ਜੀਐਚਪੀਐਸ ਸਕੂਲ ਵਿਖੇ ਹੋਈ ਬੁੱਤ ਪੂਜਾ ਦੇ ਵਿਰੋਧ ਵਿਚ ਅਖੰਡ ਪਾਠ ਸਾਹਿਬ ਰੱਖ ਪਸਚਾਤਾਪ ਦਿਵਸ ਮਨਾਇਆ ਜਾਏ : ਸਰਨਾ

ਜੀਐਚਪੀਐਸ ਸਕੂਲ ਵਿਖੇ ਹੋਈ ਬੁੱਤ ਪੂਜਾ ਦੇ ਵਿਰੋਧ ਵਿਚ ਅਖੰਡ ਪਾਠ ਸਾਹਿਬ ਰੱਖ ਪਸਚਾਤਾਪ ਦਿਵਸ ਮਨਾਇਆ ਜਾਏ : ਸਰਨਾ

ਜੱਥੇਦਾਰ ਅਕਾਲ ਤਖਤ ਸਾਹਿਬ ਦੀ ਢਿਲੀ ਕਾਰਗੁਜਾਰੀ ਕਰਕੇ ਵੱਧ ਰਹੇ ਹਨ ਪੰਥ ਵਿਰੋਧੀ ਮਾਮਲੇ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 31 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਕਮੇਟੀ ਅੱਧੀਨ ਚਲਦੇ ਜੀਐਚਪੀਐਸ ਵਸੰਤ ਵਿਹਾਰ ਸਕੂਲ ਵਿਖੇ ਹੋਈ ਬੀਤੇ ਕੁਝ ਦਿਨ ਪਹਿਲਾਂ ਬੁੱਤ ਪੂਜਾ ਬਾਰੇ ਜਾਣਕਾਰੀ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਆਪਣੇ ਮੈਂਬਰਾਂ ਅਤੇ ਕਾਰਕੂਨਾਂ ਸਮੇਤ ਸਕੂਲ ਪਹੁੰਚੇ ਸਨ । ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਸਿਆ ਕਿ ਸਾਨੂੰ ਦੇਸ਼ ਵਿਦੇਸ਼ਾਂ ਤੋਂ ਫੋਨ ਆ ਰਹੇ ਸਨ ਕਿ ਜ਼ੇਕਰ ਸਿੱਖਾਂ ਦੇ ਸਕੂਲਾਂ ਵਿਚ ਦੇਵੀਂ ਪੂਜਾ ਹੋ ਸਕਦੀ ਹੈ ਤਾਂ ਓਹ ਦਿਨ ਦੂਰ ਨਹੀਂ ਜਦੋ ਸਾਡੇ ਗੁਰੂਘਰਾਂ ਅੰਦਰ ਵੀਂ ਇਹ ਕੰਮ ਚਾਲੂ ਹੋ ਜਾਣਗੇ ਇਸ ਲਈ ਤੁਸੀਂ ਜਲਦ ਤੋਂ ਜਲਦ ਇਸ ਕੌਮ ਵਿਰੋਧੀ ਕਾਰਵਾਈ ਬਾਰੇ ਜਾਣਕਾਰੀ ਲੈ ਕੇ ਬਣਦੀ ਕਾਰਵਾਈ ਕਰੋ ਜਿਸ ਨਾਲ ਇਸ ਨੂੰ ਰੋਕਿਆ ਜਾ ਸਕੇ । ਉਨ੍ਹਾਂ ਕਮੇਟੀ ਪ੍ਰਧਾਨ ਅਤੇ ਮੈਂਬਰਾਂ ਕੋਲੋਂ ਇਸ ਗਲਤੀ ਲਈ ਪਸਚਾਤਾਪ ਦਿਵਸ ਮਨਾਉਂਦਿਆਂ ਅਖੰਡ ਪਾਠ ਸਾਹਿਬ ਰੱਖਣ ਦੀ ਮੰਗ ਕੀਤੀ ਜਿਸ ਨੂੰ ਸਕੂਲ ਦੇ ਚੇਅਰਮੈਨ ਬਲਬੀਰ ਸਿੰਘ ਕੋਹਲ਼ੀ ਨੇ ਪ੍ਰਵਾਨ ਕਰ ਲਈ ਹੈ ।

ਜਿਕਰਯੋਗ ਹੈ ਕਿ ਸਕੂਲ ਵਿਚ ਕੁਝ ਦਿਨ ਪਹਿਲਾਂ ਬੱਚਿਆਂ ਕੋਲੋਂ ਸਰਸਵਤੀ ਦੇਵੀਂ ਦੀ ਪੂਜਾ ਕਰਦਿਆਂ ਫੋਟੋਆਂ ਵਾਇਰਲ ਹੋਈਆਂ ਸਨ ਜਿਸ ਕਰਕੇ ਪੰਥ ਅੰਦਰ ਰੋਸ ਫੈਲ ਗਿਆ ਸੀ ਤੇ ਕਮੇਟੀ ਵਲੋਂ ਖਾਨਾ ਪੂਰਤੀ ਕਰਦਿਆਂ ਇਕ ਮਿਊਜ਼ਿਕ ਟੀਚਰ ਨੂੰ ਸਸਪੇੰਡ ਕਰ ਦਿੱਤਾ ਗਿਆ ਸੀ ਜਦਕਿ ਸਰਨਾ ਨੇ ਪੂਰੀ ਮੇਨੇਜਮੈਂਟ ਨੂੰ ਸਸਪੇੰਡ ਕਰਣ ਦੀ ਮੰਗ ਕੀਤੀ ਹੈ । ਸਰਨਾ ਨੇ ਜੱਥੇਦਾਰ ਅਕਾਲ ਤਖਤ ਸਾਹਿਬ ਵਿਰੁੱਧ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਤੁਹਾਡਾ ਫਰਜ਼ ਬਣਦਾ ਹੈ ਕਿ ਇਨ੍ਹਾਂ ਮਸਲਿਆਂ ਤੇ ਤੁਰੰਤ ਕਾਰਵਾਈ ਕੀਤੀ ਜਾਏ ਪਰ ਤੁਸੀਂ ਕਿਸੇ ਕਿਸਮ ਦੀ ਕੋਈ ਵੀਂ ਕਾਰਵਾਈ ਨਹੀਂ ਕਰ ਰਹੇ ਹੋ ਜਦਕਿ ਸਾਡੇ ਵਲੋਂ ਬਹੁਤ ਚਿਠੀਆਂ ਤੁਹਾਨੂੰ ਭੇਜੀਆਂ ਗਈਆਂ ਹਨ ਤੇ ਉਨ੍ਹਾਂ ਦਾ ਜੁਆਬ ਤਕ ਨਹੀਂ ਦਿੱਤਾ ਗਿਆ । ਉਨ੍ਹਾਂ ਰੋਸ਼ ਪ੍ਰਗਟ ਕਰਦਿਆਂ ਕਿਹਾ ਕਿ ਜੱਥੇਦਾਰ ਅਕਾਲ ਤਖਤ ਸਾਹਿਬ ਦੀ ਢਿਲੀ ਕਾਰਗੁਜਾਰੀ ਕਰਕੇ ਪੰਥ ਵਿਰੋਧੀ ਮਾਮਲੇ ਵੱਧ ਰਹੇ ਹਨ, ਜਿਸ ਲਈ ਕੌਮ ਅੰਦਰ ਰੋਸ਼ ਫੈਲ ਰਿਹਾ ਹੈ ।ਉਨ੍ਹਾਂ ਨਾਲ ਪ੍ਰਭਜੀਤ ਸਿੰਘ ਸਰਨਾ, ਕਰਤਾਰ ਸਿੰਘ ਚਾਵਲਾ, ਬਲਦੇਵ ਸਿੰਘ ਰਾਣੀਬਾਗ, ਜਤਿੰਦਰ ਸਿੰਘ ਸੋਨੂੰ, ਤਜਿੰਦਰ ਸਿੰਘ ਗੋਪਾ, ਜਸਮੀਤ ਸਿੰਘ ਪੀਤਮਪੁਰਾ ਅਤੇ ਹੋਰ ਬਹੁਤ ਸਾਰੇ ਪਾਰਟੀ ਮੈਂਬਰ ਅਤੇ ਕਾਰਕੁਨ ਹਾਜ਼ਿਰ ਸਨ ।