ਬਦਲਦੇ ਰੂਪਾਂ ਚ ਸੁੰਗੜਦਾ ਵਿਰੋਧ

 

ਮਲਕੀਤ ਸਿੰਘ ਭਵਾਨੀਗੜ੍ਹ 

ਸਮਾਜ ਦੇ ਪ੍ਰਬੰਧ ਨੂੰ ਠੀਕ ਤਰ੍ਹਾਂ ਨਾਲ ਚਲਾਉਣ ਲਈ ਕੁਝ ਵਿਅਕਤੀ ਨਿੱਜੀ ਜਾਂ ਸੰਸਥਾਗਤ ਰੂਪ ਵਿਚ ਜਿੰਮੇਵਾਰ ਹੁੰਦੇ ਹਨ। ਹੁਣ ਦੇ ਸਮੇਂ ਇਹ ਜਿੰਮੇਵਾਰੀ ਵੋਟ ਤੰਤਰ ਰਾਹੀਂ ਚੁਣੇ ਹੋਏ ਅਹੁਦੇਦਾਰ ਅਤੇ ਅਫਸਰਸ਼ਾਹੀ ਸੰਸਥਾਵਾਂ ਸੰਭਾਲ ਰਹੀਆਂ ਨੇ। ਉਹ ਕਿੰਨੀ ਇਮਾਨਦਾਰੀ ਨਾਲ ਇਹ ਕਾਰਜ ਕਰ ਰਹੇ ਨੇ, ਇਸ ਉਤੇ ਗੰਭੀਰ ਪ੍ਰਸ਼ਨ-ਚਿੰਨ੍ਹ ਲੱਗ ਗਏ ਹਨ। ਉਹ ਸਮੇਂ ਸਮੇਂ ‘ਤੇ ਇਸ ਪ੍ਰਬੰਧ ਨੂੰ ਚਲਾਉਣ ਦੇ ਬਹਾਨੇ ਨਾਲ ਇਹਦੇ ਚੋਂ ਕੋਈ ਲਾਹਾ ਲੈਣ ਲਈ ਇਹਦੇ ਚ ਤਬਦੀਲੀਆਂ ਕਰਦੇ ਰਹਿੰਦੇ ਹਨ। ਇਹ ਤਬਦੀਲੀਆਂ ਕਿਸੇ ਦੇ ਹੱਕ ‘ਚ ਜਾ ਭੁਗਤਦੀਆਂ ਨੇ, ਕਿਸੇ ਦੇ ਵਿਰੋਧ ‘ਚ, ਕਿਸੇ ਲਈ ਇਹ ਕੋਈ ਖਾਸ ਮਾਇਨੇ ਨਹੀਂ ਰੱਖਦੀਆਂ ਹੁੰਦੀਆਂ ਤੇ ਕੋਈ ਇਸਦੇ ਨਤੀਜਿਆਂ ਦੇ ਅਹਿਸਾਸ ਤੋਂ ਸੱਖਣਾ ਹੁੰਦਾ ਹੈ। ਜਿੰਨ੍ਹਾਂ ਦੇ ਵਿਰੋਧ ਚ ਭੁਗਤਦੀਆਂ ਹਨ ਉਹਨਾਂ ਵਿਚੋਂ ਕੁਝ ਹਿੱਸਾ ਇਸਦੇ ਵਿਰੋਧ ਚ ਖੜ ਜਾਂਦਾ ਹੈ। ਇਹ ਹਮੇਸ਼ਾ ਹੁੰਦਾ ਆਇਆ ਹੈ ਜਦੋਂ ਵੀ ਪ੍ਰਬੰਧਕ ਬਰਾਬਰਤਾ ਅਤੇ ਸਭ ਦੇ ਭਲੇ ਦੀ ਭਾਵਨਾ ਤੋਂ ਖਾਲੀ ਹੁੰਦੇ ਹਨ ਅਤੇ ਇਹ ਹਮੇਸ਼ਾ ਹੀ ਹੁੰਦਾ ਰਹਿਣਾ ਹੈ ਜਦੋ ਵੀ ਕੋਈ ਬੇਈਮਾਨੀ ਨਾਲ ਇਹ ਪ੍ਰਬੰਧ ਨੂੰ ਚਲਾਉਣ ਦੇ ਅਮਲ ਚ ਹੋਵੇਗਾ। 

 

ਇਹ ਲਾਜ਼ਮੀ ਨਹੀਂ ਹੈ ਕਿ ਵਿਰੋਧ ਬਿਲਕੁਲ ਸ਼ੁੱਧ ਭਾਵਨਾ ਚੋਂ ਹੋਵੇ ਅਤੇ ਇਹ ਵੀ ਲਾਜ਼ਮੀ ਨਹੀਂ ਹੈ ਕਿ ਸ਼ੁੱਧ ਭਾਵਨਾ ਚੋਂ ਹੋ ਰਿਹਾ ਵਿਰੋਧ ਸਹੀ ਤਰੀਕੇ ਹੋਵੇ। ਤਰੀਕਾ ਸਹੀ ਨਾ ਹੋਣ ਦਾ ਇਕ ਕਾਰਨ ਇਹ ਹੈ ਕਿ ਮਨੁੱਖ ਬਦਲਦੇ ਰੂਪਾਂ ਦੇ ਇਸ ਚੱਕਰ ਵਿੱਚ ਸਹੀ ਤਰੀਕੇ ਤੋਂ ਬਹੁਤ ਵਿੱਥ ਬਣਾ ਚੁੱਕਾ ਹੁੰਦਾ ਹੈ, ਤੇ ਹੁਣ ਓਹਨੂੰ ਵਿਰੋਧ ਕਰਨ ਦਾ ਬਦਲਿਆ ਰੂਪ ਵੱਧ ਸਹੀ ਲੱਗ ਰਿਹਾ ਹੁੰਦਾ ਹੈ। ਉਹਨੂੰ ਚਾਹੁੰਦੇ ਹੋਏ ਵੀ ਪਿੱਛੇ ਮੁੜਨਾ ਅਸੰਭਵ ਲੱਗ ਰਿਹਾ ਹੁੰਦਾ ਹੈ ਤੇ ਇਸੇ ਚੱਕਰ ਚ ਇਹ ਵਰਤਾਰਾ ਲਗਾਤਾਰਤਾ ਚ ਚੱਲਦਾ ਰਹਿੰਦਾ ਹੈ। ਵਿਰੋਧ ਸਿਰਫ ਹਾਜ਼ਰੀ ਲਵਾਉਣ ਦਾ ਰਹਿ ਜਾਂਦਾ ਹੈ ਤੇ ਦਿਨ ਪਰ ਦਿਨ ਆਪਣਾ ਰੂਪ ਬਦਲਦਾ ਤੇ ਵਿਗਾੜਦਾ ਜਾਂਦਾ ਹੈ। ਇਸ ਗੱਲ ਦਾ ਅਹਿਸਾਸ ਨਾ ਹੋਣਾ ਇੰਨਾ ਜਿਆਦਾ ਘਾਤਕ ਹੋ ਸਕਦਾ ਹੈ ਕਿ ਇਸਦੇ ਨਤੀਜਿਆਂ ਵਿੱਚ ਸਾਡੀ ਇਮਾਨਦਾਰੀ ਵੀ ਬਹੁਤਾ ਕੋਈ ਯੋਗਦਾਨ ਨਹੀਂ ਪਾ ਸਕੇਗੀ। 

 

ਪੰਜਾਬ ਵਿੱਚ ਕਿਸੇ ਵੇਲੇ ਮਾੜੇ ਪ੍ਰਬੰਧਾਂ ਦੇ ਵਿਰੋਧ ‘ਚ ਖੜ੍ਹਨ ਵਾਲੇ ਦੋ ਹੀ ਰਸਤੇ ਵੇਖਦੇ ਸਨ ਕਿ ਜਾਂ ਤਾਂ ਉਹ ਫੈਸਲਾ ਦਰੁੱਸਤ ਹੋਵੇਗਾ ਜਿਸ ਤੇ ਵਿਰੋਧ ਕੀਤਾ ਜਾ ਰਿਹਾ ਹੈ ਜਾਂ ਇਹ ਜਿੰਦ ਇਸ ਸੰਘਰਸ਼ ਦੇ ਲੇਖੇ ਲੱਗ ਜਾਵੇਗੀ। ਹੌਲੀ ਹੌਲੀ ਅਸੀਂ ਸਮਿਆਂ ਦੀ ਵਾਟ ਮੁਕਾਉਂਦੇ ਗਏ, ਵਿਰੋਧ ਕਰਨ ਦੇ ਰੂਪ ਬਦਲਦੇ ਗਏ (ਇਹ ਸਿਲਸਲਾ ਹਜੇ ਵੀ ਜਾਰੀ ਹੈ) ਅਤੇ ਅਸੀਂ ਜਾਣੇ ਅਣਜਾਣੇ ਚ ਰਸਤੇ ਵੀ ਹੋਰ ਹੀ ਵੇਖਣ ਲੱਗ ਪਏ। ਅਹਿਮ ਗੱਲ ਇਹ ਹੈ ਕਿ ਕੁਝ ਅਜਿਹੇ ਮਸਲੇ ਹਨ ਜਿੰਨ੍ਹਾਂ ਤੇ ਕਿਸੇ ਵੇਲੇ ਸਾਡੇ ਵਡੇਰੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਕਿਉਂਕਿ ਓੁਦੋ ਉਹ ਮਸਲੇ ਸਿਰਫ ਅਣਖ ਦੇ ਸਨ ਤੇ ਹੁਣ ਓਹੀ ਮਸਲੇ ਜਦੋਂ ਸਾਡੇ ਜਿਉਂਦੇ ਰਹਿਣ ਦਾ ਸਵਾਲ ਤੱਕ ਬਣ ਗਏ ਤਾਂ ਸਾਨੂੰ ਵਿਰੋਧ/ਸੰਘਰਸ਼ ਕਰਨ ਦਾ ਤਰੀਕਾ ਨਹੀਂ ਆ ਰਿਹਾ। ਹੌਲੀ ਹੌਲੀ ਵਿਰੋਧ ਦਾ ਬਦਲਦਾ ਤੇ ਵਿਗੜਦਾ ਹੋਇਆ ਰੂਪ ਮਾੜੇ ਪ੍ਰਬੰਧ ਦਾ ਫੈਸਲਾ ਦਰੁੱਸਤ ਕਰਾਉਣ ਦੀ ਬਜਾਏ ਪ੍ਰਬੰਧਕਾਂ/ਜਿੰਮੇਵਾਰਾਂ ਤੋਂ ਸਿਰਫ ਭਰੋਸਾ ਦੇਣ ਤੇ ਹੀ ਦਮ ਤੋੜਨ ਲੱਗ ਪਿਆ ਸੀ ਜੋ ਹੁਣ ਇੰਨਾ ਵਿਗੜ ਅਤੇ ਸੁੰਗੜ ਗਿਆ ਹੈ ਕਿ ਸਾਨੂੰ ਸਿਰਫ ਆਪਣੀ ਗੱਲ ਰੱਖਣ ਦਾ ਸਮਾਂ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਇੰਨਾ ਹੀ ਹੋ ਜਾਣਾ ਸਾਨੂੰ ਸ਼ਾਇਦ ਫਤਿਹ ਲਗਦੀ ਹੈ, ਸ਼ਾਇਦ ਆਪਣੀ ਜਿੰਮੇਵਾਰੀ ਲਗਦੀ ਹੈ ਜਾ ਸ਼ਾਇਦ ਕੁਝ ਹੋਰ। ਪਰ ਜੋ ਵੀ ਲਗਦਾ ਹੈ, ਜੇਕਰ ਓਹਦੇ ਨਾਲ ਕਿਸੇ ਹੌਸਲੇ ‘ਚ ਹਾਂ ਤਾਂ ਯਕੀਨਨ ਗੜਬੜ ਬਹੁਤ ਵੱਡੀ ਹੈ ਜਿਸ ਨੂੰ ਵੇਲੇ ਸਿਰ ਬੈਠ ਕੇ ਵਿਚਾਰ ਲੈਣਾ ਚਾਹੀਦਾ ਹੈ। 

 

ਵਿਰੋਧ ਮਹਿਜ ਇਕ ਹਾਜਰੀ ਨਹੀਂ, ਵਿਰੋਧ ਸਾਡੀ ਹਸਤੀ ਦੱਸਦਾ ਹੈ ਜੋ ਆਉਂਦੀਆਂ ਨਸਲਾਂ ਪੜ੍ਹਦੀਆਂ/ਸੁਣਦੀਆਂ ਹਨ ਤੇ ਸਾਨੂੰ ਸਾਡੇ ਇਹ ਵਰਤਾਰੇ ਲਈ ਬਣਦੀ ਥਾਂ ਦਿੰਦੀਆਂ ਹਨ। ਇਹ ਗੱਲਾਂ ਇੱਥੇ ਹੀ ਨਹੀਂ ਰਹਿ ਜਾਣੀਆਂ ਹੁੰਦੀਆਂ ਇਹ ਤਵਾਰੀਖ ਦੇ ਪੰਨਿਆਂ ਤੇ ਆਪਣੇ ਹਸਤਾਖਸ਼ਰ ਕਰ ਜਾਂਦੀਆਂ ਹਨ। ਇਹ ਮੋੜਾ ਅਸੀਂ ਇਕੋ ਦਮ ਤੇ ਕੱਟਿਆ ਨਹੀਂ ਤਾਂ ਯਕੀਨਨ ਹੀ ਇਕੋ ਦਮ ਪਰਤਣ ਦੀ ਸੰਭਵਨਾ ਵੀ ਬਹੁਤ ਥੋੜੀ ਹੈ। ਪਰ ਪਰਤਣਾ ਕਿੱਥੇ ਤੇ ਕਿਉਂ ਹੈ? ਇਹ ਇਲਮ ਹੋਣਾ ਲਾਜਮੀ ਹੈ। ਸਮੇਂ ਨੇ ਹਮੇਸ਼ਾ ਹੀ ਬਦਲਦੇ ਰਹਿਣਾ ਹੈ, ਬਦਲਦੇ ਸਮੇਂ ਚ ਸਾਡੇ ਰਹਿਣ ਸਹਿਣ ਤੇ ਵਿਹਾਰਕ ਪੱਖ ਵੀ ਬਦਲਦੇ ਰਹਿਣਗੇ, ਪਰ ਕੁਝ ਚੀਜ਼ਾਂ ਦਾ ਬਦਲਣਾ ਜਦ ਸਾਡੇ ਆਪੇ ਦੀ ਪਹਿਚਾਣ ਬਦਲ ਦਿੰਦਾ ਹੈ ਤਾਂ ਉਹ ਸਾਨੂੰ ਸਾਡੀ ਅਸਲੀਅਤ ਤੋਂ ਬਹੁਤ ਦੂਰ ਲੈ ਜਾਂਦਾ ਹੈ। ਅਸੀਂ ਜਿਸ ਪਾਸਿਓਂ ਵੀ ਕਿਸੇ ਬੇਈਮਾਨੀ ਦੇ ਵਿਰੋਧ ‘ਚ ਅਤੇ ਹੱਕ ਸੱਚ ਦੀ ਲੜਾਈ ‘ਚ ਹਾਂ, ਸਾਡਾ ਮੁੱਢਲਾ ਫਰਜ਼ ਹੈ ਸਾਡੀ ਇਮਾਨਦਾਰੀ ਤੇ ਸਾਡਾ ਉਸ ਕਾਰਜ ਅਤੇ ਓਹਦੇ ਤਰੀਕੇ ਪ੍ਰਤੀ ਅਹਿਸਾਸ, ਫਿਰ ਹੀ ਅਸੀਂ ਇਸ ਸੁੰਗੜ ਰਹੇ ਵਿਰੋਧ ਦੇ ਚੱਕਰ ਚੋਂ ਬਾਹਰ ਖੜ ਕੇ ਸੋਚ ਸਕਾਂਗੇ, ਕੋਈ ਅਮਲ ਕਰ ਸਕਾਂਗੇ ਅਤੇ ਅਗਲੀਆਂ ਨਸਲਾਂ ਲਈ ਆਪਣੇ ਜਿਉਂਦੇ ਜਾਗਦੇ ਹੋਣ ਦਾ ਸਬੂਤ ਛੱਡ ਸਕਾਂਗੇ। ਹੱਕ ਸੱਚ ਦੇ ਪਾਂਧੀ ਦਾ ਬੇਈਮਾਨਾਂ ਨਾਲ ਸੰਘਰਸ਼ ਹਮੇਸ਼ਾ ਹੀ ਰਹਿਣਾ ਹੈ ਪਰ ਸਾਨੂੰ ਇਹ ਜਰੂਰ ਵਿਚਾਰ ਲੈਣਾ ਚਾਹੀਦਾ ਹੈ ਕਿ ਇਹ ਬਦਲਦਾ ਸਮਾਂ ਸਾਡੇ ਤਰੀਕਿਆਂ ਨੂੰ ਆਪਣੀ ਲਪੇਟ ਚ ਲੈ ਕੇ ਸਾਡੇ ਵਿਰੋਧ ਨੂੰ ਹਮੇਸ਼ਾ ਲਈ ਹੀ ਬਿਨ ਸਾਹਾਂ ਦੀ ਲਾਸ਼ ਨਾ ਕਰ ਦਵੇ।