11 ਸਿੱਖਾਂ ਦੇ ਕਾਤਲ 34 ਪੁਲਿਸ ਮੁਲਾਜ਼ਮਾਂ ਦੀਆਂ ਜ਼ਮਾਨਤਾਂ ਰੱਦ ਹੋਣ ਦਾ ਫੈਸਲਾ ਸਵਾਗਤਯੋਗ: ਮਨਜਿੰਦਰ ਸਿੰਘ ਸਿਰਸਾ

11 ਸਿੱਖਾਂ ਦੇ ਕਾਤਲ 34 ਪੁਲਿਸ ਮੁਲਾਜ਼ਮਾਂ ਦੀਆਂ ਜ਼ਮਾਨਤਾਂ ਰੱਦ ਹੋਣ ਦਾ ਫੈਸਲਾ ਸਵਾਗਤਯੋਗ: ਮਨਜਿੰਦਰ ਸਿੰਘ ਸਿਰਸਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, 27 ਮਈ (ਮਨਪ੍ਰੀਤ ਸਿੰਘ ਖਾਲਸਾ):- ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ 1991 ਵਿਚ ਪੀਲੀਭੀਤ ਵਿਚ 11 ਬੇਗੁਨਾਹ ਸਿੱਖਾਂ ਦਾ ਕਤਲ ਕਰਨ ਵਾਲੇ ਉੱਤਰ ਪ੍ਰਦੇਸ਼ ਪੁਲਿਸ ਦੇ 34 ਮੁਲਾਜ਼ਮਾਂ ਦੀਆਂ ਅਲਾਹਾਬਾਦ ਹਾਈ ਕੋਰਟ ਵੱਲੋਂ ਜ਼ਮਾਨਤਾਂ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਉਹਨਾਂ ਅਦਾਲਤ ਦਾ ਧੰਨਵਾਦ ਵੀ ਕੀਤਾ ਹੈ।

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹਨਾਂ ਉੱਤਰ ਪ੍ਰਦੇਸ਼ ਦੇ 34 ਪੁਲਿਸ ਮੁਲਾਜ਼ਮਾਂ ਨੇ ਪੀਲੀਭੀਤ ਵਿਚ ਮੱਥਾ ਟੇਕ ਕੇ ਵਾਪਸ ਪਰਤ ਰਹੇ 11 ਸ਼ਰਧਾਲੂਆਂ ਜਿਹਨਾਂ ਵਿਚ ਇਕ ਬੱਚਾ ਵੀ ਸ਼ਾਮਲ ਸੀ, ਨੂੰ ਬੱਸ ਵਿਚੋਂ ਲਾਹ ਕੇ ਇਹਨਾਂ ਦਾ ਕਤਲੇਆਮ ਕੀਤਾ ਸੀ। ਉਹਨਾਂ ਕਿਹਾ ਕਿ ਇਹ ਬਹੁਤ ਵੱਡਾ ਗੁਨਾਹ ਸੀ।

ਉਹਨਾਂ ਕਿਹਾ ਕਿ ਮਾਣਯੋਗ ਅਲਾਹਾਬਾਦ ਹਾਈ ਕੋਰਟ ਦੇ ਡਬਲ ਬੈਂਚ ਨੇ ਇਹ ਕਹਿ ਕੇ ਜ਼ਮਾਨਤਾਂ ਰੱਦ ਕੀਤੀਆਂ ਹਨ ਕਿ ਇੰਨੇ ਨਿਰਦਈ ਤਰੀਕੇ ਕੀਤੇ ਕਤਲਾਂ ਦੇ ਮਾਮਲੇ ਵਿਚ ਜ਼ਮਾਨਤ ਲੈਣਾ ਇਹਨਾਂ ਦੋਸ਼ੀਆਂ ਦਾ ਹੱਕ ਨਹੀਂ ਬਣਦਾ। ਉਹਨਾਂ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨਾਲ ਪੀੜਤਾਂ ਦੇ ਪਰਿਵਾਰਾਂ ਦੇ ਮਨਾਂ ਨੁੰ ਠੰਢ ਪਹੁੰਚੇਗੀ ਜੋ ਇੰਨੇ ਸਮੇਂ ਤੋਂ ਲੰਬੀ ਲੜਾਈ ਲੜ ਰਹੇ ਸਨ। ਉਹਨਾਂ ਕਿਹਾ ਕਿ ਹੁਣ ਇਹ ਕਾਤਲ ਸਾਰੀ ਉਮਰ ਜੇਲ੍ਹਾਂ ਵਿਚ ਸੜਨਗੇ।ਉਹਨਾਂ ਕਿਹਾ ਕਿ ਅਦਾਲਤ ਦਾ ਜ਼ਮਾਨਤਾਂ ਰੱਦ ਕਰਨ ਦਾ ਫੈਸਲਾ ਸਾਰੇ ਦੇਸ਼ ਵਿਚ ਇਕ ਸੰਦੇਸ਼ ਹੈ ਕਿ ਬੇਰਹਿਮੀ ਨਾਲ ਕੀਤੇ ਗੁਨਾਹਾਂ ਦੇ ਮਾਮਲੇ ਵਿਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।