ਕੇਜਰੀਵਾਲ ਸਰਕਾਰ ਦਿੱਲੀ ਵਿਚ  ਪੰਜਾਬੀ ਭਾਸ਼ਾ ਨਾਲ ਕਰ ਰਹੀ ਏ  ਮਤਰੇਆ ਵਿਹਾਰ

ਕੇਜਰੀਵਾਲ ਸਰਕਾਰ ਦਿੱਲੀ ਵਿਚ  ਪੰਜਾਬੀ ਭਾਸ਼ਾ ਨਾਲ ਕਰ ਰਹੀ ਏ  ਮਤਰੇਆ ਵਿਹਾਰ

• 5 ਸਾਲ ਲੰਘਣ ਤੋਂ ਬਾਅਦ ਵੀ 90 ਫੀਸਦੀ ਸਕੂਲਾਂ ਵਿਚ ਪੰਜਾਬੀ ਅਧਿਆਪਕ ਮੌਜੂਦ ਨਹੀਂ

• ਪੰਜਾਬ ਚੋਣਾਂ ਸਮੇਂ ਕੀਤੇ ਕੇਜਰੀਵਾਲ ਦੇ ਦਾਅਵੇ ਝੂਠੇ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ - ਰਾਜਧਾਨੀ ਦਿੱਲੀ ਵਿਚ ਪੰਜਾਬੀ ਬੋਲੀ ਨੂੰ ਅਧਿਕਾਰਤ ਤੌਰ 'ਤੇ ਦੂਜੀ ਰਾਜ ਭਾਸ਼ਾ ਦਾ ਦਰਜਾ ਮਿਲਿਆ ਹੋਇਆ ਹੈ ਪਰ ਬੇਹੱਦ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਦੇ 90 ਫੀਸਦੀ ਸਰਕਾਰੀ ਸਕੂਲਾਂ ਵਿਚ ਪੰਜਾਬੀ ਬੋਲੀ ਦੇ ਅਧਿਆਪਕ ਹੀ ਮੌਜੂਦ ਨਹੀਂ ਹਨ ।ਹਾਲਾਂਕਿ ਪੰਜਾਬੀ ਬੋਲੀ ਦੇ ਪ੍ਰਚਾਰ ਪ੍ਰਸਾਰ ਦੇ ਨਾਂਅ 'ਤੇ ਵਿੱਤੀ ਵਰ੍ਹੇ 2021-22 ਵਿਚ 40 ਕਰੋੜ ਰੁਪਏ ਦਾ ਬਜਟ ਦਿੱਲੀ ਸਰਕਾਰ ਤੋਂ ਪ੍ਰਾਪਤ ਕਰਨ ਵਾਲੀ ਪੰਜਾਬੀ ਅਕਾਦਮੀ ਵਲੋਂ ਇਕਰਾਰਨਾਮਾ ਆਧਾਰ ਉਤੇ 71 ਅਤੇ ਆਰਜ਼ੀ ਆਧਾਰ ਉਤੇ 185 ਪੰਜਾਬੀ ਅਧਿਆਪਕਾਂ ਲਗਾਈਆਂ ਗਈਆਂ ਹਨ । ਇਸ ਹਿਸਾਬ ਨਾਲ ਦਿੱਲੀ ਦੇ ਕੁੱਲ 2795 ਸਰਕਾਰੀ ਸਕੂਲਾਂ ਵਿਚੋਂ ਸਿਰਫ 256 ਸਕੂਲਾਂ ਵਿਚ ਹੀ ਪੰਜਾਬੀ ਅਕਾਦਮੀ ਵਲੋਂ ਪੰਜਾਬੀ ਪੜ੍ਹਾਉਣ ਲਈ ਅਧਿਆਪਕ ਮੁਹੱਈਆ ਕਰਵਾਏ ਜਾ ਰਹੇ ਹਨ ।

ਉਪਰੋਕਤ ਸਾਰੀ ਜਾਣਕਾਰੀ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਰਾਹੀਂ ਪ੍ਰਾਪਤ ਹੋਈ ਹੈ ।ਪੰਜਾਬੀ ਬੋਲੀ ਕਾਰਕੁੰਨ ਡਾ. ਪਰਮਿੰਦਰਪਾਲ ਸਿੰਘ ਵਲੋਂ ਦਾਇਰ ਆਰ.ਟੀ.ਆਈ. 'ਚ ਪੁੱਛੇ 8 ਸਵਾਲਾਂ ਦੇ ਜਵਾਬ ਦੇਣ ਦੀ ਥਾਂ ਇਸ ਆਰ.ਟੀ.ਆਈ. ਨੂੰ ਪੰਜਾਬੀ ਅਕਾਦਮੀ ਕੋਲ ਭੇਜ ਦਿੱਤਾ ਸੀ ।ਡਾ. ਪਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਪੱਕੇ ਪੰਜਾਬੀ ਭਾਸ਼ਾ ਅਧਿਆਪਕਾਂ ਦੀ ਮੌਜੂਦਗੀ ਅਤੇ ਭਰਤੀ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਪੰਜਾਬੀ ਅਕਾਦਮੀ ਦਾ ਰਵੱਈਆ ਨਾ-ਪੱਖੀ ਭਰਿਆ ਰਿਹਾ ਹੈ ।ਉਨ੍ਹਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਦਿੱਲੀ ਸਰਕਾਰ ਨੇ ਸਿੱਖਿਆ ਵਿਭਾਗ ਦੇ ਸਾਰੇ ਸਕੂਲਾਂ ਵਿਚ ਇਕ ਪੰਜਾਬੀ ਅਤੇ ਇਕ ਉਰਦੂ ਅਧਿਆਪਕ ਰੱਖਣ ਦੇ ਇਸ਼ਤਿਹਾਰ ਅਖ਼ਬਾਰਾਂ ਵਿਚ ਛਪਵਾਏ ਸਨ ਪਰ 5 ਸਾਲ ਲੰਘਣ ਤੋਂ ਬਾਅਦ ਵੀ 90 ਫੀਸਦੀ ਸਕੂਲਾਂ ਵਿਚ ਪੰਜਾਬੀ ਅਧਿਆਪਕ ਮੌਜੂਦ ਨਹੀਂ ਹਨ । ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੋਂ ਪੰਜਾਬੀ ਅਕਾਦਮੀ ਦਾ ਪਿਛਲੇ 15 ਸਾਲ ਦਾ ਖਾਤਿਆਂ ਦਾ ਆਡਿਟ ਕਰਵਾਉਣ ਦੀ ਮੰਗ ਵੀ ਕੀਤੀ ਹੈ ।