ਪ੍ਰਧਾਨ ਮੰਤਰੀ ਦਾ ਵਾਪਸ ਪਰਤਣਾ -  ਤੱਥ ਕੀ ਕਹਿੰਦੇ ਹਨ?

ਪ੍ਰਧਾਨ ਮੰਤਰੀ ਦਾ ਵਾਪਸ ਪਰਤਣਾ -  ਤੱਥ ਕੀ ਕਹਿੰਦੇ ਹਨ?

ਪੰਜਾਬ ਨੂੰ ਵਾਰ ਵਾਰ ਅਸ਼ਾਂਤ ਕਿਹਾ ਜਾ ਰਿਹਾ ਹੈ

ਲੰਘੀ 5 ਜਨਵਰੀ ਨੂੰ ਫਿਰੋਜ਼ਪੁਰ (ਪੰਜਾਬ) ਵਿੱਚ ਭਾਰਤੀ ਜਨਤਾ ਪਾਰਟੀ ਦੀ ਰੈਲੀ ਸੀ ਜਿਸ ਵਿੱਚ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਰਕਤ ਕਰਨੀ ਸੀ ਪਰ ਘੱਲ ਖੁਰਦ ਤਹਿਸੀਲ ਦੇ ਪਿੰਡ ਪਿਆਰੇਆਨਾ ਦੇ ਇੱਕ ਪੁਲ 'ਤੇ ਕਿਸਾਨ ਯੂਨੀਅਨ ਦੇ ਧਰਨੇ ਕਰਕੇ ਪ੍ਰਧਾਨ ਮੰਤਰੀ ਦਾ ਕਾਫਲਾ ਅੱਗੇ ਨਹੀਂ ਜਾ ਸਕਿਆ ਅਤੇ ਓਹਨਾ ਨੇ ਦਿੱਲੀ ਵਾਪਸ ਪਰਤਣ ਦਾ ਫੈਸਲਾ ਲੈ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਰੈਲੀ ਰੱਦ ਕਰਕੇ ਵਾਪਸ ਦਿੱਲੀ ਪਰਤ ਗਏ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਇਸ ਮਸਲੇ ਸਬੰਧੀ ਜਾਂਚ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਮਸਲੇ ਸਬੰਧੀ ਹੋ ਰਹੀ ਚਰਚਾ ਵਿੱਚ ਜਿਆਦਾਤਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਖ਼ਾਮੀਆਂ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਸਿੱਧੇ-ਅਸਿੱਧੇ ਤਰੀਕੇ ਪੰਜਾਬ ਦੇ ਕਿਰਦਾਰ ਉੱਤੇ ਵੀ  ਸਵਾਲੀਆ ਚਿੰਨ੍ਹ ਖੜ੍ਹਾ ਕੀਤਾ ਜਾ ਰਿਹਾ ਹੈ।  

ਅਸੀਂ ਜਾਣਦੇ ਹਾਂ ਕਿ ਤਿੰਨ ਖੇਤੀ ਕਨੂੰਨ ਵਾਪਸ ਲੈਣ ਤੋਂ ਬਾਅਦ ਨਰਿੰਦਰ ਮੋਦੀ ਦੀ ਇਹ ਪਹਿਲੀ ਪੰਜਾਬ ਫੇਰੀ ਸੀ। ਕਾਫੀ ਕਿਸਾਨ ਯੂਨੀਅਨਾਂ ਨੇ ਡੀ.ਸੀ ਦਫਤਰਾਂ ਅੱਗੇ ਧਰਨੇ ਦੇਣ ਦਾ ਐਲਾਨ ਕੀਤਾ ਸੀ ਤਾਂ ਕਿ ਉਹ ਇੱਕ ਸੁਨੇਹਾ ਦੇ ਸਕਣ ਕਿ ਕੇਂਦਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਅਜੇ ਪੂਰੀਆਂ ਨਹੀਂ ਕੀਤੀਆਂ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਹਾਜ਼ ਰਾਹੀਂ ਫਿਰੋਜ਼ਪੁਰ ਜਾਣਾ ਸੀ ਪਰ ਮੀਂਹ ਪੈਣ ਕਾਰਨ ਮੌਸਮ ਠੀਕ ਨਹੀਂ ਸੀ। ਖਬਰਾਂ ਮੁਤਾਬਿਕ ਨਰਿੰਦਰ ਮੋਦੀ ਨੇ ਥੋੜ੍ਹਾ ਸਮਾਂ ਬਠਿੰਡਾ ਇੰਤਜ਼ਾਰ ਕੀਤਾ ਅਤੇ ਫਿਰ ਇਹ ਤੈਅ ਕੀਤਾ ਕਿ ਇੱਥੋਂ ਰੈਲੀ ਲਈ ਸੜਕ ਰਾਹੀਂ ਜਾਣਾ ਹੈ। ਓਧਰ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਕਾਰਕੁੰਨ ਆਪਣੇ ਮਿੱਥੇ ਪ੍ਰੋਗਰਾਮ ਅਨੁਸਾਰ ਫਿਰੋਜ਼ਪੁਰ ਡੀ.ਸੀ ਦਫਤਰ ਵੱਲ ਨੂੰ ਜਾ ਰਹੇ ਸਨ ਪਰ ਉਹਨਾਂ ਨੂੰ ਪੁਲਸ ਨੇ ਰੋਕ ਲਿਆ ਕਿਉਂਕਿ ਪੁਲਸ ਨੂੰ ਇਹ ਲੱਗਿਆ ਕਿ ਇਹ ਰੈਲੀ ਵਾਲੀ ਥਾਂ 'ਤੇ ਨਾ ਚਲੇ ਜਾਣ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਕਾਰਕੁੰਨਾ ਨੇ ਪੁਲਸ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਰੈਲੀ ਵਾਲੀ ਥਾਂ ਨਹੀਂ ਜਾ ਰਹੇ ਪਰ ਪੁਲਸ ਨੇ ਓਹਨਾ ਦਾ ਯਕੀਨ ਨਹੀਂ ਕੀਤਾ ਅਤੇ ਫਿਰੋਜ਼ਪੁਰ ਵੱਲ ਜਾਣ ਤੋਂ ਰੋਕਿਆ ਜਿਸ ਕਰਕੇ ਕਿਸਾਨ ਯੂਨੀਅਨ ਦੇ ਕਾਰਕੁੰਨਾਂ ਨੇ ਓਥੇ ਹੀ ਧਰਨਾ ਦੇ ਦਿੱਤਾ ਅਤੇ ਆਵਾਜਾਈ ਬੰਦ ਕਰ ਦਿੱਤੀ। ਮੁੱਖ ਸੜਕ ਬੰਦ ਹੋਣ ਕਰਕੇ ਰੈਲੀ ਵਿੱਚ ਜਾਣ ਵਾਲੇ ਬੀ.ਜੇ.ਪੀ ਨਾਲ ਸਬੰਧਿਤ ਕਾਰਕੁੰਨਾਂ ਨੂੰ ਹੋਰਨਾਂ ਛੋਟੀਆਂ ਸੜਕਾਂ ਰਾਹੀਂ ਰੈਲੀ ਵਾਲੀ ਥਾਂ 'ਤੇ ਜਾਣਾ ਪਿਆ। ਫਿਰ ਪੁਲਸ ਨੇ ਧਰਨਾ ਦੇ ਰਹੇ ਕਿਸਾਨ ਯੂਨੀਅਨ ਦੇ ਕਾਰਕੁੰਨਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੋਂ ਦੀ ਹੀ ਲੰਘਣਾ ਹੈ, ਤੁਸੀਂ ਇਹ ਸੜਕ ਖਾਲੀ ਕਰ ਦਵੋ। ਇੱਕ ਵੀਡੀਓ ਵੀ ਬਿਜਲ ਸੱਥ (ਸੋਸ਼ਲ ਮੀਡੀਆ) 'ਤੇ ਕਾਫੀ ਘੁੰਮ ਰਹੀ ਹੈ ਜਿਸ ਵਿੱਚ ਧਰਨਾ ਦੇ ਰਹੇ ਯੂਨੀਅਨ ਦੇ ਇੱਕ ਕਾਰਕੁੰਨ (ਵੀਡਿਓ ਜਿਆਦਾ ਸਾਫ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਸਖਸ਼ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਹੈ) ਬੋਲਦਿਆਂ ਕਹਿ ਰਿਹਾ ਹੈ ਕਿ ਸਾਨੂੰ ਪੁਲਸ ਵਾਲੇ ਕਹਿ ਰਹੇ ਹਨ ਕਿ ਸਾਡੀ ਨੌਕਰੀ ਦਾ ਸਵਾਲ ਹੈ ਸੜਕ ਖਾਲੀ ਕਰ ਦੇਵੋ ਕਿਉਂਕਿ ਇੱਥੋਂ ਪ੍ਰਧਾਨ ਮੰਤਰੀ ਨੇ ਲੰਘਣਾ ਹੈ। ਪਰ ਪੱਤਰਕਾਰਾਂ ਮੁਤਾਬਿਕ ਪ੍ਰਧਾਨ ਮੰਤਰੀ ਮੋਦੀ ਤਾਂ ਪਹੁੰਚ ਵੀ ਗਿਆ। ਅਸੀਂ ਇੱਥੋਂ ਨਹੀਂ ਜਾਣਾ।

ਜੇਕਰ ਮੋਦੀ ਨੇ ਲੰਘਣਾ ਹੁੰਦਾ ਤਾਂ ਅਸੀਂ ਆਪਣੇ ਭਰਾਵਾਂ ਦੀ ਨੌਕਰੀ ਲਈ ਜਰੂਰ ਇਹ ਰਾਹ ਖੋਲ੍ਹ ਦਿੰਦੇ। ਅਸਲ ਵਿੱਚ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਕਾਰਕੁੰਨਾਂ ਨੂੰ ਲੱਗਿਆ ਕਿ ਧਰਨਾ ਚੁਕਵਾਉਣ ਦੀ ਇਹ ਪੁਲਸ ਦੀ ਕੋਈ ਰਣਨੀਤੀ ਹੈ।  ਜਿਵੇਂ ਪਹਿਲਾਂ ਪੁਲਸ ਨੇ ਕਿਸਾਨ ਯੂਨੀਅਨ ਵਾਲਿਆਂ ਦਾ ਯਕੀਨ ਨਹੀਂ ਕਰਿਆ, ਠੀਕ ਉਸੇ ਤਰ੍ਹਾਂ ਇਸ ਵਾਰ ਯੂਨੀਅਨ ਵਾਲਿਆਂ ਨੂੰ ਪੁਲਸ ਦਾ ਯਕੀਨ ਨਹੀਂ ਆਇਆ। ਦੂਸਰੇ ਪਾਸੇ ਹੁਣ ਤੱਕ ਇਹ ਗੱਲ ਵੀ ਸਾਫ ਹੋ ਗਈ ਸੀ ਕਿ ਰੈਲੀ ਬੁਰੀ ਤਰ੍ਹਾਂ ਅਸਫਲ ਰਹੀ ਹੈ ਕਿਉਂਕਿ ਬਹੁਤ ਥੋੜ੍ਹੀ ਗਿਣਤੀ ਵਿੱਚ (ਕੁਝ ਸੈਂਕੜੇ) ਹੀ ਲੋਕ ਰੈਲੀ ਵਿੱਚ ਪੁੱਜੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਜਦੋਂ ਧਰਨੇ ਵਾਲੀ ਥਾਂ ਦੇ ਨਜ਼ਦੀਕ ਪੁੱਜਾ ਤਾਂ ਅੱਗੇ ਸੜਕ ਬੰਦ ਹੋਣ ਕਰਕੇ ਕੁਝ ਪਲ ਉੱਥੇ ਰੁਕਿਆ ਅਤੇ ਫਿਰ ਵਾਪਸ ਦਿੱਲੀ ਪਰਤਣ ਦਾ ਨਿਰਣਾ ਕਰ ਲਿਆ। ਏ.ਐਨ.ਆਈ ਨੇ ਇੱਕ ਖਬਰ ਜਨਤਕ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਧੰਨਵਾਦ ਕਹਿਣ ਲਈ ਕਿਹਾ ਹੈ ਕਿ ਮੈਂ ਜਿਉਂਦਾ ਵਾਪਸ ਆ ਸਕਿਆ। ਫਿਰ ਐਮ.ਐੱਚ.ਏ ਵੱਲੋਂ ਬਿਆਨ ਆਉਂਦਾ ਹੈ ਕਿ ਸੁਰੱਖਿਆ ਖ਼ਾਮੀਆਂ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਸਰਕਾਰੀ ਮੀਡੀਆ ਅਤੇ ਬੀ.ਜੇ.ਪੀ ਸਮਰਥਕਾਂ ਨੇ ਪੰਜਾਬ ਖਿਲਾਫ ਆਪਣਾ ਬਿਰਤਾਂਤ ਸਿਰਜਣ ਦੇ ਯਤਨ ਆਰੰਭ ਕਰ ਦਿੱਤੇ ਜਿਸ ਵਿੱਚ ਕਿਸੇ ਵੱਲੋਂ ਪੰਜਾਬ ਨੂੰ ਅਸ਼ਾਂਤ ਕਿਹਾ ਗਿਆ, ਕਿਸੇ ਵੱਲੋਂ 1984 ਦੁਹਰਾਉਣ ਦੀ ਗੱਲ ਕੀਤੀ ਗਈ, ਕੋਈ ਕਹਿ ਰਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਟੰਗ ਦਿਓ ਜਿੰਨਾ ਸਮਾਂ ਉਹ ਮਰਦਾ ਨਹੀਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਸੁਰੱਖਿਆ ਖਾਮੀਆਂ ਦੇ ਰਾਗ ਅਲਾਪਦੇ ਰਹੇ। ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜ਼ੋਰ ਦੇ ਕੇ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਆਪਣੀ ਟਿੱਪਣੀ ਰਾਹੀਂ ਇਸ ਮਸਲੇ ਉੱਤੇ ਚਲਦੀ ਹਵਾ ਦੇ ਉਲਟ ਜਾ ਕੇ ਸੱਚ ਨੂੰ ਛੂਹਣ ਦਾ ਯਤਨ ਕੀਤਾ ਜਦਕਿ ਇਸੇ ਪਾਰਟੀ ਦੇ ਭਗਵੰਤ ਮਾਨ ਵੱਲੋਂ ਸੁਰੱਖਿਆ ਖ਼ਾਮੀਆਂ ਦੀ ਗੱਲ ਉੱਤੇ ਹੀ ਜ਼ੋਰ ਦਿੱਤਾ ਗਿਆ।  

ਪੰਜਾਬ ਨੂੰ ਵਾਰ ਵਾਰ ਅਸ਼ਾਂਤ ਕਿਹਾ ਜਾ ਰਿਹਾ ਹੈ ਜਦਕਿ ਬਾਕੀਆਂ ਸੂਬਿਆਂ ਦੇ ਮੁਕਾਬਲਤਨ ਇਥੇ ਜੁਰਮ ਦੇ ਅੰਕੜੇ ਬਿਲਕੁਲ ਵੱਖਰੀ ਕਹਾਣੀ ਦੱਸਦੇ ਹਨ। ਹਾਲੀਆ ਮਸਲੇ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕਿਸੇ ਨੇ ਵੀ ਕੋਈ ਮਾੜੀ ਸ਼ਬਦਾਬਲੀ ਨਹੀਂ ਵਰਤੀ, ਪ੍ਰਧਾਨ ਮੰਤਰੀ ਦੇ ਸੜਕ ਉੱਤੇ ਫਸ ਜਾਣ ਦੇ ਬਾਵਜ਼ੂਦ ਕੋਈ ਮਾੜਾ ਅਮਲ ਨਹੀਂ ਕੀਤਾ ਅਤੇ ਕਿਸੇ ਭਾਜਪਾ ਸਮਰਥਕ ਨਾਲ ਕੋਈ ਨਜ਼ਾਇਜ਼ ਨਹੀਂ ਕੀਤੀ। ਇਹ ਤੱਥ ਹਨ ਜੋ ਇਸ ਮਸਲੇ ਸਬੰਧੀ ਬਣੀਆਂ ਅਤੇ ਬਣਾਈਆਂ ਜਾ ਰਹੀਆਂ ਧੁੰਦਲੀਆਂ ਤਸਵੀਰਾਂ ਨੂੰ ਸਾਫ ਕਰਦੇ ਹਨ।

 

ਧੰਨਵਾਦ ,

ਮਲਕੀਤ ਸਿੰਘ ਭਵਾਨੀਗੜ੍ਹ

ਸੰਪਾਦਕ, ਅੰਮ੍ਰਿਤਸਰ ਟਾਈਮਜ਼