ਗੁਰੂ ਨਾਨਕ ਪਬਲਿਕ ਸਕੂਲ ਦੇ ਬੱਚਿਆਂ ਨੇ ਨਗਰ ਕੀਰਤਨ ਵਿਚ ਦਿਖਾਏ ਗੱਤਕੇ ਦੇ ਜੌਹਰ

ਗੁਰੂ ਨਾਨਕ ਪਬਲਿਕ ਸਕੂਲ ਦੇ ਬੱਚਿਆਂ ਨੇ ਨਗਰ ਕੀਰਤਨ ਵਿਚ ਦਿਖਾਏ ਗੱਤਕੇ ਦੇ ਜੌਹਰ

 ਗੱਤਕਾ ਖੇਡ ਨੂੰ ਅੱਗੇ ਵਧਾਉਣ ਲਈ ਪੰਥ ਦੇ ਸਮੂਹ ਸਕੂਲਾਂ ਕਾਲਜਾਂ ਅੰਦਰ ਗੱਤਕਾ ਸਿੱਖਿਆ ਦੇਣੀ ਕੀਤੀ ਜਾਏ ਲਾਜ਼ਮੀ: ਜਗਪ੍ਰੀਤ ਸਿੰਘ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 9 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਨਾਨਕ ਪਬਲਿਕ ਸਕੂਲ ਰਾਜੋਰੀ ਗਾਰਡਨ ਦਿੱਲੀ ਵਿਚ ਗੱਤਕਾ ਅਖਾੜਾ ਸਿੱਖ ਰਹੇ ਨੌਜਵਾਨ ਬੱਚਿਆਂ ਵੱਲੋਂ ਗੱਤਕਾ ਕੋਚ ਭਾਈ ਜਗਪ੍ਰੀਤ ਸਿੰਘ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਰਾਜੋਰੀ ਗਾਰਡਨ ਤੋਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਿਕਾਲੇ ਗਏ ਨਗਰ ਕੀਰਤਨ ਵਿਚ ਗੱਤਕੇ ਦੇ ਜੌਹਰ ਵਿਖਾਏ ਗਏ । 
ਭਾਈ ਜਗਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਗੱਤਕਾ ਸਾਡੇ ਸਿੱਖ ਵਿਰਸੇ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਗੱਤਕਾ ਖੇਡ ਨੂੰ ਅੱਗੇ ਵਧਾਉਣ ਲਈ ਸਾਨੂੰ ਇਸ ਨੂੰ ਸਿੱਖ ਪੰਥ ਦੇ ਸਮੂਹ ਸਕੂਲਾਂ ਕਾਲਜਾਂ ਅੰਦਰ ਸਿੱਖਿਆ ਦੇਣੀ ਲਾਜ਼ਮੀ ਕਰਨੀ ਚਾਹੀਦੀ ਹੈ ਕਿਉਕਿ ਆਉਣ ਵਾਲੇ ਸਮੇਂ ਵਿੱਚ ਗੱਤਕੇ ਦਾ ਭਵਿੱਖ ਬਹੁਤ ਸੁਨਹਿਰਾ ਹੈ। 
ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਖਾੜੇ ਦੇ ਮੁੱਖੀ ਵਜੋਂ ਅਖਾੜਾ ਚਲਾ ਰਹੇ ਭਾਈ ਜਗਪ੍ਰੀਤ ਸਿੰਘ ਜੋ ਕਿ ਗੁਰੂ ਨਾਨਕ ਪਬਲਿਕ ਸਕੂਲ ਵਿਚ ਬੱਚਿਆਂ ਨੂੰ ਗੱਤਕਾ ਅਖਾੜਾ ਸਿਖਾ ਰਹੇ ਹਨ ਨੇ ਦਸਿਆ ਕਿ 'ਗ’ ਅੱਖਰ ਤੋਂ ਗਤੀ ਯਾਨੀ ਰਫ਼ਤਾਰ, ‘ਤ’ ਅੱਖਰ ਤੋਂ ਤਾਲਮੇਲ ਅਤੇ ‘ਕ’ ਅੱਖਰ ਤੋਂ ਕਾਲ ਭਾਵ ਸਮਾਂ ਤੇ ਇਨ੍ਹਾ ਤਿੰਨਾਂ ਦੇ ਸੁਮੇਲ ਤੋਂ ਬਣਦਾ ਹੈ ਸ਼ਬਦ ‘ਗਤਕਾ’ ਜੋ ਛੇਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਬਖ਼ਸ਼ਿਆ ਹੋਇਆ ਹੈ। ਗਤਕਾ ਖੇਡਣ ਵੇਲੇ ਪੈਂਤਰੇ ਦਾ ਤਾਲਮੇਲ, ਰਫ਼ਤਾਰ ਦੇ ਨਾਲ-ਨਾਲ ਵਾਰ ਰੋਕਣ ਤੇ ਮਾਰਨ ਦੇ ਸਹੀ ਸਮੇਂ ਦਾ ਧਿਆਨ ਕਿਸੇ ਨੂੰ ਚੰਗਾ ‘ਗਤਕਾ’ ਖਿਡਾਰੀ ਬਣਾਉਂਦਾ ਹੈ।  ਫ਼ਾਰਸੀ ਭਾਸ਼ਾ ਦੇ ‘ਕੁਤਕਾ’ ਲਫ਼ਜ਼ ਤੋਂ ਬਣੇ ਸ਼ਬਦ ‘ਗਤਕਾ’ ਦਾ ਅਰਥ ਹੈ ਸੋਟੀ ਜਾਂ ਡਾਂਗ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਕੌਮ ਵਿਚ ਗੁੱਸੇ ਦੀ ਲਹਿਰ ਪੈਦਾ ਕੀਤੀ ਤੇ ਗੁਰੂ ਹਰਿਗੋਬਿੰਦ ਸਿੰਘ ਜੇ ਨੇ ਵੀ ਮਾਲਾ ਵਾਲੇ ਹੱਥਾਂ ਵਿਚ ਕਿਰਪਾਨ ਦੇਣ ਦਾ ਫ਼ੈਸਲਾ ਕਰ ਲਿਆ। 
ਉਨ੍ਹਾਂ ਦਸਿਆ ਕਿ ਯੁੱਧ ਕੌਸ਼ਲ ਵਿਚ ਸਿੱਖਾਂ ਨੂੰ ਮਾਹਰ ਕਰਨ ਲਈ ਮੀਰੀ ਤੇ ਪੀਰੀ ਦੇ ਸਿਧਾਂਤ ਤੇ ਅਧਾਰਤ ‘ਗਤਕੇ’ ਦੀ ਸ਼ੁਰੂਆਤ ਬੇਸ਼ੱਕ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਪਰ ਇਸ ਦਾ ਮੁੱਢ ਤਾਂ ਸਿੱਖ ਧਰਮ ਦੇ ਬਾਨੀ ‘ਗੁਰੂ ਨਾਨਕ ਦੇਵ ਜੀ’ ਨੇ ਹੀ ਬੰਨ੍ਹ ਦਿਤਾ ਸੀ। ਅਸਮ ਰਾਜ ਦੇ ਦਾਨਪੁਰ ਵਿਚ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਬਣਿਆ ‘ਗੁਰੂਦਵਾਰਾ ਬਰਛਾ ਸਾਹਿਬ’, ਗੁਰੂ ਅੰਗਦ ਦੇਵ ਜੀ ਵਲੋਂ ਬਣਾਇਆ ‘ਗੁਰੂਦਵਾਰਾ ਮੱਲ੍ਹ ਸਾਹਿਬ’ ਇਸੇ ਸੋਚ ਵਲ ਇਸ਼ਾਰਾ ਕਰਦੇ ਹਨ ਕਿ ਸ੍ਰੀਰਕ ਮਜ਼ਬੂਤੀ ਤੇ ਸ਼ਸਤਰ ਦੇ ਮਹੱਤਵ ਨੂੰ ਗੁਰੂ ਨਾਨਕ ਦੀ ਹਰ ਜੋਤ ਨੇ ਪ੍ਰਚਾਰਿਆ ਹੈ। ਛੇਵੇਂ ਜਾਮੇ ਵਿਚ ਭਗਤੀ ਤੇ ਸ਼ਕਤੀ ਦਾ ਸੁਮੇਲ ਕਰ ਕੇ ਤੇ ਸਿੱਖ ਸ਼ਸਤਰ ਵਿਦਿਆ ‘ਗਤਕੇ’ ਦੀ ਸ਼ੁਰੂਆਤ ਕਰ ਗੁਰੂ ਜੀ ਨੇ ਇਸੇ ਸੋਚ ਨੂੰ ਅਮਲੀ ਰੂਪ ਦੇਣਾ ਸ਼ੁਰੂ ਕੀਤਾ ਸੀ ।