ਸ਼ਾਹ ਮੁਹੰਮਦਾ ਓਸ ਤੋਂ ਸਦਾ ਡਰੀਏ, ਬਾਦਸ਼ਾਹਾਂ ਥੀਂ ਭੀਖ ਮੰਗਾਵਦਾ ਈ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੇਵੀਂ ਜੋਤ ਵੱਲੋਂ ਉਸਾਰੇ ਅਕਾਲ ਤਖ਼ਤ ਸਾਹਿਬ ’ਤੇ ਇੱਕ ਵੱਡਾ ਫ਼ੈਸਲਾ ਹੋਇਆ ਹੈ।
ਬੀਤੇ ਦਿਨ ਦੁਨੀਆਂ ਨੇ ਹੰਕਾਰ ਨਾਲ ਭਰੇ ਮਹਾਰਥੀ ਤੇ ਆਪਣੇ ਆਪ ਨੂੰ ਰਾਜੇ ਮਹਾਰਾਜੇ ਕਹਾਉਣ ਵਾਲੇ ਹੱਥ ਬੰਨੀਂ ਖੜੇ ਦੇਖੇ ਸਨ। ਉਹ ਲੋਕ ਨਿਮਾਣੇ ਬਣ ਕੇ ਖਲੋਤੇ ਸਨ, ਜਿਹਨਾਂ ਨੇ ਸਿੱਖ ਕੌਮ ਤੱਕ ਨੂੰ ਵੇਚਿਆ, ਬਹੁਤ ਕੁਝ ਵੱਟਿਆ ਤੇ ਕੁੱਝ ਘੜੀਆਂ ਦੇ ਵਿੱਚ ਸਭ ਕੁਝ ਮਿੱਟੀ ਹੁੰਦਾ ਵੇਖਿਆ ਗਿਆ। ਤਿੰਨ ਕਰੋੜ ਲੋਕਾਂ ਨੂੰ ਆਪਣੀ ਵੱਖੀ ਵਾਲੀ ਜੇਬ ਵਿੱਚ ਸਮਝਣ ਵਾਲੇ ਲੱਖੋਂ ਕੱਖ ਹੁੰਦੇ ਦੇਖੇ ਗਏ। ਕੁਝ ਵੀ ਹੋਵੇ ਅਕਾਲੀ ਦਲ ਦੇ ਲਈ ਇਹ ਇੱਕ ਬੜੀ ਔਖੀ ਘੜੀ ਸੀ। ਮੰਨਿਆ ਕਿ ਲੋਕਾਂ ਦੇ ਵਿੱਚ ਇਹਨਾਂ ਨੂੰ ਢੀਠਤਾ ਦਾ ਖ਼ਿਤਾਬ ਦਿੱਤਾ ਗਿਆ ਪਰ ਇਹ ਵਕਤ ਬਹੁਤ ਦੁਖਦਾਈ ਹੋਵੇਗਾ ਬਾਦਲ ਪਰਿਵਾਰ ਦੇ ਲਈ। ਸੱਤਾ ਵਿੱਚ ਜੰਮੇ ਤੇ ਪਲੇ ਨੇ ਆਪਣੇ ਹੱਥੀਂ ਸੱਤਾ ਖਿਸਕਾ ਲਈ। ਸਾਲਾਂ ਵਿੱਚ ਪਿਓ ਪੁੱਤਾਂ ਦਾ ਨਕਾਬ ਚੜਾ ਕੇ ਉਸਾਰਿਆ ਰੁਤਬਾ ਜਥੇਦਾਰ ਸਾਹਿਬਾਨ ਦੇ ਹਰ ਇੱਕ ਸਵਾਲ ਦੇ ਨਾਲ ਤਹਿਸ ਨਹਿਸ ਹੁੰਦਾ ਦਿਖਿਆ। ਦੂਜੇ ਪਾਸੇ ਸੋਚੀਏ ਤਾਂ ਬੜੀ ਹਿੰਮਤ ਚਾਹੀਦੀ ਹੈ ਗੁਨਾਹ ਕਬੂਲਣ ਦੀ, ਤਾਂ ਉਹ ਹਿੰਮਤ ਸੁਖਬੀਰ ਬਾਦਲ ਨੇ ਵਿਖਾਈ। ਭਾਵੇਂ ਕਿ ਉਸ ਨੂੰ ਪਤਾ ਸੀ ਕਿ ਉਹ ਦੁਨੀਆਂ ਸਾਹਮਣੇ ਮਜ਼ਾਕ ਦਾ ਪਾਤਰ ਬਣ ਕੇ ਰਹਿ ਜਾਵੇਗਾ। ਫਖ਼ਰ-ਏ-ਕੌਮ ਐਵਾਰਡ ਵਾਪਸ ਲੈ ਕੇ ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਕੈਰੀਅਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਜ਼ੀਰੋ ਕਰ ਦਿੱਤਾ। ਗਿਆਨੀ ਰਘਬੀਰ ਸਿੰਘ ਨੇ ਬੜੀ ਮਹੱਤਵਪੂਰਨ ਗੱਲ ਕਹੀ ਕਿ ‘‘ਮਰਿਆਦਾ ਬਚਾਉਣ ਵਾਲਿਆਂ ਨੇ ਮਰਿਆਦਾ ’ਤੇ ਅਟੈਕ ਕੀਤਾ।’’ ਸੋ ਸੱਚ ਵੀ ਹੈ ਕਿ ਏਡੇ ਵੱਡੇ ਗੁਨਾਹ ਦੀ ਮੁਆਫ਼ੀ ਨਹੀਂ ਹੁੰਦੀ। ਸਿਆਸੀ ਬ੍ਰਿਤਾਂਤ ਤੋਂ ਇਹ ਪਰਿਵਾਰ ਬਾਹਰ ਹੋ ਗਿਆ। ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਦੁੱਖ ਦੀ ਘੜੀ ਦੇ ਵਿੱਚ ਆਪਣੇ ਵੀ ਸਾਥ ਛੱਡ ਜਾਂਦੇ ਨੇ। ਠੀਕ ਉਸੇ ਤਰ੍ਹਾਂ ਹੀ ਬਿਕਰਮ ਸਿੰਘ ਮਜੀਠੀਆ ਵੱਲੋਂ ਇਹ ਕਹਿਣਾ ਕਿ ‘ਮੈਂ ਇਨ੍ਹਾਂ ਘਟਨਾਵਾਂ ਵਿੱਚ ਸ਼ਾਮਲ ਨਹੀਂ ਸੀ ਪਰ ਇੱਥੇ ਮੈਂ ਗਲਤ ਹਾਂ ਕਿ ਮੈਂ ਹਾਅ ਦਾ ਨਾਅਰਾ ਨਹੀਂ ਮਾਰਿਆ।’ ਇਸ ਔਖੀ ਘੜੀ ਵਿੱਚ ਅਕਾਲੀ ਦਲ ਦਾ ਮਜ਼ਬੂਤ ਚਿਹਰਾ ਇਹ ਗੱਲ ਕਹਿ ਕੇ ਆਪਣੇ ਆਪ ਨੂੰ ਵੱਖ ਕਰ ਗਿਆ। ਮੁੱਕਦੀ ਗੱਲ ਬਦ-ਦੁਆਵਾਂ ਨੇ ਅਕਾਲੀਆਂ ਨੂੰ ਗੋਡਿਆਂ ਭਾਰ ਕਰ ਦਿੱਤਾ।
ਸੁਖਬੀਰ ਬਾਦਲ ਦੇ ਬੈਂਡ ਨਾਲ ਪੀਪਣੀਆਂ ਵਜਾਉਣ ਵਾਲੇ ਇਹ ਕਹਿ ਕੇ ਪੱਲਾ ਝਾੜ ਗਏ ਕਿ ਅਸੀਂ ਗੁਨਾਹਾਂ ਦੇ ਹਿੱਸੇਦਾਰ ਨਹੀਂ ਪਰ ਸੋਚਣ ਵਾਲੀ ਗੱਲ ਹੈ ਕਿ ਜੇ ਸੁਰ ਮਿਲਦੀ ਸੀ ਤਾਂ ਹੀ ਨਿੱਭਦੀ ਰਹੀ। ਕਿਰਦਾਰ ਦੇ ਵਿੱਚ ਸਾਂਵਾਂਪਣ ਸੀ ਤਾਂ ਹੀ ਤਾਂ ਚੁੱਪ ਰਹਿ ਕੇ ਹਮਾਇਤ ਕਰਦੇ ਰਹੇ। ਕੁਝ ਸਮੇਂ ਪਹਿਲਾਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਇੱਕ ਵੀਡੀਓ ਬਹੁਤ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਕਹਿੰਦੇ ਦਿਖਾਈ ਦਿੰਦੇ ਹਨ ਕਿ ਜਿੰਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਨੇ, ਉਹਨਾਂ ਦਾ ਕੱਖ ਨਾ ਰਹੇ। ਸੱਚ ਹੀ ਅੱਜ ਅਕਾਲੀ ਪਾਰਟੀ ਕੱਖੋਂ ਹੌਲ਼ੀ ਹੋ ਕੇ ਬੈਠੀ ਹੈ। ਲੋਕਾਂ ਦੀਆਂ ਭਾਵਨਾਵਾਂ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੀਆਂ ਨੇ, ਸੋ ਅਕਾਲ ਤਖ਼ਤ ਸਾਹਿਬ ਵੱਲੋਂ ਮਿਲੀ ਸਜ਼ਾ ਅਕਾਲੀਆਂ ਨੇ ਨੀਵੇਂ ਹੋ ਕੇ ਪ੍ਰਵਾਨ ਕਰ ਲਈ ਹੈ। ਵੱਡਾ ਸਵਾਲ ਜਥੇਦਾਰ ਸਾਹਿਬਾਨ ’ਤੇ ਉਠਦਾ ਆ ਰਿਹਾ ਸੀ ਕਿਉਂਕਿ ਜਥੇਦਾਰਾਂ ਦੇ ਕੋਲ ਚੋਣ ਇਹ ਸੀ ਕਿ ਜਾਂ ਤਾਂ ਉਹ ਅਕਾਲੀ ਫ਼ੂਲਾ ਸਿੰਘ ਬਣਦੇ ਜਾਂ ਗਿਆਨੀ ਗੁਰਬਚਨ ਸਿੰਘ। ਸੋ ਉਨ੍ਹਾਂ ਨੇ ਅਜਿਹਾ ਰਸਤਾ ਚੁਣਿਆ ਜੋ ਇਤਿਹਾਸ ਦੇ ਵਿੱਚ ਦਰਜ ਹੋਵੇਗਾ। ਜਥੇਦਾਰ ਸਾਹਿਬਾਨ ਨੇ ਬਾਦਲਾਂ ਦੇ ਮੱਕੜਜਾਲ ਦੇ ਵਿਚੋਂ ਨਿੱਕਲ ਕੇ ਫ਼ੈਸਲਾ ਲਿਆ ਤੇ ਇਹ ਸਾਬਿਤ ਕਰ ਦਿੱਤਾ ਕਿ ਅਕਾਲ ਤਖ਼ਤ ਸਾਹਿਬ ਇਸ ਦੁਨੀਆਂ ਤੋਂ ਜਾ ਚੁੱਕੇ ਲੋਕਾਂ ਦੇ ਲਈ ਵੀ ਫ਼ੈਸਲਾ ਲੈ ਸਕਦਾ ਹੈ। ਜਥੇਦਾਰ ਸਾਹਿਬਾਨ ਦੇ ਫ਼ੈਸਲੇ ਨੂੰ ਤਕਰੀਬਨ 60-70 ਫ਼ੀਸਦੀ ਲੋਕਾਂ ਨੇ ਕਬੂਲ ਕੀਤਾ ਹੈ ਪਰ ਕੁਝ ਲੋਕਾਂ ਨੇ ਇਸ ਫ਼ੈਸਲੇ ਦੀ ਨਿੰਦਿਆ ਵੀ ਕੀਤੀ ਹੈ। ਨਿੰਦਿਆਂ ਕਰਨ ਵਾਲੇ ਉਹ ਲੋਕ ਨੇ ਜੋ ਜ਼ਾਤੀ, ਇਖ਼ਲਾਕੀ, ਸਿਆਸੀ ਤੌਰ ’ਤੇ ਬਾਦਲ ਪਰਿਵਾਰ ਦੇ ਨਾਲ ਰੰਜਸ਼ ਰੱਖਦੇ ਨੇ ਕਿਉਂਕਿ ਸਿੱਖ ਧਰਮ ਵਾਲੇ ਹਰੇਕ ਇਨਸਾਨ ਨੂੰ ਮਰਿਆਦਾ ਦਾ ਪਤਾ ਹੈ ਕਿ ਅਕਾਲ ਤਖ਼ਤ ਬਖ਼ਸ਼ੰਦ ਤਖ਼ਤ ਹੈ। ਇਥੇ ਝੁੱਕ ਕੇ ਆਉਣ ਵਾਲੇ ਲਈ ਦੇਗ਼ ਹੈ ਤੇ ਚੜ੍ਹ ਕੇ ਆਉਣ ਵਾਲੇ ਲਈ ਤੇਗ਼ ਹੈ।
ਆਰ.ਐਸ.ਐਸ. ਦੇ ਇੱਕ ਵਰਕਰ ਨੇ ਟਿੱਪਣੀ ਕੀਤੀ ਕਿ ਜਥੇਦਾਰ ਸਾਹਿਬਾਨ ਦਾ ਫ਼ੈਸਲਾ ਠੀਕ ਨਹੀਂ ਕਿਉਂਕਿ ਵਿਰਸਾ ਸਿੰਘ ਵਲਟੋਹਾ ਨੂੰ ਦਸ ਸਾਲਾਂ ਤੱਕ ਦੀ ਸਜ਼ਾ ਦਿੱਤੀ ਗਈ ਸੀ ਪਰ ਸੁਖਬੀਰ ਬਾਦਲ ਨੂੰ ਕਿਉਂ ਨਹੀਂ? ਸੋ ਮਰਿਆਦਾ ਦਾ ਜੇ ਪਤਾ ਨਾ ਹੋਵੇ ਤਾਂ ਗੱਲ ਕਰਨੀ ਜਚਦੀ ਨਹੀਂ। ਭਲੇ ਮਾਣਸੋ, ਵਿਰਸਾ ਸਿੰਘ ਵਲਟੋਹਾ ਨੇ ਤਾਂ ਜਥੇਦਾਰ ਸਾਹਿਬਾਨ ਨੂੰ ਜਾ ਕੇ ਧਮਕੀਆਂ ਦਿੱਤੀਆਂ ਸਨ। ਖੰਡਾ ਖੜਕਾਉਣ ਦੀ ਗੱਲ ਕੀਤੀ ਸੀ ਪਰ ਸੁਖਬੀਰ ਬਾਦਲ ਸ਼ਰਾਫ਼ਤ ਦੇ ਨਾਲ ਤੇ ਨਿਮਾਣਾ ਸਿੱਖ ਬਣਕੇ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਵਿੱਚ ਗਿਆ ਸੀ। ਸੋ ਬਖ਼ਸ਼ੰਦ ਤਖ਼ਤ ’ਤੇ ਬਖ਼ਸ਼ਿਆ ਜਾਂਦਾ ਹੈ, ਇਹ ਸਭ ਨੂੰ ਸਮਝ ਲੈਣਾ ਚਾਹੀਦਾ ਹੈ। ਰਾਜ ਨਹੀਂ ਸੇਵਾ ਸਲੋਗਨ ਵਾਲੇ ਅੱਜ ਕੱਲ੍ਹ ਸੱਚ ’ਚ ਹੀ ਸੇਵਾਦਾਰ ਬਣੇ ਹੋਏ ਨੇ। ਟਿੱਕਟੂ ਭਾਈਚਾਰਾ ਉਹਨਾਂ ਦੇ ਆਲ਼ੇ ਦੁਆਲੇ ਖੜਾ ਹੈ, ਉਹਨਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਕਿ ਅਕਾਲੀ ਦਲ ਹੁਣ ਭੰਗ ਹੈ ਪਰ ਫੇਰ ਵੀ ਸਰਕਾਰੀ ਝੂਟੇ ਮਾਟੇ ਲੈਣ ਦੀ ਆਸ ਬੰਨ੍ਹੀਂ ਇੱਕ ਲੱਤ ’ਤੇ ਖੜੇ ਹਨ। ਕਹਿੰਦੇ ਨੇ ਕਿ ਜਦੋਂ ਨਵਾਬ ਕਪੂਰ ਸਿੰਘ ਨੂੰ ਨਵਾਬੀ ਬਖ਼ਸ਼ੀ ਗਈ ਤਾਂ ਕਪੂਰ ਸਿੰਘ ਨੇ ਕਿਹਾ ਕਿ ਨਹੀਂ ਜੀ, ਮੈਂ ਤਾਂ ਸੇਵਾਦਾਰ ਹੀ ਠੀਕ ਹਾਂ। ਪਰ ਉਹਨਾਂ ਨੂੰ ਕਿਹਾ ਕਿ ਨਵਾਬ ਸਾਹਿਬ ਫ਼ੈਸਲਾ ਹੋ ਗਿਆ ਹੈ ਸੰਗਤ ਦਾ।
ਨਵਾਬ ਕਪੂਰ ਸਿੰਘ ਨੇ ਆਖਿਆ ਕਿ ਜੇ ਸੰਗਤ ਨੇ ਫ਼ੈਸਲਾ ਕੀਤਾ ਹੈ ਤਾਂ ਇੱਕ ਸ਼ਰਤ ’ਤੇ ਮੈਨੂੰ ਮਨਜ਼ੂਰ ਹੈ ਕਿ ਘੋੜਿਆਂ ਦੀ ਲਿੱਦ ਮੈਂ ਹੀ ਚੁੱਕਿਆ ਕਰਾਂਗਾ ਤਾਂ ਕਿ ਨਵਾਬੀ ਦਾ ਹੰਕਾਰ ਨਾ ਆਵੇ। ਇਹ ਹੁੰਦੇ ਨੇ ਸਿੱਖੀ ਦੇ ਵਿੱਚ ਕਿਰਦਾਰ। ਪਰ ਅੱਜ ਦੇ ਕਿਰਦਾਰ ਤਾਂ ਛੋਟੇ ਜਿਹੇ ਅਹੁਦੇ ਪਿੱਛੇ ਵੱਡੇ ਤੋਂ ਵੱਡਾ ਗੁਨਾਹ ਕਰਨ ਤੋਂ ਵੀ ਨਹੀਂ ਟਲ਼ਦੇ। ਸੁਖਬੀਰ ਬਾਦਲ ਦੀ ਸਿਕਿਓਰਟੀ ਪਿੱਛੇ ਲੋਕਾਂ ਨੇ ਸਵਾਲ ਉਠਾਏ ਸੀ। ਸਿਕਿਓਰਟੀ ਦੇ ਬਾਵਜੂਦ ਵੀ ਸੁਖਬੀਰ ਬਾਦਲ ’ਤੇ ਹਮਲੇ ਦੀਆਂ ਖ਼ਬਰਾਂ ਸੁਣਨ ਨੂੰ ਮਿਲੀਆਂ ਭਾਵੇਂ ਕਿ ਇਸ ਨੂੰ ਵੱਖ- ਵੱਖ ਨਜ਼ਰੀਏ ਦੇ ਨਾਲ ਵੇਖਿਆ ਜਾ ਰਿਹਾ ਹੈ। ਕੁੱਲ ਮਿਲਾ ਕੇ ਤਨਖ਼ਾਹੀਆਂ ਨੇ ਕੈਮਰੇ ਪੱਕੇ ਆਪਣੇ ਆਪ ’ਤੇ ਫਿੱਟ ਕੀਤੇ ਹੋਏ ਨੇ। ਸਾਫ਼ ਭਾਂਡਿਆਂ ਨੂੰ ਦੁਬਾਰਾ ਸਾਫ਼ ਕੀਤਾ ਜਾ ਰਿਹਾ ਹੈ। ਸਾਫ਼ ਬਾਥਰੂਮਾਂ ਵਿੱਚ ਚਾਰ- ਚਾਰ ਤਨਖ਼ਾਹੀਏ ਸਫ਼ਾਈਆਂ ਕਰ ਰਹੇ ਨੇ। ਪਰ ਕੁਝ ਵੀ ਹੈ ਇਤਿਹਾਸ ਦੇ ਵਿੱਚ ਤੇ ਲੋਕਾਂ ਦੇ ਵਿੱਚ ਇਹ ਧਾਰਨਾ ਜ਼ਰੂਰ ਜਾਵੇਗੀ ਕਿ ਇੱਕ ਪੂਰੀ ਕੈਬਨਿਟ ਨੇ ਬੱਜਰ ਗੁਨਾਹ ਕੀਤਾ ਸੀ ਤੇ ਉਹਨਾਂ ਤੋਂ ਬਾਥਰੂਮ ਸਾਫ਼ ਕਰਵਾਏ ਗਏ। ਇਹ ਤਾਂ ਹੋ ਗਈ ਪਹਿਲੇ ਪਹਿਲੂ ਦੀ ਗੱਲ। ਦੂਜਾ ਪਹਿਲੂ ਸੁਖਬੀਰ ਬਾਦਲ ਦੇ ਲਈ ਬਹੁਤ ਔਖਾ ਹੋਵੇਗਾ। ਆਉਂਦੇ ਛੇ ਮਹੀਨੇ ਪੰਜਾਬ ਤੇ ਪੰਥ ਦੀ ਹਿਸਟਰੀ ਤੈਅ ਕਰਨਗੇ ਕਿ ਕਿਹੜੀ ਦਿਸ਼ਾ ਦੇ ਵਿੱਚ ਚੱਲਣਾ ਹੈ। ਇਹ ਪਹਿਲੂ ਦੁਖ਼ਦਾਈ ਹੋਵੇਗਾ। ਅਸੀਂ ਪਹਿਲਾਂ ਵੀ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਵਰਗਾ ਸਿਆਸਤ ਦਾ ਬੋਹੜ ਹਾਲੇ ਸੁਖਬੀਰ ਬਾਦਲ ਨਹੀਂ ਹੋਇਆ। ਪ੍ਰਕਾਸ਼ ਸਿੰਘ ਬਾਦਲ ਐਸਾ ਹੰਢਿਆ, ਘੁੰਡੀਬਾਜ਼ ਤੇ ਪੈਂਤੜੇਬਾਜ਼ ਸਿਆਸਤਦਾਨ ਸੀ ਜਿਸ ਨੇ ਆਪਣੇ ਸਿਆਸੀ ਬੋਹੜ ਥੱਲੇ ਕੋਈ ਬੂਟਾ ਉੱਗਣ ਨਹੀਂ ਸੀ ਦਿੱਤਾ ਪਰ ਸੁਖਬੀਰ ਬਾਦਲ ਉਹ ਬੋਹੜ ਹੈ ਜਿਸ ਨੂੰ ਬਹੁਤ ਸਾਰੇ ਬੂਟਿਆਂ ਨੇ ਜਕੜ ਕੇ ਅਮਰਵੇਲ ਵਾਂਗੂੰ ਸੁਕਾ ਦਿੱਤਾ ਹੈ। ਜੇ ਫੇਰ ਪੈਰਾਂ ਸਿਰ ਆਉਣਾ ਚਾਹੇ ਤਾਂ ਸੁਖਬੀਰ ਬਾਦਲ ਨੂੰ ਆਪਣੇ ਪਿਤਾ ਦੀਆਂ ਬਹੁਤ ਸਾਰੀਆਂ ਰਮਜ਼ਾਂ ਜਾਂ ਖ਼ਾਸ ਗੁਣਾਂ ਨੂੰ ਅਪਣਾਉਣਾ ਪਵੇਗਾ ਜਿਵੇਂ ਕਿ ਵੱਡੇ ਬਾਦਲ ਹਾਰ ਕੇ ਵੀ ਅਗਲੇ ਦਿਨ ਪਿੰਡ ਪਿੰਡ ਜਾ ਕੇ ਲੋਕਾਂ ਦਾ ਧੰਨਵਾਦ ਕਰਦੇ ਸਨ। ਹਰ ਇੱਕ ਨੂੰ ਕਾਕਾ ਜੀ, ਸਰਦਾਰ ਜੀ, ਸੰਤਰੀ ਸਾਹਿਬ, ਬਾਊ ਜੀ ਕਹਿ ਕੇ ਸਤਿਕਾਰ ਦਿੰਦੇ ਸਨ ਪਰ ਸੁਖਬੀਰ ਬਾਦਲ ਡਿਪਟੀ ਸੀ.ਐਮ. ਬਣਦੇ ਸਾਰ ਹੀ ‘ਤੂੰ- ਤੜੱਕ’ ’ਤੇ ਉੱਤਰ ਆਏ ਸਨ ਤੇ ਹੁਣ ਤੱਕ ਰਹੇ। ਸੋ ਨਿਮਰਤਾ ਦਾ ਪੱਲਾ ਫ਼ੜਨਾ ਸੁਖਬੀਰ ਬਾਦਲ ਲਈ ਅਤਿ ਜ਼ਰੂਰੀ ਹੋਵੇਗਾ। ਵੈਸੇ ਕਹਿੰਦੇ ਨੇ ਕਿ ਜੜ੍ਹ ਨਾਲੋਂ ਟੁੱਟੀ ਵੇਲ ਸੁੱਕ ਜਾਂਦੀ ਹੈ ਪਰ ਕੋਸ਼ਿਸ਼ ਕਰਨ ਦੇ ਵਿੱਚ ਕੋਈ ਹਰਜ਼ ਵੀ ਨਹੀਂ। ਸੋ ਅਸੀਂ ’ਤੇ ਇਹੀ ਹੱਲਾਸ਼ੇਰੀ ਦੇਵਾਂਗੇ ਕਿ ਹਨ੍ਹੇਰੇ ਤੋਂ ਬਾਅਦ ਚਾਨਣ ਹੁੰਦਾ ਹੈ। ਵੈਸੇ ਐਂਵੇਂ ਦਿਲਾਸੇ ਹੀ ਨੇ। ਉੱਤਰੀ ਕੁੰਜ ਮੁੜ ਕੇ ਸੱਪ ਨਹੀਂ ਬਣਦੀ ਹੁੰਦੀ।
ਸੰਪਾਦਕੀ
Comments (0)