ਪੰਜਾਬ ‘ਚ ਅਵਾਰਾ ਗਾਂਵਾਂ ਦੀ ਸਮੱਸਿਆ ਦਾ ਹੱਲ

ਪੰਜਾਬ ‘ਚ ਅਵਾਰਾ ਗਾਂਵਾਂ ਦੀ ਸਮੱਸਿਆ ਦਾ ਹੱਲ

ਗੁਰਬਚਨ ਸਿੰਘ ਭੁੱਲਰ

ਸਵਾਲ ਹੈ ਕਿ ਮੋਦੀ ਹਕੂਮਤ ਦੌਰਾਨ ਪੈਦਾ ਹੋਏ ਕਥਿਤ ਭਗਵੇਂ ਅੱਤਵਾਦ ਦੇ ਮਾਹੌਲ ਵਿਚ ਪੰਜਾਬ ਦੇ ਕਿਸਾਨ ਅਤੇ ਦਲਿਤ ਅਵਾਰਾ ਗਊਆਂ ਦੀ ਸਮੱਸਿਆ ਦਾ ਕੀ ਹੱਲ ਕਰਨ? ਸ਼ਾਇਦ ਇੱਕੋ-ਇੱਕ ਸੁਚੱਜਾ ਰਾਹ ਇਹ ਹੈ ਕਿ ਹਰ ਇਲਾਕੇ ਦੇ ਕਿਸਾਨ ਸਭ ਆਵਾਰਾ ਗੋਕੇ ਪਸ਼ੂ ਇਕੱਠੇ ਕਰਨ ਅਤੇ ਉਹਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਅਤੇ ‘ਪੰਜਾਬ ਗਊ ਸੇਵਾ ਕਮਿਸ਼ਨ’ ਦੇ ਪ੍ਰਧਾਨ ਕੀਮਤੀ ਭਗਤ ਜਿਹੇ ਪ੍ਰਮੁੱਖ ਗਊ-ਭਗਤਾਂ ਤੋਂ ਲੈ ਕੇ ਹੇਠਾਂ ਆਪਣੇ ਪਿੰਡ-ਨਗਰ ਦੇ ਗਊ ਭਗਤਾਂ ਤੱਕ ਦੇ ਘਰਾਂ ਅਤੇ ਖੇਤਾਂ ਵਿਚ, ਉਹਨਾਂ ਦੀ ਸਮਾਜਕ-ਆਰਥਕ ਹੈਸੀਅਤ ਅਨੁਸਾਰ ਗਿਣਤੀ ਵਿਚ ਪੁੱਜਦੇ ਕਰ ਦੇਣ।

ਇਸੇ ਤਰ੍ਹਾਂ ਦਲਿਤ ਇਹਨਾਂ ਸਭ ਗਊ-ਭਗਤਾਂ ਨੂੰ ਸੋਝੀ ਕਰਾਉਣ ਕਿ ਆਪਣੀ ਜਨਮਦਾਤੀ ਮਾਤਾ ਦੀ ਅੰਤਿਮ ਯਾਤਰਾ ਜੇ ਤੁਸੀਂ ਬੜੇ ਸਤਿਕਾਰ ਨਾਲ ਆਪਣੇ ਮੋਢਿਆਂ ਉੱਤੇ ਚੁੱਕ ਕੇ ਪੂਰੀ ਕਰਾਉਂਦੇ ਹੋ ਤਾਂ ਉਸ ਨਾਲੋਂ ਵੀ ਵੱਧ ਪੂਜਣਜੋਗ ਗਊ ਮਾਤਾ ਦੀ ਅੰਤਿਮ ਯਾਤਰਾ ਵਾਸਤੇ ਸਾਡੇ ਭਿੱਟ-ਭਰੇ (ਅਖੌਤੀ) ਅਛੂਤ-ਸ਼ੂਦਰ ਮੋਢੇ ਕਿਉਂ ਵਰਤਦੇ ਹੋ? ਮਾਲਕ ਦੀ ਚੁਕਾਈ ਮਰੀ ਹੋਈ ਗਊ ਨਾਲ ਫੜੇ ਗਏ ਦਲਿਤਾਂ ਨੂੰ ਨੰਗੇ ਕਰ ਕੇ ਗਊ-ਭਗਤਾਂ ਵਲੋਂ ਚਾੜ੍ਹੇ ਗਏ ਜੱਲਾਦੀ ਕੁਟਾਪੇ ਮਗਰੋਂ ਗੁਜਰਾਤ ਦੇ ਦਲਿਤਾਂ ਨੇ ਰਾਜਧਾਨੀ ਅਹਿਮਦਾਬਾਦ ਵਿਚ ਮਹਾਂ ਸੰਮੇਲਨ ਕਰ ਕੇ ਸਹੁੰ ਖਾਧੀ ਹੈ ਕਿ ਹੁਣ ਉਹ ਕਾਲ਼ੇ ਅਤੀਤ ਵਿਚ ਵਡੇਰਿਆਂ ਦਾ ਮਨੂਵਾਦੀ ਮਜਬੂਰੀ ਵਿਚ ਅਪਣਾਇਆ ਪਰਾਏ ਘਰਾਂ ਵਿੱਚੋਂ ਮਰੇ ਹੋਏ ਪਸ਼ੂ ਚੁੱਕਣ ਦਾ ਧੰਦਾ ਕਿਸੇ ਵੀ ਹਾਲਤ ਵਿਚ ਨਹੀਂ ਕਰਨਗੇ! ਇਉਂ ਉਹਨਾਂ ਨੇ ਪੰਜਾਬ ਸਮੇਤ ਬਾਕੀ ਦੇਸ਼ ਦੇ ਦਲਿਤਾਂ ਨੂੰ ਸਹੀ ਰਾਹ ਦਿਖਾ ਦਿੱਤਾ ਹੈ ਜੋ ਹੁਣ ਉਹਨਾਂ ਸਾਹਮਣੇ ਇਕੋ-ਇਕ ਰਾਹ ਰਹਿ ਗਿਆ ਹੈ।

ਕਿਸਾਨਾਂ ਅਤੇ ਦਲਿਤਾਂ ਦੇ ਇਸ ਇਕ ਸੁਚੱਜੇ ਕਦਮ ਸਦਕਾ ਆਵਾਰਾ ਗੋਕਿਆਂ ਨੂੰ ਗੰਦ-ਖਾਣੇ ਨਰਕੀ ਜੀਵਨ ਤੋਂ ਮੁਕਤੀ ਮਿਲੇਗੀ, ਕਿਸਾਨਾਂ ਦੀਆਂ ਫ਼ਸਲਾਂ ਉਜਾੜੇ ਤੋਂ ਬਚ ਰਹਿਣਗੀਆਂ, ਦਲਿਤ ਅਰਧ-ਮਾਨਵੀ ਨਰਕੀ ਹੋਂਦ ਵਿੱਚੋਂ ਨਿਕਲ ਕੇ ਮਨੁੱਖੀ ਜਾਮੇ ਵਿਚ ਪ੍ਰਵੇਸ਼ ਕਰ ਸਕਣਗੇ। ਗਊ-ਭਗਤਾਂ ਨੂੰ ਆਪਣੀ ਗਊਮਾਤਾ ਦੀ ਸੇਵਾ ਕਰਨ ਦਾ ਤੇ ਅੰਤ ਸਮੇਂ ਉਹਦੀਆਂ ਆਖ਼ਰੀ ਰਸਮਾਂ ਆਪਣੇ ਹੱਥੀਂ ਆਪ ਨਿਭਾਉਣ ਦਾ ਮੌਕਾ ਪ੍ਰਾਪਤ ਹੋ ਜਾਵੇਗਾ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ