ਪੰਜਾਬ ਦੀ ਸਿਆਸਤ 'ਚ ਸ਼ੁਰੂ ਹੋ ਰਿਹਾ ਬਦਲਾਅ 

ਪੰਜਾਬ ਦੀ ਸਿਆਸਤ 'ਚ ਸ਼ੁਰੂ ਹੋ ਰਿਹਾ ਬਦਲਾਅ 

ਅਸਲ ਵਿੱਚ ਇਹ ਸਮੇਂ ਦੀ ਲੋੜ ਹੈ

ਪੰਜਾਬ ਵਿੱਚ ਚੋਣਾਂ ਨਜ਼ਦੀਕ ਹਨ ਅਤੇ ਸਾਰੀਆਂ ਹੀ ਪਾਰਟੀਆਂ ਵੱਲੋਂ ਚੋਣਾਂ ਨੂੰ ਮੁੱਖ ਰੱਖਦਿਆਂ ਸਿਆਸੀ ਜੋੜ-ਤੋੜ ਕੀਤੇ ਜਾ ਰਹੇ ਹਨ। ਦਲ-ਬਦਲੀਆਂ, ਨਵੇਂ ਐਲਾਨ, ਵਾਧੇ, ਦੂਸ਼ਣਬਾਜ਼ੀ ਅਤੇ ਰੈਲੀਆਂ ਦੇ ਰੌਲੇ ਰੱਪੇ ਵਿੱਚ ਪਿਛਲੇ ਦਿਨੀਂ ਇੱਕ ਨਵੀਂ ਜਥੇਬੰਦੀ ਹੋਂਦ ਵਿੱਚ ਆਈ ਹੈ। ਇਸ ਜਥੇਬੰਦੀ ਨੂੰ 'ਜੂਝਦਾ ਪੰਜਾਬ' ਦਾ ਨਾਮ ਦਿੱਤਾ ਗਿਆ ਹੈ। ਜਥੇਬੰਦੀ ਦੇ ਐਲਾਨ ਵਕਤ ਕਾਫੀ ਨਾਮੀ ਚਿਹਰੇ ਮੌਜੂਦ ਸਨ ਜਿੰਨ੍ਹਾਂ ਵਿੱਚ ਗਿਆਨੀ ਕੇਵਲ ਸਿੰਘ, ਸ.ਹਮੀਰ ਸਿੰਘ, ਡਾ.ਬਲਵਿੰਦਰ ਸਿੰਘ ਸਿੱਧੂ, ਡਾ.ਸ਼ਾਮ ਸੁੰਦਰ ਦੀਪਤੀ, ਜੱਸਾ ਪੱਟੀ, ਦੀਪਕ ਸ਼ਰਮਾ, ਬੱਬੂ ਮਾਨ, ਅਮਿਤੋਜ ਮਾਨ, ਗੁਲ ਪਨਾਗ, ਜੱਸ ਬਾਜਵਾ, ਰਣਜੀਤ ਬਾਵਾ ਆਦਿ ਹਾਜ਼ਰ ਸਨ। ਇਸ ਜਥੇਬੰਦੀ ਨੇ ਆਪਣਾ ਏਜੰਡਾ ਵੀ ਸਾਂਝਾ ਕੀਤਾ ਜੋ ਤਕਰੀਬਨ 13 ਕੁ ਸਫ਼ਿਆਂ ਦਾ ਹੈ ਜਿਸ ਵਿੱਚ ਫੈਡਰਲ ਢਾਂਚਾ, ਖੇਤੀ-ਬਾੜੀ, ਮਨਰੇਗਾ, ਲੋਕਪਾਲ, ਪੁਲਸ, ਨਸ਼ੇ, ਜੇਲਾਂ, ਪ੍ਰਸ਼ਾਸ਼ਨਿਕ ਸੁਧਾਰ, ਵਿਧਾਨ ਸਭਾ, ਸਿਹਤ, ਸਿੱਖਿਆ ਅਤੇ ਭਾਸ਼ਾ, ਖੇਡਾਂ, ਵਾਤਾਵਰਣ ਅਤੇ ਪ੍ਰਦੂਸ਼ਣ, ਬਿਜਲੀ, ਟ੍ਰਾਂਸਪੋਰਟ, ਕਲਾ ਅਤੇ ਸਾਹਿਤ, ਆਬਾਕਾਰੀ, ਸ਼ਹਿਰੀ ਵਿਕਾਸ, ਪੰਜਾਬ ਨੂੰ ਵਿਸ਼ੇਸ਼ ਦਰਜਾ, ਟੌਲ ਪਲਾਜ਼ੇ, ਨਿਰੁੰਕਸ ਕਾਨੂੰਨ, ਦਰਿਆਈ ਪਾਣੀ, ਆਈ.ਟੀ, ਐਨ.ਆਰ.ਆਈਜ਼, ਮੰਤਰੀ ਮੰਡਲ ਮੀਟਿੰਗਾਂ, ਟੈਕਨੋਰੇਟਾਂ ਨੂੰ ਵਿਭਾਗੀ ਮੁਖੀ ਲਗਾਉਣਾ, ਰੋਜ਼ਗਾਰ ਪੈਦਾ ਕਰਨਾ ਅਤੇ ਸਮਾਜਿਕ ਸੁਰੱਖਿਆ, ਸਰਕਾਰੀ ਭਰਤੀ, ਰੇਤ ਮੁਫ਼ਤ, ਸਿਆਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਅਤੇ ਵਧਾਇਕਾਂ ਨੂੰ ਵਾਪਸ ਬੁਲਾਉਣਾ ਆਦਿ ਮੁੱਦਿਆਂ ਉੱਤੇ ਆਪਣਾ ਨਜ਼ਰੀਆ ਦਿੱਤਾ ਹੈ। ਜਥੇਬੰਦੀ ਵੱਲੋਂ ਸਪਸ਼ੱਟ ਰੂਪ ਵਿੱਚ ਇਹ ਕਿਹਾ ਗਿਆ ਹੈ ਕਿ ਅਸੀਂ ਚੋਣਾਂ ਵਿੱਚ ਸਿੱਧੇ ਤੌਰ ਉੱਤੇ ਹਿੱਸਾ ਨਹੀਂ ਲਵਾਂਗੇ ਭਾਵ ਕਿ ਚੋਣਾਂ ਨਹੀਂ ਲੜਾਂਗੇ ਪਰ ਅਸੀਂ ਇੱਕ ਦਬਾਅ ਜੱਥੇ (ਪ੍ਰੈਸ਼ਰ ਗਰੁੱਪ) ਦਾ ਕੰਮ ਕਰਾਂਗੇ ਜਿਸ ਵਿੱਚ ਚੋਣਾਂ ਲੜ੍ਹਨ ਵਾਲੀਆਂ ਧਿਰਾਂ ਨੂੰ ਪੰਜਾਬ ਦੇ ਮੁੱਦਿਆਂ ਬਾਰੇ ਜਾਣੂ ਕਰਵਾਵਾਂਗੇ ਅਤੇ ਓਹਨਾ ਮੁੱਦਿਆਂ ਉੱਤੇ ਖੜ੍ਹਨ ਲਈ ਦਬਾਅ ਵੀ ਪਾਵਾਂਗੇ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ਦੇ ਅਖੀਰ ਵਿੱਚ ਦੀਪ ਸਿੱਧੂ ਵੱਲੋਂ 'ਵਾਰਿਸ ਪੰਜਾਬ ਦੇ' ਨਾਮੀ ਜਥੇਬੰਦੀ ਦਾ ਐਲਾਨ ਕੀਤਾ ਗਿਆ ਸੀ, ਜ਼ਿਕਰਯੋਗ ਹੈ ਕਿ ਸ਼ੰਭੂ ਬਾਰਡਰ ਉੱਤੇ ਪਿਛਲੇ ਸਾਲ ਲਗਾਏ ਗਏ ਮੋਰਚੇ ਤੋਂ ਲੈ ਕੇ ਲਗਾਤਾਰ ਦੀਪ ਸਿੱਧੂ ਵੱਲੋਂ ਵੀ ਇਹੀ ਗੱਲ ਰੱਖੀ ਜਾ ਰਹੀ ਹੈ ਕਿ ਚੋਣਾਂ ਲੜ੍ਹਨ ਵਾਲੀਆਂ ਧਿਰਾਂ ਦੇ ਨਾਲ ਨਾਲ ਸਮਾਜਿਕ ਧਿਰ ਦੀ ਵੀ ਬਹੁਤ ਲੋੜ ਹੈ ਜੋ ਚੋਣਾਂ ਵਿੱਚ ਹਿੱਸਾ ਨਾ ਲਵੇ ਬਲਕਿ ਮੁੱਦੇ ਤੈਅ ਕਰੇ ਅਤੇ ਸਿਆਸੀ ਪਾਰਟੀਆਂ ਨੂੰ ਓਹਨਾ ਮੁੱਦਿਆਂ ਉੱਤੇ ਖੜ੍ਹਨ ਲਈ ਦਬਾਅ ਪਾਏ। ਭਾਵੇਂ ਕੁਝ ਸੁਹਿਰਦ ਸੱਜਣ ਲਗਾਤਾਰ ਇਸ ਗੱਲ ਦੇ ਹਾਮੀ ਤੁਰੇ ਆ ਰਹੇ ਹਨ ਕਿ ਚੋਣਾਂ ਰਾਹੀਂ ਪੰਜਾਬ ਦੇ ਮਸਲਿਆਂ ਦਾ ਸੰਪੂਰਨ ਹੱਲ ਸੰਭਵ ਨਹੀਂ ਹੈ ਪਰ ਫਿਰ ਵੀ ਪੰਜਾਬ ਦੀ ਸਿਆਸਤ ਵਿੱਚ ਇਹ ਮੋੜਾ ਪੰਜਾਬ ਦਾ ਦਰਦ ਰੱਖਣ ਵਾਲਿਆਂ ਲਈ ਅਤੇ ਪੰਜਾਬ ਦੇ ਮਸਲਿਆਂ ਨੂੰ ਮਹਿਸੂਸ ਕਰਨ ਵਾਲਿਆਂ ਲਈ ਕੁਝ ਰਾਹਤ ਭਰਿਆ ਜਰੂਰ ਹੈ।      

ਅਸਲ ਵਿੱਚ ਇਹ ਸਮੇਂ ਦੀ ਲੋੜ ਹੈ ਕਿ ਇਸ ਤਰ੍ਹਾਂ ਦੇ ਢਾਂਚੇ ਉਸਾਰੇ ਜਾਣ ਜਿਸ ਵਿਚ ਰਾਜਨੀਤੀ ਅਤੇ ਅਹੁਦੇਦਾਰੀਆਂ ਦੇ ਲਾਲਚ ਤੋਂ ਦੂਰ, ਤਿਆਗ ਵਾਲੇ ਮਨੁੱਖ ਜੋ ਸਰਬੱਤ ਦੇ ਭਲੇ ਦੀ ਗੱਲ ਕਰਨ, ਓਹਦੇ ਲਈ ਸੰਘਰਸ਼ ਕਰਨ, ਪੰਜਾਬ ਦੇ ਮਸਲੇ ਤੈਅ ਕਰਨ ਅਤੇ ਰਾਜਨੀਤਕ ਪਾਰਟੀਆਂ ਤੇ ਓਹਨਾ ਮਸਲਿਆਂ ਉੱਤੇ ਸੰਘਰਸ਼ ਕਰਨ ਲਈ ਦਬਾਅ ਬਣਾਉਣ। ਪੰਜਾਬ ਵਿਚ ਹਾਲ ਹੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਉਦਾਹਰਣ ਬਹੁਤ ਮਿਸਾਲੀ ਹੈ, ਪਹਿਲੀ ਦਫ਼ਾ ਹੋਇਆ ਕਿ ਕਿਸਾਨ ਯੂਨੀਅਨਾਂ ਦੇ ਆਗੂ ਕੋਈ ਵੀ ਫੈਸਲਾ ਆਪਣੀ ਸੌਖ ਮੁਤਾਬਿਕ ਨਹੀਂ ਕਰ ਸਕੇ, ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੀਆਂ ਸਨ, ਗਾਉਣ ਵਾਲੇ ਅਤੇ ਫ਼ਿਲਮੀ ਅਦਾਕਾਰ ਆਪਣੀ ਲੀਹ ਤੋਂ ਹਟ ਕੇ ਸਿਰਫ ਪੰਜਾਬ ਦੀ ਗੱਲ ਕਰ ਰਹੇ ਸਨ, ਇਸ ਦਾ ਕਾਰਨ ਸਿਰਫ ਇਹ ਹੈ ਕਿ ਲੋਕ ਜਾਗੇ ਹੋਏ ਸਨ ਅਤੇ ਲੋਕਾਂ ਦਾ ਇਹਨਾਂ ਸਭ ਉੱਤੇ ਦਬਾਅ ਬਣਿਆ ਹੋਇਆ ਸੀ। ਇੰਨੀ ਵੱਡੀ ਮਾਤਰਾ 'ਚ ਲੋਕ ਹਮੇਸ਼ਾ ਹੀ ਸੰਘਰਸ਼ ਚ ਰਹਿਣ ਇਹ ਕਦੀ ਵੀ ਸੰਭਵ ਨਹੀਂ ਹੁੰਦਾ ਸੋ ਹੁਣ ਓਹਨਾ ਸਭ ਮਨੁੱਖਾਂ ਨੂੰ ਇਕੱਠੇ ਹੋਣਾ ਪੈਣਾ ਹੈ ਜੋ ਰਾਜਨੀਤਕ ਲਾਲਸਾ ਤੋਂ ਦੂਰ ਹਨ, ਸੰਘਰਸ਼ ਲਈ ਤਿਆਰ ਹਨ ਅਤੇ ਸਰਬੱਤ ਦੇ ਭਲੇ ਲਈ ਆਪਣਾ ਕੋਈ ਤਿਲ ਫੁੱਲ ਯੋਗਦਾਨ ਪਾਉਣ ਦੀ ਇੱਛਾ ਰੱਖਦੇ ਹਨ। ਪੰਜਾਬ ਵਿੱਚ ਖਿੱਤੇ ਅਨੁਸਾਰ ਭਾਵ ਮਾਝਾ, ਮਾਲਵਾ, ਦੁਆਬਾ ਅਤੇ ਪੁਆਧ ਵਿੱਚ ਇਹ ਜਥੇ ਬਣਾ ਕੇ ਸ਼ੁਰੁਆਤ ਕਰਨੀ ਚਾਹੀਦੀ ਹੈ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਅਤੇ ਇਸੇ ਤਰ੍ਹਾਂ ਵੱਖ ਵੱਖ ਵਿਸ਼ਿਆਂ ਦੇ ਮਾਹਰਾਂ ਦਾ ਆਪਣਾ ਆਪਣਾ ਜਥਾ ਵੀ ਹੋਵੇ ਜੋ ਓਹਨਾ ਵਿਸ਼ਿਆਂ ਤੇ ਕੇਂਦਰਿਤ ਰਹਿ ਕੇ ਸੰਘਰਸ਼ ਕਰਨ।  

ਇਹਨਾਂ ਦੋਵੇਂ ਜਥੇਬੰਦੀਆਂ ਵਿੱਚੋਂ ਕੌਣ ਕਿੰਨਾ ਨਿਭ ਸਕੇਗਾ ਇਹ ਸਵਾਲ ਦਾ ਸਪਸ਼ਟ ਜਵਾਬ ਤਾਂ ਭਵਿੱਖ ਦੇ ਗਰਭ ਵਿੱਚ ਹੀ ਹੈ ਪਰ ਹਾਲ ਦੀ ਘੜੀ ਵੱਧ ਅਹਿਮ ਗੱਲ ਇਹ ਹੈ ਕਿ ਸਿਆਸੀ ਪਾਰਟੀਆਂ ਬਣਾਉਣ ਦੀ ਦੌੜ ਤੋਂ ਹਟ ਕੇ ਕੁਝ ਉੱਦਮ ਹੋਣੇ ਸ਼ੁਰੂ ਹੋ ਗਏ ਹਨ। ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਹਨਾ ਦੋਵੇਂ ਜਥੇਬੰਦੀਆਂ ਲਈ ਜਿੱਥੇ ਇੱਕ ਹਿੱਸਾ ਹੱਕ ਵਿੱਚ ਹੈ ਉੱਥੇ ਇੱਕ ਹਿੱਸਾ ਇਹਨਾਂ ਦੇ ਵਿਰੋਧ ਵਿੱਚ ਵੀ ਹੈ ਜਾਂ ਕਹਿ ਲਈਏ ਕਿ ਬੇਵਿਸ਼ਵਾਸ਼ੀ ਵਿੱਚ ਹੈ। ਉਹ ਵੀ ਆਪਣੀ ਥਾਂ ਠੀਕ ਹੋ ਸਕਦੇ ਹਨ ਪਰ ਇੱਥੇ ਮਸਲੇ ਨਾਲੋਂ ਵੱਧ ਅਹਿਮ ਇਹ ਗੱਲ ਹੈ ਕਿ ਘੱਟੋ-ਘੱਟ ਪੰਜਾਬ ਦੀ ਸਿਆਸਤ ਵਿੱਚ ਇਹ ਅਮਲੀ ਮੋੜਾ ਆਉਣਾ ਤਾਂ ਸ਼ੁਰੂ ਹੋਇਆ ਅਤੇ ਆਮ ਲੋਕਾਂ ਨੂੰ ਇਸ ਮੋੜੇ ਦੀ ਸਮਝ ਆਉਣੀ ਸ਼ੁਰੂ ਹੋ ਗਈ ਇਹ ਵੀ ਬਹੁਤ ਵੱਡੀ ਪ੍ਰਾਪਤੀ ਹੈ। ਭਵਿੱਖ ਵਿੱਚ ਗੁਰੂ ਪਾਤਿਸਾਹ ਮਿਹਰ ਕਰਨ ਕਿ ਇਸ ਤਰ੍ਹਾਂ ਦੇ ਮੋੜੇ ਨਾਲ ਪੰਜਾਬ ਦੇ ਜਿੰਨੇ ਕੁ ਮਸਲੇ ਹੱਲ ਹੋ ਸਕਦੇ ਹਨ ਉਹਨਾਂ ਵੱਲ ਕੋਈ ਸਾਰਥਿਕ ਕਦਮ ਅਮਲੀ ਤੌਰ ਉੱਤੇ ਹੋ ਸਕੇ। ਲੀਡਰ ਆਪਣੀ ਪਾਰਟੀ ਦੇ ਪ੍ਰਧਾਨ ਦੀ ਥਾਂ ਆਮ ਲੋਕਾਂ ਨੂੰ ਜਵਾਬਦੇਹ ਹੋ ਸਕਣ। ਹੋਣਾ ਕੀ ਹੈ ਇਹ ਸਮਾਂ ਅਤੇ ਹਲਾਤ ਤੈਅ ਕਰੇਗਾ ਪਰ ਇਹ ਬਦਲਾਅ ਇੱਕ ਚੰਗੀ ਸ਼ੁਰੂਆਤ ਵਜੋਂ ਵੇਖਿਆ ਜਾ ਸਕਦਾ ਹੈ। 

 

ਧੰਨਵਾਦ 

ਸੰਪਾਦਕ, ਅੰਮ੍ਰਿਤਸਰ ਟਾਈਮਜ਼