ਗੈਂਗਸਟਰਾਂ ਵਿਚ ਛਿੜੀ ਖੂਨੀ ਜੰਗ ਪੰਜਾਬ ਪੁਲੀਸ ਲਈ ਬਣੀ ਸਿਰਦਰਦੀ , ਖੁਫੀਆ ਏਜੰਸੀਆਂ ਚਿੰਤਤ

ਗੈਂਗਸਟਰਾਂ ਵਿਚ ਛਿੜੀ ਖੂਨੀ ਜੰਗ ਪੰਜਾਬ ਪੁਲੀਸ ਲਈ ਬਣੀ ਸਿਰਦਰਦੀ , ਖੁਫੀਆ ਏਜੰਸੀਆਂ ਚਿੰਤਤ

* ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਪੰਜਾਬ ਦੀ ਸੁਰਖਿਆ  ਲਈ ਚੈਲਿੰਜ ਬਣੇ

ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦੇ ਦਫ਼ਤਰ ਦੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ ਅਪ੍ਰੈਲ ਦੇ ਮੱਧ ਤੱਕ ਸੂਬੇ ਵਿੱਚ  158 ਕਤਲ ਹੋਏ

ਪੰਜਾਬੀ ਦੇ ਕੌਮਾਂਤਰੀ ਪੱਧਰ ਦੇ ਪੌਪ ਸਟਾਰ ਸਿੱਧੂ ਮੂਸੇਵਾਲਾ  ਦਾ 29 ਮਈ 2022 ਨੂੰ  ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਕੁਝ ਹਮਲਾਵਰਾਂ ਵੱਲੋਂ ਆਧੁਨਿਕ ਹਥਿਆਰਾਂ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਪੰਜਾਬ ਪੁਲਿਸ ਨੇ ਕਿਹਾ ਸੀ ਕਿ ਪਹਿਲੀ ਨਜ਼ਰੇ ਮਾਨਸਾ ਵਿੱਚ ਹੋਏ ਕਤਲੇਆਮ ਦਾ ਕਾਰਨ ਕਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਲੱਕੀ ਪਟਿਆਲਾ ਦੀ ਅਗਵਾਈ ਵਾਲੇ ਗਿਰੋਹਾਂ ਦਰਮਿਆਨ ਦੁਸ਼ਮਣੀ ਲੱਗਦਾ ਹੈ ਅਤੇ ਦਾਅਵਾ ਕੀਤਾ ਸੀ ਕਿ ਇਹ ਵਾਰਦਾਤ 2021 ਵਿੱਚ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਸੀ।ਹਾਲਾਂਕਿ ਆਪ ਸਰਕਾਰ ਇਹ ਦਾਅਵਾ ਕਰਦੀ ਰਹੀ ਹੈ ਕਿ ਉਹ ਗੈਂਗਸਟਰ ਦੀਆਂ ਗਤੀਵਿਧੀਆਂ ਨੂੰ ਰੋਕਣ ਵਿੱਚ ਕਾਮਯਾਬ ਰਹੇ ਹਨ।ਇਹਨਾਂ ਵਿੱਚੋਂ ਬਹੁਤੇ ਜਾਂ ਤਾਂ ਮਾਰੇ ਗਏ ਜਾਂ ਗ੍ਰਿਫਤਾਰ ਕੀਤੇ ਗਏ ਹਨ ਜਾਂ ਫਿਰ ਉਹ ਦੂਜੇ ਸੂਬਿਆਂ ਵਿੱਚ ਭੱਜ ਗਏ ਹਨ।ਪਰ ਤਾਜ਼ਾ ਘਟਨਾਵਾਂ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਗੈਂਗਸਟਰ ਦੀਆਂ ਖੂਨੀ ਸਰਗਰਮੀਆਂ ਤੇ ਲੁੱਟ ਦੀਆਂ ਵਾਰਦਾਤਾਂ ਪੰਜਾਬ ਦੀ ਸੁਰੱਖਿਆ ਲਈ ਖਤਰਾ ਬਣੀਆਂ ਹੋਈਆਂ ਹਨ।

ਬੀਤੇ ਦਿਨੀਂ ਲਾਰੈਂਸ ਬਿਸ਼ਨੋਈ ਗੈਂਗ ਦੇ ਲੋਕਾਂ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਦੋ ਸ਼ੂਟਰਾਂ ਨੂੰ ਤਿਖੇ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪੰਜਾਬ ਦੀ ਅਪਰਾਧ ਦੀ ਦੁਨੀਆ ਦੇ ਤਿੰਨ ਵੱਡੇ ਨਾਮ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ ਇਹ ਦੋਵੇਂ ਜੇਲ੍ਹ ਵਿਚ ਬੰਦ ਹਨ ਅਤੇ ਵਿਦੇਸ਼ ਵਿਚ ਬੈਠਾ ਗੋਲਡੀ ਬਰਾੜ ਇਹ ਤਿੰਨੇ ਕਦੇ ਇਕ ਹੋਇਆ ਕਰਦੇ ਸਨ, ਹੁਣ ਇਹ ਇਕ-ਦੂਜੇ ਦੇ ਖੂਨ ਦੇ ਪਿਆਸੇ ਬਣ ਬੈਠੇ ਹਨ। ਜੱਗੂ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਤੋਂ ਬਦਲਾ ਲੈਣ ਲਈ ਆਪਣੇ ਕੱਟੜ ਦੁਸ਼ਮਣ ਗੈਂਗ ਬੰਬੀਹਾ ਗਰੁੱਪ ਨਾਲ ਹੱਥ ਮਿਲਾ ਲਿਆ, ਜਦ ਕਿ ਆਪਣਾ ਦਬਦਬਾ ਹੋਰ ਵਧਾਉਣ ਲਈ ਲਾਰੈਂਸ ਅਤੇ ਗੋਲਡੀ ਨੇ ਲੰਡਾ ਹਰੀਕੇ ਨਾਲ ਹੱਥ ਮਿਲਾ ਲਿਆ।

 ਪੁਲਿਸ ਸੂਤਰਾਂ ਅਨੁਸਾਰ ਗੈਂਗਸਟਰ  ਫਿਲਮ ਇੰਡਸਟਰੀ, ਸੰਗੀਤ ਜਗਤ ਜਾਂ ਹੋਰ ਅਮੀਰਾਂ ਤੋਂ ਫਿਰੌਤੀਆਂ ਮੰਗ ਰਹੇ ਹਨ ਅਤੇ ਇਨਕਾਰ ਕਰਨ 'ਤੇ ਅਗਵਾ ਜਾਂ ਹਮਲਾ ਵੀ ਕਰ ਦਿੰਦੇ ਹਨ, ਜਿਵੇਂ ਪਰਮੀਸ਼ ਵਰਮਾ 'ਤੇ ਹਮਲਾ ਕੀਤਾ ਸੀ ਅਤੇ ਮਨਕੀਰਤ ਔਲਖ ਵੱਲੋਂ ਧਮਕੀਆਂ ਮਿਲਣ ਦਾ ਦਾਅਵਾ ਕੀਤਾ ਗਿਆ ਸੀ। ਕਈ ਸਿਆਸੀ ਤੇ ਕਾਰੋਬਾਰੀ ਲੋਕ ਇਨ੍ਹਾਂ ਗਿਰੋਹਾਂ ਦੀ ਵਰਤੋਂ ਆਪਣੇ ਹਿੱਤਾਂ ਦੀ ਪੂਰਤੀ ਲਈ ਕਰਦੇ ਹਨ।ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਗੈਂਗਸਟਰ ਕਤਲ, ਹਥਿਆਰਾਂ ਦੀ ਤਸਕਰੀ ਅਤੇ ਨਸ਼ਾ ਤਸਕਰੀ, ਆਦਿ ਵਿੱਚ ਵੀ ਸ਼ਾਮਲ ਰਹਿੰਦੇ ਹਨ।ਇਹ ਦੋ ਨੰਬਰ ਦੇ ਪੈਸੇ ਨੂੰ ਆਪਣੇ ਹਿਸਾਬ  ਨਾਲ ਇੰਡਸਟਰੀ ਵਿੱਚ ਇਨਵੈਸਟ ਵੀ ਕਰਦੇ ਹਨ, ਭਾਵੇਂ ਉਹ ਫਿਲਮ ਹੋਵੇ ਜਾਂ ਕੋਈ ਕਾਰੋਬਾਰ ਹੋਵੇ।

ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦੇ ਦਫ਼ਤਰ ਤੋਂ ਉਪਲਬਧ ਅਪਰਾਧ ਅੰਕੜਿਆਂ ਅਨੁਸਾਰ ਪਿਛਲੇ ਸਾਲ ਅਪ੍ਰੈਲ ਦੇ ਮੱਧ ਤੱਕ ਸੂਬੇ ਵਿੱਚ  158 ਕਤਲ ਹੋ ਚੁੱਕੇ ਹਨ, ਜੋ ਪ੍ਰਤੀ ਮਹੀਨਾ ਔਸਤਨ 50 ਕਤਲ ਬਣਦੇ ਹਨ।ਸਾਲ 2021 ਵਿਚ 724 ਲੋਕਾਂ ਦਾ ਕਤਲ ਹੋਇਆ ਸੀ ਜਦਕਿ 2020 ਦੌਰਾਨ ਸੂਬੇ ਵਿਚ 757 ਕਤਲ ਹੋਏ।ਸਾਲ 2021 ਵਿੱਚ ਹਰ ਮਹੀਨੇ ਔਸਤਨ 60 ਕਤਲ ਅਤੇ 2020 ਵਿੱਚ 65 ਕਤਲ ਹੋਏ।

ਕੁਝ ਦਿਨ ਪਹਿਲਾਂ ਹੀ ਗੋਇੰਦਵਾਲ ਜੇਲ੍ਹ ਵਿਚ ਬੰਦ ਜੱਗੂ ਦੇ ਦੋ ਸ਼ੂਟਰਾਂ ਮਨਪ੍ਰੀਤ ਮੰਨਾ ਅਤੇ ਤੂਫਾਨ ਨੂੰ ਲਾਰੈਂਸ ਗੈਂਗ ਦੇ ਸ਼ੂਟਰ ਸਚਿਨ ਭਵਾਨੀ ਨੇ ਆਪਣੇ ਗੈਂਗ ਦੇ ਸਾਥੀਆਂ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ ।ਇਸ ਬਾਰੇ ਜੇਲ੍ਹ ਵਿਚ ਮੋਬਾਇਲ ਫੋਨ ਤੋਂ ਵੀਡੀਓ ਬਣਾ ਕੇ, ਜਿਸ ਵਿਚ ਉਹ ਉਨ੍ਹਾਂ ਨੂੰ ਮਾਰਨ ਦਾ ਜਸ਼ਨ ਮਨਾ ਰਹੇ ਸਨ। ਇਸ ਦਾ ਜਵਾਬ ਦਿੰਦੇ ਹੋਏ ਜੱਗੂ ਗੈਂਗ ਦੇ ਲੋਕਾਂ ਨੇ ਵੀ ਗੋਲਡੀ ਬਰਾੜ ਅਤੇ ਲਾਰੈਂਸ ਗੈਂਗ ਦੇ ਖਾਤਮੇ ਦੀ ਗੱਲ ਕੀਤੀ।  ਖੁਫੀਆ ਵਿਭਾਗ ਇਸ ਸਬੰਧੀ  ਅਲਰਟ ਜਾਰੀ ਕਰ ਦਿਤਾ ਹੈ ਕਿ ਗੈਂਗਸਟਰ ਪੰਜਾਬ ਦੀ ਸੁਰੱਖਿਆ ਲਈ ਖਤਰਨਾਕ ਹਨ।

ਯਾਦ ਰਹੇ ਕਿ ਅਪਰਾਧ ਦੀ ਦੁਨੀਆ ਵਿਚ ਜੱਗੂ ਭਗਵਾਨਪੁਰੀਆ  ਗੈਂਗਸਟਰ  ’ਤੇ ਕਤਲ, ਇਰਾਦਾ ਕਤਲ, ਅਗਵਾ, ਫਿਰੌਤੀ ਅਤੇ ਡਰੱਗ ਸਮੱਗਲਿੰਗ ਕਰਨ ਵਰਗੇ 70 ਮੁਕੱਦਮੇ ਦਰਜ ਹਨ। ਜੱਗੂ ਨੂੰ ਪੰਜਾਬ ਵਿਚ ਰਾਜਨੀਤਿਕ ਸ਼ਰਨ ਵੀ ਮਿਲਦੀ ਰਹੀ ਸੀ। ਇਸ ਦਾ ਖੁਲਾਸਾ ਖੁਦ ਉਸ ਸਮੇਂ ਆਈ. ਜੀ. ਰਹੇ ਇਕ ਅਧਿਕਾਰੀ ਨੇ ਆਪਣੀ ਰਿਪੋਰਟ ਵਿਚ ਕੀਤਾ ਸੀ। ਜੱਗੂ ਗੈਂਗ ਦਾ ਜ਼ਿਆਦਾ ਦਬਦਬਾ ਪੰਜਾਬ ਦੇ ਮਾਝਾ ਜ਼ਿਲ੍ਹੇ ਵਿਚ ਰਿਹਾ ਹੈ। ਗੋਲਡੀ ਬਰਾੜ ਅਤੇ ਲਾਰੈਂਸ ਦੋਵੇਂ ਇਕ ਹੀ ਯੂਨੀਵਰਸਿਟੀ ਵਿਚ ਪੜ੍ਹਦੇ ਸਨ। ਦੋਵਾਂ ਨੇ ਇਕੱਠੇ ਅਪਰਾਧ ਦੀ ਦੁਨੀਆ ਵਿਚ ਕਦਮ ਰੱਖਿਆ ਅਤੇ ਅੱਗੇ ਵਧਣ ਲਈ ਦੋਵਾਂ ਨੂੰ ਗੈਂਗਸਟਰ ਜੱਗੂ ਦਾ ਸਾਥ ਮਿਲਿਆ। ਜੱਗੂ ਦੀ ਦਵਿੰਦਰ ਬੰਬੀਹਾ ਗੈਂਗ ਨਾਲ ਦੁਸ਼ਮਣੀ ਸੀ ਤਾਂ ਲਾਰੈਂਸ ਵੀ ਬੰਬੀਹਾ ਗੈਂਗ ਦਾ ਦੁਸ਼ਮਣ ਬਣ ਗਿਆ। ਗੋਲਡੀ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿਚ ਲਿਖਿਆ, ‘ਜੋ ਜੱਗੂ ਦਾ ਖਾਸ ਬਣਿਆ ਹੋਇਆ ਸੀ, ਅਸਲ ਵਿਚ ਉਹੀ ਸਭ ਤੋਂ ਵੱਡਾ ਗੱਦਾਰ ਸੀ। ਆਪਣਾ ਦਬਦਬਾ ਕਾਇਮ ਰੱਖਣ ਲਈ ਉਹ ਪੁਲਸ ਦਾ ਮੁਖਬਰ ਬਣਿਆ ਹੋਇਆ ਸੀ ਅਤੇ ਉਸੇ ਨੇ ਹੀ ਮੁਖਬਰੀ ਕਰ ਕੇ ਉਨ੍ਹਾਂ ਦੇ ਦੋ ਖਾਸਮਖਾਸ ਮਨਪ੍ਰੀਤ ਮੰਨੋ, ਜਗਰੂਪ ਰੂਪਾ ਦਾ ਪੁਲਸ ਰਾਹੀਂ ਚੁਕਵਾ ਕੇ ਉਨ੍ਹਾਂ ਦਾ ਐਨਕਾਊਂਟਰ ਕਰਵਾਇਆ।’ ਜੇਲ੍ਹ ਵਿਚ ਬੰਦ ਲਾਰੈਂਸ ਨੂੰ ਭਿਣਕ ਲਗ ਚੁੱਕੀ ਸੀ ਕਿ ਜੱਗੂ ਨੇ ਆਪਣੇ ਦੁਸ਼ਮਣ ਬੰਬੀਹਾ ਗੈਂਗ ਨਾਲ ਹੱਥ ਮਿਲਾ ਲਿਆ ਹੈ। ਗੋਲਡੀ ਨੇ ਆਪਣੀ ਪੋਸਟ ਵਿਚ ਇਹ ਵੀ ਲਿਖਿਆ ਕਿ ਜੇਲ੍ਹ ਵਿਚ ਬੰਦ ਲਾਰੈਂਸ ਬਿਸ਼ਨੋਈ ਨੂੰ ਇਸ ਗੱਲ ਦਾ ਪਤਾ ਲਗ ਗਿਆ ਸੀ ਕਿ ਜੱਗੂ ਨੇ ਆਪਣੇ ਦੁਸ਼ਮਣ ਬੰਬੀਹਾ ਗਰੁੱਪ ਨਾਲ ਹੱਥ ਮਿਲਾ ਲਿਆ ਹੈ। ਖੁਫ਼ੀਆ ਵਿਭਾਗ ਦੀ ਇਕ ਰਿਪੋਰਟ ਮੁਤਾਬਕ ਜੱਗੂ ਨੇ ਆਪਣੇ ਦੋਸਤ ਰਹੇ ਗੋਲਡੀ ਅਤੇ ਲਾਰੈਂਸ ਤੋਂ ਇਸ ਲਈ ਕਿਨਾਰਾ ਕਰ ਲਿਆ ਸੀ ਕਿਉਂਕਿ ਉਸ ਨੂੰ ਵੀ ਪਤਾ ਲੱਗ ਗਿਆ ਸੀ ਕਿ ਇਨ੍ਹਾਂ ਦੋਵਾਂ ਨੇ  ਪਾਕਿਸਤਾਨ ਵਿਚ ਬੈਠੇ ਰਿੰਦਾ ਅਤੇ ਵਿਦੇਸ਼ ਵਿਚ ਬੈਠੇ ਲੰਡਾ ਹਰੀਕੇ ਨਾਲ ਹੱਥ ਮਿਲਾ ਲਿਆ ਹੈ।

ਗੈਂਗਸਟਰਾਂ ਵਿਚ ਇਕ-ਦੂਜੇ ਦੇ ਸ਼ੂਟਰਾਂ ਨੂੰ ਮਾਰਨ ਦਾ ਸਿਲਸਿਲਾ ਜੇਲ੍ਹ ਤੋਂ ਹੋਇਆ ਸ਼ੁਰੂ 

ਦੁਸ਼ਮਣ ਬਣ ਚੁੱਕੇ ਹੁਣ ਇਨ੍ਹਾਂ ਗੈਂਗਸਟਰਾਂ ਵਿਚ ਇਕ-ਦੂਜੇ ਦੇ ਸ਼ੂਟਰਾਂ ਨੂੰ ਮਾਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਖੂਨ ਖਰਾਬੇ ਦੇ ਇਕ ਨਵੇਂ ਦੌਰ ਦੀ ਸ਼ੁਰੂਆਤ ਪੰਜਾਬ ਦੀ ਜੇਲ੍ਹ ਤੋਂ ਹੋਈ ਹੈ। ਪੰਜਾਬ ਦੀਆਂ ਜੇਲ੍ਹਾਂ ਵਿਚ ਵੀ ਗੈਂਗਸਟਰਾਂ ਦਾ ਇੰਨਾ ਦਬਦਬਾ ਬਣ ਗਿਆ ਕਿ ਆਪਣੇ ਦਬਦਬੇ ਨੂੰ ਕਾਇਮ ਰੱਖਣ ਦੀ ਲੜਾਈ ਉਨ੍ਹਾਂ ਨੇ ਜੇਲ੍ਹਾਂ ਵਿਚ ਵੀ ਸ਼ੁਰੂ ਕਰ ਦਿੱਤੀ ਹੈ। ਲਾਰੈਂਸ ਨੇ ਜੇਲ੍ਹ ਵਿਚ ਬੈਠੇ ਹੀ ਪੰਜਾਬ ਦੀ ਜੇਲ੍ਹ ਵਿਚ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿਵਾ ਦਿੱਤਾ ਜਿਸ ਤੋਂ ਬਾਅਦ ਪੰਜਾਬ ਪੁਲਸ ਦੀ ਕਾਰਜਪ੍ਰਣਾਲੀ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਆਖਿਰ ਜੇਲ੍ਹ ਵਿਚ ਬੰਦ ਇਨ੍ਹਾਂ ਗੈਂਗਸਟਰਾਂ ਦੇ ਕੋਲ ਮੋਬਾਇਲ ਫੋਨ ਅਤੇ ਹਥਿਆਰ ਕਿੱਥੋਂ ਤੇ ਕਿਵੇਂ ਆਏ, ਉਸੇ ਮੋਬਾਇਲ ਫੋਨ ਤੋਂ ਸ਼ੂਟਰ ਸਚਿਨ ਭਿਵਾਨੀ ਨੇ ਉਨ੍ਹਾਂ ਨੂੰ ਮਾਰਨ ਤੋਂ ਬਾਅਦ ਜਸ਼ਨ ਮਨਾਉਣ ਦੀ ਵੀਡੀਓ ਬਣਾਈ ਅਤੇ ਵਿਦੇਸ਼ ਵਿਚ ਬੈਠੇ ਗੋਲਡੀ ਬਰਾੜ ਨੂੰ ਬਾਕਾਇਦਾ ਫੋਨ ਕਰਕੇ ਵੀ ਦੱਸਿਆ। ਲਾਰੈਂਸ ਦਾ ਇਹ ਕਾਰਨਾਮਾ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ’ਤੇ ਵੀ ਵੱਡਾ ਸਵਾਲ ਖੜ੍ਹਾ ਕਰਦਾ ਹੈ।

ਬੰਬੀਹਾ ਗੈਂਗ ਵੀ ਲਾਰੈਂਸ ਨਾਲ ਪੁਰਾਣੀ ਦੁਸ਼ਮਣੀ ਦਾ ਬਦਲਾ ਲੈਣ ਲਈ ਹੋਇਆ ਐਕਟਿਵ

ਖੁਫ਼ੀਆ ਵਿਭਾਗ ਦੀ ਰਿਪੋਰਟ ਮੁਤਾਬਕ ਬੰਬੀਹਾ ਗੈਂਗ ਵੀ ਲਾਰੈਂਸ ਗੈਂਗ ਤੋਂ ਬਦਲਾ ਲੈਣ ਲਈ ਅਤੇ ਇਨ੍ਹਾਂ ਗੈਂਗਸਟਰਾਂ ਵਿਚ ਆਪਸ ਵਿਚ ਸ਼ੁਰੂ ਹੋਈ ਦੁਸ਼ਮਣੀ ਦਾ ਫਾਇਦਾ ਉਠਾ ਕੇ ਸਰਗਰਮ ਹੋਣਾ ਸ਼ੁਰੂ ਹੋ ਗਿਆ ਹੈ। ਬੰਬੀਹਾ ਗੈਂਗ ਦਾ ਮੁੱਖ ਸਰਗਣਾ ਕਬੱਡੀ ਖਿਡਾਰੀ ਦਵਿੰਦਰ ਸਿੰਘ ਸਿੱਧੂ ਸੀ, ਜੋ ਮੋਗਾ ਜ਼ਿਲ੍ਹੇ ਦੇ ਬੰਬੀਹਾ ਪਿੰਡ ਦਾ ਰਹਿਣ ਵਾਲਾ ਸੀ। ਅਪਰਾਧ ਦੀ ਦੁਨੀਆਂ ਵਿਚ ਕਦਮ ਰੱਖਣ ਤੋਂ ਬਾਅਦ ਉਸ ਨੇ ਖੁਦ ਦਾ ਬੰਬੀਹਾ ਗੈਂਗ ਬਣਾ ਲਿਆ। ਇਕ ਪੁਲਸ ਐਨਕਾਊਂਟਰ ਵਿਚ ਦਵਿੰਦਰ ਬੰਬੀਹਾ ਮਾਰਿਆ ਗਿਆ। ਉਸ ਦੇ ਮਾਰੇ ਜਾਣ ਤੋਂ ਬਾਅਦ ਗੈਂਗਸਟਰ ਲੱਕੀ ਪਟਿਆਲਾ, ਜੋ ਵਿਦੇਸ਼ ਅਰਮੀਨੀਆ ਵਿਚ ਰਹਿੰਦਾ ਹੈ, ਉਥੋਂ ਹੀ ਬੈਠਾ ਇਸ ਗੈਂਗ ਨੂੰ ਚਲਾ ਰਿਹਾ ਹੈ। ਲਾਰੈਂਸ ਅਤੇ ਬੰਬੀਹਾ ਗੈਂਗ ਵਿਚ ਬਦਲੇ ਦੀ ਕਹਾਣੀ ਦਿਓੜਾ ਦੇ ਕਤਲ ਤੋਂ ਸ਼ੁਰੂ ਹੋਈ ਸੀ। ਦਿਓੜਾ ਦਾ ਕਤਲ ਲਾਰੈਂਸ ਦੇ ਸ਼ੂਟਰ ਨਹਿਰਾ ਨੇ ਕੀਤਾ ਸੀ, ਜਿਸ ਤੋਂ ਬਾਅਦ ਬੰਬੀਹਾ ਗੈਂਗ ਦੇ ਸੰਚਾਲਕ ਲੱਕੀ ਪਟਿਆਲਾ ਨੇ ਉਸ ਦਾ ਬਦਲਾ ਲੈਣ ਲਈ ਗੁਰਲਾਲ ਬਰਾੜ ਦਾ ਕਤਲ ਕਰਵਾ ਦਿੱਤਾ। ਗੁਰਲਾਲ ਬਰਾੜ ਗੋਲਡੀ ਬਰਾੜ ਦਾ ਰਿਸ਼ਤੇ ਵਿਚ ਭਰਾ ਸੀ। ਗੋਲਡੀ ਨੇ ਭਰਾ ਦੀ ਮੌਤ ਦਾ ਬਦਲਾ ਬੰਬੀਹਾ ਗੈਂਗ ਦੇ ਰਣਜੀਤ ਸਿੰਘ ਰਾਣਾ ਦਾ ਕਤਲ ਕਰਵਾ ਕੇ ਲਿਆ। ਹੁਣ ਜੱਗੂ ਅਤੇ ਬੰਬੀਹਾ ਗੈਂਗ ਦੇ ਇਕੱਠੇ ਆ ਜਾਣ ਨਾਲ ਬੰਬੀਹਾ ਗੈਂਗ ਵੀ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ, ਜੋ ਲਾਰੈਂਸ ਅਤੇ ਬਰਾੜ ਦੇ ਸ਼ੂਟਰਾਂ ਦੇ ਖਾਤਮੇ ਦੀ ਧਮਕੀ ਦੇ ਚੁੱਕਾ ਹੈ।