ਭਾਈ ਚੌੜਾ ਦੇ ਹੱਕ ਵਿਚ ਡਟੇ ਦਲ ਖਾਲਸਾ ਤੇ ਅਕਾਲੀ ਦਲ ਅੰਮ੍ਰਿਤਸਰ
ਚੌੜਾ ਨੂੰ ਪੰਥ ’ਵਿਚੋਂ ਛੇਕਣ ਦੀ ਮੰਗ ਦਾ ਦਲ ਖ਼ਾਲਸਾ ਤੇ ਮਾਨ ਵੱਲੋਂ ਸਖਤ ਵਿਰੋਧ
ਕਿਹਾ- ਅੰਤ੍ਰਿੰਗ ਕਮੇਟੀ ਦੀ ਅਪੀਲ ਸਿੱਖ ਪੰਥ ਵਿਚ ਵੰਡੀ ਪਾਉਣ ਵਾਲੀ
*ਪੁਲਿਸ ਨੇ ਅਧੂਰੀ ਤੇ ਦੋਸ਼ੀ ਨੂੰ ਫਾਇਦਾ ਪਹੁੰਚਾਉਣ ਵਾਲੀ ਐੱਫਆਈਆਰ ਦਰਜ ਕੀਤੀ-ਮਜੀਠੀਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਨੂੰ ਪੰਥ ’ਵਿਚੋਂ ਛੇਕੇ ਜਾਣ ਬਾਰੇ ਐੱਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੂੰ ਮਿਲ ਕੇ ਕੀਤੀ ਗਈ ਮੰਗ ਦਾ ਦਲ ਖਾਲਸਾ ਤੇ ਅਕਾਲੀ ਦਲ ਅੰਮ੍ਰਿਤਸਰ ਨੇ ਸਖਤ ਵਿਰੋਧ ਕੀਤਾ ਹੈ।
ਦਲ ਖਾਲਸਾ ਦੇ ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਅਕਾਲੀ ਦਲ ਦੇ ਆਦੇਸ਼ਾਂ ’ਤੇ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਐੱਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਗਲਤ ਪਿਰਤ ਪਾਈ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਇਹ ਗੱਲ ਕੌਮ ਦੇ ਅੰਦਰ ਵੰਡੀਆਂ ਨੂੰ ਹੋਰ ਗਹਿਰਾ ਕਰੇਗੀ ਤੇ ਆਪਸੀ ਖਾਨਾਜੰਗੀ ਦਾ ਮਾਹੌਲ ਸਿਰਜੇਗੀ। ਖਾਲਸਾ ਨੇ ਕਿਹਾ ਕਿ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਘਟਨਾ ਬਾਰੇ ਗਲਤ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਉਹ ਕਹਿ ਰਹੇ ਹਨ ਕਿ ਭਾਈ ਨਾਰਾਇਣ ਸਿੰਘ ਚੌੜਾ ਨੇ ਦਰਬਾਰ ਸਾਹਿਬ ’ਤੇ ਗੋਲੀ ਚਲਾਈ ਹੈ, ਜੋ ਬੇਬੁਨਿਆਦ ਤੇ ਨਿਰਾਧਾਰ ਹੈ। ਉਨ੍ਹਾਂ ਕਿਹਾ ਕਿ ਭਾਈ ਚੌੜਾ ਨੇ ਦਰਬਾਰ ਸਾਹਿਬ ’ਤੇ ਨਹੀਂ, ਸਜ਼ਾ ਭੁਗਤ ਰਹੇ ਵਿਅਕਤੀ ’ਤੇ ਹਮਲਾ ਕੀਤਾ ਹੈ। ਨਾਰਾਇਣ ਸਿੰਘ ਚੌੜਾ ਪੜ੍ਹੇ-ਲਿਖੇ, ਸੂਝਵਾਨ ਤੇ ਦ੍ਰਿੜ੍ਹ ਇਰਾਦੇ ਦੇ ਵਿਅਕਤੀ ਹਨ ਅਤੇ ਉਨ੍ਹਾਂ ਵੱਲੋਂ ਕੀਤਾ ਗਿਆ ਹਮਲਾ ਸਿੱਖ ਕੌਮ ਦਾ ਬਾਦਲਾਂ ਪ੍ਰਤੀ ਰੋਹ ਦਾ ਪ੍ਰਗਟਾਵਾ ਹੈ।
ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੇ ਘਟਨਾਕ੍ਰਮ ਨੂੰ ਨਵਾਂ ਮੋੜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸਿੱਖ ਲਹਿਰ ਵੇਲੇ ਵੀ ਅਕਾਲੀ ਆਗੂਆ ’ਤੇ ਬਹੁਤ ਸਾਰੇ ਹਮਲੇ ਹੋਏ ਹਨ। 25 ਅਪ੍ਰੈਲ 1983 ਵਿਚ ਆਈਪੀਐੱਸ ਅਵਤਾਰ ਸਿੰਘ ਅਟਵਾਲ ’ਤੇ ਵੀ ਇਸੇ ਜਗ੍ਹਾ ਹਮਲਾ ਹੋਇਆ ਸੀ। ਕਦੇ ਵੀ ਇਹ ਮੰਗ ਨਹੀਂ ਉੱਠੀ ਕਿ ਹਮਲਾ ਕਰਨ ਵਾਲਿਆ ਨੂੰ ਪੰਥ ’ਵਿਚੋਂ ਛੇਕਿਆ ਜਾਵੇ। ਉਨ੍ਹਾਂ ਕਿਹਾ ਕਿ ਭਾਈ ਨਾਰਾਇਣ ਸਿੰਘ ਚੌੜਾ ਨੂੰ ਪੰਥ ਵਿਚੋਂ ਛੇਕਣ ਦੀ ਮੰਗ ਕਰਨ ਦੀ ਤਾਂ ਡੇਰਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆ ਘਟਨਾਵਾਂ ਕਬੂਲਣ ਲਈ ਸੁਖਬੀਰ ਸਿੰਘ ਬਾਦਲ ਤੇ ਸਾਥੀਆ ਨੂੰ ਪੰਥ ਵਿਚ ਛੇਕਿਆ ਜਾਣਾ ਚਾਹੀਦਾ ਹੈ।
ਕੰਵਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਅਕਾਲੀ ਦਲ ਮੁੜ ਸਿੱਖ ਕੌਮ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਬਾਦਲ ਦੇ ਜਾਲ ਵਿਚ ਨਾ ਫਸਣ ਜੋ ਉਨ੍ਹਾਂ ਨੇ ਐੱਸਜੀਪੀਸੀ ਰਾਹੀਂ ਵਿਛਾਇਆ ਗਿਆ ਹੈ। ਇਸ ਦਾ ਦਲ ਖਾਲਸਾ ਤੇ ਸਮੂਹ ਪੰਥਕ ਜਥੇਬੰਦੀਆ ਸਖ਼ਤ ਵਿਰੋਧ ਕਰਦੀਆ ਹਨ ਅਤੇ ਦੇਸ਼-ਵਿਦੇਸ਼ਾਂ ’ਚ ਬੈਠੇ ਸਮੂਹ ਸਿੱਖਾਂ ਨੂੰ ਵੀ ਅਪੀਲ ਕਰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਕੋਝੇ ਯਤਨ ਦਾ ਸਖਤ ਵਿਰੋਧ ਕਰਨ। ਇਸ ਦੇ ਨਾਲ ਹੀ ਉਨ੍ਹਾਂ ਜੇ ਭਾਈ ਨਾਰਾਇਣ ਸਿੰਘ ਚੌੜਾ ਨੂੰ ਪੰਥ ਵਿਚੋਂ ਛੇਕਣ ਲਈ ਸਿਰਜੇ ਜਾ ਰਹੇ ਬਿਰਤਾਂਤ ਮੁਤਾਬਕ ਫੈਸਲਾ ਕੀਤਾ ਗਿਆ ਤਾਂ ਇਸ ਦਾ ਹਸ਼ਰ ਵੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਮਾਫੀ ਵਾਲਾ ਹੋਵੇਗਾ। ਸੇਵਾ ਕਰ ਰਹੇ ਵਿਅਕਤੀ ’ਤੇ ਗੋਲੀ ਚਲਾਉਣ ਬਾਰੇ ਪੁੱਛੇ ਜਾਣ ’ਤੇ ਕੰਵਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ, ਸੇਵਾ ਨਹੀਂ ਕਰ ਰਿਹਾ ਬਲਕਿ ਸਜ਼ਾ ਭੁਗਤ ਰਿਹਾ ਹੈ। ਉਨ੍ਹਾਂ ਨੇ ਆਪ ਗਲਤੀ ਨਹੀਂ ਮੰਨੀ ਬਲਕਿ ਕੌਮ ਨੇ ਉਨ੍ਹਾਂ ਨੂੰ ਘਸੀਟ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਲਿਆਂਦਾ ਹੈ। ਦਲ ਖਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਉਹ 18 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨ ਰਘਬੀਰ ਸਿੰਘ ਨੂੰ ਮਿਲ ਕੇ ਅਕਾਲੀ ਦਲ ਦੀ ਸ਼ਹਿ ’ਤੇ ਅੰਤਿੰਗ ਕਮੇਟੀ ਵੱਲੋਂ ਭਾਈ ਨਾਰਾਇਣ ਸਿੰਘ ਚੌੜਾ ਨੂੰ ਪੰਥ ਵਿਚੋਂ ਛੇਕੇ ਜਾਣ ਦੀ ਮੰਗ ਬਾਰੇ ਵਿਰੋਧ ਦਰਜ ਕਰਵਾਉਣ ਲਈ ਮਿਲਣਗੇ। ਇਸ ਦੇ ਨਾਲ ਹੀ ਮੰਗ ਕੀਤੀ ਜਾਵੇਗੀ ਕਿ ਸ੍ਰੀ ਅਕਾਲ ਤਖਤ ਦੀ ਉਨ੍ਹਾਂ ਵੱਲੋਂ ਜੋ ਸ਼ਾਨ ਬਹਾਲ ਕੀਤੀ ਗਈ ਹੈ, ਉਸ ਨੂੰ ਬਣਾਈ ਰੱਖਣ ਲਈ ਅਕਾਲੀ ਦਲ ਦੇ ਦਬਾਅ ਤੋਂ ਦੂਰ ਰਹਿਣ। ਇਸ ਮੌਕੇ ਦਲ ਖ਼ਾਲਸਾ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ, ਹਰਚਰਨਜੀਤ ਸਿੰਘ ਧਾਮੀ, ਪਰਮਜੀਤ ਸਿੰਘ ਟਾਂਡਾ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਸਾਰਜ ਸਿੰਘ ਵੀ ਮੌਜੂਦ ਸਨ।
ਅਕਾਲੀ ਦਲ ਅੰਮ੍ਰਿਤਸਰ ਦਾ ਪਖ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਆਗੂਆਂ ਨੂੰ ਦਿੱਤੀ ਗਈ ਧਾਰਮਿਕ ਸਜ਼ਾ ਦੇ ਨਾਲ ਸਿੱਖਾਂ ਦੀ ਬਾਦਸ਼ਾਹੀ ਸੁਰਜੀਤ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਿੰਦੂਤਵ ਦੀ ਕੱਛ ਵਿਚ ਵੜ੍ਹ ਕੇ ਸਿੱਖੀ ਦਾ ਘਾਣ ਕੀਤਾ ਹੈ, ਪੰਥਕ ਮੁੱਦੇ ਖ਼ਤਮ ਕਰਕੇ ਸਿੱਖਾਂ ਨੂੰ ਮਰਵਾਇਆ, ਸੌਦਾ ਸਾਧ ਦਾ ਮੁਆਫ਼ੀਨਾਮਾ, ਸ਼੍ਰੋਮਣੀ ਕਮੇਟੀ ਦੇ ਫੰਡਾਂ ਦੀ ਦੁਰਵਰਤੋਂ ਕਰਕੇ ਇਹ ਮਸੰਦ ਬਣ ਗਏ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਸਜ਼ਾ ਦੇ ਕਾਰਨ ਅੱਜ ਸਿੱਖ ਮਾਣ ਮਹਿਸੂਸ ਕਰਦੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਸਭ ਇੱਕ ਸਾਮਾਨ ਹਨ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹੇ ਮਸੰਦਾਂ ਨੂੰ ਦੇਹਰਾਦੂਨ ਜਾ ਕੇ ਫੂਕਿਆ ਸੀ ਪਰ ਅੱਜ ਮਸੰਦਾਂ ਨੂੰ ਫੂਕਿਆ ਨਹੀਂ ਜਾ ਸਕਦਾ ਪਰ ਇਨ੍ਹਾਂ ਮਸੰਦਾਂ ਤੋਂ ਦੂਰੀ ਬਣਾਈ ਜਾ ਸਕਦੀ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਸਬੰਧੀ ਉਨ੍ਹਾਂ ਕਿਹਾ ਕਿ 14 ਸਾਲਾਂ ਤੋਂ ਕੇਂਦਰ ਦੀ ਭਾਜਪਾ ਸਰਕਾਰ ਨੇ ਸਿੱਖਾਂ ਦੀ ਜਮਹੂਰੀਅਤ 'ਤੇ ਡਾਕਾ ਮਾਰਿਆ ਹੈ, ਚੋਣਾਂ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਇਸ ਮਾਮਲੇ ਸਬੰਧੀ ਗੰਭੀਰ ਨਜ਼ਰ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰ ਫ਼ੈਸਲੇ ਦਾ ਸੁਆਗਤ ਕਰਦਾ ਹੈ ਕਿ ਸਿੱਖਾਂ ਦੀ ਬਾਦਸ਼ਾਹੀ ਸੁਰਜੀਤ ਹੋ ਰਹੀ ਹੈ। ਉਨ੍ਹਾਂ ਇਸ ਮੌਕੇ 'ਤੇ ਬੋਲਦਿਆਂ ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਨੂੰ ਸਿੱਖ ਪੰਥ 'ਚੋਂ ਛੇਕਣ ਦਾ ਵਿਰੋਧ ਕਰਦਿਆਂ ਕਿਹਾ ਕਿ ਜਦੋਂ ਉਸ ਦੇ ਹਮਲੇ ਨਾਲ ਕੋਈ ਨੁਕਸਾਨ ਨਹੀਂ ਹੋਇਆ, ਜਿਸ 'ਤੇ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਹੈ ਤਾਂ ਉਸ ਨੂੰ ਧਾਰਮਿਕ ਸਜ਼ਾ ਦੀ ਲੋੜ ਨਹੀਂ। ਸਜ਼ਾ ਦਾ ਹੱਕਦਾਰ ਤਾਂ ਸੁਖਬੀਰ ਬਾਦਲ ਅਤੇ ਉਸਦੇ ਆਗੂ ਹਨ।
ਮਾਨ ਨੇ ਅੰਮ੍ਰਿਤਸਰ ਵਿੱਚ ਭਾਈ ਨਰੈਣ ਸਿੰਘ ਚੌੜਾ ਨੂੰ ਲਖੀਮਪੁਰ ਖੀਰੀ ਲਿਜਾਣ ਦੇ ਅਮਲ ਦੀ ਨਿਖੇਧੀ ਕਰਦਿਆਂ ਇਸ ਨੂੰ ਮਨੁੱਖੀ ਹੱਕਾਂ ’ਤੇ ਡਾਕਾ ਦੱਸਿਆ। ਉਨ੍ਹਾਂ ਕਿਹਾ ਕਿ 72 ਸਾਲਾ ਬਜ਼ੁਰਗ ਤੇ ਖਾਲਸਾ ਪੰਥ ਦੇ ਆਗੂ ਨਾਲ ਸੈਂਟਰ ਤੇ ਪੰਜਾਬ ਸਰਕਾਰ ਅਣਮਨੁੱਖੀ ਵਿਹਾਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਨਰੈਣ ਸਿੰਘ ਨਾਲ ਕਿਸੇ ਤਰ੍ਹਾਂ ਦੀ ਅਣਹੋਣੀ ਹੋਈ ਤਾਂ ਕੇਂਦਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬੀਆਂ ਅਤੇ ਸਿੱਖਾਂ ਦੇ ਮਸਲਿਆਂ ਨੂੰ ਸਹਿਜਤਾ ਨਾਲ ਹੱਲ ਕਰਨ ਦੀ ਬਜਾਇ ਦੋਵੇ ਸਰਕਾਰਾਂ ਪੰਜਾਬ ਦੇ ਮਾਹੌਲ ਨੂੰ ਸਾਜ਼ਿਸ਼ ਅਧੀਨ ਖ਼ਰਾਬ ਕਰ ਰਹੀਆਂ ਹਨ।
ਮਜੀਠੀਆ ਨੇ ਪੇਸ਼ ਕੀਤੇ ਨਵੇਂ ਸਬੂਤ, ਪੁਲਿਸ ਦੀ ਥਿਊਰੀ 'ਤੇ ਚੁੱਕੇ ਸਵਾਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਪਿਛਲੇ ਦਿਨੀ ਹੋਏ ਹਮਲੇ ਵਿਚ ਪੁਲਿਸ ਦੀ ਜਾਂਚ ਤੋਂ ਨਾਖੁਸ਼ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਾਰੇ ਤੱਥਾਂ ਤੇ ਸਾਬੂਤਾਂ ਨੂੰ ਘੋਖਣ ਬਾਅਦ ਉਹ ਹਾਈ ਕੋਰਟ ਵਿਚ ਮਾਮਲੇ ਦੀ ਜਾਂਚ ਲਈ ਰਿੱਟ ਪਟੀਸ਼ਨ ਜਾਂਚ ਕਰਨਗੇ। ਉਨ੍ਹਾਂ ਕਿ ਪੁਲਿਸ ਨੇ ਅਧੂਰੀ ਤੇ ਦੋਸ਼ੀ ਨੂੰ ਫਾਇਦਾ ਪਹੁੰਚਾਉਣ ਵਾਲੀ ਐੱਫਆਈਆਰ ਦਰਜ ਕੀਤੀ ਹੈ।
ਮਜੀਠੀਆ ਨੇ ਸੀਸੀਟੀਵੀ ਵੀਡਿਓ ਦਿਖਾਉਂਦਿਆਂ ਕਿਹਾ ਕਿ ਪੁਲਿਸ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਹਮਲਾਵਰ ਨਰਾਇਣ ਸਿੰਘ ਚੌੜਾ ਦੇ ਨਾਲ ਖਾਲਿਸਤਾਨ ਕਮਾਂਡੋ ਫੋਰਸ (ਕੇ ਸੀ ਐਫ) ਦਾ ਖਾੜਕੂ ਧਰਮ ਸਿੰਘ ਅਤੇ ਇਕ ਹੋਰ ਅਣਪਛਾਤਾ ਵਿਅਕਤੀ ਸੀ। ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਨੇ ਕੇਸ ਨੂੰ ਹੋਰ ਕਮਜ਼ੋਰ ਕਰ ਦਿੱਤਾ ਕਿ ਧੱਕਾ ਮੁੱਕੀ ਕਾਰਨ ਗੋਲੀ ਹਵਾ ਵਿਚ ਚਲ ਗਈ ਜਦੋਂ ਕਿ ਸਪਸ਼ਟ ਲਿਖਣਾ ਚਾਹੀਦਾ ਸੀ ਕਿ ਸੁਖਬੀਰ ਸਿੰਘ ਬਾਦਲ ਹੁਰਾਂ ਦੇ ਨਿੱਜੀ ਸੁਰੱਖਿਆ ਅਫਸਰ (ਪੀ ਐਸ ਓ) ਵੱਲੋਂ ਸਮੇਂ ਸਿਰ ਚੁੱਕੇ ਕਦਮ ਕਾਰਨ ਤ੍ਰਾਸਦੀ ਹੁੰਦੇ ਹੁੰਦੇ ਬਚ ਗਈ। ਉਨਾਂ ਕਿਹਾ ਕਿ ਐਫ ਆਈ ਆਰ ਵਿਚ ਇਹ ਗੱਲ ਦਰਜ ਨਹੀਂ ਕੀਤੀ ਕਿ ਚੌੜਾ, ਸੁਖਬੀਰ ਬਾਦਲ ਨੂੰ ਮਾਰਨਾ ਚਾਹੁੰਦਾ ਸੀ ਅਤੇ ਗੋਲੀ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਵਿਚ ਜਾ ਵੱਜੀ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਐੱਫ ਆਈ ਆਰ ਵਿਚ ਚੌੜਾ ਨੂੰ ਇਕ ਸ਼ਰਧਾਲੂ ਦੱਸਿਆ ਗਿਆ ਹੈ ਜਦੋਂ ਕਿ ਉਸਦਾ ਪਿਛੋਕੜ ਖਾੜਕੂ ਲਹਿਰ ਨਾਲ ਹੈ।ਮਜੀਠੀਆ ਨੇ ਕਿਹਾ ਕਿ ਐੱਸਪੀ ਰੰਧਾਵਾ ਦੀ ਗ੍ਰਿਫਤਾਰੀ ਅਤੇ ਹਿਰਾਸਤੀ ਪੁੱਛ ਗਿੱਛ ਹੀ ਕੇਸ ਦਾ ਸੱਚ ਸਾਹਮਣੇ ਲਿਆ ਸਕਦੀ ਹੈ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਖਾੜਕੂ ਸਰਗਰਮੀਆਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਧਾਰਾਵਾਂ ਵੀ ਐਫ ਆਈ ਆਰ ਵਿਚ ਸ਼ਾਮਲ ਕੀਤੀਆਂ ਜਾਣ।ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਕੇਸ ਵਿਚ ਪੁਲਿਸ ਦੀ ਸ਼ਮੂਲੀਅਤ ਸਭ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਸੂਬਾ ਪੁਲਿਸ ਮੁਖੀ ਗੌਰਵ ਯਾਦਵ ਜਾਂ ਤਾਂ ਕੇਸ ਦੀ ਜਾਂਚ ਆਪਣੇ ਹੱਥ ਵਿਚ ਲੈਣ ਜਾਂ ਫਿਰ ਸੀਨੀਅਰ ਪੁਲਿਸ ਅਧਿਕਾਰੀ ਪ੍ਰਬੋਧ ਕੁਮਾਰ ਨੂੰ ਜਾਂਚ ਸੌਂਪੀ ਜਾਵੇ ।
Comments (0)