ਲਖੀਮਪੁਰ ਖੀਰੀ ਦਾ ਮੋਰਚਾ ਸੰਭਾਲ ਕੇ ਪ੍ਰਿਅੰਕਾ ਗਾਂਧੀ ਨਾਇਕਾ ਬਣੀ           

ਲਖੀਮਪੁਰ ਖੀਰੀ ਦਾ ਮੋਰਚਾ ਸੰਭਾਲ ਕੇ ਪ੍ਰਿਅੰਕਾ ਗਾਂਧੀ ਨਾਇਕਾ ਬਣੀ           

 *ਯੂਪੀ ਵਿਚ ਕਾਂਗਰਸ ਕੋਲ ਮਜਬੂਤ ਕੇਡਰ ਨਹੀਂ  * ਜੇ ਕਾਂਗਰਸ ਮਜਬੂਤ ਨਾ ਹੋਈ ਤਾਂ ਭਾਜਪਾ ਨੂੰ  ਮਿਲ ਸਕਦੈ ਲਾਹਾ  * ਕਿਸਾਨਾਂ ਦੇ ਸੰਘਰਸ਼ ਵਿਚ ਪਿ੍ਅੰਕਾ ਨੇ ਬਸਪਾ ਤੇ ਸਮਾਜਵਾਦੀ ਨੂੰ ਪਛਾੜਿਆ * ਮਭਾਜਪਾ ਦੇ ਸਿਖਾਂ ਵਿਰੁਧ ਜ਼ਹਿਰੀਲੇ ਪ੍ਰਚਾਰ ਵਿਰੁਧ  ਲੋਕਸਭਾ  ਮੈਂਬਰ ਤੇ ਬੀਜੇਪੀ ਆਗੂ ਵਰੁਣ ਗਾਂਧੀ  ਡਟੇ   

ਅੰਮ੍ਰਿਤਸਰ ਟਾਇਮਜ਼ 

  ਕਵਰ ਸਟੋਰੀ   

 ਲਖੀਮਪੁਰ ਖੀਰੀ:

ਅਜਿਹੇ ਬਹੁਤ ਘੱਟ ਹੀ ਮੌਕੇ ਰਹੇ ਹਨ ਜਦੋਂ ਪ੍ਰਿਅੰਕਾ ਗਾਂਧੀ ਕਾਂਗਰਸ ਵੱਲੋਂ ਲੜਦੀ ਭਿੜੀ ਦਿਖੀ ਹੈ ਪਰ ਲਖੀਮਪੁਰ ਮਾਮਲੇ ਵਿੱਚ ਉਸਨੇ ਨੇ ਸੜਕ 'ਤੇ ਕਿਸਾਨਾਂ ਲਈ ਉਤਰ ਕੇ ਸਿਆਸੀ ਨਾਇਕਾ ਵਾਲਾ ਰੋਲ ਨਿਭਾ ਕੇ ਸਭ ਸਿਆਸੀ ਪਾਰਟੀਆਂ ਨੂੰ ਹੈਰਾਨ ਕਰ ਦਿਤਾ ਹੈ।ਉੱਤਰ ਪ੍ਰਦੇਸ਼  ਦੇ ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਇੱਕ ਹਫ਼ਤੇ ਦੌਰਾਨ ਪ੍ਰਿਅੰਕਾ ਗਾਂਧੀ ਨੇ ਸ਼ਾਇਦ ਓਨਾਂ ਕੁਝ ਕਰ ਕੇ ਦਿਖਾਇਆ ਹੈ, ਜਿੰਨਾਂ ਉਹ ਹੁਣ ਤੱਕ ਆਪਣੇ ਪੂਰੇ ਸਿਆਸਤ ਕਰੀਅਰ ਵਿੱਚ ਨਹੀਂ ਕਰ ਸਕੀ ਸੀ।ਹਾਲਾਂਕਿ, ਉਨ੍ਹਾਂ ਨੇ ਪ੍ਰਦੇਸ਼ ਦੀ ਸਿਆਸਤ ਵਿੱਚ ਸਰਗਰਮ ਹੋਏ ਬਹੁਤੇ ਦਿਨ ਨਹੀਂ ਹੋਏ ਹਨ। ਅਮੇਠੀ ਅਤੇ ਰਾਇਬਰੇਲੀ ਦੀਆਂ ਪਰਿਵਾਰਕ ਸੀਟਾਂ ਤੋਂ ਬਾਹਰ ਨਿਕਲ ਕੇ ਪਹਿਲੀ ਵਾਰ 2019 ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਸਰਗਰਮ ਹੋਈ ਸੀ।ਵਾਰਾਣਸੀ ਵਿੱਚ ਪ੍ਰਿਅੰਕਾ ਦੀ ਇਸ ਰੈਲੀ ਬਾਰੇ ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਇਸ ਵਿਚ ਕਰੀਬ ਪੰਜਾਹ ਹਜਾਰ ਲੋਕ ਜੁਟੇ ਸਨ।ਇਸ ਭੀੜ ਦੇ ਸਾਹਮਣੇ ਪ੍ਰਿਅੰਕਾ ਗਾਂਧੀ ਨੇ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ, "ਦੁਨੀਆਂ ਦੇ ਕੋਨੇ-ਕੋਨੇ ਤੱਕ ਸਾਡੇ ਪ੍ਰਧਾਨ ਮੰਤਰੀ ਘੁੰਮ ਸਕਦੇ ਹਨ, ਪਰ ਆਪਣੇ ਦੇਸ਼ ਦੇ ਕਿਸਾਨਾਂ ਨਾਲ ਗੱਲ ਕਰਨ ਲਈ ਆਪਣੇ ਘਰ ਤੋਂ ਮਾਤਰ 10 ਕਿਲੋਮੀਟਰ ਦੂਰ ਦਿੱਲੀ ਦੇ ਬਾਰਡਰ ਤੱਕ ਨਹੀਂ ਜਾ ਸਕਦੇ ਹਨ।" 

 ਕਾਂਗਰਸ ਮੁਤਾਬਕ ਲਖੀਮਪੁਰ ਖੀਰੀ ਹਿੰਸਾ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਉਸਦੇ ਦੇ ਪਿਤਾ ਕੇਂਦਰੀ ਮੰਤਰੀ ਅਜੇ ਮਿਸ਼ਰ ਟੇਨੀ ਦੀ ਬਰਖਾਸਤੀ ਦੀ ਵਾਰੀ ਹੈ।ਇਸੇ ਮੰਗ ਨੂੰ ਪ੍ਰਿਅੰਕਾ ਨੇ ਕਾਂਗਰਸ ਦੇ ਸੰਘਰਸ਼ ਦਾ ਅਗਲਾ ਪੜਾਅ ਬਣਾਉਂਦਿਆਂ ਹੋਇਆ ਕਿਹਾ, "ਸਾਨੂੰ ਜੇਲ੍ਹ ਵਿੱਚ ਸੁੱਟੋ, ਸਾਨੂੰ ਮਾਰੋ,  ਅਸੀਂ ਲੜਦੇ ਰਹਾਂਗੇ। ਜਦੋਂ ਤੱਕ ਉਹ ਗ੍ਰਹਿ ਰਾਜ ਮੰਤਰੀ ਅਸਤੀਫਾ ਨਹੀਂ ਦਿੰਦਾ, ਅਸੀਂ ਲੜਦੇ ਰਹਾਂਗੇ ।"ਪਿ੍ਅੰਕਾ ਦੇ ਜੂਝਨ ਦਾ ਢੰਗ ਏਨਾ ਨਿਰਾਲਾ ਸੀ ਕਿ ਉਹ ਲਖਨਊ ਨਾਲ ਪੁਲਿਸ ਨੂੰ ਝਕਾਨੀ  ਦੇ ਕੇ ਨਿਕਲ ਗਈ ਅਤੇ ਕਾਫੀ ਦੇਰ ਤੱਕ ਪੁਲਿਸ ਉਸਨੂੰ ਭਾਲਦੀ  ਰਹੀ। ਸਿਆਸੀ ਮਾਹਿਰ ਮੰਨਦੇ ਹਨ ਕਿ ਇਹ ਪਹਿਲਾ ਮੌਕਾ ਸੀ, ਜਦੋਂ ਪ੍ਰਿਅੰਕਾ ਦੇ ਅੰਦਰ ਜੋ ਅੰਦਰੂਨੀ ਲੀਡਰਸ਼ਿਪ ਕੁਆਲਿਟੀ ਹੈ, ਉਹ ਜਾਗੀ ਅਤੇ ਬਾਹਰ ਦਿਖੀ ਹੈ। ਪ੍ਰਿਅੰਕਾ ਗਾਂਧੀ ਨੇ ਕਰੀਬ 60 ਘੰਟੇ ਤੱਕ ਸੀਤਾਪੁਰ ਪੀਐੱਸਸੀ ਗੈਸਟ ਹਾਊਸ ਵਿੱਚ ਕੈਦ ਰਹਿ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਲੋਕਾਂ ਲਈ ਜੂਝਨ ਦਾ ਮਾਦਾ ਰੱਖਦੀ ਹੈ।ਇਸ ਤੋਂ ਬਾਅਦ ਲਖੀਮਪੁਰ ਖੀਰੀ ਹਿੰਸਾ ਵਿੱਚ ਮਰਨ ਵਾਲੇ 18 ਸਾਲ ਦੇ ਕਿਸਾਨ ਲਵਪ੍ਰੀਤ ਸਿੰਘ ਦੇ ਘਰ ਛੋਟੇ ਜਿਹਾ ਅਧਬਣੇ ਕਮਰੇ ਵਿੱਚ ਲਵਪ੍ਰੀਤ ਦੀ ਭੈਣ ਨੂੰ ਗਲੇ ਨਾਲ ਲਗਾਇਆ ਤੇ ਚੰਦ ਮਿੰਟਾਂ ਦੀ ਦੂਰੀ 'ਤੇ ਨਿਘਾਸ਼ਨ ਵਿੱਚ ਪੱਤਰਕਾਰ ਰਮਨ ਕਸ਼ਯਪ ਦੇ ਘਰ ਪਹੁੰਚ ਕੇ ਪਤਨੀ ਆਰਾਧਨਾ ਦਾ ਦੁੱਖ ਵੰਡਾਇਆ।ਇਸ ਤੋਂ ਬਾਅਦ ਉਹ ਬਹਿਰਾਇਚ ਦੇ ਸ਼ਹੀਦ ਕਿਸਾਨ ਦੇ ਪਰਿਵਾਰ ਵਾਲਿਆਂ ਨਾਲ ਮਿਲੀ।

  ਕਾਂਗਰਸ ਵਲੋਂ ਦੇਸ਼ ਭਰ 'ਚ ਮੌਨ ਧਰਨੇ

ਲਖੀਮਪੁਰ ਖੀਰੀ ਘਟਨਾ 'ਚ 4 ਕਿਸਾਨਾਂ ਦੇ ਮਾਰੇ ਜਾਣ ਦੇ ਰੋਸ ਵਜੋਂ ਅਤੇ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਦੇਸ਼ ਭਰ 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਮੌਨ ਧਰਨੇ ਲਗਾਏ। ਲਖਨਊ ਵਿਖੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਬੈਠ ਕੇ 'ਮੌਨ ਧਰਨਾ' ਲਗਾਇਆ। ਦਿੱਲੀ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਉਪ ਰਾਜਪਾਲ ਦੇ ਦਫ਼ਤਰ ਨੇੜੇ ਮੌਨ ਧਰਨਾ ਲਗਾਇਆ। ਧਰਨੇ 'ਚ ਦਿੱਲੀ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਤੇ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਅਤੇ ਕ੍ਰਿਸ਼ਨਾ ਤੀਰਥ ਵੀ ਸ਼ਾਮਿਲ ਹੋਏ। ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਗੋਆ 'ਚ ਮੌਨ ਪ੍ਰਦਰਸ਼ਨ ਦੀ ਅਗਵਾਈ ਕੀਤੀ। ਜੈਪੁਰ 'ਚ ਪਾਰਟੀ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਨੇ ਮੌਨ ਪ੍ਰਦਰਸ਼ਨ ਕੀਤਾ। ਆਸਾਮ 'ਚ ਪਾਰਟੀ ਦੇ ਸੂਬਾ ਪ੍ਰਧਾਨ ਭੁਪੇਨ ਕੁਮਾਰ ਬੋਰਾ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਮੇਘਦੂਤ ਭਵਨ ਦੇ ਬਾਹਰ ਮੌਨ ਧਰਨਾ ਲਗਾਇਆ। ਜੰਮੂ ਵਿਖੇ ਸੈਂਕੜੇ ਕਾਂਗਰਸੀ ਕਾਰਕੁਨਾਂ ਨੇ ਪਾਰਟੀ ਦੇ ਜੰਮੂ-ਕਸ਼ਮੀਰ ਮਾਮਲਿਆਂ ਦੇ ਇੰਚਾਰਜ ਰਜਨੀ ਪਾਟਿਲ ਦੀ ਅਗਵਾਈ 'ਚ ਰਾਜ ਭਵਨ ਦੇ ਬਾਹਰ ਮੌਨ ਧਰਨਾ ਲਗਾਇਆ।

   ਕੀ ਕਾਂਗਰਸ ਨੂੰ ਫਾਇਦਾ ਹੋਵੇਗਾ?

ਯੂਪੀ ਦੀ ਸਿਆਸਤ 'ਤੇ ਨਜ਼ਰ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਇਨ੍ਹਾਂ ਸਾਰੀਆਂ ਸਰਗਰਮੀਆਂ ਰਾਹੀਂ ਪ੍ਰਿਅੰਕਾ  ਸਿਆਸੀ ਅਕਸ ਦੇ ਖੇਡ ਵਿੱਚ ਵਿਰੋਧੀ ਧਿਰ ਦੇ  ਨੇਤਾਵਾਂ ਤੋਂ ਲੀਡ ਲੈਂਦੀ ਦਿਖੀ ਹੈ।ਪਰ ਸਭ ਤੋਂ ਅਹਿਮ ਸਵਾਲ ਇਹੀ ਹੈ ਕਿ ਕੀ ਇਸ ਨਾਲ ਕਾਂਗਰਸ ਨੂੰ ਯੂਪੀ ਵਿੱਚ ਕੋਈ ਫਾਇਦਾ ਹੋਵੇਗਾ?ਸਿਆਸੀ ਮਾਹਿਰ ਕਹਿੰਦੇ ਹਨ, "ਪ੍ਰਿਅੰਕਾ ਕੋਲ ਸੰਗਠਨ ਨਹੀਂ ਹਨ ਪਰ ਉਹ ਇਕੱਲੀ ਚੱਲ ਪਈ। ਜਿਨ੍ਹਾਂ ਕੋਲ ਕਾਡਰ ਹੈ, ਉਹ ਘਰ ਵਿੱਚ ਬੈਠੇ ਹੋਏ ਹਨ। ਅਖਿਲੇਸ਼ ਯਾਦਵ ਨੇ ਆਪਣੇ ਆਪ ਨੂੰ ਘਰ ਦੇ ਬਾਹਰ ਕੋਰਟ ਅਰੈਸਟ ਕਰਵਾ ਕੇ ਰਸਮ ਨਿਭਾਈ।ਲਖੀਮਪੁਰ ਖੀਰੀ ਹਿੰਸਾ ਮਾਮਲੇ 'ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖੀਲੇਸ਼ ਯਾਦਵ ਅਤੇ ਬਸਪਾ ਦੀ ਮਾਇਆਵਤੀ ਦੋਵੇਂ ਓਨੇ ਹੀ ਬੇਬਾਕ ਨਹੀਂ ਦਿਖੇ ਹਨ, ਜਿੰਨੀ ਪ੍ਰਿਅੰਕਾ ਦਿਖੀ ਹੈ।ਕਈ ਸੂਬਿਆਂ ਵਿੱਚ ਕਾਂਗਰਸ ਪਾਰਟੀ ਲਈ ਚੋਣਾਵੀਂ ਮੈਨੇਜਰ ਦੀ ਭੂਮਿਕਾ ਨਿਭਾ ਚੁੱਕੇ ਪ੍ਰਸ਼ਾਂਤ ਕਿਸ਼ੋਰ ਇਸ ਮਾਮਲੇ ਵਿੱਚ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਅਗਾਹ ਕਰਦੇ ਹਨ ਕਿ ਜਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ।ਉਨ੍ਹਾਂ ਨੇ ਇਸੇ ਸਵਾਲ 'ਤੇ ਟਵੀਟ ਲਿਖਿਆ ਹੈ, "ਜੋ ਲੋਕ ਲਖੀਮਪੁਰ ਦੀ ਘਟਨਾ ਵਿੱਚ ਕਾਂਗਰਸ ਦੀ ਅਗਵਾਈ ਵਿੱਚ ਵਿਰੋਧੀ ਧਿਰ ਲੀਡਰਸ਼ਿਪ ਤਲਾਸ਼ ਰਹੇ ਹਨ, ਉਨ੍ਹਾਂ ਨੂੰ ਅੱਗੇ ਵੱਡੀ ਨਿਰਾਸ਼ਾ ਹੋਵੇਗੀ।" ਕਾਂਗਰਸ ਦੀਆਂ ਸਮੱਸਿਆਵਾਂ ਦਾ ਕੋਈ ਤੁਰੰਤ ਹੱਲ ਨਹੀਂ ਹੈ ਕਿਉਂ ਕਿ ਉਸ ਦਾ ਢਾਂਚਾ ਕਮਜੋਰ ਹੈ ।ਲਖੀਮਪੁਰ ਖੀਰੀ ਦੇ ਪਲੀਆ ਦੇ ਕਿਸਾਨ ਹਰਵਿੰਦਰ ਸਿੰਘ ਗਾਂਧੀ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀ ਵਿੱਚ ਸਭ ਤੋਂ ਅੱਗੇ ਕਾਂਗਰਸ ਆ ਗਈ ਹੈ, ਉਹ ਵੀ ਸਿਰਫ਼ ਪ੍ਰਿਅੰਕਾ ਗਾਂਧੀ ਦੀ ਬਦੌਲਤ ਹੈ।ਅਖਿਲੇਸ਼ ਵੀ ਪੂਰਾ ਜੋਰ ਲਗਾ ਰਹੇ ਹਨ, ਪਰ ਜੋ ਕਹਿੰਦੇ ਹਨ ਕਿ ਕਾਂਗਰਸ ਦੀ ਕੋਈ ਹੋਂਦ ਨਹੀਂ ਹੈ, ਉਹ ਭੁੱਲ ਰਹੇ ਹਨ ਕਿ ਚੋਣਾਂ ਅਜੇ ਦੂਰ ਹੈ ਅਤੇ ਸਿਆਸਤ ਵਿੱਚ ਕਿਸਮਤ ਬਦਲਦਿਆਂ ਦੇਰ ਨਹੀਂ ਲਗਦੀ।"

ਪੱਤਰਕਾਰ ਰਤਨ ਮਣੀ ਲਾਲ ਇਸੇ ਨੂੰ ਵੱਖਰੀ ਤਰ੍ਹਾਂ ਦੇਖਦੇ  ਕਹਿੰਦੇ ਹੈ, "ਪ੍ਰਿਅੰਕਾ ਸਰਗਰਮੀ ਨਾਲ ਜੋ ਮੌਜੂਦਾ ਸਮੇਂ ਵਿੱਚ ਅਸਲ ਵਿਰੋਧੀ ਅਖਿਲੇਸ਼ ਯਾਦਵ ਹੈ, ਉਹ ਕਮਜੋਰ ਹੋਵੇਗਾ। ਉਸ ਕੋਲ ਸੰਗਠਨ ਵੀ ਹੈ, ਭੀੜ ਇਕੱਠੀ ਕਰਨ ਦੀ ਸਮਰੱਥਾ ਹੈ।ਅਤੇ ਆਪਣਾ ਅਕਸ ਵੀ ਹੈ, ਪਰ ਜੇਕਰ ਪਿਕਚਰ ਅਜਿਹੀ ਬਣ ਗਈ ਹੈ ਕਿ ਪੂਰੀ ਵਿਰੋਧੀ ਧਿਰ ਦੀ ਕੈਂਪੇਨ ਦੀ ਅਗਵਾਈ ਪ੍ਰਿਅੰਕਾ ਕਰ ਰਹੇ ਹਨ ਤਾਂ ਲੋਕ ਮਨ ਵਿੱਚ ਇਹੀ ਆਵੇਗਾ ਕਿ ਟੱਕਰ ਤਾਂ ਪ੍ਰਿਅੰੰਕਾ ਨੇ ਹੀ ਦਿੱਤੀ। ਇਸ ਨਾਲ ਅਖਿਲੇਸ਼ ਦੀ ਸਥਿਤੀ ਕਮਜੋਰ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਮਜ਼ਬੂਤ ਹੋਵੇੇਗੀ ਅਤੇ ਇਹ ਸਮਾਜਵਾਦੀ ਪਾਰਟੀ ਦਾ ਹੀ ਵੋਟ ਕੱਟੇਗੀ।ਕਾਂਗਰਸ ਦਾ ਵੋਟ ਬੈਂਕ ਜੇਕਰ ਵਧਦਾ ਹੈ ਤਾਂ ਇਹ ਵੋਟ ਭਾਜਪਾ ਵਿੱਚ ਸੰਨ੍ਹ ਲਾਉਣ ਲਈ ਨਹੀਂ ਬਲਕਿ ਭਾਜਪਾ ਦੇ ਵਿਰੋਧੀਆਂ ਦੇ ਵੋਟਾਂ ਵਿੱਚ ਖੋਰਾ ਲਾਉਣ ਦਾ ਕਾਰਨ ਹੋਵੇਗਾ।ਭਾਜਪਾ ਦੇ ਵੋਟਰਾਂ ਵਿੱਚ ਕੋਈ ਵੰਡੀ ਪਵੇ, ਅਜਿਹੀ ਆਸ ਅਜੇ ਘੱਟ ਹੀ ਜਤਾਈ ਜਾ ਰਹੀ ਹੈ।ਇਸ ਬਾਰੇ ਸਮਾਜਵਾਦੀ ਪਾਰਟੀ ਦੇ ਕੌਮੀ ਬੁਲਾਰੇ ਅਬਦੁੱਲ ਹਫੀਜ਼ ਗਾਂਧੀ ਕਹਿੰਦੇ ਹਨ, "ਹੋ ਸਕਦਾ ਹੈ ਕਿ ਭਾਜਪਾ ਦੀ ਰਣਨੀਤੀ ਹੋਵੇ ਕਿ ਵੋਟਰਾਂ ਵਿੱਚ ਵੰਡੀ ਪੈਦਾ ਕੀਤੀ ਜਾਵੇ। ਜੇਕਰ ਮੌਜੂਦਾ ਸਮੇਂ ਵਿੱਚ ਭਾਜਪਾ ਨੂੰ ਕਿਤਿਓਂ ਚੁਣੌਤੀ ਮਿਲ ਰਹੀ ਹੈ ਤਾਂ ਉਹ ਕੇਵਲ ਸਮਾਜਵਾਦੀ ਪਾਰਟੀ ਹੀ ਹੈ। ਤੁਸੀਂ ਪੰਚਾਇਤੀ ਚੋਣਾਂ ਦੇ ਨਤੀਜੇ ਦੇਖ ਲਏ ਹਨ।"ਪ੍ਰਿਅੰਕਾ ਗਾਂਧੀ ਵਾਕਈ ਪਿਛਲੇ ਸਾਲਾਂ ਵਿੱਚ ਬਹੁਤ ਸਰਗਰਮ ਨਹੀਂ ਰਹੀ ਹੈ, ਪਰ ਉਨ੍ਹਾਂ ਨੂੰ ਪਤਾ ਹੈ ਕਿ ਹੁਣ ਜਿਆਦਾ ਦੇਰ ਨਹੀਂ ਕੀਤੀ ਜਾ ਸਕਦੀ।2024, ਵਿੱਚ ਨਰਿੰਦਰ ਮੋਦੀ ਨੂੰ ਚੁਣੌਤੀ ਦੇਣ ਲਈ ਉਨ੍ਹਾਂ ਨੇ ਆਪਣੀ ਪਾਰਟੀ ਨੂੰ ਉੱਤਰ ਪ੍ਰਦੇਸ਼ ਵਿੱਚ ਹਰ ਹਾਲ ਵਿੱਚ ਮਜ਼ਬੂਤ ਕਰਨਾ ਹੋਵੇਗਾ।                                          

 ਭਾਜਪਾ ਦਾ ਸਿਖਾਂ ਵਿਰੁਧ ਜ਼ਹਿਰੀਲਾ ਪ੍ਰਚਾਰ

 ਕਾਂਗਰਸ ਉੱਤਰ ਪ੍ਰਦੇਸ਼ 'ਚ ਪੰਜਾਬ ਦੀ ਰਾਜਨੀਤੀ ਖੇਡੀ ਜਾ ਰਹੀ ਹੈ ਅਤੇ  ਪਰ ਉਸ ਦੇ ਬਰਾਬਰ ਭਾਜਪਾ ਦੀ ਆਪਣੀ ਫਿਰਕੂ ਖੇਡ ਚੱਲਾ ਰਹੀ ਹੈ। ਅਸਲ 'ਚ ਲਖੀਮਪੁਰ ਖੀਰੀ, ਪੀਲੀਭੀਤ, ਬਹਿਰਾਇਚ ਭਾਵ ਤਰਾਈ ਦੇ ਇਲਾਕਿਆਂ 'ਚ ਵੱਡੀ ਗਿਣਤੀ 'ਚ ਸਿੱਖ ਆਬਾਦੀ ਹੈ। ਖੀਰੀ ਦੇ ਤਿਕੋਨੀਆ 'ਚ ਸ਼ਹੀਦ ਹੋਏ ਕਿਸਾਨ ਵੀ ਸਿੱਖ ਭਾਈਚਾਰੇ ਦੇ ਹਨ। ਸੋ ਰਾਹੁਲ ਗਾਂਧੀ ਆਪਣੇ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਵੀ ਲੈ ਕੇ ਗਏ। ਬਘੇਲ ਨੂੰ ਇਸ ਲਈ ਲਿਜਾਇਆ ਗਿਆ ਸੀ, ਕਿਉਂਕਿ ਉਨ੍ਹਾਂ ਨੂੰ ਹਾਲ ਹੀ 'ਚ ਕਾਂਗਰਸ ਨੇ ਉੱਤਰ ਪ੍ਰਦੇਸ਼ ਚੋਣਾਂ ਦਾ ਨਿਗਰਾਨ ਬਣਾਇਆ ਹੈ। ਚੰਨੀ ਅਤੇ ਬਘੇਲ ਨੇ ਮਰਨ ਵਾਲੇ ਕਿਸਾਨਾਂ ਅਤੇ ਪੱਤਰਕਾਰ ਦੇ ਰਿਸ਼ਤੇਦਾਰਾਂ ਦੇ ਲਈ 50-50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ। ਪੰਜਾਬ 'ਚ ਕਾਂਗਰਸ ਨੂੰ ਇਸ ਦਾ ਫ਼ਾਇਦਾ ਮਿਲੇਗਾ ਤੇ ਕਿਸਾਨ ਅੰਦੋਲਨ ਦਾ ਫ਼ਾਇਦਾ ਕਾਂਗਰਸ ਉੱਤਰ ਪ੍ਰਦੇਸ਼ 'ਚ ਵੀ ਲੈਣਾ ਚਾਹੁੰਦੀ ਹੈ।ਇਸ ਲਈ ਉਸ ਨੇ ਕਿਸਾਨਾਂ ਨਾਲ ਜੁੜੇ ਮਾਮਲਿਆਂ ਨੂੰ ਏਨਾ ਚੁੱਕਿਆ। ਪਰ ਦੂਜੇ ਪਾਸੇ ਭਾਜਪਾ ਨੇ ਇਕ ਦੂਜਾ ਦਾਅ ਚੱਲਿਆ। ਕਿਸਾਨਾਂ ਨੂੰ ਕੁਚਲ ਕੇ ਮਾਰੇ ਜਾਣ ਦੀ ਘਟਨਾ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਤੇ ਉਨ੍ਹਾਂ ਦੇ ਬੇਟੇ ਆਸ਼ੀਸ਼ ਨੂੰ ਦੋਸ਼ੀ ਬਣਾਉਣ ਨੂੰ ਭਾਜਪਾ ਨੇ ਬ੍ਰਾਹਮਣਵਾਦ ਨਾਲ ਜੋੜ ਦਿੱਤਾ। ਇਸ ਬਹਾਨੇ ਕਾਂਗਰਸ ਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੂੰ ਬ੍ਰਾਹਮਣ ਵਿਰੋਧੀ ਦੱਸਿਆ ਜਾ ਰਿਹਾ ਹੈ। ਇਹ ਵੀ ਫਿਰਕੂ ਪ੍ਰਚਾਰ ਚੱਲ ਰਿਹਾ ਹੈ ਕਿ ਸਿੱਖ ਕਿਸਾਨਾਂ ਨੇ ਅਜੈ ਮਿਸ਼ਰਾ ਦੇ ਸਮਰਥਕ ਬ੍ਰਾਹਮਣਾਂ ਦੀ ਹੱਤਿਆ ਕੀਤੀ ਹੈ। ਭਾਜਪਾ ਸਿੱਖ ਵੋਟ ਗਵਾਉਣ ਦੀ ਕੀਮਤ 'ਤੇ ਬ੍ਰਾਹਮਣ ਧਰੁਵੀਕਰਨ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਲੋਕਸਭਾ ਸੰਸਦ ਮੈਂਬਰ ਤੇ ਬੀਜੇਪੀ ਆਗੂ ਵਰੁਣ ਗਾਂਧੀ ਆਪਣੀ ਹੀ ਪਾਰਟੀ ਦੀ ਭਾਜਪਾ ਸਰਕਾਰ ਨੂੰ ਘੇਰਦੇ ਹੋਏ ਕਿਹਾ ਹੈ ਕਿ ਲਖੀਮਪੁਰ ਖੀਰੀ ਹਿੰਸਾ ਨੂੰ 'ਹਿੰਦੂ ਸਿੱਖ ਲੜਾਈ' ਵਿਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਹ ਨਾ ਸਿਰਫ ਇੱਕ ਅਨੈਤਿਕ ਅਤੇ ਗਲਤ ਬਿਰਤਾਂਤ ਹੈ, ਬਲਕਿ ਉਨ੍ਹਾਂ ਦੋਸ਼ਾਂ ਨੂੰ ਪੈਦਾ ਕਰਨਾ ਤੇ ਉਨ੍ਹਾਂ ਜ਼ਖ਼ਮਾਂ ਨੂੰ ਮੁੜ ਖੋਲ੍ਹਣਾ ਖ਼ਤਰਨਾਕ ਹੈ ਜੋ ਇੱਕ ਪੀੜ੍ਹੀ ਨੂੰ ਠੀਕ ਕਰਨ ਵਿਚ ਲੱਗੇ ਹਨ।ਪ੍ਰਦਰਸ਼ਨਕਾਰੀਆਂ ਨੂੰ ਕਤਲ ਰਾਹੀਂ ਚੁੱਪ ਨਹੀਂ ਕਰਵਾਇਆ ਜਾ ਸਕਦਾ। ਨਿਰਦੋਸ਼ ਕਿਸਾਨਾਂ ਦੀ ਹੱਤਿਆ ਲਈ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ ਤੇ ਹਰ ਕਿਸਾਨ ਦੇ ਮਨ ਵਿਚ ਹੰਕਾਰ ਤੇ ਬੇਰਹਿਮੀ ਦਾ ਸੰਦੇਸ਼ ਆਉਣ ਤੋਂ ਪਹਿਲਾਂ ਇਨਸਾਫ਼ ਦਿੱਤਾ ਜਾਣਾ ਚਾਹੀਦਾ ਹੈ।