ਸਿੱਖਾਂ ਵਿਰੁੱਧ ਜਾਅਲੀ ਖਾਤਿਆਂ ਰਾਹੀਂ ਨਫਰਤ ਦਾ ਜਾਲ

ਸਿੱਖਾਂ ਵਿਰੁੱਧ ਜਾਅਲੀ ਖਾਤਿਆਂ ਰਾਹੀਂ ਨਫਰਤ ਦਾ ਜਾਲ

ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਅੰਸ’ ਦੇ ਲੇਖੇ ਨੇ ਖਤਰੇ ਦਾ ਘੁੱਗੂ ਵਜਾਉਣ ਦਾ ਕੰਮ ਕੀਤਾ ਹੈ।

ਬੀਤੇ ਦਿਨੀਂ ਬਰਤਾਨੀਆਂ ਦੇ ਕੌਮਾਂਤਰੀ ਖਬਰ ਅਦਾਰੇ ਬੀ.ਬੀ.ਸੀ. ਵੱਲੋਂ ਇਕ ਖਬਰ ਨਸ਼ਰ ਕੀਤੀ ਗਈ ਕਿ ਬਿਜਲ ਸੱਥ ਦੇ ਜਾਅਲੀ ਖਾਤਿਆਂ ਦਾ ਇਕ ਅਜਿਹਾ ਤਾਣਾ-ਪੇਟਾ (ਨੈਟਵਰਕ) ਸਾਹਮਣੇ ਆਇਆ ਹੈ ਜਿਸ ਵੱਲੋਂ ਕਿਰਸਾਨੀ ਸੰਘਰਸ਼ ਦੌਰਾਨ ਸਿੱਖਾਂ ਵਿਰੁੱਧ ਮਿੱਥ ਕੇ ਨਫਰਤ ਫੈਲਾਈ ਜਾ ਰਹੀ ਸੀ। ਬੀ.ਬੀ.ਸੀ. ਨੇ ਇਹ ਖਬਰ ‘ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਐਂਸ’ ਨਾਮੀ ਸੰਸਥਾ ਵੱਲੋਂ ਜਾਰੀ ਕੀਤੇ ਜਾਣ ਵਾਲੇ ਇਕ ਲੇਖੇ ਦੇ ਅਧਾਰ ਉੱਤੇ ਨਸ਼ਰ ਕੀਤੀ ਸੀ, ਜਿਸ ਲੇਖੇ ਦੀ ਨਕਲ ਬੀ.ਬੀ.ਸੀ. ਦੇ ਕਹੇ ਮੁਤਾਬਿਕ ਵਾਹਿਦ ਤੌਰ ਉੱਤੇ ਇਸ ਖਬਰ ਅਦਾਰੇ ਨਾਲ ਜਨਤਕ ਕਰਨ ਤੋਂ ਪਹਿਲਾਂ ਸਾਂਝੀ ਕੀਤੀ ਗਈ ਸੀ। ਹੁਣ ‘ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਐਂਸ’ ਦਾ ਪੂਰਾ ਲੇਖਾ ਵੀ ਜਨਤਕ ਕਰ ਦਿੱਤਾ ਗਿਆ ਹੈ।

ਇਸ ਲੇਖੇ ਤੋਂ ਮੁੱਖ ਤੌਰ 'ਤੇ ਸਾਹਮਣੇ ਆਇਆ ਹੈ ਕਿ ‘ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਐਂਸ’ ਨੇ 80 ਅਜਿਹੇ ਬਿਜਲ-ਸੱਥ ਖਾਤਿਆਂ ਦੀ ਸ਼ਨਾਖਤ ਕੀਤੀ ਹੈ ਜੋ ਕਿ ਸਿੱਖਾਂ ਦੇ ਨਾਵਾਂ ਉੱਤੇ ਬਣਾਏ ਗਏ ਜਾਅਲੀ ਖਾਤੇ ਹਨ। ਇਹ ਖਾਤੇ ਬਿਜਲ-ਸੱਥ ਦੇ ਵੱਖ-ਵੱਖ ਮੰਚਾਂ, ਜਿਵੇਂ ਕਿ ‘ਟਵਿੱਟਰ’, ‘ਫੇਸਬੁੱਕ’, ‘ਇੰਸਟਾਗਰਾਮ’ ਆਦਿ ਉੱਤੇ ਬਣਾਏ ਗਏ ਹਨ। ਇਹਨਾ ਖਾਤਿਆਂ ਵਿਚੋਂ ਬਹੁਤ ਸਾਰੇ ਸਿੱਖ ਬੀਬੀਆਂ ਦੇ ਨਾਵਾਂ ਉੱਤੇ ਬਣਾਏ ਹੋਏ ਹਨ ਜਿਹਨਾਂ ਉੱਤੇ ਚਰਚਤ ਪੰਜਾਬੀ ਗਾਇਕਾਵਾਂ ਅਤੇ ਅਦਾਕਾਰਾਵਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਹ ਖਾਤੇ ਕਿਸੇ ਬਿਜਲਈ ਮੰਤਰ (ਕੰਪਿਊਟਰ ਪ੍ਰੋਗਰਾਮ/ਸਕਰਿਪਟ ਜਾਂ ‘ਬੋਟ’) ਰਾਹੀਂ ਆਪਣੇ ਆਪ ਨਹੀਂ ਸੀ ਚੱਲ ਰਹੇ ਬਲਕਿ ਇਹਨਾਂ ਖਾਤਿਆਂ ਨੂੰ ਮਨੁੱਖਾਂ ਵੱਲੋਂ ਚਲਾਇਆ ਜਾ ਰਿਹਾ ਹੈ। ਇਹਨਾ ਖਾਤਿਆਂ ਰਾਹੀਂ ਸਿੱਖਾਂ ਵਿਰੁੱਧ ਮਿੱਥ ਕੇ ਨਫਰਤ ਫੈਲਾਈ ਜਾ ਰਹੀ ਹੈ। ਇਹ ਖਾਤੇ ਕਿਰਸਾਨੀ ਸੰਘਰਸ਼ ਅਤੇ ਸਿੱਖਾਂ ਦੇ ਵਿਰੁਧ ਪ੍ਰਚਾਰ ਮੁਹਿੰਮ ਵਿੱਢਦੇ ਹਨ ਅਤੇ ਸੰਗਠਤ ਰੂਪ ਵਿਚ ਸਿੱਖਾਂ ਵਿਰੁਧ ਬਿਰਤਾਂਤ ਘੜ੍ਹਨ ਦੀ ਮੁਹਿੰਮ ਚਲਾਉਂਦੇ ਹਨ। ਬੀ.ਬੀ.ਸੀ. ਦੀ ਖਬਰ ਮੁਤਾਬਿਕ ਇੰਡੀਆ ਦੀ ਸਰਕਾਰ ਨੇ ਇਹਨਾ ਖੁਲਾਸਿਆਂ ਬਾਰੇ ਪੁੱਛੇ ਗਏ ਸਵਾਲ ਦਾ ਖਬਰ ਨਸ਼ਰ ਕਰਨ ਤੱਕ ਕੋਈ ਜਵਾਬ ਨਹੀਂ ਸੀ ਦਿੱਤਾ।

ਬੀ.ਬੀ.ਸੀ. ਅਨੁਸਾਰ ਇਹਨਾਂ ਖਾਤਿਆਂ ਨੂੰ ਸਿੱਧੇ ਤੌਰ ਉੱਤੇ ਇੰਡੀਆ ਦੀ ਸਰਕਾਰ ਦੀਆਂ ਹਿਦਾਇਤਾਂ ਉੱਤੇ ਚਾਲਏ ਜਾਣ ਦਾ ਸਬੂਤ ਹਾਲੀ ਤੱਕ ਸਾਹਮਣੇ ਨਹੀਂ ਆਇਆ ਪਰ ਖੋਜਕਰਤਾ ਅਦਾਰੇ ਦੇ ਨਿਰਦੇਸ਼ਕ ਅਤੇ ਖੁਲਾਸਾ ਕਰਨ ਵਾਲੇ ਲੇਖੇ ਦੇ ਖੋਜਕਰਤਾ ਬੈਨਜਾਮਿਨ ਸਟਰਿਕ ਨੇ ਸਾਫ ਕਿਹਾ ਹੈ ਕਿ ਇਹ ਖਾਤੇ ਜਿੱਥੇ ਸਿੱਖਾਂ ਅਤੇ ਸਿੱਖਾਂ ਦੇ ਸਿਆਸੀ ਸਰੋਕਾਰਾਂ ਨੂੰ ਬਦਨਾਮ ਕਰ ਰਹੇ ਹਨ ਓਥੇ ਇੰਡੀਆ ਦੀ ਸਰਕਾਰ ਅਤੇ ਇਸ ਦੇ ਨਜ਼ਰੀਏ ਨੂੰ ਉਤਸ਼ਾਹਿਤ ਕਰਦੇ ਅਤੇ ਫੈਲਾਉਂਦੇ ਹਨ। ਬੀ.ਬੀ.ਸੀ. ਦੀ ਖਬਰ ਅਨੁਸਾਰ ਬਿਜਲ-ਸੱਥ ਮੰਚਾਂ ਵੱਲੋਂ ਸ਼ਨਾਖਤ ਹੇਠ ਆਏ 80 ਜਾਅਲੀ ਖਾਤੇ ਬੰਦ ਕਰ ਦਿੱਤੇ ਗਏ ਹਨ।

ਕਿਸੇ ਨਿਰਪੱਖ ਅਦਾਰੇ ਵੱਲੋਂ ਇੰਝ ਖੋਜ ਕਰਕੇ ਇਹ ਗੱਲ ਨਸ਼ਰ ਕਰਨੀ ਆਪਣੇ ਆਪ ਵਿਚ ਹੀ ਇਸ ਮਸਲੇ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਬਿਆਨ ਕਰਨ ਵਾਲੀ ਗੱਲ ਹੈ। ਇਥੇ ਇਹ ਗੱਲ ਵਿਚਾਰਨੀ ਅਹਿਮ ਹੋ ਜਾਂਦੀ ਹੈ ਕਿ ਕਿਤੇ ਜਾਅਲੀ ਖਾਤਿਆਂ ਦਾ ਇਹ ਤਾਣਾ-ਪੇਟਾ ਇੰਡੀਆ ਦੀ ਸਰਕਾਰ ਵੱਲੋਂ 2018 ਵਿਚ ਤਜਵੀਜ ਕੀਤੇ ਗਏ ‘ਸੋਸ਼ਲ ਮੀਡੀਆ ਕਮਿਊਨੀਕੇਸ਼ਨ ਹੱਬ’ (ਸੋਮੀਕਹ) ਨਾਮੀ ਖਤਰਨਾਕ ਢਾਂਚੇ ਦੀ ਪਰਦੇ ਪਿੱਛੇ ਕਰ ਲਈ ਉਸਾਰੀ ਦਾ ਸੂਚਕ ਤਾਂ ਨਹੀਂ ਹੈ

ਸੋਮੀਕਹ ਤੰਤਰ ਰਾਹੀਂ ਸਰਕਾਰ ਨੇ ਅਜਿਹਾ ਢਾਂਚਾ ਸਿਰਜਣਾ ਸੀ ਜਿਸ ਨਾਲ ਬਿਜਲ ਸੱਥ ਦੇ ਮੰਚਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਣੀ ਸੀ ਅਤੇ ਵਰਤੋਂਕਾਰਾਂ ਵੱਲੋਂ ਪਾਈ ਜਾ ਰਹੀ ਜਾਣਕਾਰੀ ਦੇ ਅਧਾਰ ਉੱਤੇ ਉਹਨਾ ਬਾਰੇ ਸਰਬਪੱਖੀ ਖਰੜਾ (360 ਡਿਗਰੀ ਪ੍ਰੋਫਾਈਲ) ਤਿਆਰ ਕੀਤੀ ਜਾਣੀ ਸੀ। ਇਸ ਤੰਤਰ ਨੇ ਬਿਜਲ ਸੱਥ ਰਾਹੀਂ ਲੋਕਾਂ ਦੇ ਮਿਜਾਜ (ਸੋਸ਼ਲ ਮੀਡੀਆ ਸੈਂਟੀਮੈਂਟ) ਦੀ ਸੂਹ ਰੱਖਣੀ ਸੀ ਅਤੇ ਰੋਜਾਨਾ 6 ਲੇਖੇ ਤਿਆਰ ਕਰਕੇ ਸਰਕਾਰ ਦੀਆਂ ਤਰਜੀਹਾਂ ਮੁਤਾਬਕ ਜਾਣਕਾਰੀ ਅਤੇ ਇਸ ਦੇ ਸਰੋਤਾਂ ਨੂੰ ‘ਨਾਂਹ-ਪੱਖੀ’, ‘ਹਾਂ-ਪੱਖੀ’ ਅਤੇ ‘ਬੇਲਾਗ’ ਦੀਆਂ ਸ਼੍ਰੇਣੀਆਂ ਵਿੱਚ ਵੰਡਾਣਾ ਸੀ। ਇਸ ਤੋਂ ਬਾਅਦ ਸਰਕਾਰ ਵੱਲੋਂ ਸਮੀਕੋਹ ਤੰਤਰ ਰਾਹੀਂ ਮੋੜਵੀਆਂ ਪਰਚਾਰ ਮੁਹਿੰਮਾਂ ਚਲਾਉਣੀਆਂ ਸਨ ਤਾਂ ਕਿ ਲੋਕਾਂ ਦੇ ਵਿਚਾਰਾਂ ਅਤੇ ਧਾਰਨਾਵਾਂ ਨੂੰ ਬਦਲਿਆ ਜਾ ਸਕੇ। ਸਮੀਕੋਹ ਤੰਤਰ ਸਿਰਜਣ ਦੇ ਵਿਚਾਰ ਦਾ ਸਾਲ 2018 ਵਿਚ ਬਹੁਤ ਤਿੱਖਾ ਵਿਰੋਧ ਹੋਇਆ ਸੀ। ਸਰਕਾਰ ਨੇ ਗੱਲ ਜ਼ਿਆਦਾ ਖਿੱਲਰਦੀ ਵੇਖ ਕੇ ਸਮੀਕੋਹ ਤੰਤਰ ਦੀ ਉਸਾਰੀ ਦੇ ਵਿਚਾਰ ਉੱਤੇ ਅਮਲ ਨਾ ਕਰਨ ਦਾ ਐਲਾਨ ਕੀਤਾ ਸੀ।

ਭਾਵੇਂ ਹਾਲੀਆ ਖੁਲਾਸੇ ਵਿਚ ਇਸ ਗੱਲ ਦਾ ਜ਼ਿਕਰ ਨਹੀਂ ਹੈ ਪਰ ਇਹ ਇਕ ਸਥਾਪਿਤ ਤੱਥ ਹੈ ਕਿ ਇੰਡੀਆ ਦੀ ਸਰਕਾਰ ਵੱਲੋਂ ਇਕਪਾਸੜ ਕਾਰਵਾਈ ਰਾਹੀਂ ਸੈਕੜਿਆਂ ਦੀ ਤਾਦਾਦ ਵਿਚ ਸਿੱਖ ਵੈਬਸਾਈਟਾਂ; ਸਿੱਖਾਂ ਦੇ ਫੇਸਬੁੱਕ ਸਫਿਆਂ, ਫੇਸਬੁੱਕ ਖਾਤਿਆਂ, ਯੂਟਿਊਬ ਚੈਨਲਾਂ ਅਤੇ ਟਵਿੱਟਰ ਖਾਤਿਆਂ ਨੂੰ ਬੰਦ ਕਰਵਾਇਆ ਗਿਆ ਹੈ, ਜਾਂ ਉਹਨਾਂ ਦੀ ਪਹੁੰਚ ਇੰਡੀਆ ਵਿਚ ਰੋਕੀ ਹੈ। ਇਸੇ ਤਰ੍ਹਾਂ ਸਿੱਖਾਂ ਵੱਲੋਂ ਬਿਜਾਲ (ਇੰਟਰਨੈਟ) ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਪਾਈ ਗਈ ਜੋ ਸਮਗਰੀ ਸਰਕਾਰ ਵੱਲੋਂ ਲਹਾਈ ਗਈ ਹੈ ਜਾਂ ਜਿਸ ਤੱਕ ਪਹੁੰਚ ਇੰਡੀਆ ਵਿਚ ਰੋਕ ਦਿੱਤੀ ਗਈ ਹੈ, ਉਸ ਦੀ ਗਿਣਤੀ ਲੱਖਾਂ ਨੂੰ ਪਾਰ ਕਰ ਜਾਂਦੀ ਹੈ। ਸਿੱਖਾਂ ਦਾ ਪੱਖ ਪੇਸ਼ ਕਰਨ ਵਾਲੇ ਖਬਰ ਅਦਾਰਿਆਂ, ਪੱਤਰਕਾਰਾਂ, ਸੰਸਥਾਵਾਂ ਦੇ ਹਜ਼ਾਰਾਂ ਬਿਜਲ-ਸੱਥ ਸਫੇ, ਖਾਤੇ ਅਤੇ ਮੰਚ ਸਰਕਾਰ ਵੱਲੋਂ ਬੰਦ ਕਰਵਾਏ ਗਏ ਹਨ। ਪੰਜਾਬ ਵਿਚ ਸਰਗਰਮ ਸਿੱਖ ਕਾਰਕੁੰਨਾਂ ਦੇ ਸੈਂਕੜੇ ਬਿਜਲ ਸੱਥ ਖਾਤੇ ਹਾਲੀਆ ਦਿਨਾਂ ਦੌਰਾਨ ਹੀ ਬੰਦ ਕਰਵਾਏ ਗਏ ਹਨ।

ਇਹ ਸਭ ਇਸੇ ਗੱਲ ਵੱਲ ਇਸ਼ਾਰਾ ਹੈ ਕਿ ਸਰਕਾਰ ਨੇ ‘ਸੋਸ਼ਲ ਮੀਡੀਆ ਕਮਿਊਨੀਕੇਸ਼ਨ ਹੱਬ’ (ਸੋਮੀਕਹ) ਜਾਂ ਇਸੇ ਵਰਗੇ ਕਿਸੇ ਹੋਰ ਤੰਤਰ ਦੀ ਉਸਾਰੀ ਕਰ ਲਈ ਹੈ, ਇਸੇ ਲਈ ਇਸ ਵਿਆਪਕ ਕਾਰਜ ਖੇਤਰ ਵਿਚ ਇੰਨੇ ਸੰਗਠਤ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ। 

ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਅੰਸ’ ਦੇ ਲੇਖੇ ਨੇ ਖਤਰੇ ਦਾ ਘੁੱਗੂ ਵਜਾਉਣ ਦਾ ਕੰਮ ਕੀਤਾ ਹੈ। ਬੇਸ਼ੱਕ ਇਸ ਵਾਰ ਸਿੱਖ ਨਿਸ਼ਾਨੇ ਉੱਤੇ ਹਨ ਪਰ ਇਸ ਦੀ ਮਾਰ ਵੱਖਰੇ ਵਿਚਾਰ ਰੱਖਣ ਵਾਲੇ ਸਭਨਾ ਨੂੰ ਪਵੇਗੀ ਕਿਉਂਕਿ ਤਾਕਤ ਦੀ ਦੁਰਵਰਤੋਂ ਬੇਸ਼ੱਕ ਕਿਸੇ ਵੱਖਰਿਆਏ ਜਾਣਯੋਗ ਛੋਟੇ ਹਿਸੇ ਤੋਂ ਸ਼ੁਰੂ ਹੁੰਦੀ ਹੈ ਪਰ ਜਦੋਂ ਇਹ ਦੁਰਵਰਤੋਂ ਦਸਤੂਰ ਬਣ ਜਾਵੇ ਤਾਂ ਇਸ ਦੀ ਮਾਰ ਸਭਨਾ ਨੂੰ ਝੱਲਣੀ ਪੈਂਦੀ ਹੈ।