ਆਸਟ੍ਰੇਲੀਆ ਵਿਚ ਖਾਲਿਸਤਾਨ ਰੈਫਰੰਡਮ ਦੇ ਹਕ਼ ਵਿਚ ਹਜ਼ਾਰਾਂ ਦੀ ਗਿਣਤੀ 'ਚ ਹੋਈ ਵੋਟਿੰਗ

ਆਸਟ੍ਰੇਲੀਆ ਵਿਚ ਖਾਲਿਸਤਾਨ ਰੈਫਰੰਡਮ ਦੇ ਹਕ਼ ਵਿਚ ਹਜ਼ਾਰਾਂ ਦੀ ਗਿਣਤੀ 'ਚ ਹੋਈ ਵੋਟਿੰਗ

 ਆਸਟ੍ਰੇਲੀਆ ਵਿਚ  ਰੈਫਰੈਂਡਮ ਦੌਰਾਨ ਖ਼ਾਲਿਸਤਾਨੀਆਂ ਤੇ ਭਾਰਤੀ ਰਾਸ਼ਟਰ ਵਾਦੀਆਂ ਵਿਚਾਲੇ ਟਕਰਾਅ ਵਿਚ ਦੋ ਜ਼ਖ਼ਮੀ

 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 30 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਹਜ਼ਾਰਾਂ ਆਸਟ੍ਰੇਲੀਅਨ ਸਿੱਖਾਂ ਨੇ ਮੈਲਬੌਰਨ ਦੇ ਫੈਡਰੇਸ਼ਨ ਸਕੁਏਅਰ ਵਿੱਚ ਵਿਸ਼ਾਲ ਸਥਾਨਕ ਕਲਾ ਕੇਂਦਰ ਵਿੱਚ ਖਾਲਿਸਤਾਨ ਰੈਫਰੈਂਡਮ ਵੋਟਿੰਗ ਲਈ ਆਪਣੀਆਂ ਵੋਟਾਂ ਪਾਉਣ ਲਈ ਦੋ ਕਿਲੋਮੀਟਰ ਤੋਂ ਵੱਧ ਲੰਮੀਆਂ ਕਤਾਰਾਂ ਬਣਾਈਆਂ।

ਮੈਲਬੌਰਨ ਅਤੇ ਇਸ ਦੇ ਆਸ-ਪਾਸ ਰਹਿਣ ਵਾਲੇ ਸਿੱਖ ਸਥਾਨਕ ਆਗੂਆਂ ਦੁਆਰਾ ਅਰਦਾਸ ਨਾਲ ਇਸ ਵੋਟਿੰਗ ਦੀ ਸ਼ੁਰੂਆਤ ਕੀਤੀ ਗਈ ਅਤੇ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਂਣੀ ਸੀ ਪਰ ਲੋਕਾਂ ਵਿਚ ਵੋਟ ਪਾਉਣ ਲਈ ਭਾਰੀ ਉਤਸ਼ਾਹ ਸੀ ਜਿਸ ਕਰਕੇ ਓਹ ਸਵੇਰੇ 7 ਵਜੇ ਆਪਣੀ ਵੋਟ ਪਾਉਣ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ। ਕਈਆਂ ਨੂੰ ਸਮੇਂ ਦੀ ਕਮੀ ਕਾਰਨ ਬਿਨਾਂ ਵੋਟ ਪਾਏ ਹੀ ਵਾਪਸ ਮੁੜਨਾ ਪਿਆ। ਉਹ ਨਿਰਾਸ਼ ਸਨ ਅਤੇ ਬਾਰ ਬਾਰ ਚੋਣ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਹਿ ਰਹੇ ਸਨ । ਇੱਕ ਘੰਟੇ ਦੇ ਅੰਦਰ, ਕਤਾਰ ਫਾਈਂਡਰਸ ਟ੍ਰੇਨ ਸਟੇਸ਼ਨ ਤੋਂ ਬਾਅਦ ਸ਼ਹਿਰ ਦੇ ਅੰਦਰ ਤੱਕ ਲਗਭਗ 2 ਕਿਲੋਮੀਟਰ ਤੱਕ ਫੈਲ ਗਈ।  ਸਿੱਖ ਨੌਜਵਾਨਾਂ, ਮਰਦਾਂ, ਔਰਤਾਂ ਅਤੇ ਬਜ਼ੁਰਗਾਂ ਨੇ ਖਾਲਿਸਤਾਨ ਦੇ ਝੰਡੇ ਅਤੇ ਕੇਸਰੀ ਝੰਡੇ ਲੈ ਕੇ ਕਤਾਰਾਂ ਬਣਾਈਆਂ ਅਤੇ "ਖਾਲਿਸਤਾਨ ਜ਼ਿੰਦਾਬਾਦ, ਬਨ ਕੇ ਰਹਿਏਗਾ ਖਾਲਿਸਤਾਨ," ਦੇ ਨਾਅਰੇ ਲਗਾ ਰਹੇ ਸਨ। 

ਪ੍ਰਬੰਧਕਾਂ ਨੇ ਕਿਹਾ ਕਿ ਮੈਲਬੌਰਨ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਵਿਚ ਵੋਟਿੰਗ ਹਿੰਦੁਸਤਾਨ ਲਈ ਇੱਕ ਮਜ਼ਬੂਤ ​​ਸੰਦੇਸ਼ ਹੈ ਕਿ ਉਹ ਰਾਜ ਸ਼ਕਤੀ ਅਤੇ ਕੂਟਨੀਤਕ ਅਤੇ ਆਰਥਿਕ ਤਾਕਤ ਦੀ ਵਰਤੋਂ ਕਰਕੇ ਸਿੱਖਾਂ ਦੀ ਆਵਾਜ਼ ਨੂੰ ਹੁਣ ਦਬਾ ਨਹੀਂ ਸਕਦਾ ਹੈ । 

ਚੋਣ ਕੇਂਦਰ ਦੇ ਪ੍ਰਵੇਸ਼ ਦੁਆਰ ‘ਤੇ ‘ਖਾਲਿਸਤਾਨ ਰੈਫਰੈਂਡਮ, ਪੰਜਾਬ, ਸ਼ਿਮਲਾ ਕੈਪੀਟਲ’ ਅਤੇ ‘ਖਾਲਿਸਤਾਨ ਜਿੰਦਾਬਾਦ" ਲਿਖੇ ਹੋਏ ਵੱਡੇ ਵੱਡੇ ਬੈਨਰ ਟੰਗੇ ਹੋਏ ਸਨ।

ਸਿੱਖ ਮਰਦ ਵੋਟਾਂ ਵਿੱਚ ਹਿੱਸਾ ਲੈਣ ਲਈ ਜੀਪਾਂ, ਕਾਰਾਂ ਅਤੇ ਕੋਚਾਂ ਵਿੱਚ ਪਹੁੰਚੇ ਸਨ ।  ਵੋਟਿੰਗ ਵਾਲੀ ਥਾਂ ਦੇ ਬਾਹਰ, ਢੋਲ ਵਜਾਉਣ ਵਾਲਿਆਂ ਦੇ ਇੱਕ ਸਮੂਹ ਨੇ ਰਵਾਇਤੀ ਪੰਜਾਬੀ ਢੋਲ, ਗੀਤ ਵਜਾਏ ਅਤੇ 1984 ਦੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਅਤੇ ਪੰਜਾਬ ਦੀ ਆਜ਼ਾਦੀ ਲਈ ਨਾਅਰੇ ਲਗਾਏ।

ਜਿਕਰਯੋਗ ਹੈ ਕਿ ਸਿਖਸ ਫ਼ਾਰ ਜਸਟਿਸ ਜਥੇਬੰਦੀ ਨੇ ਘੋਸ਼ਣਾ ਕੀਤੀ ਸੀ ਕਿ 29 ਜਨਵਰੀ ਨੂੰ ਮੈਲਬੌਰਨ ਦੇ ਫੈਡਰੇਸ਼ਨ ਸਕੁਏਅਰ ਵਿਖੇ ਆਸਟਰੇਲੀਅਨ ਚੈਪਟਰ ਖਾਲਿਸਤਾਨ ਸੁਤੰਤਰਤਾ ਰਾਏਸ਼ੁਮਾਰੀ ਲਈ ਵੋਟਿੰਗ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਯੂਕੇ ਦੇ ਸੱਤ ਸ਼ਹਿਰਾਂ ਵਿੱਚ ਅਕਤੂਬਰ 2022 ਵਿੱਚ ਸ਼ੁਰੂ ਹੋਏ ਜਨਮਤ ਸੰਗ੍ਰਹਿ ਵਿੱਚ ਵੋਟਿੰਗ ਹੁਣ ਤੱਕ ਸਵਿਟਜ਼ਰਲੈਂਡ, ਇਟਲੀ ਅਤੇ ਦੋ ਕੈਨੇਡੀਅਨ ਕੇਂਦਰਾਂ ਵਿੱਚ ਵੀ ਹੋ ਚੁੱਕੀ ਹੈ।

ਵੋਟਿੰਗ ਕੇਂਦਰ ਦੇ ਅੰਦਰ, ਗਲੋਬਲ ਖਾਲਿਸਤਾਨ ਰੈਫਰੈਂਡਮ ਵਿੱਚ ਵੋਟਿੰਗ ਦੀ ਨਿਗਰਾਨੀ ਕਰਨ ਵਾਲੀ ਸੁਤੰਤਰ ਸੰਸਥਾ, ਪੰਜਾਬ ਰੈਫਰੈਂਡਮ ਕਮਿਸ਼ਨ (ਪੀਆਰਸੀ) ਦੇ ਤਿੰਨ ਦਰਜਨ ਤੋਂ ਵੱਧ ਮੈਂਬਰ ਵੋਟਿੰਗ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਸਨ ਅਤੇ ਸਿੱਖ ਵੋਟਰਾਂ ਨੂੰ ਆਪਣੀ ਵੋਟ ਪਾਉਣ ਦੇ ਤਰੀਕੇ ਬਾਰੇ ਮਾਰਗਦਰਸ਼ਨ ਕਰ ਰਹੇ ਹਨ।  "ਕੀ ਹਿੰਦੁਸਤਾਨੀ ਸ਼ਾਸਨ ਵਾਲਾ ਪੰਜਾਬ ਇੱਕ ਆਜ਼ਾਦ ਦੇਸ਼ ਹੋਣਾ ਚਾਹੀਦਾ ਹੈ?" ਦੇ ਸਵਾਲ 'ਤੇ  “ਹਾਂ” ਅਤੇ ਨਹੀਂ” ਦੇ ਦੋ ਵਿਕਲਪਾਂ ਦੇ ਨਾਲ ਆਪਣਾ ਜੁਆਬ ਦਰਜ਼ ਕਰਣਾ ਸੀ ।

ਆਸਟ੍ਰੇਲੀਆ ਦੀ ਸੁਪਰੀਮ ਸਿੱਖ ਕੌਂਸਲ ਦੇ ਨੁਮਾਇੰਦੇ ਗੁਰਬਖਸ਼ ਸਿੰਘ ਬੈਂਸ ਨੇ ਦੱਸਿਆ ਕਿ ਹਿੰਦੁਸਤਾਨ ਪੱਖੀ ਸਮਰਥਕਾਂ ਦੇ ਇੱਕ ਸਮੂਹ ਵਲੋਂ ਬੋਟੈਨੀਕਲ ਗਾਰਡਨ ਨੇੜੇ ਰਾਸ਼ਟਰੀ ਝੰਡੇ ਲਹਿਰਾਉਦੇ ਹੋਏ ਪੋਲਿੰਗ ਸਥਾਨ 'ਤੇ ਪਹੁੰਚਣ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਅਤੇ ਸ਼ਾਂਤਮਈ ਪੋਲਿੰਗ ਵਿਚ ਉਨ੍ਹਾਂ ਵਲੋਂ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ।