ਕੈਲੀਫੋਰਨੀਆ ਦੇ ਇਕ ਸਕੂਲ ਹੋਈ ਗੋਲੀਬਾਰੀ ਵਿਚ 2 ਵਿਦਿਆਰਥੀ ਜ਼ਖਮੀ, ਸ਼ੱਕੀ ਦੀ ਮਿਲੀ ਲਾਸ਼

ਕੈਲੀਫੋਰਨੀਆ ਦੇ ਇਕ ਸਕੂਲ ਹੋਈ ਗੋਲੀਬਾਰੀ ਵਿਚ 2 ਵਿਦਿਆਰਥੀ ਜ਼ਖਮੀ, ਸ਼ੱਕੀ ਦੀ ਮਿਲੀ ਲਾਸ਼
ਕੈਪਸ਼ਨ ਕੈਲੀਫੋਰਨੀਆ ਦੇ ਸਕੂਲ ਵਿਚ ਹੋਈ ਗੋਲੀਬਾਰੀ ਉਪਰੰਤ ਮੌਕੇ 'ਤੇ ਪੁੱਜੀ ਪੁਲਿਸ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਉੱਤਰੀ ਕੈਲੀਫੋਰਨੀਆ ਦੇ ਇਕ ਹਾਈ ਸਕੂਲ ਵਿਚ ਦੁਪਹਿਰ ਬਾਅਦ ਹੋਈ ਗੋਲੀਬਾਰੀ ਵਿਚ 2 ਵਿਦਿਆਰਥੀਆਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਸ਼ੈਰਿਫ ਦਫਤਰ ਅਨੁਸਾਰ ਗੋਲੀਬਾਰੀ ਕਰਨ ਵਾਲਾ ਸ਼ੱਕੀ ਵਿਅਕਤੀ ਮ੍ਰਿਤਕ ਹਾਲਤ ਵਿਚ ਮਿਲਿਆ ਹੈ। ਅਜਿਹਾ   ਲੱਗਦਾ ਹੈ ਕਿ ਉਸ ਨੇ ਖੁਦਕਸ਼ੀ ਕੀਤੀ ਹੈ। ਬੂਟ ਕਾਉਂਟੀ ਸ਼ੈਰਿਫ ਦਫਤਰ ਨੂੰ ਦੁਪਹਿਰ ਬਾਅਦ 1.09 ਵਜੇ ਫੀਦਰ ਰਿਵਰ ਐਡਵੈਂਟਿਸਟ ਸਕੂਲ ਓਰੋਵਿਲੇ ਤੋਂ ਆਏ ਫੋਨ 'ਤੇ ਸਕੂਲ ਵਿਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਜਿਸ ਉਪਰੰਤ ਪੁਲਿਸ ਅਫਸਰ ਤੁਰੰਤ ਮੌਕੇ ਉਪਰ ਪੁੱਜੇ। ਸ਼ੈਰਿਫ ਦਫਤਰ ਦੇ ਇਕ ਬੁਲਾਰੇ ਅਨੁਸਾਰ ਗੋਲੀਬਾਰੀ ਵਿਚ ਜ਼ਖਮੀ ਹੋਏ ਦੋ ਵਿਦਿਆਰਥੀਆਂ ਨੂੰ ਸਥਾਨਕ ਹਸਪਤਾਲ ਵਿਚ ਲਿਜਾਇਆ ਗਿਆ ਹੈ। ਬੁਲਾਰੇ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਮੁੱਢਲੇ ਪੱਧਰ 'ਤੇ ਹੈ  ਤੇ ਸ਼ੱਕੀ ਦੀ ਅਜੇ ਪਛਾਣ ਨਹੀਂ ਹੋਈ। ਜ਼ਖਮੀ ਹੋਏ ਵਿਦਿਆਰਥੀਆਂ ਦੀ ਹਾਲਤ ਬਾਰੇ ਪੁਲਿਸ ਨੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ।