ਸ਼ਿਵ ਸੈਨਾ ਦਾ ਮਹਾਰਾਸ਼ਟਰ ਵਿਚ ਕਿਲ੍ਹਾ ਢਹਿਆ, ਏਕਨਾਥ ਸ਼ਿੰਦੇ ਨੇ  ਕੀਤਾ ਬਹੁਮਤ ਸਾਬਤ

ਸ਼ਿਵ ਸੈਨਾ ਦਾ ਮਹਾਰਾਸ਼ਟਰ ਵਿਚ ਕਿਲ੍ਹਾ ਢਹਿਆ, ਏਕਨਾਥ ਸ਼ਿੰਦੇ ਨੇ  ਕੀਤਾ ਬਹੁਮਤ ਸਾਬਤ

*ਹੱਕ ਵਿਚ 164 ਤੇ ਵਿਰੋਧ ਵਿਚ ਪਈਆਂ 99 ਵੋਟਾਂ

ਅੰਮ੍ਰਿਤਸਰ ਟਾਈਮਜ਼

ਮੁੰਬਈ-ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਮਹਾਰਾਸ਼ਟਰ ਵਿਧਾਨ ਸਭਾ ਦੇ ਦੋ ਦਿਨਾ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਸਦਨ 'ਵਿਚ ਬਹੁਮਤ ਸਾਬਤ ਕਰਨ 'ਵਿਚ ਸਫਲ ਰਹੇ। 288 ਮੈਂਬਰਾਂ ਵਾਲੇ ਸਦਨ 'ਵਿਚ 164 ਵਿਧਾਇਕਾਂ ਨੇ ਭਰੋਸਗੀ ਮਤੇ ਦੇ ਹੱਕ 'ਵਿਚ ਵੋਟ ਪਾਈ ਜਦਕਿ 99 ਵਿਧਾਇਕਾਂ ਨੇ ਖ਼ਿਲਾਫ਼ ਵੋਟ ਪਾਈ। ਤਿੰਨ ਵਿਧਾਇਕ ਵੋਟਿੰਗ ਪ੍ਰਕਿਰਿਆ ਵਿਚ ਸ਼ਾਮਿਲ ਨਹੀਂ ਹੋਏ ਜਦਕਿ ਕਾਂਗਰਸ ਦੇ ਅਸ਼ੋਕ ਚਵਾਨ ਤੇ ਵਿਜੈ ਵਡੇਤੀਵਾਰ ਸਮੇਤ 21 ਵਿਧਾਇਕ ਵੋਟਿੰਗ ਦੌਰਾਨ ਗ਼ੈਰਹਾਜ਼ਰ ਰਹੇ। ਸਪਕੀਰ ਰਾਹੁਲ ਨਾਰਵੇਕਰ ਨੇ ਵੋਟਿੰਗ ਤੋਂ ਬਾਅਦ ਬਹੁਮਤ ਸਾਬਤ ਹੋਣ ਬਾਰੇ ਐਲਾਨ ਕੀਤਾ। ਹਾਲ ਹੀ ਵਿਚ ਇਕ ਸ਼ਿਵ ਸੈਨਾ ਵਿਧਾਇਕ ਦੀ ਮੌਤ ਹੋਣ ਤੋਂ ਬਾਅਦ ਵਿਧਾਨ ਸਭਾ ਦੀ ਮੌਜੂਦਾ ਸਮਰੱਥਾ 287 ਰਹਿ ਗਈ ਸੀ ਅਤੇ ਬਹੁਮਤ ਦਾ ਅੰਕੜਾ 144 ਸੀ। ਬਹੁਮਤ ਸਾਬਤ ਕਰਨ ਦੇ ਅਮਲ ਦੌਰਾਨ ਸਮਾਜਵਾਦੀ ਪਾਰਟੀ ਦੇ ਦੋਵੇਂ ਵਿਧਾਇਕ ਅਬੂ ਆਜ਼ਮੀ ਅਤੇ ਰਾਈਸ ਸ਼ੇਖ਼ ਤੇ ਏ. ਆਈ. ਐਮ. ਆਈ. ਐਮ. ਦੇ ਸ਼ਾਹ ਫ਼ਾਰੂਕ ਅਨਵਰ ਵੋਟਿੰਗ ਤੋਂ ਦੂਰ ਰਹੇ। 11 ਕਾਂਗਰਸੀ ਵਿਧਾਇਕ ਵੋਟਿੰਗ ਦੌਰਾਨ ਗ਼ੈਰ ਹਾਜ਼ਰ ਰਹੇ। ਕਾਂਗਰਸੀ ਆਗੂ ਚਵਾਨ ਤੇ ਵਡੇਤੀਵਾਰ ਦੇਰੀ ਨਾਲ ਆਏ ਅਤੇ ਵੋਟਿੰਗ ਦੇ ਸਮੇਂ ਸਦਨ 'ਚ ਦਾਖਲ ਨਹੀਂ ਹੋ ਸਕੇ। ਫਲੋਰ ਟੈਸਟ ਤੋਂ ਪਹਿਲਾਂ ਊਧਵ ਠਾਕਰੇ ਖੇਮੇ ਤੋਂ ਸ਼ਿਵ ਸੈਨਾ ਦੇ ਇਕ ਹੋਰ ਵਿਧਾਇਕ ਸੰਤੋਸ਼ ਬਾਂਗਰ ਨੇ ਮੁੱਖ ਮੰਤਰੀ ਸ਼ਿੰਦੇ ਦੇ ਖੇਮੇ 'ਵਿਚ ਸ਼ਮੂਲੀਅਤ ਕਰ ਲਈ, ਜਿਸ ਨਾਲ ਸ਼ਿੰਦੇ ਖੇਮੇ ਦੀ ਗਿਣਤੀ ਵਧ ਕੇ 40 ਹੋ ਗਈ ਹੈ।

ਸਦਨ 'ਚ ਲੱਗੇ 'ਈ.ਡੀ.,ਈ.ਡੀ.' ਦੇ ਨਾਅਰੇ

ਬਹੁਮਤ ਸਾਬਤ ਕੀਤੇ ਜਾਣ ਤੋਂ ਬਾਅਦ ਸਦਨ 'ਵਿਚ ਬੋਲਦਿਆਂ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਜਦ ਕੁਝ ਵਿਧਾਇਕ ਵੋਟਿੰਗ ਕਰ ਰਹੇ ਸਨ ਤਾਂ ਵਿਰੋਧੀ ਬੈਂਚਾਂ ਦੇ ਮੈਂਬਰ 'ਈ.ਡੀ., ਈ.ਡੀ.' ਦੇ ਨਾਅਰੇ ਲਗਾ ਰਹੇ ਸਨ। ਫੜਨਵੀਸ ਨੇ ਕਿਹਾ ਕਿ ਇਹ ਸੱਚ ਹੈ ਕਿ ਨਵੀਂ ਸਰਕਾਰ ਈ.ਡੀ. ਦੁਆਰਾ ਬਣਾਈ ਗਈ ਹੈ, ਜਿਸਦਾ ਅਰਥ ਏਕਨਾਥ ਤੇ ਦੇਵੇਂਦਰ ਹੈ। ਉਨ੍ਹਾਂ ਊਧਵ ਠਾਕਰੇ ਦਾ ਨਾਂਅ ਲਏ ਬਗੈਰ ਦਾਅਵਾ ਕੀਤਾ ਕਿ ਮਹਾਰਾਸ਼ਟਰ ਨੇ ਪਿਛਲੇ ਕੁਝ ਸਾਲਾਂ ਵਿਚ ਲੀਡਰਸ਼ਿਪ ਦੀ ਉਪਲਬਧਤਾ ਦੀ ਘਾਟ ਵੇਖੀ ਹੈ ਪਰ ਸਦਨ 'ਚ ਦੋ ਆਗੂ (ਸ਼ਿੰਦੇ ਤੇ ਉਹ ਖ਼ੁਦ) ਹਨ, ਜੋ ਹਮੇਸ਼ਾ ਲੋਕਾਂ ਲਈ ਉਪਲਬਧ ਰਹਿਣਗੇ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਫਿਲਹਾਲ, ਮਹਾਰਾਸ਼ਟਰ ਦੀ ਹਿੰਦੂਤਵਵਾਦੀ ਰਾਜਨੀਤੀ 'ਵਿਚ ਬਾਲ ਠਾਕਰੇ ਦੀ ਸ਼ਿਵ ਸੈਨਾ ਇਤਿਹਾਸ ਬਣਨ ਵੱਲ ਹੈ ਅਤੇ ਭਾਜਪਾ ਇਤਿਹਾਸ ਬਣਾਉਣ ਜਾਂ ਆਪਣੇ ਦਮ 'ਤੇ ਬਹੁਮਤ ਹਾਸਲ ਕਰਨ ਦੀ ਸਥਿਤੀ 'ਵਿਚ ਆ ਚੁੱਕੀ ਹੈ।ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਸਰਕਾਰ ਨੇ ਵਿਧਾਨ ਸਭਾ ਅੰਦਰ ਭਰੋਸੇ ਦਾ ਵੋਟ ਹਾਸਿਲ ਕਰਨ ਵੱਲ ਪਹਿਲੀ ਜਿੱਤ ਦਰਜ ਕਰਵਾ ਦਿੱਤੀ ਹੈ। ਸੂਬੇ ਅੰਦਰ ਨਵੇਂ ਸਿਆਸੀ ਸਮੀਕਰਨ ਬਣਨ ਦੀ ਪ੍ਰਕਿਰਿਆ ਹੋਰ ਅੱਗੇ ਵਧ ਰਹੀ ਹੈ। 288 ਮੈਂਬਰੀ ਵਿਧਾਨ ਸਭਾ ਵਿਚ ਸ਼ਿਵ ਸੈਨਾ ਦੇ ਬਾਗ਼ੀ ਗਰੁੱਪ ਅਤੇ ਭਾਰਤੀ ਜਨਤਾ ਪਾਰਟੀ ਦੇ ਸਪੀਕਰ ਦੇ ਉਮੀਦਵਾਰ ਨੇ 164 ਵੋਟਾਂ ਹਾਸਿਲ ਕਰਕੇ ਮਹਾ ਵਿਕਾਸ ਅਗਾੜੀ ਦੇ ਉਮੀਦਵਾਰ ਨੂੰ ਹਰਾ ਦਿੱਤਾ। ਭਾਜਪਾ ਵਿਧਾਇਕ ਰਾਹੁਲ ਨਰਵੇਕਰ ਸਪੀਕਰ ਬਣੇ ਹਨ ਅਤੇ ਸ਼ਿਵ ਸੈਨਾ ਦੇ ਵਿਧਾਇਕ ਰਾਜਨ ਸਾਹੂ 107 ਵੋਟਾਂ ਹਾਸਿਲ ਕਰ ਕੇ ਚੋਣ ਹਾਰ ਗਏ ਹਨ। ਇਹ ਵੀ ਸਾਬਿਤ ਹੋ ਗਿਆ ਹੈ ਕਿ ਸ਼ਿਵ ਸੈਨਾ ਦੇ ਬਾਗ਼ੀ ਧੜੇ ਨਾਲ 39 ਵਿਧਾਇਕਾਂ ਹਨ। ਸ਼ਿਵ ਸੈਨਾ ਨੇ ਇਸ ਚੋਣ ਉੱਤੇ ਇਤਰਾਜ਼ ਕੀਤਾ ਹੈ, ਪਾਰਟੀ ਦਾ ਕਹਿਣਾ ਹੈ ਕਿ ਉਸ ਨੇ ਇਕ ਦਰਜਨ ਤੋਂ ਵੱਧ ਵਿਧਾਇਕਾਂ ਨੂੰ ਦਲਬਦਲੀ ਵਿਰੋਧੀ ਕਾਨੂੰਨ ਤਹਿਤ ਨੋਟਿਸ ਦਿੱਤਾ ਹੋਇਆ ਹੈ। ਇਨ੍ਹਾਂ ਵਿਧਾਇਕਾਂ ਦੇ ਪਾਰਟੀ ਦੇ ਵ੍ਹਿਪ ਦਾ ਉਲੰਘਣ ਕਰਨ ਕਰ ਕੇ ਮੈਂਬਰਸ਼ਿਪ ਖਾਰਿਜ ਹੋ ਸਕਦੀ ਹੈ।

ਕਾਂਗਰਸ ਨੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਉੱਤੇ ਇਲਜ਼ਾਮ ਲਗਾਇਆ ਹੈ ਕਿ ਸਪੀਕਰ ਦਾ ਅਹੁਦਾ ਲਗਭਗ ਡੇਢ ਸਾਲ ਤੋਂ ਖਾਲੀ ਸੀ ਅਤੇ ਇੰਨੇ ਲੰਮਾ ਸਮੇਂ ਤੱਕ ਚੋਣ ਪ੍ਰਕਿਰਿਆ ਸ਼ੁਰੂ ਕਿਉਂ ਨਹੀਂ ਹੋ ਸਕੀ। ਸਪੀਕਰ ਦਾ ਅਹੁਦਾ ਫਰਵਰੀ 2021 ਵਿਚ ਕਾਂਗਰਸ ਆਗੂ ਨਾਨਾ ਰਟੌਲ ਦੇ ਅਸਤੀਫ਼ਾ ਦੇਣ ਤੋਂ ਪਿੱਛੋਂ ਖਾਲੀ ਹੋਇਆ ਸੀ। ਭਾਜਪਾ ਅਤੇ ਸ਼ਿਵ ਸੈਨਾ ਨੇ ਵਿਧਾਨ ਸਭਾ ਦੀਆਂ ਚੋਣਾਂ ਗੱਠਜੋੜ ਬਣਾ ਕੇ ਲੜੀਆਂ ਸਨ। ਝਗੜਾ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਸ਼ੁਰੂ ਹੋਇਆ ਸੀ। ਭਾਜਪਾ ਜ਼ਿਆਦਾ ਸੀਟਾਂ ਹਾਸਿਲ ਕਰਨ ਕਰਕੇ ਵੱਡੀ ਪਾਰਟੀ ਵਜੋਂ ਮੁੱਖ ਮੰਤਰੀ ਦੇ ਅਹੁਦੇ ਉੱਤੇ ਦਾਅਵਾ ਜਤਾ ਰਹੀ ਸੀ; ਸ਼ਿਵ ਸੈਨਾ ਨੇ ਇਸ ਅਹੁਦੇ ਨੂੰ ਆਪਣੀ ਇੱਜ਼ਤ ਦਾ ਸਵਾਲ ਬਣਾ ਲਿਆ ਸੀ। ਇਸੇ ਦੌਰਾਨ ਨਿਵੇਕਲਾ ਤਜਰਬਾ ਸਾਹਮਣੇ ਆ ਗਿਆ। ਵੱਖ ਵੱਖ ਵਿਚਾਰਧਾਰਾਵਾਂ ਵਾਲੀਆਂ ਕਾਂਗਰਸ, ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਅਤੇ ਸ਼ਿਵ ਸੈਨਾ ਨੇ ਮਹਾ ਵਿਕਾਸ ਅਗਾੜੀ ਮੰਚ ਬਣਾ ਕੇ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੂੰ ਮੁੱਖ ਮੰਤਰੀ ਬਣਾ ਦਿੱਤਾ।

ਭਾਜਪਾ ਉਦੋਂ ਤੋਂ ਹੀ ਸ਼ਿਵ ਸੈਨਾ ਦਾ ਅੰਦਰੂਨੀ ਵਿਵਾਦ ਵਧਣ ਦੀ ਤਾਕ ਵਿਚ ਸੀ। ਹੁਣ ਰਣਨੀਤੀ ਤਹਿਤ ਏਕਨਾਥ ਸ਼ਿੰਦੇ ਦੀ ਅਗਵਾਈ ਵਿਚ ਬਾਗ਼ੀ ਵਿਧਾਇਕਾਂ ਨੂੰ ਪਹਿਲਾਂ ਗੁਜਰਾਤ ਅਤੇ ਫਿਰ ਅਸਾਮ ਵਿਚ ਰੱਖਿਆ ਗਿਆ। ਛੋਟੀ ਧਿਰ ਹੋਣ ਦੇ ਬਾਵਜੂਦ ਮੁੱਖ ਮੰਤਰੀ ਵੀ ਸ਼ਿਵ ਸੈਨਾ ਦੇ ਬਾਗ਼ੀ ਆਗੂ ਨੂੰ ਬਣਾਇਆ ਅਤੇ ਭਾਜਪਾ ਨੇ ਆਪਣੇ ਰਹਿ ਚੁੱਕੇ ਮੁੱਖ ਮੰਤਰੀ ਨੂੰ ਉਪ ਮੁੱਖ ਮੰਤਰੀ ਬਣਨ ਦਾ ਹੁਕਮ ਦੇ ਦਿੱਤਾ। ਇਸੇ ਸਮਝੌਤੇ ਤਹਿਤ ਸਪੀਕਰ ਦਾ ਅਹੁਦਾ ਭਾਜਪਾ ਕੋਲ ਚਲਾ ਗਿਆ। ਹੁਣ ਸਰਕਾਰ ਦੀ ਕਾਰਗੁਜ਼ਾਰੀ ਭਾਜਪਾ ’ਤੇ ਨਿਰਭਰ ਹੈ। ‘ਅਸਲੀ ਸ਼ਿਵ ਸੈਨਾ ਕੌਣ?’ ਵਾਲੀ ਸਿਆਸੀ ਲੜਾਈ ਵੀ ਸ਼ੁਰੂ ਹੋਣ ਦੇ ਆਸਾਰ ਹਨ। ਊਧਵ ਠਾਕਰੇ ਨੇ ਸ਼ਿੰਦੇ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ। ਉਸ ਦੇ ਪੁੱਤਰ ਆਦਿੱਤਿਆ ਠਾਕਰੇ ਦਾ ਇਹ ਕਹਿਣਾ ਜ਼ਮੀਨੀ ਲੜਾਈ ਦਾ ਸੰਕੇਤ ਹੈ ਕਿ ਬਾਗ਼ੀ ਵਿਧਾਇਕ ਸ਼ਿਵ ਸੈਨਿਕਾਂ ਨਾਲ ਅੱਖ ਕਿਸ ਤਰ੍ਹਾਂ ਮਿਲਾਉਣਗੇ? ਖ਼ੈਰ, ਇਕ ਵਾਰ ਤਾਂ ਬਾਜ਼ੀ ਬਾਗੀਆਂ ਦੇ ਹੱਥ ਰਹੀ ਹੈ, ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸ਼ਿਵ ਸੈਨਾ ਦੇ ਅਗਲੇ ਕਦਮ ਕੀ ਹੋਣਗੇ?