ਯੂਪੀ ਪੁਲਸ ਨੇ ਹਵਾਈ ਅੱਡੇ ਤੋਂ ਚੁੱਕਿਆ ਡਾ. ਕਫੀਲ ਖਾਨ

ਯੂਪੀ ਪੁਲਸ ਨੇ ਹਵਾਈ ਅੱਡੇ ਤੋਂ ਚੁੱਕਿਆ ਡਾ. ਕਫੀਲ ਖਾਨ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੇ ਨਿਸ਼ਾਨੇ 'ਤੇ ਰਹੇ ਡਾਕਟਰ ਕਫੀਲ ਖਾਨ ਨੂੰ ਬੀਤੀ ਰਾਤ ਮੁੰਬਈ ਹਵਾਈ ਅੱਡੇ ਤੋਂ ਯੂਪੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਇਸ ਵਾਰ ਗ੍ਰਿਫਤਾਰੀ ਲਈ ਦੋਸ਼ ਲਾਇਆ ਗਿਆ ਹੈ ਕਿ ਕਫੀਲ ਖਾਨ ਨੇ ਸੀਏਏ ਖਿਲਾਫ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਭਾਸ਼ਣ ਦਿੰਦਿਆਂ ਵਿਦਿਆਰਥੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ। 

ਦੱਸ ਦਈਏ ਕਿ 2017 'ਚ ਸਰਕਾਰੀ ਅਣਗਿਹਲੀ ਕਾਰਨ ਜਦੋਂ ਯੂਪੀ ਦੇ ਗੋਰਖਪੁਰ ਵਿਚਲੇ ਸਰਕਾਰੀ ਹਸਪਤਾਲ 'ਚ 60 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਸੀ ਤਾਂ ਕਫੀਲ ਖਾਨ ਨੂੰ ਇਹਨਾਂ ਮੌਤਾਂ ਦਾ ਜ਼ਿੰਮੇਵਾਰ ਐਲਾਨਦਿਆਂ ਨੌਕਰੀ ਤੋਂ ਮੁਅੱਤਲ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਸੀ। ਪਰ ਪਿਛਲੇ ਸਾਲ ਸਤੰਬਰ ਮਹੀਨੇ ਸਰਕਾਰ ਵੱਲੋਂ ਜਾਰੀ ਰਿਪੋਰਟ 'ਚ ਡਾਕਟਰ ਕਫੀਲ ਖਾਨ ਖਿਲਾਫ ਜਾਂਚ 'ਚ ਕੋਈ ਵੀ ਦੋਸ਼ ਸਾਬਤ ਨਹੀਂ ਹੋਇਆ ਸੀ ਤੇ ਉਹਨਾਂ ਨੂੰ ਸਰਕਾਰੀ ਜਾਂਚ ਰਿਪੋਰਟ 'ਚ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਸੀ।

ਅੱਜ ਡਾ. ਕਫੀਲ ਖਾਨ ਨੇ ਮੁੰਬਈ ਵਿਚ ਸੀਏਏ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣਾ ਸੀ। ਪਰ ਪੁਲਸ ਨੇ ਦਸੰਬਰ ਮਹੀਨੇ ਡਾ. ਕਫੀਲ ਖਾਨ ਖਿਲਾਫ ਦਰਜ ਹੋਈ ਸ਼ਿਕਾਇਤ ਦੇ ਅਧਾਰ 'ਤੇ ਉਹਨਾਂ ਨੂੰ ਮੁੰਬਈ ਹਵਾਈ ਅੱਡੇ ਤੋਂ ਚੁੱਕ ਲਿਆ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।