ਹਰੀ ਨਗਰ ਸਕੂਲ ਦੇ ਮਾਮਲੇ ਵਿਚ ਅਦਾਲਤ ਵੱਲੋਂ ਮਨਜਿੰਦਰ ਸਿੰਘ ਸਿਰਸਾ ਖਿਲਾਫ ਐਫ ਆਈ ਆਰ ’ਤੇ ਸਟੇਅ ਲੱਗੀ

ਹਰੀ ਨਗਰ ਸਕੂਲ ਦੇ ਮਾਮਲੇ ਵਿਚ ਅਦਾਲਤ ਵੱਲੋਂ ਮਨਜਿੰਦਰ ਸਿੰਘ ਸਿਰਸਾ ਖਿਲਾਫ ਐਫ ਆਈ ਆਰ ’ਤੇ ਸਟੇਅ ਲੱਗੀ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, 24 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਹਰੀ ਨਗਰ ਸਕੂਲ ਦੇ ਮਾਮਲੇ ਵਿਚ ਰੋਜ਼ ਅਵੈਨਿਊ ਕੋਰਟ ਵੱਲੋਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਹੁਕਮਾਂ ’ਤੇ ਰੋਕ ਲਗਾਉਣਾ ਮਨਜੀਤ ਸਿੰਘ ਜੀ ਕੇ ਤੇ ਉਹਨਾਂ ਦੇ ਸਾਥੀਆਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ ਤੇ ਅਦਾਲਤੀ ਹੁਕਮਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਕੇ ਸੱਚਾਈ ਸੰਗਤ ਸਾਹਮਣੇ ਲਿਆ ਦਿੱਤੀ ਹੈ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਅਵਤਾਰ ਸਿੰਘ ਹਿੱਤ ਦੀ ਉਹ ਵੀਡੀਓ ਮੀਡੀਆ ਸਾਹਮਣੇ ਵਿਖਾਈ ਜਿਸ ਵਿਚ ਉਹਨਾਂ ਆਖਿਆ ਸੀ ਕਿ 4.4.2016 ਨੁੰ ਦਿੱਲੀ ਕਮੇਟੀ ਦਾ ਪ੍ਰਧਾਨ ਹੁੰਦਿਆਂ ਮਨਜੀਤ ਸਿੰਘ ਜੀ ਕੇ ਨੇ ਇਹ ਸਕੂਲ ਉਹਨਾਂ ਨੂੰ ਸੌਂਪਣ ਦੀ ਚਿੱਠੀ ਆਪ ਸੌਂਪੀ ਸੀ। ਉਹਨਾਂ ਕਿਹਾ ਕਿ ਵੀਡੀਓ ਨੇ ਵਿਰੋਧੀਆਂ ਦੀ ਸਾਜ਼ਿਸ਼ ਬੇਨਕਾਬ ਕਰ ਦਿੱਤੀ ਹੈ।

ਉਹਨਾਂ ਕਿਹਾ ਕਿ ਜਿਹੜੇ ਮਨਜੀਤ ਸਿੰਘ ਜੀ ਕੇ ਤੇ ਅਵਤਾਰ ਸਿੰਘ ਹਿੱਤ ਕਦੇ ਇਕ ਦੂਜੇ ਖਿਲਾਫ ਬੋਲਦੇ ਸਨ, ਉਹ ਅੱਜ ਘਿਓ ਖਿਚੜੀ ਹਨ ਤੇ ਅਵਤਾਰ ਸਿੰਘ ਹਿੱਤ ਖਿਲਾਫ ਤਤਕਾਲੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਰਣਜੀਤ ਸਿੰਘ ਕੋਲ ਸ਼ਿਕਾਇਤ ਕਰਵਾ ਕੇ ਉਹਨਾਂ ਨੁੰ ਤਨਖਾਹੀਆ ਕਰਾਰ ਦੁਆਉਣ ਵਾਲੇ ਪਰਮਜੀਤ ਸਿੰਘ ਸਰਨਾ ਇਹਨਾਂ ਦੇ ਤੀਜੇ ਸਾਥੀ ਹਨ ਜੋ ਅਕਾਲੀ ਦਲ ਦੇ ਬੈਨਰ ਹੇਠ ਅੱਜ ਰਲ ਗੱਡ ਹੋਏ ਹਨ ਕਿਉਂਕਿ ਸੰਗਤਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਹੈ ਤੇ ਮੌਜੂਦਾ ਟੀਮ ਨੂੰ ਕਮੇਟੀ ਦੀ ਸੇਵਾ ਸੌਂਪੀ ਹੈ।

ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮਨਜੀਤ ਸਿੰਘ ਜੀ ਕੇ ਨੇ ਅਦਾਲਤ ਨੁੰ ਗੁੰਮਰਾਹ ਕਰ ਕੇ ਐਫ ਆਈ ਆਰ ਦਰਜ ਕਰਨ ਦਾ ਆਰਡਰ ਜਾਰੀ ਕਰਵਾਇਆ। ਉਹਨਾਂ ਕਿਹਾ ਕਿ ਅੱਜ ਜਦੋਂ ਮਾਣਯੋਗ ਜੱਜ ਐਮ ਕੇ ਨਾਗਪਾਲ ਨੇ ਮਾਮਲੇ ਦੀ ਸੁਣਵਾਈ ਕੀਤੀ ਤਾਂ ਉਹਨਾਂ ਤੁਰੰਤ ਆਰਥਿਕ ਅਪਰਾਧ ਵਿੰਗ ਨੂੰ ਹਦਾਇਤ ਕਰਦਿਆਂ ਪਿਛਲੇ ਹੁਕਮਾਂ ’ਤੇ ਸਟੇਅ ਲਗਾ ਦਿੱਤੀ।

ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੌਮ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ। ਕੌਮ ਦੀਆਂ ਜਾਇਦਾਦਾਂ ਖੁਰਦ ਬੁਰਦ ਕਰਨ ਵਾਲੇ, ਗੁਰੂ ਘਰਾਂ ਵਿਚ ਚੋਰੀਆਂ ਕਰਨ ਵਾਲੇ ਲੋਕ ਅੱਜ ਸੰਗਤ ਨੁੰ ਵੀ ਗੁੰਮਰਾਹ ਕਰ ਰਹੇ ਹਨ ਤੇ ਅਦਾਲਤਾਂ ਵਿਚ ਵੀ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਉਹਨਾਂ ਕਿਹਾ ਕਿ ਲੰਘੇ ਕੱਲ੍ਹ ਸੋਸ਼ਲ ਮੀਡੀਆ ’ਤੇ ਬਹੁਤ ਸ਼ੋਰ ਮਚਾਇਆ ਗਿਆ ਕਿ ਸਾਡੀ ਸ਼ਿਕਾਇਤ ’ਤੇ ਅਦਾਲਤ ਨੇ ਸਰਦਾਰ ਮਨਜਿੰਦਰ ਸਿੰਘ ਸਿਰਸਾ ’ਤੇ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਉਹਨਾਂ ਕਿਹਾ ਕਿ ਅਦਾਲਤਾਂ ਦੇ ਨਾਂ ’ਤੇ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਸਿੱਖ ਕੌਮ ਨੂੰ ਧੋਖਾ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਰ ਵਕਤ ਆਪਣੇ ਸਟੈਂਡ ਬਦਲਣ ਵਾਲੇ ਲੋਕ ਆਪਣੇ ਆਪ ਨੁੰ ਕੌਮ ਦੇ ਲੀਡਰ ਕਹਿੰਦੇ ਹਨ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਰਗੇ ਇਹਨਾਂ ਲੋਕਾਂ ਨੂੰ ਤਖਤ ਪਟਨਾ ਸਾਹਿਬ ’ਤੇ ਬਿਠਾਉਂਦੇ ਹਨ ਜੋ ਬਹੁਤ ਪਵਿੱਤਰ ਹੈ।

ਉਹਨਾਂ ਕਿਹਾ ਕਿ ਸਰਦਾਰ ਮਨਜੀਤ ਸਿੰਘ ਜੀ ਕੇ ਜਦੋਂ ਪ੍ਰਧਾਨਗੀ ਤੋਂ ਹਟੇ ਅਤੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣੇ ਸਨ ਤਾਂ ਉਹਨਾਂ ਨੇ ਸਰਦਾਰ ਸਿਰਸਾ ਨਾਲ ਮਿਲ ਕੇ ਅਵਤਾਰ ਸਿੰਘ ਹਿੱਤ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਸੀ ਜਿਸ ਵਿਚ ਦੱਸਿਆ ਸੀ ਕਿ ਜਿਹੜੇ ਦਸਤਾਵੇਜ਼ਾਂ ਰਾਹੀਂ ਅਵਤਾਰ ਸਿੰਘ ਹਿੱਤ ਆਪਣੇ ਆਪ ਨੂੰ ਸਕੂਲ ਦਾ ਮਾਲਕ ਦੱਸਦਾ ਹੈ, ਉਹ ਸਕੂਲ ਨੂੰ ਹੜੱਪਣਾ ਚਾਹੁੰਦਾ ਸੀ। ਉਹਨਾਂ ਕਿਹਾ ਕਿ ਜਦੋਂ ਅਦਾਲਤ ਸਖ਼ਤ ਹੋਈ ਤੇ ਹਿੱਤ ਨੇ ਅਦਾਲਤ ਵਿਚ ਹਲਫਨਾਮਾ ਦਿੱਤਾ ਤੇ ਦੱਸਿਆ ਕਿ ਮੈਨੁੰ 4.4.2016 ਨੂੰ ਜਿਹੜੀ ਚਿੱਠੀ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਆਪਣੇ ਹੱਥ ਨਾਲ ਦਿੱਤੀ ਹੈ ਤੇ ਮੈਂ ਸਕੂਲ ਦਾ ਮਾਲਕ ਹਾਂ। ਉਹਨਾਂ ਕਿਹਾ ਕਿ ਜਿਸ ਹਿੱਤ ਨੇ ਆਪ ਇਹ ਬਿਆਨ ਜਨਤਕ ਤੌਰ ’ਤੇ ਦਿੱਤਾ ਸੀ ਜਦੋਂ ਕਿ ਅਦਾਲਤ ਵਿਚ ਉਹ ਚਿੱਠੀ ਤੋਂ ਮੁਕਰ ਗਏ।

ਉਹਨਾਂ ਕਿਹਾ ਕਿ ਅੱਜ ਤੱਕ ਅਵਤਾਰ ਸਿੰਘ ਨੇ ਜਥੇਦਾਰ ਅਕਾਲ ਤਖਤ ਦੇ ਹੁਕਮਾਂ ਅਨੁਸਾਰ ਤਨਖਾਹੀਆ ਕਰਾਰ ਦਿੱਤੇ ਜਾਣ ਦੀ ਸੇਵਾ ਨਹੀਂ ਨਿਭਾਈ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਵਿਚੋਂ ਇਕ ਨੇ ਗੁਰੂ ਘਰ ਦੀਆਂ ਗੋਲਕਾਂ ਲੁੱਟੀਆਂ ਹਨ ਤੇ ਦੂਜੇ ਨੇ ਗੁਰੂ ਘਰ ਦੀਆਂ ਜਾਇਦਾਦਾਂ ਹੜੱਪੀਆਂ ਹਨ।

ਉਹਨਾਂ ਕਿਹਾ ਕਿ 1998 ਵਿਚ ਇਹ ਹਰੀ ਨਗਰ ਸਕੂਲ ਦਿੱਲੀ ਕਮੇਟੀ ਕੋਲ ਜਾ ਚੁੱਕਾ ਹੈ ਅਤੇ ਇਹ ਅਦਾਲਤ ਦਾ ਹੁਕਮ ਹੈ ਕਿ ਦਿੱਲੀ ਕਮੇਟੀ ਦਾ ਪ੍ਰਧਾਨ ਉਸ ਸੁਸਾਇਟੀ ਦਾ ਪ੍ਰਧਾਨ ਤੇ ਜਨਰਲ ਸਕੱਤਰ ਸੁਸਾਇਟੀ ਦਾ ਜਨਰਲ ਸਕੱਤਰ ਹੋਵੇਗਾ।

ਉਹਨਾਂ ਕਿਹਾ ਕਿ ਉਹ ਅਦਾਲਤ ਦੇ ਧੰਨਵਾਦੀ ਹਨ ਜਿਹਨਾਂ ਨੇ ਸਟੇਅ ਆਰਡਰ ਜਾਰੀ ਕੀਤਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਕਾਰਜਕਾਰੀ ਮੈਂਬਰਾਂ ਵਿਚ ਵਿਕਰਮ ਸਿੰਘ ਰੋਹਿਣੀ, ਗੁਰਮੀਤ ਸਿੰਘ ਭਾਟੀਆ, ਭੁਪਿੰਦਰ ਸਿੰਘ ਭੁੱਲਰ, ਅਮਰਜੀਤ ਸਿੰਘ ਪਿੰਕੀ ਅਤੇ ਮੈਂਬਰਾਂ ਵਿਚ ਤਰਵਿੰਦਰ ਸਿੰਘ ਮਰਵਾਹ, ਸੁਖਬੀਰ ਸਿੰਘ ਕਾਲੜਾ, ਗੁਰਪ੍ਰੀਤ ਸਿੰਘ ਜੱਸਾ, ਗੁਰਦੇਵ ਸਿੰਘ, ਜਸਮੀਰ ਸਿੰਘ ਮੱਸੀ, ਨਿਸ਼ਾਨ ਸਿੰਘ ਮਾਨ, ਓਂਕਾਰ ਸਿੰਘ ਰਾਜਾ ਤੇ ਗੁਰਦੀਪ ਸਿੰਘ ਬਿੱਟੂ ਆਦਿ ਹਾਜ਼ਰ ਸਨ।