ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਣ ਵਾਲੇ ਕੇਂਦਰੀ ਮੰਤਰੀ ਸੰਜੇ ਸੇਠ ਨੇ ਮੰਗੀ ਮੁਆਫ਼ੀ: ਸਤਨਾਮ ਸਿੰਘ ਗੰਭੀਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਣ ਵਾਲੇ ਕੇਂਦਰੀ ਮੰਤਰੀ ਸੰਜੇ ਸੇਠ ਨੇ ਮੰਗੀ ਮੁਆਫ਼ੀ: ਸਤਨਾਮ ਸਿੰਘ ਗੰਭੀਰ

ਫੈਡਰੇਸ਼ਨ ਮੁਆਫੀ ਮੰਗਣ ਨਾਲ ਸੰਤੁਸ਼ਟ, ਮਾਮਲੇ 'ਤੇ ਨਹੀਂ ਕਰੇਗੀ ਅਦਾਲਤੀ ਕਾਰਵਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 1 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ ਦੇ ਮੁਆਫੀਨਾਮੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਅਤੇ ਉਨ੍ਹਾਂ ਦੇ ਖਿਲਾਫ ਸ਼ੁਰੂ ਹੋਣ ਵਾਲੀ ਅਦਾਲਤੀ ਕਾਰਵਾਈ ਨੂੰ ਟਾਲ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਆਪਣੇ ਬਿਆਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕੀਤੀ ਸੀ। ਸਿੱਖ ਗੁਰੂਆਂ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਅਜਿਹਾ ਕਰਨਾ ਹਰ ਸਿੱਖ ਦੀ ਨਜ਼ਰ ਵਿੱਚ ਵੱਡਾ ਗੁਨਾਹ ਹੈ। ਸਤਨਾਮ ਸਿੰਘ ਗੰਭੀਰ ਨੇ ਕਿਹਾ ਕਿ ਇਸ ਬਿਆਨ ਨਾਲ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ। ਇਸ ਲਈ ਫੈਡਰੇਸ਼ਨ ਨੇ ਸੰਜੇ ਸੇਠ ਤੋਂ ਸਿੱਖਾਂ ਤੋਂ ਜਨਤਕ ਮੁਆਫੀ ਮੰਗਣ ਦੀ ਮੰਗ ਕੀਤੀ ਸੀ।
ਈਸਟ ਇੰਡੀਆ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਗੰਭੀਰ ਨੇ ਦਸਿਆ ਕਿ ਉਨ੍ਹਾਂ ਨੂੰ ਸਥਾਨਕ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸਰਦਾਰ ਅਵਤਾਰ ਸਿੰਘ ਭਾਟੀਆ ਨੇ ਵੀ ਰੱਖਿਆ ਮੰਤਰੀ ਨਾਲ ਹੋਈ ਗੱਲਬਾਤ ਦੇ ਵੇਰਵੇ ਦਿੱਤੇ ਹਨ। ਰੱਖਿਆ ਮੰਤਰੀ ਵਲੋਂ ਜਨਤਕ ਤੌਰ ਤੇ ਮੁਆਫੀ ਮੰਗਣ ਲਈ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਉਨ੍ਹਾਂ ਨਿਸ਼ਚਤ ਤੌਰ 'ਤੇ ਅਦਾਲਤ ਦਾ ਰੱਖ ਕਰਨਾ ਸੀ । ਉਸ ਨੇ ਸਿੱਖ ਪੰਥ ਅੰਦਰ ਵੱਧ ਰਹੀ ਨਰਾਜਗੀ ਨੂੰ ਦੇਖਦਿਆਂ ਤੁਰੰਤ ਮੁਆਫ਼ੀ ਮੰਗ ਕੇ ਸਮਾਜ ਲਈ ਸ਼ਲਾਘਾਯੋਗ ਮਿਸਾਲ ਕਾਇਮ ਕੀਤੀ ਹੈ। 
ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਸਿੱਖ ਭਾਈਚਾਰੇ ਦੇ ਨਾਲ ਦੂਜੇ ਵਰਗਾਂ ਨੇ ਵੀਂ ਸਮਰਥਨ ਕੀਤਾ ਹੈ ਇਸ ਲਈ ਅਸੀਂ ਉਨ੍ਹਾਂ ਦਾ ਵੀ ਧੰਨਵਾਦ ਕਰਦੇ ਹਾਂ।