ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਨੂੰ ਕਿਰਪਾਨ ਸਮੇਤ ਮੈਟਰੋ 'ਚ ਸਫ਼ਰ ਕਰਨ ਤੋਂ ਰੋਕਿਆ ਗਿਆ

ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਨੂੰ ਕਿਰਪਾਨ ਸਮੇਤ ਮੈਟਰੋ 'ਚ ਸਫ਼ਰ ਕਰਨ ਤੋਂ ਰੋਕਿਆ ਗਿਆ
ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ

ਮੈਟਰੋ ਕੋਈ ਹਵਾਈ ਜਹਾਜ਼ ਨਹੀਂ ਹੈ ਜਿੱਥੇ ਵੱਡੀ ਕਿਰਪਾਨ ਨਹੀਂ ਲਿਜਾਈ ਜਾ ਸਕਦੀ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 9 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):-ਦੇਸ਼ ਅੰਦਰ ਸਿੱਖਾਂ ਨਾਲ ਕਕਾਰਾਂ ਮੁੱਦੇ ਤੇ ਵਿਤਕਰਾ ਜਾਰੀ ਹੈ ਤੇ ਇਸ ਬਾਰੇ ਆਏ ਦਿਨ ਕੋਈ ਨਾ ਕੋਈ ਸਿੱਖ ਸ਼ਿਕਾਰ ਬਣਦਾ ਹੈ । ਇਸ ਵਾਰੀ ਇਹ ਵਿਤਕਰਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨਾਲ ਵਾਪਰਿਆ ਹੈ ਜਿਨ੍ਹਾਂ ਨੂੰ ਬੀਤੇ ਦਿਨੀਂ ਮੈਟਰੋ ਦੇ ਸੁਰੱਖਿਆ ਅਮਲੇ ਨੇ ਤਿੰਨ ਫੁੱਟ ਲੰਮੀ ਕਿਰਪਾਨ ਨਾਲ ਸਫ਼ਰ ਕਰਨ ਤੋਂ ਰੋਕ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਅਧਿਕਾਰੀਆਂ ਨੇ ਸਾਬਕਾ ਜਥੇਦਾਰ ਵੱਲੋਂ ਪਹਿਨੀ ਤਿੰਨ ਫੁੱਟ ਲੰਬੀ ਕਿਰਪਾਨ ਪਾ ਕੇ ਉਨ੍ਹਾਂ ਨੂੰ ਮੈਟਰੋ ਵਿਚ ਨਹੀਂ ਚੜ੍ਹਨ ਦਿੱਤਾ। ਸਾਬਕਾ ਜਥੇਦਾਰ ਕੇਵਲ ਸਿੰਘ ਅਨੁਸਾਰ ਉਹ ਦੁਆਰਕਾ ਦੇ ਸੈਕਟਰ-21 ਤੋਂ ਤਿਲਕ ਨਗਰ ਵੱਲ ਮੈਟਰੋ ਰਾਹੀਂ ਜਾਣ ਲਈ ਜਿਉਂ ਹੀ ਮੈਟਰੋ ਸਟੇਸ਼ਨ ਅੰਦਰ ਜਾਣ ਲੱਗੇ ਤਾਂ ਸੁਰੱਖਿਆ ਅਮਲੇ ਨੇ ਉਨ੍ਹਾਂ ਨੂੰ ਰੋਕ ਦਿੱਤਾ ਤੇ ਕਿਹਾ ਕਿ ਉਹ ਛੋਟੇ ਆਕਾਰ ਦੀ 6 ਇੰਚ ਦੀ ਕਿਰਪਾਨ ਪਾ ਕੇ ਸਫ਼ਰ ਕਰ ਸਕਦੇ ਹਨ।

ਸਾਬਕਾ ਜਥੇਦਾਰ ਕੇਵਲ ਸਿੰਘ ਨੇ ਕਿਹਾ,''ਮੈਟਰੋ ਕੋਈ ਹਵਾਈ ਜਹਾਜ਼ ਨਹੀਂ ਹੈ ਜਿੱਥੇ ਵੱਡੀ ਕਿਰਪਾਨ ਨਹੀਂ ਲਿਜਾਈ ਜਾ ਸਕਦੀ ਹੈ। ਮੈਂ ਪਹਿਲਾਂ ਵੀ ਵੱਡੀ ਕਿਰਪਾਨ ਨਾਲ ਮੈਟਰੋ ਵਿਚ ਸਫ਼ਰ ਕਰਦਾ ਰਿਹਾ ਹਾਂ।'' ਉਨ੍ਹਾਂ ਕਿਹਾ ਕਿ ਹਵਾਈ ਸਫ਼ਰ ਵਾਲੇ ਕਾਨੂੰਨਾਂ ਨੂੰ ਹੁਣ ਮੈਟਰੋ ਵਿਚ ਵੀ ਲਾਗੂ ਕਰਨਾ ਬਹੁਤ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਦੇ ਆਗੂ ਸਿਰਫ਼ ਕੁਰਸੀਆਂ ਦੇ ਸੁੱਖ ਨਾ ਭੋਗਣ ਅਤੇ ਸਿੱਖਾਂ ਦੇ ਮਸਲਿਆਂ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਹਿੰਦੁਸਤਾਨੀ ਸੰਵਿਧਾਨ ਵਿਚ ਧਾਰਮਿਕ ਆਜ਼ਾਦੀ ਦੇ ਅਧਿਕਾਰ ਦਿੱਤੇ ਗਏ ਹਨ।