦੀ ਲੰਘਦਾ..ਮਾਵਾਂ ਨਿਆਣੇ ਅੰਦਰ ਵਾੜ ਬੂਹਾ ਭੇੜ ਲਿਆ ਕਰਦੀਆਂ..!

ਸ਼ਕਲ ਤੋਂ ਬੜਾ ਹੀ ਖੌਫਨਾਕ..ਜਿੰਨੇ ਮੂੰਹ ਓਨੀਆਂ ਹੀ ਗੱਲਾਂ..ਭੇੜੀਆ..ਦੈਂਤ..ਰਾਖਸ਼..ਨਿੱਕੀਆਂ ਕੁੜੀਆਂ ਦਾ ਸ਼ੌਕੀਨ!

ਉਸ ਰਾਤ ਭਾਰੀ ਮੀਂਹ ਤੇ ਝੱਖੜ..ਨਸ਼ੇ ਵਿਚ ਧੁੱਤ..ਕੰਧਾਂ ਨੂੰ ਹੱਥ ਪਾਉਂਦਾ ਗਲੀ ਦੇ ਮੋੜ ਤੇ ਆਣ ਪਹੁੰਚਿਆ..ਅਚਾਨਕ ਇੱਕ ਪਰਛਾਵਾਂ ਜਿਹਾ ਉਸਦੇ ਅੱਗੋਂ ਦੀ ਲੰਗਿਆ ਤੇ ਕੰਧ ਓਹਲੇ ਜਾ ਗੁਆਚ ਗਿਆ!

ਸਾਰੀ ਪੀਤੀ ਲਹਿ ਗਈ..ਅੱਗੇ ਹੋ ਕੇ ਵੇਖਿਆ..ਪਾਣੀ ਨਾਲ ਗੜੁੱਚ ਨਿੱਕਾ ਜਿਹਾ ਇਕ ਵਜੂਦ ਗੋਡਿਆਂ ਵਿਚ ਸਿਰ ਦੇਈ ਸੁੰਗੜ ਕੇ ਕੰਧ ਨੂੰ ਢੋਅ ਲਾਈ ਬੈਠਾ ਸੀ..!

ਹੱਥ ਨਾਲ ਟੋਹਿਆ..ਚੋਦਾ-ਪੰਦਰਾਂ ਵਰ੍ਹਿਆਂ ਦੀ ਕੁੜੀ ਸੀ..ਡਰੀ ਹੋਈ ਤੇ ਠੰਡ ਨਾਲ ਪੂਰੀ ਤਰਾਂ ਕੰਬਦੀ ਹੋਈ!

ਬਾਂਹ ਫੜ ਉਠਾ ਲਿਆ ਤੇ ਪੁੱਛਿਆ ਕੌਣ ਏਂ ਤੂੰ?

ਅੱਗੋਂ ਚੁੱਪ ਰਹੀ..ਉਹ ਗੁੱਸੇ ਨਾਲ ਫੇਰ ਚੀਕਿਆ..ਕੌਣ ਏਂ ਤੇ ਕਿਥੇ ਜਾਣਾ..ਦੱਸ ਮੈਨੂੰ..ਨਹੀਂ ਤੇ ਫੇਰ?

ਇਸ ਵਾਰ ਸ਼ਾਇਦ ਉਹ ਬੁਰੀ ਤਰਾਂ ਡਰ ਗਈ ਸੀ..!

ਆਖਣ ਲੱਗੀ "ਸ਼ਹਿਰੋਂ ਭੱਜ ਕੇ ਗੱਡੀ ਚੜ੍ਹ ਇਥੇ ਆਣ ਉੱਤਰੀ ਹਾਂ..ਉਹ ਟੇਸ਼ਨ ਤੋਂ ਹੀ ਮੇਰੇ ਪਿੱਛੇ..ਨਾਲ ਹੀ ਉਸਨੇ ਕੰਧ ਨਾਲ ਲੱਗ ਖਲੋਤੇ ਚਾਰ ਪਰਛਾਵਿਆਂ ਵੱਲ ਨੂੰ ਉਂਗਲ ਕਰ ਦਿੱਤੀ!

ਉਹ ਚੀਖਿਆ "ਕੌਣ ਹੋ ਓਏ ਤੁਸੀਂ..ਦੌੜ ਜਾਓ ਨਹੀਂ ਤੇ ਲੱਗੀ ਜੇ ਗੋਲੀ ਆਉਣ..ਆਹ ਦੇਖੋ ਮੇਰੇ ਡੱਬ ਵਿਚ ਦਿੱਤਾ ਹੋਇਆ ਪਿਸਤੌਲ"!

ਏਨਾ ਸੁਣ ਉਹ ਚਾਰੇ ਪਰਛਾਵੇਂ ਹਨੇਰੇ ਵਿਚ ਕਿਧਰੇ ਅਲੋਪ ਹੋ ਗਏ!

ਉਸ ਨੇ ਫੇਰ ਸਵਾਲ ਕੀਤਾ.."ਕਿਥੇ ਜਾਵੇਂਗੀ ਹੁਣ..ਕੱਲੀ ਜਾਵੇਂਗੀ ਤਾਂ ਉਹ ਚਾਰ ਭੇੜੀਏ ਮੁੜ ਆਉਣਗੇ ਤੇ ਨਹੀਂ ਛੱਡਣਗੇ..ਨੋਚ ਨੋਚ ਖਾ ਜਾਣਗੇ"

ਏਨਾ ਸੁਣ ਉਹ ਰੋ ਪਈ ਤੇ ਹੱਥ ਜੋੜ ਆਖਣ ਲੱਗੀ "ਮੇਰਾ ਕੋਈ ਨਹੀਂ ਏ..ਕੱਲੀ ਹਾਂ..ਮਾਂ ਮਰ ਗਈ ਤੇ ਪਿਓ ਨੇ ਮੈਨੂੰ ਓਹਨਾ ਹਵਾਲੇ ਕਰ ਦੂਜਾ ਵਿਆਹ ਕਰਵਾ ਲਿਆ ਤੇ ਸ਼ਹਿਰ ਆਸ਼ਰਮ ਵਾਲੇ ਗੰਦੇ ਲੋਕ"

ਏਨਾ ਸੁਣ ਉਸਨੇ ਕੁਝ ਸੋਚਿਆ ਤੇ ਮੁੜ ਆਖਣ ਲੱਗਾ "ਚੱਲੇਂਗੀ ਮੇਰੇ ਨਾਲ..ਮੇਰੇ ਘਰ..ਹਮੇਸ਼ਾਂ ਲਈ..ਰੋਟੀ ਦੇਵਾਂਗਾ..ਬਿਸਤਰਾ ਦੇਵਾਂਗਾ ਤੇ ਹੋਰ ਵੀ ਬਹੁਤ ਕੁਝ"

"ਹੋਰ ਵੀ ਬਹੁਤ ਕੁਝ" ਸੁਣ ਉਹ ਆਸ਼ਰਮ ਵਾਲੇ ਰਸੋਈਏ ਪਹਿਲਵਾਨ ਬਾਰੇ ਸੋਚਣ ਲੱਗੀ..ਉਸਨੇ ਨੇ ਵੀ ਤਾਂ ਸ਼ਾਇਦ ਏਹੀ ਕੁਝ ਹੀ ਆਖਿਆ ਸੀ ਪਹਿਲੀ ਵਾਰ!

ਅਗਲੇ ਹੀ ਪਲ ਉਸਨੂੰ ਬਾਹੋਂ ਫੜ ਨਾਲ ਲਈ ਜਾ ਰਿਹਾ ਸੀ..!

ਕੁਝ ਵਾਟ ਤੇ..ਦੂਰ ਬਾਹਰ ਖੇਤਾਂ ਵਿਚ ਬਣਿਆ ਇੱਕ ਸੁੰਨਸਾਨ ਜਿਹਾ ਘਰ..ਹਲਕਾ ਜਿਹਾ ਧੱਕਿਆ ਤਾਂ ਬੂਹਾ ਆਪੇ ਖੁੱਲ ਗਿਆ..ਸ਼ਾਇਦ ਪਹਿਲਾਂ ਤੋਂ ਹੀ ਖੁੱਲ੍ਹਾ ਸੀ..ਉਸਨੂੰ ਅੰਦਰ ਲੈ ਆਇਆ ਤੇ ਬੂਹੇ ਨੂੰ ਕੁੰਡੀ ਲਾ ਦਿੱਤੀ..ਮੀਂਹ ਝੱਖੜ ਕਾਰਨ ਹੁਣ ਬਿਜਲੀ ਵੀ ਜਾ ਚੁਕੀ ਸੀ..ਚਾਰੇ ਪਾਸੇ ਬੱਸ ਘੁੱਪ ਹਨੇਰਾ ਹੀ!

ਉਹ ਉਸਨੂੰ ਇੱਕ ਹਨੇਰੇ ਜਿਹੇ ਕਮਰੇ ਵੱਲ ਨੂੰ ਲੈ ਤੁਰਿਆ ਤੇ ਨੁੱਕਰ ਵੱਲ ਖੜਾ ਕਰ ਬੋਝੇ ਵਿਚੋਂ ਤੀਲਾਂ ਵਾਲੀ ਡੱਬੀ ਕੱਢੀ..ਫੇਰ ਅੱਗ ਦੀ ਲੋ ਵਿਚ ਦੂਜੇ ਪਾਸੇ ਨੂੰ ਮੂੰਹ ਕਰ ਆਖਣ ਲੱਗਾ.."ਪਿਆਰ ਕੁਰੇ..ਉੱਠ ਆ ਵੇਖ ਕੀ ਲਿਆਇਆ ਹਾਂ ਤੇਰੇ ਜੋਗਾ.."ਧੀ" ਲਿਆਇਆਂ ਹਾਂ "ਧੀ"..ਜਿਉਂਦੀ ਜਾਗਦੀ ਗੱਲਾਂ ਕਰਦੀ ਧੀ..ਤੇਰੇ ਤੇ ਆਪਣੇ ਦੋਹਾਂ ਲਈ..ਹੁਣ ਕੋਈ ਮਾਈ ਦਾ ਲਾਲ ਤੈਨੂੰ "ਬਾਂਝ" ਅਤੇ ਮੈਨੂੰ "ਬੇਔਲਾਦਾ' ਆਖ ਕੇ ਤਾਂ ਦਿਖਾਵੇ"!ਕੁਝ ਪਲਾਂ ਮਗਰੋਂ ਬਿਜਲੀ ਆ ਗਈ..ਗੱਜਦੇ ਬੱਦਲ ਸ਼ਾਂਤ ਹੋ ਗਏ ਤੇ ਐਨ ਸ਼ਿਕਰ ਤੇ ਅੱਪੜ ਗਿਆ ਪੂਰਨਮਾਸ਼ੀ ਦਾ ਚੰਨ ਆਪਣੇ ਪੂਰੇ ਜਲੌਅ ਵਿੱਚ ਆਇਆ ਪੂਰੀ ਕਾਇਨਾਤ ਨੂੰ "ਦੁੱਧ ਧੋਤਾ ਚਾਨਣ" ਵੰਡ ਰਿਹਾ ਸੀ..!

ਚਿਰਾਂ ਤੋਂ ਮੰਜੇ ਤੇ ਪਈ ਪਿਆਰ ਕੌਰ ਅੱਜ ਨੌਂ-ਬਰ-ਨੌ ਲੱਗ ਰਹੀ ਸੀ!