ਸਤਿੰਦਰ ਸਰਤਾਜ ਵੱਲੋਂ ਗਾਏ ਗਏ 'ਜ਼ਫਰਨਾਮਾਹ' ਦੀ ਪੜਤਾਲ ਰਿਪੋਰਟ ਵਿਚ ਹੋਏ ਕਈ ਅਹਿਮ ਖੁਲਾਸੇ

ਸਤਿੰਦਰ ਸਰਤਾਜ ਵੱਲੋਂ ਗਾਏ ਗਏ 'ਜ਼ਫਰਨਾਮਾਹ' ਦੀ ਪੜਤਾਲ ਰਿਪੋਰਟ ਵਿਚ ਹੋਏ ਕਈ ਅਹਿਮ ਖੁਲਾਸੇ

ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਬੀਤੇ ਦਿਨੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖੀ ਗਈ ਇਤਿਹਾਸਕ ਚਿੱਠੀ 'ਜ਼ਫਰਨਾਮਾਹ' ਦਾ ਗਾਇਨ ਕੀਤਾ ਸੀ। ਇਹ ਲਿਖਤ ਗੁਰੂ ਸਾਹਿਬ ਵੱਲੋਂ ਮੂਲ ਰੂਪ ਵਿਚ ਫਾਰਸੀ ਭਾਸ਼ਾ ਵਿਚ ਲਿਖੀ ਗਈ ਹੈ, ਜਿਸ ਦਾ ਪੰਜਾਬੀ ਵਿਚ ਵੱਖ-ਵੱਖ ਵਿਦਵਾਨਾਂ ਵੱਲੋਂ ਤਰਜ਼ਮਾ ਕੀਤਾ ਗਿਆ ਹੈ। ਇਸ ਲਿਖਤ ਦੇ ਫਾਰਸੀ ਅਤੇ ਹੋਰ ਭਾਸ਼ਾਵਾਂ ਵਿਚ ਕਈ ਵੱਖ-ਵੱਖ ਖਰੜੇ ਮਿਲਦੇ ਹਨ। ਸਤਿੰਦਰ ਸਰਤਾਜ਼ ਵੱਲੋਂ ਇਕ ਡੂੰਘੀ ਖੋਜ ਉਪਰੰਤ ਇਸ ਚਿੱਠੀ ਦਾ ਗਾਇਨ ਕੀਤਾ ਗਿਆ। ਪਰ ਬਹੁਤ ਵੱਡੀ ਧਾਰਮਿਕ ਅਤੇ ਸਾਹਿਤਕ ਮਹੱਤਤਾ ਰੱਖਦੀ ਇਸ ਲਿਖਤ ਦੇ ਗਾਇਨ ਵਿਚ ਕੁੱਝ ਤਰੁਟੀਆਂ ਸਬੰਧੀ ਕਈ ਤਰ੍ਹਾਂ ਦੇ ਇਤਰਾਜ਼ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚੇ ਸੀ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜੈਬ ਸਿੰਘ ਅਭਿਆਸੀ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਸਾਬਕਾ ਆਗੂ ਸਰਚੰਦ ਸਿੰਘ ਵੱਲੋਂ ਇਹਨਾਂ ਇਤਰਾਜ਼ਾਂ ਵਜੋਂ ਇਕ ਮੰਗ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤਾ ਗਿਆ ਸੀ। ਇਹਨਾਂ ਇਤਰਾਜ਼ਾਂ ਦੀ ਘੋਖ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੁੱਝ ਸਿੱਖ ਵਿਦਵਾਨਾਂ ਦੀ ਜ਼ਿੰਮੇਵਾਰੀ ਲਾਈ ਗਈ ਸੀ। ਇਹਨਾਂ ਵਿਦਵਾਨਾਂ ਵਿਚੋਂ ਇਕ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਆਪਣੀ ਜਾਂਚ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਜਮ੍ਹਾ ਕਰਵਾ ਦਿੱਤੀ ਹੈ। ਇਸ ਜਾਂਚ ਰਿਪੋਰਟ ਨੂੰ ਹੂ-ਬ-ਹੂ ਅਸੀਂ 'ਅੰਮ੍ਰਿਤਸਰ ਟਾਈਮਜ਼' ਦੇ ਪਾਠਕਾਂ ਦੇ ਪੜ੍ਹਨ ਹਿੱਤ ਇੱਥੇ ਛਾਪ ਰਹੇ ਹਾਂ। ਹਲਾਂਕਿ ਵਿਦਵਾਨਾਂ ਦੀ ਜਾਂਚ ਮਗਰੋਂ ਇਤਰਾਜ਼ ਬੇਬੁਨਿਆਦ ਪਾਏ ਜਾਣ 'ਤੇ ਅਕਾਲ ਤਖ਼ਤ ਸਾਹਿਬ ਨੇ ਸ਼ਿਕਾਇਤਾਂ ਨੂੰ ਬੇਬੁਨਿਆਦ ਦੱਸਿਆ। ਪਰ 'ਜ਼ਫਰਨਾਮਾਹ' ਸਬੰਧੀ ਸ਼ੁਰੂ ਹੋਈ ਇਸ ਵਾਰਤਾ ਸਬੰਧੀ ਡਾ. ਸੁਖਪ੍ਰੀਤ ਸਿੰਘ ਉਦੋਕੇ ਦੀ ਇਹ ਖੋਜ ਭਰਪੂਰ ਲਿਖਤ ਸਦੀਵੀ ਅਹਿਮੀਅਤ ਰੱਖਦੀ ਹੈ।

 

ਸੇਵਾ ਵਿਖੇ
ਸਿੰਘ ਸਾਹਿਬ ਗਿ: ਹਰਪ੍ਰੀਤ ਸਿੰਘ ਜੀਓ,
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ।
ਸ੍ਰੀ ਅੰਮ੍ਰਿਤਸਰ।

ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹ॥

ਵਿਸ਼ਾ:- ਆਪ ਜੀ ਵਲੋਂ ਪੱਤਰ (ਅ ਤ/20/14 ) ਅਧੀਨ ਪੰਜਾਬੀ ਗਾਇਕ ਸਤਿੰਦਰ ਸਰਤਾਜ ਵਲੋਂ ਗਾਇਨ ਜ਼ਫ਼ਰਨਾਮਾਹ ਦੀ ਪੜਤਾਲ ਦੇ ਹੁਕਮ ਬਾਰੇ।

ਆਪ ਜੀ ਵਲੋਂ ਦਾਸ ਨੂੰ ਪੰਜਾਬੀ ਗਾਇਕ ਡਾ: ਸਤਿੰਦਰਪਾਲ ਸਿੰਘ ਸਰਤਾਜ ਵਲੋਂ ਗਾਇਨ ਕੀਤੇ ਗਏ ਅਤੇ ਲਿਖਤ ਰੂਪ ਵਿੱਚ ਪੇਸ਼ ਕੀਤੇ ਗਏ ਜ਼ਫ਼ਰਨਾਮਾਹ ਬਾਰੇ ਦਫ਼ਤਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀ ਲਿਖਤੀ ਸ਼ਿਕਾਇਤ ਦੀ ਜਾਂਚ ਪੜਤਾਲ ਦੀ ਰਿਪੋਰਟ ਬਣਾ ਕੇ ਪੇਸ਼ ਕਰਨ ਦਾ ਹੁਕਮ ਕੀਤਾ ਗਿਆ ਸੀ। ਦਾਸ ਵਲੋਂ ਅੱਜ ਮਿਤੀ 5 ਮਈ 2020 ਨੂੰ ਸਾਰੇ ਪੱਖਾਂ ਤੋਂ ਅਤੇ ਮੀਡੀਏ ਵਿੱਚ ਹੋ ਰਹੀ ਚਰਚਾ ਦੀ ਪ੍ਰਾਪਤ ਵਸੀਲਿਆਂ ਅਨੁਸਾਰ ਜਾਂਚ ਕਰਨ ਉਪਰੰਤ ਰਿਪੋਰਟ ਪੇਸ਼ ਹੈ ਜੀ।

(ੳ)
ਜ਼ਫ਼ਰਨਾਮਹ

ਪੰਜਾਬੀ ਸੱਭਿਆਚਾਰ ਨੂੰ ਪਰਨਾਏ ਗਾਇਕ ਡਾ:ਸਤਿੰਦਰ ਸਰਤਾਜ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਰਚਨਾ ਦਾ ਬਹੁਤ ਹੀ ਵਧੀਆ ਰੂਪ ਵਿੱਚ ਗਾਇਨ ਕੀਤਾ ਹੈ। ਦਸਮ ਗ੍ਰੰਥ (ਜਿਸ ਵਿੱਚ ਕਿ ਜ਼ਫ਼ਰਨਾਮਹ ਦਰਜ਼ ਹੈ) ਤੋਂ ਇਲਾਵਾ ਜ਼ਫ਼ਰਨਾਮਹ ਦੇ ਅਨੇਕਾਂ ਹੀ ਹੋਰ ਖਰੜੇ ਮਿਲਦੇ ਹਨ, ਜਿੰਨ੍ਹਾਂ ਦਾ ਮੂਲ ਫ਼ਾਰਸੀ ਹੋਣ ਕਰਕੇ ਉਹਨਾਂ ਦੇ ਗੁਰਮੁਖੀ ਲਿਪੀਆਂਤਰ ਵਿੱਚ ਬਹੁਤ ਹੀ ਭਿੰਨਤਾਵਾਂ ਹਨ ਅਤੇ ਕਿਸੇ ਵੀ ਲਿਖਾਰੀ ਵਲੋਂ ਲਿਖੇ ਜਾਂ ਕਿਸੇ ਵਲੋਂ ਗਾਏ ਜ਼ਫ਼ਰਨਾਮਾਹ ਵਿੱਚ ਅਸ਼ੁੱਧੀਆਂ ਨੂੰ ਬਿਆਨ ਕਰਨਾ ਕੋਈ ਔਖਾ ਕਾਰਜ ਨਹੀਂ ਹੈ ਕਿਉਂ ਕਿ ਕੋਈ ਵੀ ਖਰੜਾ ਇਕ ਦੂਸਰੇ ਨਾਲ ਮੇਲ ਨਹੀਂ ਖਾਂਦਾ ਹੈ।

ਸਤਿੰਦਰ ਪਾਲ ਸਿੰਘ ਸਰਤਾਜ ਵਲੋਂ ਗਾਇਨ ਕੀਤੇ ਗਏ ਜ਼ਫ਼ਰਨਾਮਾਹ ਵਿੱਚ ਸ਼ਿਕਾਇਤ ਕਰਨ ਵਾਲੀ ਅਤੇ ਵਿਰੋਧ ਕਰਨ ਵਾਲੀ ਧਿਰ ਦੀ ਸਮੱਸਿਆ ਵੀ ਇਹੀ ਹੈ ਕਿ ਇਕ ਤਾਂ ਉਹਨਾਂ ਨੇ ਜ਼ਫ਼ਰਨਾਮਹ ਦੇ ਮੂਲ ਖਰੜਿਆਂ ਦਾ ਅਧਿਐਨ ਨਹੀਂ ਕੀਤਾ ਅਤੇ ਦੂਸਰਾ ਮੇਰੇ ਖਿਆਲ ਅਨੁਸਾਰ ਉਹਨਾਂ ਨੇ ਫ਼ਾਰਸੀ ਭਾਸ਼ਾ ਦੇ ਸਰੋਤਾਂ ਦਾ ਅਧਿਐਨ ਨਹੀਂ ਕੀਤਾ। ਮੈਂ ਹੁਣ ਤੱਕ ਮੇਰੀ ਲਾਇਬਰੇਰੀ ਵਿੱਚ ਮੌਜੂਦ ਜਿੰਨੇ ਵੀ ਖਰੜਿਆਂ ਦਾ ਅਧਿਐਨ ਕੀਤਾ ਹੈ ਮੈਨੂੰ ਸਤਿੰਦਰ ਸਿੰਘ ਵਲੋਂ ਗਾਇਨ ਕੀਤਾ ਗਿਆ ਜ਼ਫ਼ਰਨਾਮਹ ਸਭ ਤੋਂ ਵੱਧ ਸ਼ੁੱਧ ਅਤੇ ਤਰੁੱਟੀਆਂ ਤੋਂ ਰਹਿਤ ਪ੍ਰਤੀਤ ਹੋਇਆ ਹੈ।

ਉਸ ਵਲੋਂ ਵਧੀਆ ਗਾਇਨ ਹੀ ਨਹੀਂ ਕੀਤਾ ਗਿਆ ਬਲਕਿ ਫ਼ਾਰਸੀ ਦੇ ਸ਼ੁੱਧ ਉਚਾਰਣ ਲਈ ਐਸੀਆਂ ਨਵੀਆਂ ਸੇਧਾਂ ਵੀ ਨਿਰਧਾਰਿਤ ਕੀਤੀਆਂ ਹਨ ਜੋ ਕਿ ਅੱਜ ਦੇ ਵਿਦਿਆਰਥੀਆਂ ਅਤੇ ਖੋਜ ਕਰਤਾਵਾਂ ਵਾਸਤੇ ਲਾਹੇਵੰਦ ਸਾਬਤ ਹੋਣਗੀਆਂ ਅਤੇ ਜੇਕਰ ਅਸੀਂ ਕਿਸੇ ਭਾਸ਼ਾ ਵਿਗਿਆਨੀ ਨੂੰ ਵੀ ਇਸ ਗੋਸ਼ਟੀ ਵਿੱਚ ਸ਼ਾਮਿਲ ਕਰੀਏ ਤਾਂ ਗੁਰਮੁੱਖੀ ਬੋਲੀ ਦੇ ਪ੍ਰਸਾਰ ਹਿੱਤ ਨਵੀਆਂ ਸੇਧਾਂ ਅਤੇ ਦਿਸ਼ਾਵਾਂ ਉਪਰ ਵਧੀਆ ਕਾਰਜ ਆਰੰਭ ਹੋ ਸਕਦਾ ਹੈ।

ਕੁੱਝ ਫ਼ਾਰਸੀ ਬੋਲੀ ਦੇ ਐਸੇ ਸ਼ਬਦ ਹਨ ਜਿਨ੍ਹਾਂ ਬਾਰੇ ਲਿਖਣ ਅਤੇ ਬੋਲਣ ਬਾਰੇ ਕਿਸੇ ਵੀ ਪ੍ਰਕਾਸ਼ਿਤ ਹੋਏ ਖਰੜੇ ਵਿੱਚ ਉਚਾਰਣ ਦੀਆਂ ਨਿੱਗਰ ਹਿਦਾਇਤਾਂ ਜਾਂ ਦਿਸ਼ਾਵਾਂ ਨਹੀਂ ਸਨ ਪਰ ਸਤਿੰਦਰਪਾਲ ਸਿੰਘ ਨੇ ਆਪਣੇ ਗਾਇਨ ਅਤੇ ਉਸ ਦੇ ਨਾਲ ਫ਼ਾਰਸੀ ਤੋਂ ਗੁਰਮੁੱਖੀ ਵਿੱਚ ਕੀਤੇ ਲਿਪੀਆਂਤਰ ਵਿੱਚ ਇਸ ਸਮੱਸਿਆ ਦਾ ਪੂਰਨ ਹੱਲ ਸੁਝਾਇਆ ਹੈ।

ਇਸ ਬਾਰੇ ਜਿਹੜੇ ਲਿਖਤੀ ਅਤੇ ਵੀਡੀਓ ਦੁਆਰਾ ਕੁੱਝ ਇਤਰਾਜ਼ ਆਏ ਹਨ ਉਹਨਾਂ ਦਾ ਆਧਾਰ ਬਹੁਤ ਹੀ ਪੇਤਲਾ ਅਤੇ ਨਿਰਮੂਲ ਹੈ।

ਪੜਤਾਲ:-
ਸਤਿੰਦਰਪਾਲ ਸਿੰਘ ਵਲੋਂ ਆਪਣੇ ਗਾਇਨ ਦਾ ਆਰੰਭ 'ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ' ਤੋਂ ਕੀਤਾ ਹੈ ਜੋ ਕਿ ਬਹੁਤ ਸਾਰੇ ਖਰੜਿਆਂ ਵਿੱਚ ਭਿੰਨ ਹੈ ਪ੍ਰੰਤੂ ਫ਼ਾਰਸੀ ਦੇ ਇਕ ਉਪਲਬਧ ਖਰੜੇ ਵਿੱਚ ਇਸ ਦੀ ਆਰੰਭਤਾ ਇਸੇ ਤਰ੍ਹਾਂ ਹੀ ਹੁੰਦੀ ਹੈ।

ਵੈਸੇ ਇਸ ਦੇ ਅਨੇਕਾਂ ਖਰੜਿਆਂ ਵਿੱਚ ਇਸ ਦੀ ਅਰੰਭਤਾ ਦੇ ਭਿੰਨ ਭਿੰਨ ਸਰੂਪ ਮਿਲਦੇ ਹਨ ਜਿਵੇਂ ਕਿ,

੧.ਕੁਝ ਖਰੜਿਆਂ ਵਿੱਚ ਇਸ ਰਚਨਾਂ ਤੋਂ ਪਹਿਲਾਂ ਮੰਗਲ ਨਹੀਂ ਹੈ ਪਰ ਲਿਖਿਆਂ ਹੈ- ਸ੍ਰੀ ਮੁਖਵਾਕ ਪਾਤਿਸ਼ਾਹੀ ਦਸਵੀਂ ੧੦ ਬਰ ਹੁਕਮਨਾਮਾ ਬਤਰਫ਼ (ਭਾਈ ਮਨੀ ਸਿੰਘ ਵਾਲੀ ਲਿਖਤ)
੨.ਕੁਝ ਇਸ ਤਰ੍ਹਾਂ ਹਨ- ੴ ਹੁਕਮ ਸਤਿ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ॥ ਜ਼ਫ਼ਰਨਾਮਾ ਸ੍ਰੀ ਮੁਖਵਾਕ ਪਾਤਿਸ਼ਾਹੀ॥੧੦॥ (ਮੋਤੀ ਬਾਗ ਪਟਿਆਲੇ ਵਾਲੀ ਲਿਖਤ)
੩.ਕੁਝ ਖਰੜਿਆਂ ਵਿੱਚ ਜ਼ਿਕਰ ਹੈ- ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ॥ (ਸੰਗਰੂਰ ਵਾਲਾ ਖਰੜਾ)
੪.ਕੁਝ ਲਿਖਤੀ ਨੁਸਖਿਆਂ ਵਿੱਚ ਅੰਕਿਤ ਹੈ- ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ॥ ਜ਼ਫ਼ਰਨਾਮਾ ਹਸਤਨੀ ਵ ਜ਼ੁਬਾਨ ਮੁਬਾਰਕ ਪਾਤਿਸ਼ਾਹੀ ੧੦॥ (ਪਟਨੇ ਵਾਲਾ ਖਰੜਾ)

ਸੋ ਜਿੰਨੇ ਕਿ ਹੁਣ ਨਵੀਨ ਲਿਖਤੀ ਖਰੜੇ ਮਿਲਦੇ ਹਨ ਉਹਨਾਂ ਵਿੱਚ ਇਸ ਦੀ ਸ਼ੁਰੂਆਤ '॥ਹੁਕਮ ਸਤਿ॥ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ॥' ਦੇ ਸਿਰਲੇਖ ਨਾਲ ਕੀਤੀ ਦਰਸਾਈ ਗਈ ਹੈ ਜਿਸ ਤੋਂ ਮਾਲੂਮ ਹੁੰਦਾ ਹੈ ਕਿ ਇਹ ਮੋਤੀ ਬਾਗ ਵਾਲੇ ਖਰੜੇ ਦਾ ਉਤਾਰਾ ਹਨ ਪਰੰਤੂ ਪਿਆਰਾ ਸਿੰਘ ਪਦਮ ਨੇ ਆਪਣੇ ਅਨੁਵਾਦ ਦੀ ਆਰੰਭਤਾ ਬਿਨਾਂ ਇਸ ਸਿਰਲੇਖ ਤੋਂ ਕੀਤੀ ਹੈ। ਡਾ: ਸਤਿੰਦਰ ਸਿੰਘ ਸਰਤਾਜ ਵਲੋਂ ਜਿਸ ਖਰੜੇ ਨੂੰ ਆਧਾਰ ਲੈ ਕੇ ਆਪਣੇ ਗਾਇਨ ਦੀ ਅਰੰਭਤਾ ਕੀਤੀ ਗਈ ਹੈ ਉਸ ਦਾ ਮੂਲ ਸਰੋਤ ਫ਼ਾਰਸੀ ਖਰੜਾ ਹੈ ਜੋ ਕਿ ਹਵਾਲੇ ਵਜੋਂ ਨਾਲ ਹੈ।

ਜ਼ਫ਼ਰਨਾਮਾਹ ਸ਼ਬਦ ਦਾ ਉਚਾਰਣ ਅਤੇ ਲਿਖਤ:-
ਜ਼ਫ਼ਰਨਾਮਹ ਸ਼ਬਦ ਦਾ ਰੂਪ ਬਹੁਤ ਸਾਰੇ ਫ਼ਾਰਸੀ ਸਰੋਤਾਂ ਵਿੱਚ ਜ਼ਫ਼ਰਨਾਮਾ ਮਿਲਦਾ ਹੈ ਪਰ ਫ਼ਾਰਸੀ ਬੋਲੀ ਦਾ ਉਚਾਰਣ ਕਰਣ ਵਾਲੇ ਜਾਣਦੇ ਹਨ ਕਿ ਨਾਮਾ ਸ਼ਬਦ ਦਾ ਉਚਾਰਣ ਫ਼ਾਰਸੀ ਵਿੱਚ ਮ ਸ਼ਬਦ ਨਾਲ ਹਾਹਾ ਸ਼ਬਦ ਦੀ ਅਰਧ ਧੁੰਨੀ ਉਚਾਰਣੀ ਪੈਂਦੀ ਹੈ ਅਤੇ ਸਾਰੇ ਬਹੁਤ ਸਾਰੇ ਪੰਜਾਬੀ ਅਨੁਵਾਦਕਾਂ ਨੇ ਜ਼ਫ਼ਰਨਾਮਾਹ ਸ਼ਬਦ ਪੁਰੇ ਹਾਹੇ ਨਾਲ ਅਨੁਵਾਦ ਵਿੱਚ ਲਿਆਂਦਾ ਜਦੋਂ ਕਿ ਬੋਲਣ ਵਿੱਚ ਅੱਧਾ ਹਾਹਾ ਹੀ ਉਚਾਰਣ ਕੀਤਾ ਜਾਂਦਾ ਹੈ। ਫ਼ਾਰਸੀ ਤੋਂ ਪੰਜਾਬੀ ਵਿੱਚ ਕੀਤੇ ਬਹੁਤ ਸਾਰੇ ਉਤਾਰਿਆਂ ਵਿੱਚ ਜ਼ਫ਼ਰਨਾਮਹ ਸ਼ਬਦ ਹੀ ਲਿਖਿਆ ਮਿਲਦਾ ਹੈ ਪਰ ਅੱਧੇ ਹਾਹੇ ਦੇ ਉਚਾਰਣ ਦੀ ਕੋਈ ਨਿੱਗਰ ਸੇਧ ਨਹੀਂ ਹੈ।

ਹੇਠ ਲਿਖੇ ਖਰੜਿਆਂ ਵਿੱਚ ਫ਼ਾਰਸੀ ਤੋਂ ਪੰਜਾਬੀ ਅਨੁਵਾਦ ਵਿੱਚ ਜ਼ਫ਼ਰਨਾਮਹ ਸ਼ਬਦ ਦੀ ਵਰਤੋਂ ਹੋਈ ਹੈ ਅਤੇ ਇਹ ਸਾਰੇ ਖਰੜੇ ਇਸ ਲਿਖਤ ਨਾਲ ਸਬੂਤ ਵਜੋਂ ਸ਼ਾਮਿਲ ਹਨ,
੧:- ਪੁਰਾਤਨ ਹੱਥ ਲਿਖਤ ਖਰੜਾ (ਜੋ ਕਿ ਭਾਈ ਮਨੀ ਸਿੰਘ ਜੀ ਵਾਲੀ ਲਿਖਤ ਦਾ ਉਤਾਰਾ ਮੰਨਿਆ ਜਾਂਦਾ ਹੈ)
੨:- ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੀ ਦਸਮ ਗ੍ਰੰਥ ਜੀ ਦੀ ਹੱਥ ਲਿਖਤ ਬੀੜ ਦਾ ਉਤਾਰਾ।
੩:- ਵਿਦਿਆ ਮਾਰਤੰਡ ਗਿ:ਨਰੈਣ ਸਿੰਘ ਜੀ ਦਾ ਅਨੁਵਾਦ।
੪:- ਭਾਈ (ਸੰਤ) ਅਮੀਰ ਸਿੰਘ ਜੀ ਦਾ ਟੀਕਾ।
੫:-ਡਾ: ਰਤਨ ਸਿੰਘ ਜੱਗੀ ਜੀ ਦਾ ਦਸਮ ਗ੍ਰੰਥ ਦਾ ਸੰਪੂਰਨ ਅਨੁਵਾਦ।
੬:- ਸਿੱਖ ਮਿਸ਼ਨਰੀ ਕਾਲਜ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਜ਼ਫ਼ਰਨਾਮਹ ਦਾ ਅਨੁਵਾਦ
੭:- ਗੁਰਬਚਨ ਸਿੰਘ ਮਾਕਨ ਨੇ ਆਪਣੇ ਟੀਕੇ ਵਿੱਚ ਬਾਹਰੀ ਜਿਲਦ ਉਪਰ ਜ਼ਫ਼ਰਨਾਮਾ ਅਤੇ ਅੰਦਰ ਸ਼ੁਰੂਆਤ ਵਿੱਚ ਜ਼ਫ਼ਰਨਾਮਾਹ ਸ਼ਬਦ ਹੀ ਵਰਤਿਆ ਹੈ।
੮: ਨਿਸ਼ਾਨ ਸਿੰਘ ਜੌਹਲ ਨੇ ਆਪਣੇ ਬਹੁਤ ਹੀ ਵਧੀਆ ਕਾਵਿ ਸ਼ੈਲੀ ਉਪਰ ਅਧਾਰਿਤ ਟੀਕੇ ਵਿੱਚ ਜ਼ਫ਼ਰਨਾਮਹ ਸ਼ਬਦ ਵਰਤਿਆ ਹੈ।

ਸੋ ਉਪਰੋਕਤ ਹਵਾਲਿਆਂ ਤੋਂ ਸਪੱਸ਼ਟ ਹੈ ਕਿ ਭਾਵੇਂ ਫ਼ਾਰਸੀ ਸਰੋਤਾਂ ਵਿੱਚ ਇਸ ਦੇ ਸਿਰਲੇਖ ਨੂੰ ਜ਼ਫ਼ਰਨਾਮਾ ਲਿਖਿਆ ਗਿਆ ਹੈ ਅਤੇ ਭਾਸ਼ਾਈ ਵਿਦਵਾਨ ਜਾਣਦੇ ਹਨ ਕਿ ਨਾਮਾ ਸ਼ਬਦ ਦਾ ਉਚਾਰਣ ਫ਼ਾਰਸੀ ਪਰੰਪਰਾ ਅਨੁਸਾਰ ਹਾਹਾ ਸ਼ਬਦ ਦੀ ਵਰਤੋਂ ਨਾਲ ਹੀ ਸੰਪੂਰਨ ਹੁੰਦਾ ਹੈ ਅਤੇ ਉਚਾਰਣ ਵਿੱਚ ਅੱਧਾ ਹਾਹਾ ਉਚਾਰਣ ਕੀਤਾ ਜਾਂਦਾ ਹੈ।

ਡਾ. ਸਤਿੰਦਰਪਾਲ ਸਿੰਘ ਸਰਤਾਜ ਦੀ ਉਚਾਰਣ ਵਿਧੀ:- 
ਆਪਣੇ ਗਾਇਨ ਕੀਤੇ ਜ਼ਫ਼ਰਨਾਮਾਹ ਵਿੱਚ ਡਾ. ਸਰਤਾਜ ਨੇ ਨਾਮਾਹ ਸ਼ਬਦ ਦਾ ਉਚਾਰਣ ਜਿਥੇ ਅੱਧੇ ਹਾਹੇ ਨਾਲ ਕੀਤਾ ਹੈ ਉਥੇ ਨਾਲ ਹੀ ਵਿਦਿਆਰਥੀਆਂ ਅਤੇ ਖੋਜੀਆਂ ਵਾਸਤੇ ਵਿਸ਼ੇਸ਼ ਉਚਾਰਣ ਸੇਧ ਕਾਇਮ ਕੀਤੀ ਹੈ ਕਿ ਫ਼ਾਰਸੀ ਉਚਾਰਣ ਵਿਧੀ ਅਨੁਸਾਰ ਉਸ ਨੇ ਹਾਹਾ ਨਾਲ ਤਸ਼ਦੀਦ ਵਰਤ ਕੇ ਭਾਵ ਕਿ ਤਸਗ਼ੀਰ ਕਰਕੇ ਹਾਹਾ ਦੇ ਪੈਰ ਹੇਠ ਨੁਕਤਾ ਵਰਤ ਕੇ ਅੱਧੇ ਹਾਹੇ ਦੀ ਵਰਤੋਂ ਦੇ ਉਚਾਰਣ ਵਾਸਤੇ ਵਧੀਆ ਆਧਾਰ ਤਿਆਰ ਕੀਤਾ ਹੈ ਜਿਸ ਦਾ ਕਿ ਪਹਿਲੇ ਲਿਪੀਆਂਤਰ ਪ੍ਰਕਾਸ਼ਨਾਵਾਂ ਅਤੇ ਟੀਕਿਆਂ ਵਿੱਚ ਅਭਾਵ ਹੈ।

(ਅ)
ਜ਼ਫ਼ਰਨਾਮਾਹ ਸ਼ਬਦ ਵਿੱਚ ਜ ਅੱਖਰ ਨੂੰ ਤਸ਼ਦੀਦ ਲਗਾ ਕੇ ਤਸਗ਼ੀਰ ਕਰਨਾ:-

ਹੁਣ ਤੱਕ ਜ਼ਫ਼ਰਨਾਮਾਹ ਦੇ ਜਿੰਨੇ ਵੀ ਉਰਦੂ ਅਤੇ ਫ਼ਾਰਸੀ ਨਾਲ ਸੰਬੰਧਿਤ ਖਰੜੇ ਸਾਡੇ ਕੋਲ ਕਿਸੇ ਨਾ ਕਿਸੇ ਰੂਪ ਵਿੱਚ ਉਪਲਬਧ ਹਨ ਉਹਨਾਂ ਵਿੱਚ ਜ਼ਫ਼ਰਨਾਮਾਹ ਸ਼ਬਦ ਨੂੰ ਜ਼ੋਏ ਨਾਲ ਲਿਖਿਆ ਗਿਆ ਹੈ ਅਤੇ ਜਿੰਨੇ ਵੀ ਸਾਡੇ ਕੋਲ ਇਸ ਦੇ ਗੁਰਮੁੱਖੀ ਅਨੁਵਾਦ ਹਨ ਉਹਨਾਂ ਵਿੱਚ ਜ ਸ਼ਬਦ ਨਾਲ ਹੀ ਜਫਰਨਾਮਾ ਲਿਖਿਆ ਹੈ।

ਸਬੂਤ ਵਜੋਂ
੧:- ਹੱਥ ਲਿਖਤ ਉਤਾਰਾ ।
੨:- ਦਸਮ ਗ੍ਰੰਥ ਦੇ ਇਕ ਪੁਰਾਤਨ ਹੱਥ ਲਿਖਤ ਸਰੂਪ ਦਾ ਉਤਾਰਾ (ਜੋ ਕਿ ਸਰੋਤਾਂ ਅਨੁਸਾਰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਕਿਹਾ ਜਾਂਦਾ ਹੈ)

ਦਰਅਸਲ ਗੁਰਮੁਖੀ ਲਿਪੀ ਵਿੱਚ ਹੋਰ ਵੀ ਕਈ ਉਤਾਰੇ ਮਿਲਦੇ ਹਨ ਜਿਨ੍ਹਾਂ ਵਿੱਚ ਜ਼ਫ਼ਰਨਾਮਾਹ ਸ਼ਬਦ ਲਈ ਜ ਅੱਖਰ ਹੀ ਵਰਤਿਆ ਮਿਲਦਾ ਹੈ ਜੋ ਕਿ ਫ਼ਾਰਸੀ ਦੇ ਜੀਮ ਦਾ ਸੂਚਕ ਹੈ ਨਾ ਕਿ ਜ਼ੋਏ ਦਾ।

ਗੁਰਸ਼ਬਦ ਰਤਨਾਕਰ ਮਹਾਨਕੋਸ਼ ਦੇ ਕਰਤਾ ਨੇ ਪਹਿਲੀ ਵਾਰ ਇਸ ਦੇ ਸ਼ੁੱਧ ਉਚਾਰਣ ਲਈ ਅਤੇ ਜੀਮ, ਜ਼ੋਏ ਅਤੇ ਜ਼ੁਆਦ ਦੇ ਭੇਦ ਨੂੰ ਦਰਸਾਉਣ ਵਾਸਤੇ ਜ਼ੋਏ ਦੇ ਲਈ ਜ ਸ਼ਬਦ ਵਿੱਚ ਇਕ ਨੁਕਤੇ ਦੀ ਵਰਤੋਂ ਕੀਤੀ ਜੋ ਕਿ ਭਾਵੇਂ ਬਹੁਤੀ ਪ੍ਰਚਲਿਤ ਨਹੀਂ ਹੋ ਸਕੀ ਅਤੇ ਜ਼ੋਏ ਵਾਸਤੇ ਜ਼ ਸ਼ਬਦ ਹੀ ਵਰਤਿਆ ਜਾਂਦਾ ਰਿਹਾ ਅਤੇ ਜ਼ੋਏ ਅਤੇ ਜ਼ੁਆਦ ਦੀ ਭਿੰਨਤਾ ਸਥਾਪਤ ਨਹੀਂ ਹੋਈ।

ਇਸ ਤੋਂ ਉਪਰੰਤ ਜ਼ੋਏ ਵਾਸਤੇ ਵੀ ਜ਼ ਸ਼ਬਦ ਦੀ ਵਰਤੋਂ ਹੀ ਪ੍ਰਚਲਿਤ ਹੈ ਅਤੇ ਡਾ: ਸਰਤਾਜ ਨੇ ਦੁਬਾਰਾ ਜ਼ਫ਼ਰਨਾਮਹ ਦੇ ਸਿਰਲੇਖ ਵਿੱਚ ਕਾਹਨ ਸਿੰਘ ਨਾਭਾ ਵਾਲੀ ਸ਼ੈਲੀ ਦੀ ਵਰਤੋਂ ਕੀਤੀ ਹੈ ਜੋ ਕਿ ਸਲਾਹੁਣਯੋਗ ਹੈ।

ਇਸ ਪਹਿਲ ਦਾ ਸੁਆਗਤ ਕਰਨਾ ਚਾਹੀਦਾ ਹੈ ਕਿ ਇਤਿਹਾਸ ਅਤੇ ਸਾਹਿਤ ਦੇ ਸਿਖਿਆਰਥੀਆਂ ਵਾਸਤੇ ਫ਼ਾਰਸੀ ਅਤੇ ਅਰਬੀ ਮੂਲਕ ਸ਼ਬਦਾਂ ਦੇ ਉਚਾਰਣ ਲਈ ਨਵੀਂ ਸੇਧ ਮਿਲੇਗੀ ਅਤੇ ਕਈ ਐਸੇ ਸ਼ਬਦ ਜਿੰਨਾਂ ਦੀਆਂ ਅਵਾਜਾਂ ਅਤੇ ਉਚਾਰਣ ਵਾਸਤੇ ਚਿੰਨ੍ਹ ਅਤੇ ਨੁਕਤੇ ਨਿਰਧਾਰਤ ਨਹੀਂ ਕੀਤੇ ਗਏ ਉਹਨਾਂ ਲਈ ਨਵੀਂ ਦਿਸ਼ਾ ਹੋਵੇਗੀ।

ਮਿਸਾਲ ਦੇ ਤੌਰ ਉਪਰ ਮੁਕੱਦਸ ਕੁਰਾਨ ਸ਼ਰੀਫ਼ ਲਈ ਅਸੀਂ ਕ ਸ਼ਬਦ ਹੀ ਵਰਤਦੇ ਹਾਂ ਜਦੋਂ ਕਿ ਕਾਹਨ ਸਿੰਘ ਨਾਭਾ ਜੀ ਨੇ ਕ ਸ਼ਬਦ ਦੇ ਪੈਰ ਵਿੱਚ ਬਿੰਦੀ ਸ਼ਬਦ ਵਰਤਿਆ ਹੈ। ਅੰਗਰੇਜ਼ੀ ਵਾਲੇ ਵੀ ਕੁਰਾਨ ਸ਼ਬਦ 'ਕੇ' (ਖ) ਨਾਲ ਨਹੀਂ 'ਕਿਊ' (ਥ) ਨਾਲ ਲਿਖਦੇ ਹਨ। ਇਸੇ ਤਰਾਂ ਅ (ਅਰਬੀ ਲਈ) ਅਤੇ ਹੋਰ ਵੀ ਕਈ ਅੱਖਰਾਂ ਦੀਆਂ ਗੈਰ ਪੰਜਾਬੀ ਆਵਾਜ਼ਾਂ ਅਤੇ ਉਚਾਰਣ ਲਈ ਨਵੇਂ ਨੁਕਤਿਆਂ ਦੀ ਲੋੜ ਹੈ।

ਸਬੂਤ ਵਜੋਂ ਕਾਹਨ ਸਿੰਘ ਨਾਭਾ ਜੀ ਦਾ ਮਹਾਨਕੋਸ਼ ਅਤੇ ਡਾ: ਸਰਤਾਜ ਜੀ ਦੀ ਪ੍ਰਕਾਸ਼ਨਾ ਨਾਲ ਹੈ ਜੀ।

੧: ਹਵਾਲਾ ਮਹਾਨ ਕੋਸ਼ ਕਾਹਨ ਸਿੰਘ ਨਾਭਾ
੨: ਹਵਾਲਾ ਡਾ: ਸਰਤਾਜ

ਇਕ ਇਤਰਾਜ਼ ਇਹ ਵੀ ਜਨਮ ਲੈਂਦਾ ਹੈ ਕਿ ਡਾ. ਸਰਤਾਜ ਨੇ ਸਿਰਲੇਖ ਵਿੱਚ ਜ ਦੇ ਨੁਕਤੇ ਨਾਲ ਅਤੇ ਅੰਦਰ ਜ਼ ਨਾਲ ਲਿਖਿਆ ਹੈ। ਇਹ ਕੋਈ ਐਸੀ ਗ਼ਲਤੀ ਨਹੀਂ ਹੈ ਜਿਸ ਨਾਲ ਪ੍ਰਕਰਣ ਜਾਂ ਉਚਾਰਣ ਉਪਰ ਕੋਈ ਫ਼ਰਕ ਪੈਂਦਾ ਹੋਵੇ। ਗੁਰਮੁਖੀ ਦੇ ਇਕ ਉਤਾਰੇ ਵਿੱਚ ਐਸ਼ ਅਰਸ਼ ਸ਼ਬਦ ਪੈਰ ਵਿੱਚ ਨੁਕਤੇ ਅਤੇ ਸ਼ ਨਾਲ ਵੀ ਲਿਖਿਆ ਮਿਲਦਾ ਹੈ।
ਹਵਾਲਾ:-
੧:-ਗੁਰਮੁੱਖੀ ਦਾ ਉਤਾਰਾ ਨਾਲ ਹੈ ।

(ੲ)
ਐਸ਼ ਓ ਅਰਸ਼ ਸ਼ਬਦ ਬਾਰੇ

ਨ ਸਾਜ਼ੋ ਨ ਬਾਜ਼ੋ ਨ ਫ਼ਉਜੋ ਨ ਫਰਸ਼॥(ਰ ਦੇ ਹੇਠ ਨੁਕਤਾ ਹੈ)
ਖ਼ੁਦਾਵੰਦ ਬਖ਼ਸ਼ਿੰਦਯੇ ਐਯਸ਼–ਓ-ਅਰਸ਼॥(੪)

ਐਸ਼ ਓ ਅਰਸ਼ ਸ਼ਬਦ ਬਾਰੇ:-
ਜ਼ਫ਼ਰਨਾਮਾਹ ਦੇ ਫ਼ਾਰਸੀ ਖਰੜਿਆਂ ਵਿੱਚ ਇਹ ਸ਼ਬਦ ਜੁੜੇ ਰੂਪ ਵਿੱਚ ਮਿਲਦਾ ਹੈ, ਐਸ਼ਅਰਸ਼ ਅਤੇ ਕੁੱਝ ਖਰੜਿਆਂ ਵਿੱਚ ਐਸ਼ਓਅਰਸ਼ ਸਬਦ ਮਿਲਦਾ ਹੈ।ਬਹੁਤ ਸਾਰੇ ਗੁਰਮੁਖੀ ਦੇ ਖਰੜਿਆਂ ਅਤੇ ਟੀਕਿਆਂ ਵਿੱਚ ਐਸ ਅਰਸ, ਐਸ਼ਅਰਸ (ਨੁਕਤੇ ਨਾਲ), ਐਸ਼ ਅਰਸ਼, ਐਸ਼ ਓ ਅਰਸ਼ ਅਤੇ ਐਸ਼-ਓ-ਅਰਸ਼ ਰੂਪ ਵਿੱਚ ਮਿਲਦਾ ਹੈ।
(ਸਾਰੇ ਹੀ ਖਰੜੇ ਸਬੂਤ ਲਈ ਨਾਲ ਹਨ ਜੀ)

ਡਾ: ਸਰਤਾਜ ਨੇ ਐਯਸ਼ ਓ ਅਰਸ਼ (ਸ ਤਸਗ਼ੀਰ ਕਰਕੇ) ਸ਼ਬਦ ਲਿਖਿਆ ਹੈ ਜੋ ਕਿ ਫ਼ਾਰਸੀ ਜ਼ੁਬਾਨ ਅਨੁਸਾਰ ਉਚਾਰਣ ਸੇਧ ਹੈ ਅਤੇ ਬੋਲਣ ਵਿੱਚ ਵੀ ਉਸ ਨੇ ਇਸ ਦਾ ਉਚਾਰਣ ਬਿਲਕੁਲ ਸਹੀ ਕੀਤਾ ਹੈ।

ਹਵਾਲਾ:-
੧:-ਡਾ: ਸਰਤਾਜ਼ ਦਾ ਦਿੱਤੀ ਉਚਾਰਣ ਸੇਧ ਅਤੇ ਲਿਖਤ ਨਾਲ ਹੈ ਜੀ।
੨:-ਗੁਰਮੁੱਖੀ ਦਾ ਹੱਥ ਲਿਖਤ ਖਰੜਾ
੩:-ਨਾਨਕ ਚੰਦ ਨਾਜ਼ ਦਾ ਉਰਦੂ ਤਰਜ਼ਮਾ
੪:-ਪੱਥਰ ਛਾਪੇ ਵਿੱਚ ਫ਼ਾਰਸੀ ਲਿਖਤ

ਸੋ ਇਹਨਾਂ ਸਾਰੇ ਸਰੋਤਾਂ ਦੀ ਰੋਸ਼ਨੀ ਵਿੱਚ ਡਾ: ਸਰਤਾਜ ਦਾ ਉਚਾਰਣ ਬਿਲਕੁਲ ਦਰੁਸਤ ਹੈ ਅਤੇ ਭੇਜੇ ਹੋਈ ਲਿਖਤ ਵੀ ਫ਼ਾਰਸੀ ਸਰੋਤਾਂ ਦੀ ਉਚਾਰਣ ਵਿਧੀ ਦੇ ਬਹੁਤ ਨਜ਼ਦੀਕ ਹੈ।

(ਸ)
ਨਾ ਈਮਾਨ ਪ੍ਰਸਤੀ ਨਾ ਆਉਜ਼ਾਇ ਦੀਨ॥(ਨ ਤਸ਼ਦੀਦ ਨਾਲ)
ਨਾ ਸਾਹਿਬ ਸ਼ਨਾਸੀ ਮੋਹੱਮਦ ਯਕੀਨ॥(੪੬)

ਮੁਹੰਮਦ ਸ਼ਬਦ ਉਪਰ ਇਤਰਾਜ਼:-
ਡਾ: ਸਰਤਾਜ ਵਲੋਂ ਗਾਏ ਗਏ ਜ਼ਫ਼ਰਨਾਮਾਹ ਵਿੱਚ ਲਿਖੇ ਅਤੇ ਉਚਾਰਣ ਕੀਤੇ ਗਏ ਮੁਹੱਮਦ ਸ਼ਬਦ ਉਪਰ ਵੀ ਇਤਰਾਜ਼ ਜ਼ਾਹਰ ਕੀਤਾ ਗਿਆ ਹੈ ਜਦੋਂ ਕਿ ਫ਼ਾਰਸੀ ਦੇ ਸਾਰੇ ਸਰੋਤਾਂ ਵਿੱਚ ਇਸੇ ਤਰ੍ਹਾਂ ਹੀ ਲਿਖਿਆ ਗਿਆ ਹੈ ਅਤੇ ਫ਼ਾਰਸੀ ਸਰੋਤਾਂ ਵਿੱਚ ਇਸ ਦੀ ਹੋਈ ਵਰਤੋਂ ਅਨੁਸਾਰ ਹੀ ਡਾ:ਸਰਤਾਜ ਨੇ ਉਚਾਰਣ ਕੀਤਾ ਹੈ।

ਫ਼ਾਰਸੀ ਵਿੱਚ ਹਮਦ ਸ਼ਬਦ ਦਾ ਅਰਥ ਹੈ ਸਿਫ਼ਤ ਜਾਂ ਵਸਫ਼ ਅਤੇ ਮੁਹੱਮਦ ਦਾ ਭਾਵ ਹੈ ਜਿਸ ਦੀਆਂ ਲੋਕ ਸਿਫ਼ਤਾਂ ਕਰਨ। ਇਸਲਾਮ ਧਰਮ ਦੇ ਬਾਨੀ ਸ:ਅ:ਵ:ਅ ਹਜ਼ਰਤ ਮੁਹੰਮਦ ਸਾਹਿਬ ਦੇ ਨਾਮ ਨੂੰ ਸੰਬੋਧਿਤ ਸ਼ਬਦ ਹੈ ਅਤੇ ਕੇਵਲ ਪੰਜਾਬੀ ਵਿੱਚ ਹੀ ਇਸ ਨੂੰ ਹਾਹਾ ਅੱਖਰ ਉਪਰ ਬਿੰਦੀ ਲਗਾ ਕੇ ਲਿਖਿਆ ਜਾਂਦਾ ਹੈ ਫ਼ਾਰਸੀ ਵਿੱਚ ਨਹੀਂ।

ਹਵਾਲੇ ਫ਼ਾਰਸੀ:-
੧:- ਨਾਨਕ ਚੰਦ ਨਾਜ਼ ਨੇ ਵੀ ਆਪਣੇ ਤਰਜ਼ਮੇ ਵਿੱਚ ਮਹੱਮਦ ਸ਼ਬਦ ਹੀ ਵਰਤਿਆ ਹੈ।
੨:-ਪੱਥਰ ਛਾਪੇ ਦੇ ਫ਼ਾਰਸੀ ਖਰੜੇ ਵਿੱਚ ਵੀ ਮਹਮਦ ਸ਼ਬਦ ਹੈ।

ਇਸ ਤੋਂ ਇਲਾਵਾ ਜਿਹੜੇ ਵੀ ਵਿਦਵਾਨਾਂ ਨੇ ਇਸ ਦਾ ਗੁਰਮੁਖੀ ਅਨੁਵਾਦ ਕੀਤਾ ਹੈ ਜਾਂ ਸਾਡੇ ਕੋਲ ਗੁਰਮੁਖੀ ਦੇ ਖਰੜੇ ਟੀਕੇ ਜਾਂ ਪ੍ਰਕਾਸ਼ਨਾਵਾਂ ਮੌਜੂਦ ਹਨ ਉਹਨਾਂ ਸਾਰਿਆਂ ਵਿੱਚ ਹੀ ਮਹਮਦ ਜਾਂ ਮੁਹੱਮਦ ਸ਼ਬਦ ਹੀ ਵਰਤਿਆ ਗਿਆ ਹੈ। ਅਨੁਵਾਦ ਵਿੱਚ ਚਾਹੇ ਮੁਹੰਮਦ ਸ਼ਬਦ ਲਿਖਿਆ ਗਿਆ ਹੈ ਪਰ ਮੂਲ ਪਾਠ ਵਿੱਚ ਸ਼ਬਦ ਮਹਮਦ ਜਾਂ ਮੁਹੱਮਦ ਜਾਂ ਮੁਹਮਦ ਹੀ ਹੈ।

ਗੁਰਮੁੱਖੀ ਹਵਾਲੇ:-
੧:-ਹੱਥ ਲਿਖਤ ਉਤਾਰਾ ਮੂਲ ਪਾਠ –ਮਹਮਦ
੨:-ਟੀਕਾਕਾਰ ਡਾ:ਗੁਰਦੇਵ ਸਿੰਘ-ਮੁਹੱਮਦ
੩:-ਸਿੱਖ ਮਿਸ਼ਨਰੀ ਕਾਲਜ-ਮਹਮਦ
੪:-ਵਿਦਿਆ ਮਾਰਤੰਡ ਗਿ: ਨਰੈਣ ਸਿੰਘ-ਮਹਮਦ
੫:-ਦਸਮ ਗ੍ਰੰਥ ਟੀਕਾ:- ਰਤਨ ਸਿੰਘ ਜੱਗੀ-ਮਹਮਦ

ਦਰਅਸਲ ਮੁਹੰਮਦ ਸ਼ਬਦ ਦੀ ਵਰਤੋਂ ਮੂਲ ਪਾਠ ਵਿੱਚ ਸ:ਪਿਆਰਾ ਸਿੰਘ ਪਦਮ ਨੇ ਆਰੰਭ ਕੀਤੀ ਹੈ ਅਤੇ ਉਹਨਾਂ ਦੀ ਲਿਖਤ ਸਭ ਤੋਂ ਵੱਧ ਅਸ਼ੁੱਧੀਆਂ ਭਰਪੂਰ ਹੈ। ਉਸ ਤੋਂ ਬਾਅਦ ਮੁਹੰਮਦ ਸ਼ਬਦ ਦੀ ਵਰਤੋਂ ਭਗਵੰਤ ਸਿੰਘ ਕੈਲੋਂ ਤੇ ਗੁਰਬਚਨ ਸਿੰਘ ਮਾਕਨ ਨੇ ਆਪਣੇ ਅਨੁਵਾਦਾਂ ਵਿੱਚ ਕੀਤੀ ਹੈ।

ਡਾ: ਸਰਤਾਜ਼ ਨੇ ਜਿਥੇ ਫ਼ਾਰਸੀ ਭਾਸ਼ਾ ਦੇ ਨਿਯਮ ਅਨੁਸਾਰ ਦਰੁਸਤ ਲਿਖਿਆ ਹੈ ਅਤੇ ਦਰੁਸਤ ਉਚਾਰਣ ਕੀਤਾ ਹੈ ਉਥੇ ਨਾਲ ਹੀ ਯਕੀਂ ਸ਼ਬਦ ਲਈ ਸਭ ਤੋਂ ਵਧੀਆ ਉਚਾਰਣ ਸੇਧ ਦਿੱਤੀ ਹੈ। ਅਕਸਰ ਅਸੀਂ ਯਕੀਨ ਸ਼ਬਦ ਨੂੰ ਯਕੀਂ ਲਿਖਦੇ ਹਾਂ ਅਤੇ ਕਈ ਫ਼ਾਰਸੀ ਸ਼ਬਦਾਂ ਨੂੰ ਬਿੰਦੀ ਅਤੇ ਕੰਨਾ ਲਗਾ ਕੇ ਕੰਮ ਸਾਰਦੇ ਹਾਂ ਜਿਵੇਂ, ਕਮਾਂ, ਜਵਾਂ, ਮਿਆਂ ਅਤੇ ਰਵਾਂ ਆਦਿਕ ਪਰ ਡਾ: ਸਰਤਾਜ਼ ਨੇ ਯਕੀਨ ਦਾ ਸ਼ੁੱਧ ਉਚਾਰਣ ਦਰਸਾਉਂਦਿਆਂ ਯ ਤੋਂ ਬਾਅਦ ਕ ਹੇਠਾਂ ਬਿੰਦੀ ਅਤੇ ਨ ਨੂੰ ਤਸ਼ਦੀਦ ਵਰਤ ਕੇ ਬਹੁਤ ਹੀ ਸੁੰਦਰ ਅਤੇ ਦਰੁਸਤ ਉਚਾਰਣ ਸੇਧ ਦਿੱਤੀ ਹੈ।

(ਹ)
ਮੁਹੱਮਦ ਸ਼ਬਦ ਨਾਲ ਨੂਨ ਦੀ ਵਰਤੋਂ ਬਾਰੇ:-

ਜ਼ਫ਼ਰਨਾਮਾਹ ਦੇ ਬਹੁਤ ਸਾਰੇ ਫ਼ਾਰਸੀ ਅਤੇ ਗੁਰਮੁਖੀ ਖਰੜਿਆਂ ਵਿੱਚ ਇਹ ਸ਼ੇਅਰ ਇੰਜ ਮਿਲਦਾ ਹੈ,
ਨ ਈਮਾਂ ਪ੍ਰਸਤੀ ਨ ਔਜ਼ਾਇ ਦੀਂ॥
ਨ ਸਾਹਿਬ ਸ਼ਨਾਸੀ ਨਾ ਮੁਹਮਦ ਯਕੀਂ॥

ਫ਼ਾਰਸੀ ਦੇ ਬਹੁਤ ਸਾਰੇ ਖਰੜਿਆਂ ਵਿੱਚ ਮੁਹੱਮਦ ਤੋਂ ਪਹਿਲਾਂ ਨੂਨ ਸ਼ਬਦ ਦੀ ਵਰਤੋਂ ਹੈ ਅਤੇ ਕੁਝ ਵਿੱਚ ਨਹੀਂ ਹੈ। ਸ: ਨਿਰੰਜਣ ਸਿੰਘ ਨੂਰ ਨੇ ਆਪਣੇ ਅਨੁਵਾਦ ਵਿੱਚ ਜਿਸ ਖਰੜੇ ਨੂੰ ਆਧਾਰ ਬਣਾਇਆ ਹੈ ਉਸ ਵਿੱਚ ਮੁਹੱਮਦ ਤੋਂ ਪਹਿਲਾਂ ਨੂਨ ਸ਼ਬਦ ਨਹੀਂ ਹੈ ਪਰ ਇਸਦੇ ਉਚਾਰਣ ਹੋਣ ਜਾਂ ਨਾ ਹੋਣ ਨਾਲ ਇਸ ਦੇ ਅਰਥਾਂ ਉਪਰ ਕੋਈ ਨਾਂਹਵਾਚਕ ਪ੍ਰਭਾਵ ਨਹੀਂ ਪੈਂਦਾ ਹੈ ਅਤੇ ਵਿਆਖਿਆ ਵਿੱਚ ਇਸ ਦੇ ਅਰਥ ਸਪੱਸ਼ਟ ਹਨ ਪਰ ਗਾਇਨ ਦੇ ਉਚਾਰਣ ਵਿੱਚ ਸ਼ਬਦੀ ਤਵਾਜ਼ਨ ਬਰਕਰਾਰ ਰੱਖਣ ਲਈ ਇਸ ਨੂੰ ਨਾਂ ਵੀ ਉਚਾਰਿਆ ਜਾਵੇ ਤਾਂ ਅਰਥਾਂ ਉਪਰ ਕੋਈ ਅਸਰ ਨਹੀਂ ਪੈਂਦਾ।

ਦੋ ਖਰੜੇ ਇਸ ਦੇ ਸਬੂਤ ਵਜੋਂ ਨਾਲ ਹਨ;
੧:-ਜ਼ਫ਼ਰਨਾਮਾ ਅਨੁਵਾਦ ਨਿਰੰਜਣ ਸਿੰਘ ਨੂਰ
੨: ਬਿਜਲਈ ਮਾਧਿਅਮਾਂ ਉਪਰ ਉਪਲਬਧ ਖਰੜਾ
ਦੋ ਵਾਰੀ ਨੂਨ ਸ਼ਬਦ ਦੇ ਨਾ ਉਚਾਰਣ ਦੀਆਂ ਕਈ ਹੋਰ ਸਰੋਤਾਂ ਵਿੱਚ ਤਸ਼ਬੀਹਾਂ ਮੌਜ਼ੂਦ ਹਨ ਜੀ।

(ਕ)
ਪੀਰ ਮੋਰੋ ਸ਼ਬਦ ਦੀ ਵਰਤੋਂ:-

ਹਮ ਅਜ਼ ਪੀਰ ਮੋਰੋ ਹਮ ਅਜ਼ ਪੀਲ ਤਨ॥
ਕਿ ਆਜਿਜ਼ ਨਵਾਜ਼ ਅਸਤ ਗ਼ਾਫ਼ਿਲ ਸ਼ਿਕਨ॥(੭੩) (ਸ ਅੱਖਰ ਹੇਠ ਨੁਕਤਾ ਹੈ)

ਡਾ: ਸਰਤਾਜ ਵਲੋਂ ਗਾਇਨ ਕੀਤੇ ਗਏ ਪਾਠ ਵਿੱਚ ਇਕ ਹੋਰ ਮੁੱਖ ਨੁਕਤਾ ਉਠਾਇਆ ਗਿਆ ਹੈ ਕਿ ਡਾ: ਸਰਤਾਜ਼ ਨੇ ਉਚਾਰਣ ਅਤੇ ਲਿਖਤ ਵਿੱਚ ਪੱਰਿ ਮੋਰੋ ਸ਼ਬਦ ਦਾ ਉਚਾਰਣ ਪੀਰ ਮੋਰੋ ਕਰਕੇ ਗੁਰੂ ਸਾਹਿਬ ਦੀ ਰਚਨਾ ਦੀ ਬੇਅਦਬੀ ਕੀਤੀ ਹੈ ਅਤੇ ਇਸ ਦੀ ਤਸ਼ਬੀਹ ਲਈ ਚੌਪਈ ਸਾਹਿਬ ਦਾ ਹਵਾਲਾ ਦਿੱਤਾ ਗਿਆ ਹੈ। ਆਪ ਜੀ ਦੇ ਹੁਕਮ ਉਪਰ ਮੇਰਾ ਇੰਦਰਾਜ਼ ਹੈ ਕਿ ਪੱਰਿ ਮੋਰੋ ਸ਼ਬਦ ਦੀ ਵਰਤੋਂ ਵੀ ਅਸ਼ੁੱਧ ਰੂਪ ਵਿੱਚ ਸ: ਪਿਆਰਾ ਸਿੰਘ ਪਦਮ ਨੇ ਕੀਤੀ ਹੈ ਅਤੇ ਇਸ ਦੀ ਵਰਤੋਂ ਕਰਨੀ ਮੂਲ ਪਾਠ ਪ੍ਰਤੀ ਸਭ ਤੋਂ ਵੱਡੀ ਹਿਮਾਕਤ ਹੈ।
ਹੁਣ ਤੱਕ ਸਾਡੇ ਕੋਲ ਅਤੇ ਦਾਸ ਦੇ ਨਿਜੀ ਕਿਤਾਬਘਰ ਵਿੱਚ ਜ਼ਫ਼ਰਨਾਮਾਹ ਦੇ ਜਿੰਨੇ ਵੀ ਖਰੜੇ, ਟੀਕੇ, ਕਾਵਿ ਸ਼ੈਲੀ ਦੇ ਸਰੋਤ ਮੌਜੂਦ ਹਨ ਉਹਨਾਂ ਸਾਰਿਆਂ ਵਿੱਚ ਹੀ ਪੀਰ ਮੋਰੋ ਸ਼ਬਦ ਦੀ ਵਰਤੋਂ ਹੋਈ ਹੈ ਅਤੇ ਸ: ਪਦਮ ਸਾਹਿਬ ਦੀ ਅਸ਼ੁੱਧੀ ਨੂੰ ਆਧਾਰ ਬਣਾ ਕੇ ਬੇਲੋੜਾ ਵਿਵਾਦ ਖੜਾ ਕਰਕੇ ਸੰਗਤਾਂ ਵਿੱਚ ਭੰਬਲਭੂਸਾ ਖੜ੍ਹਾ ਕੀਤਾ ਜਾ ਰਿਹਾ ਹੈ। ਹੇਠ ਲਿਖੇ ਖਰੜਿਆਂ ਵਿੱਚ ਪੀਰ ਮੋਰੋ ਸ਼ਬਦ ਦੀ ਵਰਤੋਂ ਹੈ ਅਤੇ ਭੇਦ ਕੇਵਲ ਇੰਨਾ ਕੁ ਹੈ ਕਿ ਕੁਝ ਵਿੱਚ ਪੀਰ ਮੋਰੋ ਅਤੇ ਕੁਝ ਵਿੱਚ ਪੀਰ ਓ ਮੋਰ ਓ ਸ਼ਬਦ ਵਰਤਿਆ ਗਿਆ ਹੈ ਅਤੇ ਉਚਾਰਣ ਇਕ ਹੀ ਹੈ।

ਹਵਾਲੇ:-
੧:-ਹੱਥ ਲਿਖਤ ਫ਼ਾਰਸੀ ਸਰੋਤ
੨:-ਪੱਥਰ ਛਾਪੇ ਦਾ ਫ਼ਾਰਸੀ ਖਰੜਾ
੩:- ਨਾਨਕ ਚੰਦ ਨਾਜ਼ ਦਾ ਉਰਦੂ ਤਰਜ਼ਮਾ
੪:-ਹੱਥ ਲਿਖਤ ਸਰੂਪ ਸ੍ਰੀ ਹਜ਼ੂਰ ਸਾਹਿਬ
੫:-ਹੱਥ ਲ਼ਿਖਤ ਉਤਾਰਾ ਭਾਈ ਮਨੀ ਸਿੰਘ ਦੀ ਲਿਖਤ ਦਾ
੬:-ਹੱਥ ਲਿਖਤ ਖਰੜਾ ਦਸਮ ਗ੍ਰੰਥ
੭:-ਟੀਕਾ ਦਸਮ ਗ੍ਰੰਥ –ਰਤਨ ਸਿੰਘ ਜੱਗੀ
੮:-ਵਿਆਖਿਆ ਵਿਦਿਆ ਮਾਰਤੰਡ ਗਿ: ਨਰੈਣ ਸਿੰਘ ਮੁਜੰਗਾਂ ਵਾਲੇ
੯:-ਨਿਰੰਜਣ ਸਿੰਘ ਨੂਰ
੧੦:-ਬਿਜਲਈ ਮਾਧਿਅਮ ਉਪਰ ਮੌਜੂਦ ਅਨੁਵਾਦ
੧੧:-ਵਿਆਖਿਆ ਸਿੱਖ ਮਿਸ਼ਨਰੀ ਕਾਲਜ

ਫ਼ਾਰਸੀ ਅਤੇ ਗੁਰਮੁਖੀ ਦੇ ਬਹੁਤ ਸਾਰੇ ਖਰੜਿਆਂ ਵਿੱਚ ਸ਼ੁਧ ਪਾਠ ਪੀਲਤਨ ਹੈ ਅਤੇ ਉਹੀ ਡਾ: ਸਰਤਾਜ਼ ਨੇ ਉਚਾਰਣ ਕੀਤਾ ਹੈ ਅਤੇ ਲਿਖਤ ਵਿੱਚ ਵਰਤਿਆ ਹੈ । ਕੇਵਲ ਨਵੀਨ ਖਰੜਿਆਂ ਵਿੱਚ ਫੀਲਤਨ ਸ਼ਬਦ ਵਰਤਿਆ ਗਿਆ ਹੈ। ਅਨੁਵਾਦ ਵੀ ਦੋ ਰੂਪਾਂ ਵਿੱਚ ਹਨ, ਪੀਰ ਸ਼ਬਦ ਬੁੱਢੀ ਕਮਜ਼ੌਰ ਕੀੜੀ ਦੇ ਰੂਪ ਵਿੱਚ ਵੀ ਮਿਲਦਾ ਹੈ ਅਤੇ ਬੱਚੇ ਤੋਂ ਬੁੱਢਾ ਅਤੇ ਕੀੜੀ ਤੋਂ ਹਾਥੀ ਵੀ ਮਿਲਦਾ ਹੈ। ਡਾ: ਸਰਤਾਜ਼ ਦਾ ਉਚਾਰਣ ਅਤੇ ਲਿਖਤ ਦਰੁਸਤ ਹੈ ਪੁਰਾਤਨ ਖਰੜਿਆਂ ਅਨੁਸਾਰ।

(ਖ)
ਆਹਰਮਨਾਂ ਸ਼ਬਦ ਦੀ ਵਰਤੋ:-

ਸ਼ੇਅਰ:-
ਚਿਹ ਖ਼ੁਸ਼-ਗੁਫ਼ਤ ਫ਼ਿਰਦੌਸੀਏ ਖ਼ੁਸ਼ ਜ਼ਬਾਨ ॥(ਨ ਤਸ਼ਦੀਦ ਯੁਕਤ)
ਸ਼ਿਤਾਬੀ ਬਵਦ ਕਾਰੇ ਐਹਰਮਨਾਨ॥(ਨ ਤਸ਼ਦੀਦ ਯੁਕਤ)

ਇਸ ਉਪਰ ਵੀ ਇਤਰਾਜ਼ ਜਤਾਇਆ ਗਿਆ ਕਿ ਡਾ: ਸਰਤਾਜ ਨੇ ਐਹਰਮਨਾਨ (ਨ ਤਸ਼ਦੀਦ ਯੁਕਤ) ਸ਼ਬਦ ਦੀ ਵਰਤੋਂ ਅਤੇ ਉਚਾਰਣ ਗ਼ਲਤ ਕੀਤਾ ਜੈ ਜਦੋਂ ਕਿ ਫ਼ਾਰਸੀ ਦੇ ਮੂਲ ਸਰੋਤਾਂ ਵਿੱਚ ਇਹ ਸ਼ਬਦ ਪੂਰੇ ਨੂਨ ਨਾਲ ਇਸੇ ਤਰਾਂ ਹੀ ਹੈ, ਹਵਾਲੇ ਲਈ ਦੋਖਰੜੇ ਨਾਲ ਹਨ ।

੧:-ਪੱਥਰ ਛਾਪੇ ਦਾ ਫ਼ਾਰਸੀ ਖਰੜਾ
੨:- ਨਾਨਕ ਚੰਦ ਨਾਜ਼ ਦਾ ਤਰਜ਼ਮਾ

ਇਸ ਤੋਂ ਬਾਅਦ ਫ਼ਾਰਸੀ ਲਿਖਤ ਵਿੱਚ ਡਾ. ਗੁਰਦੇਵ ਸਿੰਘ ਨੇ ਆਪਣੇ ਅਨੁਵਾਦ ਵਿੱਚ ਅੱਧੇ ਨੂਨ ਦੀ ਵਰਤੋਂ ਕੀਤੀ ਹੈ ਜਿਸ ਦਾ ਹਵਾਲਾ ਨਾਲ ਹੈ। ਪੰਜਾਬੀ ਦੇ ਬਹੁਤ ਸਾਰੇ ਅਨੁਵਾਦਾਂ ਅਤੇ ਖਰੜਿਆ ਵਿੱਚ ਆਹਰਮਨ, ਅਹਿਰਮਨਾ, ਆਹਿਰਮਨਾ ਅਤੇ ਆਹਰਮਨਾਂ ਸ਼ਬਦਾ ਦੀ ਵਰਤੋਂ ਹੋਈ ਹੈ ਜਿਸ ਦੇ ਸਬੂਤ ਨਾਲ ਹਨ। ਡਾ. ਸਰਤਾਜ ਨੇ ਇਸ ਦੇ ਉਚਾਰਣ ਅਤੇ ਲਿਖਤ ਦਾ ਆਧਾਰ ਫ਼ਾਰਸੀ ਸਰੋਤ ਬਣਾ ਕੇ ਨ ਅੱਖਰ ਨਾਲ ਤਸ਼ਦੀਦ ਵਰਤ ਕੇ ਤਸਗ਼ੀਰ (ਅੱਧਾ) ਕੀਤਾ ਹੈ ਅਤੇ ਬਹੁਤ ਹੀ ਵਧੀਆਂ ਉਚਾਰਣ ਸੇਧ ਹੈ ਜੋ ਕਿ ਮੂਲਖਰੜਿਆਂ ਅਤੇ ਸ਼ੁੱਧ ਲਿਖਤਾਂ ਦੇ ਅਨੁਕੂਲ ਹੈ।

(ਗ)
ਜਨ ਸਪੁਰਦ:-

ਬਸੇ ਹਮਲਹ ਕਰਦੰਦ ਬਸੇ ਜ਼ਖ਼ਮ ਖ਼ੁਰਦ॥ (ਹ ਤਸ਼ਦੀਦ ਯੁਕਤ)
ਦੁਕਸ ਰਾ ਬਜਨ ਕੁਸ਼ਤੋ ਜਨ ਹਮ ਸਪੁਰਦ॥ (ਕ ਪੈਰ ਬਿੰਦੀ ਨਾਲ਼)

ਇਸ ਬਾਰੇ ਇਤਰਾਜ਼ ਹੈ ਕਿ ਜਨ ਸ਼ਬਦ ਦਾ ਅਰਥ ਔਰਤ ਬਣਦਾ ਹੈ ਅਤੇ ਅਰਥਾਂ ਦੇ ਅਨਰਥ ਹੁੰਦੇ ਹਨ ਪਰ ਇਸ ਸ਼ਬਦ ਦਾ ਅਰਥ ਅੌਰਤ ਤਾਂ ਬਣਦਾ ਸੀ ਜੇ ਡਾ. ਸਰਤਾਜ ਨੇ ਜ਼ ਜਾਂ ਜ਼ੋਏ ਲਈ ਜ਼ਫ਼ਰਨਾਮਾਹ ਵਾਲਾ ਜ ਵਰਤਿਆ ਹੁੰਦਾ। ਇੰਨਾ ਜ਼ਰੂਰ ਹੈ ਕਿ ਸ਼ਾਇਦ ਲਿਖਤ ਦੌਰਾਨ ਨ ਸ਼ਬਦ ਨੂੰ ਤਸ਼ਦੀਦ ਨਹੀਂ ਲੱਗ ਸਕੀ ਪਰ ਇਸ ਨਾਲ ਅਰਥਾਂ ਦੇ ਅਨਰਥ ਨਹੀਂ ਹੁੰਦੇ ਕਿਉਂ ਕਿ ਉਚਾਰਣ ਬਿਲਕੁਲ ਦਰੁਸਤ ਜਂ ਕੀਤਾ ਹੈ ਅਤੇ ਅਰਥ ਵੀ ਬਿਲਕੁਲ ਦਰੁਸਤ ਲਿਖੇ ਹਨ।

ਵੈਸੇ ਫ਼ਾਰਸੀ ਦੇ ਨੁਸਖਿਆਂ ਵਿੱਚ ਜ਼ੋਏ ਅਲਫ਼ ਅਤੇ ਨੂਨ ਪੂਰੇ ਦੀ ਵਰਤੋਂ ਵੀ ਹੋਈ ਅਤੇ ਅੱਧੇ ਨੂਨ ਦੀ ਵਰਤੋਂ ਵੀ ਹੋਈ ਹੈ। ਦੋਵਾਂ ਹੀ ਫ਼ਾਰਸੀ ਲਿਖਤਾਂ ਦੇ ਪ੍ਰਮਾਣ ਨਾਲ ਹਨ। ਬਹੁਤ ਸਾਰੇ ਖਰੜਿਆਂ ਵਿੱਚ ਇਸ ਬਾਰੇ ਵੀ ਭੇਦ ਹੈ। ਕੁਝ ਗੁਰਮੁੱਖੀ ਲਿਖਤਾਂ ਵਿੱਚ ਜਾਂ ਹਮਸਪੁਰਦ ਹੈ ਅਤੇ ਕੁਝ ਵਿੱਚ ਹਮ ਜਾਂ ਸਪੁਰਦ ਹੈ ਪਰ ਅਰਥ ਸਾਰਿਆਂ ਦੇ ਹੀ ਸ਼ੁੱਧ ਭਾਵਨਾ ਅਨੁਸਾਰ ਹਨ। ਸੋ ਇਸ ਨੁਖਸੇ ਉਪਰ ਆਪ ਜੀ ਡਾ: ਸਰਤਾਜ਼ ਨੂੰ ਹਿਦਾਇਤ ਦੇ ਸਕਦੇ ਹੋ ਕਿ ਉਹ ਲਿਖਤ ਵਿਚਲੀ ਗ਼ਲਤੀ ਨੂੰ ਦਰੁਸਤ ਕਰ ਲੈਣ ਉਚਾਰਣ ਉਹਨਾਂ ਦਾ ਫ਼ਾਰਸੀ ਬੋਲੀ ਅਨੁਸਾਰ ਬਿਲਕੁਲ ਦਰੁਸਤ ਹੈ।

ਇਸੇ ਤਰ੍ਹਾਂ ਹੀ ਔਰੰਗਜ਼ੇਬ ਸ਼ਬਦ ਦੇ ਸ਼ਬਦਜੋੜ ਬਾਰੇ ਹੈ ਤਾਂ ਉਹ ਵੀ ਅਨੇਕਾਂ ਖਰੜਿਆਂ ਵਿੱਚ ਅਨੇਕਾਂ ਭੇਦਾਂ ਵਿੱਚ ਮਿਲਦਾ ਹੈ ਜਿਵੇਂ ਅਉਰੰਗ ਜੇਬ, ਅਉਰੰਗਜ਼ੇਬ, ਅਤੇ ਅੋਰੰਗਜ਼ੇਬ ਪਰ ਡਾ: ਸਰਤਾਜ਼ ਨੇ ਉਚਾਰਣ ਅਤੇ ਲਿਖਤ ਵਿੱਚ ਔਉਰੰਗਜ਼ੇਬ ਵਰਤਿਆ ਹੈ ਜੋ ਕਿ ਉਚਾਰਣ ਸੇਧ ਵਿੱਚ ਕੋਈ ਤਰੁੱਟੀ ਨਹੀਂ ਪੈਦਾ ਕਰਦਾ ਹੈ।

ਗੁਰੂ ਪੰਥ ਦਾ ਦਾਸ
ਡਾ:ਸੁਖਪ੍ਰੀਤ ਸਿੰਘ ਉਦੋਕੇ

ਵਰਤੇ ਗਏ ਸਰੋਤਾਂ ਦੀ ਸੂਚੀ:-
੧:-ਹੱਥ ਲਿਖਤ ਉਤਾਰਾ ਦਸਮ ਗ੍ਰੰਥ
੨:-ਸ੍ਰੀ ਹਜ਼ੂਰ ਸਾਹਿਬ ਵਾਲੀ ਦਸਮ ਗ੍ਰੰਥ ਦੀ ਬੀੜ( ਮੰਨੀ ਜਾਂਦੀ ਹੈ)
੩:-ਹੱਥ ਲਿਖਤ ਉਤਾਰਾ ਜ਼ਫ਼ਰਨਾਮਾਹ ਫ਼ਾਰਸੀ
੪:-ਪੱਥਰਛਾਪਾ ਖਰੜਾ ਜ਼ਫ਼ਰਨਾਮਾਹ ਫ਼ਾਰਸੀ
੫:-ਹੱਥ ਲਿਖਤ ਦਾ ਉਤਾਰਾ ਜ਼ਫ਼ਰਨਾਮਾਹ ਗੁਰਮੁੱਖੀ
੫:- ਜ਼ਫ਼ਰਨਮਾਹ ਦਾ ਉਰਦੂ ਤਰਜ਼ਮਾ ਨਾਨਕ ਚੰਦ ਨਾਜ਼
੬:-ਦਸਮ ਗ੍ਰੰਥ ਦਾ ਟੀਕਾ-ਰਤਨ ਸਿੰਘ ਜੱਗੀ
੭:- ਜ਼ਫ਼ਰਨਾਮਾਹ ਸਟੀਕ ਗਿ: ਅਮੀਰ ਸਿੰਘ
੮:- ਜ਼ਫ਼ਰਨਾਮਾਹ ਸਟੀਕ ਵਿਦਿਆ ਮਾਰਤੰਡ ਗਿ: ਨਰੈਣ ਸਿੰਘ
੯:- ਜ਼ਫ਼ਰਨਾਮਾਹ ਅਨੁਵਾਦ ਪਿਆਰਾ ਸਿੰਘ ਪਦਮ
੧੦:- ਜ਼ਫ਼ਰਨਾਮਾਹ ਅਨੁਵਾਦ ਨਿਰੰਜਣ ਸਿੰਘ ਨੂਰ
੧੧:-ਦਸਵੇਂ ਪਾਤਸ਼ਾਹ ਦਾ ਗ੍ਰੰਥ (ਸ਼ਰੋ:ਗੁ:ਪ੍ਰ: ਕਮੇਟੀ )
੧੨:- ਜ਼ਫ਼ਰਨਾਮਾਹ ਅਨੁਵਾਦ ਭਾਸ਼ਾ ਵਿਭਾਗ
੧੩:- ਜ਼ਫ਼ਰਨਾਮਾਹ ਅਨੁਵਾਦ ਡਾ:ਗੁਰਦੇਵ ਸਿੰਘ ਪੰਦੋਹਲ
੧੪:- ਜ਼ਫ਼ਰਨਾਮਾਹ ਪਾਠ ਤੇ ਪ੍ਰਸੰਗ ਭਗਵੰਤ ਸਿੰਘ ਕੈਲੋਂ
੧੫:- ਜ਼ਫ਼ਰਨਾਮਾਹ ਹਿੰਦੀ ਅਨੁਵਾਦ ਧਰਮਿੰਦਰ ਨਾਥ
੧੬:- ਜ਼ਫ਼ਰਨਾਮਾਹ ਦੀ ਪੜਤਾਲ ਨਿਸ਼ਾਨ ਸਿੰਘ ਜੌਹਲ
੧੭:- ਜ਼ਫ਼ਰਨਾਮਾਹ ਗੁਰਬਚਨ ਸਿੰਘ ਮਸਕੀਨ
੧੮:- ਜ਼ਫ਼ਰਨਾਮਾਹ ਜਿੱਤ ਦਾ ਪ੍ਰਚੰਡ ਰੂਪ –ਤਾਰਿਕ ਕਿਫਾਇਤਉਲਾ
੧੯:- ਜ਼ਫ਼ਰਨਾਮਾਹ ਸਟੀਕ –ਸਿੱਖ ਮਿਸ਼ਨਰੀ ਕਾਲਜ
੨੦:-ਮਹਾਨ ਕੋਸ਼-ਭਾਈ ਕਾਹਨ ਸਿੰਘ ਨਾਭਾ

ਇਸ ਸਾਰੇ ਵਿਸ਼ੇ ਦੀ ਘੋਖਵੀਂ ਪੜਤਾਲ ਉਪਰੰਤ ਮੇਰੀ ਰਾਏ ਹੈ ਕਿ ਡਾ: ਸਰਤਾਜ ਵਲੋਂ ਗਾਇਨ ਕੀਤਾ ਗਿਆ ਜ਼ਫ਼ਰਨਾਮਾਹ ਗਾਇਨ ਅਤੇ ਲੇਖਣੀ ਪੱਖ ਤੋਂ ਮੂਲ ਖਰੜਿਆਂ ਅਤੇ ਪ੍ਰਵਾਨਿਤ ਟੀਕਿਆਂ, ਸਟੀਕਾਂ ਅਤੇ ਅਨੁਵਾਦਾਂ ਦੇ ਬਹੁਤ ਕਰੀਬ ਹੈ। ਜੇ ਹੋ ਸਕੇ ਤਾਂ ਇਸ ਨੂੰ ਹੋਰ ਡੂੰਘੇਰੀ ਸੋਧ ਉਪਰੰਤ ਪ੍ਰਕਾਸ਼ਿਤ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਹੋਣੇ ਚਾਹੀਦੇ ਹਨ ਤਾਂ ਜੋ ਅਗਲੇਰੀ ਪੀੜੀ ਇਸ ਤੋਂ ਲਾਹਾ ਲੈ ਸਕੇ।

ਸੋ ਆਪ ਜੀ ਦੇ ਹੁਕਮਾਂ ਅਨੁਸਾਰ ਕੀਤੀ ਜਾਂਚ ਪੜਤਾਲ ਦੌਰਾਨ ਮੈਨੂੰ ਕੋਈ ਤਰੁੱਟੀ ਨਜ਼ਰ ਨਹੀਂ ਆਈ ਅਤੇ ਸ਼ਿਕਾਇਤ ਕਰਤਾਵਾਂ ਦੀ ਸ਼ਿਕਾਇਤ ਦਾ ਕੋਈ ਆਧਾਰ ਨਹੀਂ।

ਇਸ ਸੰਬੰਧੀ ਡਾ: ਸਤਿੰਦਰ ਸਿੰਘ ਸਰਤਾਜ ਵਲੋਂ ਭੇਜੀ ਆਪਣੀ ਪੱਤਰਕਾ ਵੀ ਨਾਲ ਹੈ ਜੀ।

ਗੁਰੂ ਪੰਥ ਦਾ ਦਾਸ
ਡਾ: ਸੁਖਪ੍ਰੀਤ ਸਿੰਘ ਉਦੋਕੇ


 

'ਜ਼ਫਰਨਾਮਾਹ' ਲਿਖਤ ਦੇ ਗਾਇਨ ਸਬੰਧੀ ਡਾ. ਸਤਿੰਦਰ ਸਿੰਘ ਸਰਤਾਜ ਵੱਲੋਂ ਅਕਾਲ ਤਖ਼ਤ ਸਾਹਿਬ ਵੱਲ ਭੇਜੀ ਗਈ ਚਿੱਠੀ