ਗੁਰਬਾਣੀ ਰਿਸਰਚ ਫਾਊਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸੇਵਾ ਸੁਸਾਇਟੀ ਵੱਲੋਂ ਦਸਤਾਰ ਮੁਕਾਬਲੇ 10 ਨਵੰਬਰ ਨੂੰ ਦਿਲੀ ਹਾਟ ਵਿਖੇ 

ਗੁਰਬਾਣੀ ਰਿਸਰਚ ਫਾਊਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸੇਵਾ ਸੁਸਾਇਟੀ ਵੱਲੋਂ ਦਸਤਾਰ ਮੁਕਾਬਲੇ 10 ਨਵੰਬਰ ਨੂੰ ਦਿਲੀ ਹਾਟ ਵਿਖੇ 

ਪਗ ਦਾ ਸਿੱਖਾਂ ਲਈ ਖਾਸ ਮਹੱਤਵ ਤੇ ਸਰਦਾਰੀ ਦਾ ਪ੍ਰਤੀਕ: ਪਰਮਜੀਤ ਸਿੰਘ ਵੀਰਜੀ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 4 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਗੁਰਬਾਣੀ ਰਿਸਰਚ ਫਾਊਂਡੇਸ਼ਨ ਅਤੇ ਗੁਰੂ ਹਰਿਕਿਸ਼ਨ ਸੇਵਾ ਸੁਸਾਇਟੀ ਵੱਲੋਂ 10 ਨਵੰਬਰ ਨੂੰ ਦਿਲੀ ਹਾਟ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ। ਗੁਰਬਾਣੀ ਰਿਸਰਚ ਫਾਊਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸੇਵਾ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਵੀਰ ਜੀ ਅਤੇ ਸਕੱਤਰ ਲਵਲੀ ਕੋਹਲੀ ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਐਤਵਾਰ ਨੂੰ ਦੁਪਹਿਰ 3 ਵਜੇ ਤੋਂ ਦਿੱਲੀ ਹਾਟ, ਜਨਕ ਪੁਰੀ ਵਿਖੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ ਭਾਗ ਲੈਣ ਵਾਲੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਮੁਕਾਬਲਾ 5 ਤੋਂ 18 ਸਾਲ ਦੇ ਨੌਜਵਾਨਾਂ ਵਿਚਕਾਰ ਹੋਵੇਗਾ। ਦਸਤਾਰ ਸਜਾਉਣ ਲਈ ਕੁਝ ਸਮਾਂ ਦਿੱਤਾ ਜਾਵੇਗਾ ਅਤੇ ਪਹਿਲੇ ਪੰਜ ਜੇਤੂਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਰੰਗਦਾਰ ਟੀਵੀ, ਫਰਿੱਜ, ਵਾਸ਼ਿੰਗ ਮਸ਼ੀਨ, ਮਿਕਸਰ ਅਤੇ ਓਵਨ ਇਨਾਮ ਵਜੋਂ ਦਿੱਤਾ ਜਾਵੇਗਾ ਜਦਕਿ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਪਰਮਜੀਤ ਸਿੰਘ ਵੀਰਜੀ ਨੇ ਇਹ ਪ੍ਰਤੀਯੋਗਿਤਾ ਬਾਰੇ ਦਸਿਆ ਕਿ ਸਿੱਖ ਧਰਮ ਵਿੱਚ ਪੱਗ ਪਹਿਲੇ ਗੁਰੂ ਦੇ ਸਮੇਂ ਤੋਂ ਹੀ ਬੰਨੀ ਜਾਂਦੀ ਰਹੀ ਹੈ ਪਰ ਗੁਰੂ ਗੋਬਿੰਦ ਸਿੰਘ ਜੀ 1699 ਦੀ ਵਿਸਾਖੀ ਨੂੰ ਸਿੱਖਾਂ ਦੀ ਵੱਖਰੀ ਪਛਾਣ ਦੇਣ ਲਈ ਕੇਸਾਂ ਲਈ ਦਸਤਾਰ (ਪੱਗ) ਲਾਜ਼ਮੀ ਕਰ ਦਿੱਤੀ। ਪਾਉਂਟਾ ਸਾਹਿਬ ਵਿਖੇ "ਗੁਰਦੁਆਰਾ ਦਸਤਾਰ ਅਸਥਾਨ" ਦਾ ਇਤਿਹਾਸ ਇਹ ਦੱਸਦਾ ਹੈ ਕਿ ਗੁਰੂ ਸਾਹਿਬ ਉਥੇ ਸੋਹਣੀਆਂ ਦਸਤਾਰਾਂ ਦੇ ਮੁਕਾਬਲੇ ਕਰਵਾ ਕੇ ਜੇਤੂਆਂ ਨੂੰ ਸਨਮਾਨ ਦਿੰਦੇ ਹੁੰਦੇ ਸੀ। ਪੱਗ ਲਈ ਜਿੰਨੀਆਂ ਕੁਰਬਾਨੀਆਂ ਸਿੱਖ ਧਰਮ 'ਚ ਮਿਲਦੀਆਂ ਹਨ, ਉਨ੍ਹੀਆਂ ਕਿਸੇ ਹੋਰ ਧਰਮ 'ਚ ਨਹੀਂ। ਸਮੇਂ ਦੇ ਬਦਲਾਅ ਕਾਰਨ ਪੱਗੜੀ ਦਾ ਰਿਵਾਜ ਘੱਟਦਾ ਜਾ ਰਿਹਾ ਹੈ ਅਤੇ ਟੋਪੀ ਦਾ ਰਿਵਾਜ਼ ਚੱਲ ਪਿਆ ਹੋਣ ਕਰਕੇ ਸਿੱਖ ਧਰਮ ਵਿੱਚ ਵੀਂ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ । ਇਸ ਲਈ ਅਸੀਂ ਇਹ ਪ੍ਰੋਗਰਾਮ ਕਰਵਾ ਕੇ ਨੌਜੁਆਨ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਇਕ ਉਪਰਾਲਾ ਕਰ ਰਹੇ ਹਾਂ ਕਿਉਕਿ ਪੱਗ ਸਭਿਆਚਾਰ ਦਾ ਜਿੱਥੇ ਪ੍ਰਤੀਕ ਹੈ ਉੱਥੇ ਹੀ ਉਹ ਵਿਰਸੇ ਦਾ ਅਨਿੱਖੜਵਾਂ ਅੰਗ ਹੈ। ਪੱਗ ਜਿੱਥੇ ਸਿੱਖਾਂ ਲਈ ਖਾਸ ਮਹੱਤਵ ਰੱਖਦੀ ਹੈ ਉਥੇ ਹੀ ਹੋਰ ਧਰਮਾਂ ਵਿੱਚ ਵੀ ਇਸਦਾ ਆਪਣਾ ਸਥਾਨ ਹੈ ਤੇ ਅਸਲ ਵਿੱਚ ਦਸਤਾਰ ਹੀ ਸਾਡੀ ਸਰਦਾਰੀ ਦਾ ਪ੍ਰਤੀਕ ਹੈ।