ਨਿਊਜ਼ੀਲੈਂਡ ਵਿਚ 'ਗੋਰੇ ਨਸਲਵਾਦ' ਦਾ ਅਣਮਨੁੱਖੀ ਕਾਰਾ; ਮਸਜਿਦਾਂ 'ਤੇ ਕੀਤਾ ਹਮਲਾ, ਕਈ ਲੋਕਾਂ ਦੀ ਮੌਤ

ਨਿਊਜ਼ੀਲੈਂਡ ਵਿਚ 'ਗੋਰੇ ਨਸਲਵਾਦ' ਦਾ ਅਣਮਨੁੱਖੀ ਕਾਰਾ; ਮਸਜਿਦਾਂ 'ਤੇ ਕੀਤਾ ਹਮਲਾ, ਕਈ ਲੋਕਾਂ ਦੀ ਮੌਤ
ਨਿਊਜ਼ੀਲੈਂਡ ਪੁਲਿਸ ਦਾ ਅਫਸਰ ਹਮਲੇ ਤੋਂ ਬਾਅਦ ਮਸਜਿਦ ਦੀ ਸੁਰੱਖਿਆ ਲਈ ਤੈਨਾਤੀ ਮੌਕੇ

ਕਰਾਇਸਟਚਰਚ: ਨਿਊਜ਼ੀਲੈਂਡ ਦੇ ਸ਼ਹਿਰ ਕਰਾਇਸਟਚਰਚ ਵਿਚ ਅੱਜ ਮੁਸਲਮਾਨਾਂ ਦੇ ਧਾਰਮਿਕ ਸਥਾਨ ਮਸਜਿਦਾਂ ਨੂੰ ਨਿਸ਼ਾਨਾ ਬਣਾਉਂਦਿਆਂ ਹਥਿਆਰਬੰਦ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ ਜਿਸ ਵਿਚ 40 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਤੇ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਨਿਊਜ਼ੀਲੈਂਡ ਦੇ ਇਤਿਹਾਸ ਵਿਚ ਇਸ ਘਟਨਾ ਨੂੰ ਧਾਰਮਿਕ ਨਫਰਤ ਦੀ ਸਭ ਤੋਂ ਵੱਡੀ ਘਟਨਾ ਮੰਨਿਆ ਜਾ ਰਿਹਾ ਹੈ। ਹੁਣ ਤੱਕ ਦੀਆਂ ਪ੍ਰਾਪਤ ਜਾਣਕਾਰੀਆਂ ਮੁਤਾਬਿਕ ਇਹ ਹਮਲਾ ਗੋਰੇ ਹਮਲਾਵਰ ਵੱਲੋਂ ਕੀਤਾ ਗਿਆ ਹੈ। 

ਪੁਲਿਸ ਮੁਤਾਬਿਕ ਇਸ ਹਮਲੇ ਵਿਚ ਕਈ ਜਾਨਾਂ ਗਈਆਂ ਹਨ ਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਸ ਹਮਲੇ ਨੂੰ ਅਣਚਿਤਵੀ ਘਟਨਾ ਦੱਸਿਆ ਹੈ। 

ਹਮਲਾਵਰ ਵਲੋਂ ਹਮਲੇ ਨੂੰ ਫੇਸਬੁੱਕ 'ਤੇ 'ਲਾਈਵ' ਚਲਾਇਆ ਗਿਆ। ਇਹ ਹਮਲਾ ਯੂਰੋਪ ਅਤੇ ਪੱਛਮੀ ਸੱਭਿਅਤਾ ਦੇ ਪ੍ਰਭਾਵ ਵਾਲੇ ਹੋਰ ਸਮਾਜਾਂ ਵਿਚ ਵੱਧ ਰਹੀ ਗੋਰੇ ਨਸਲਵਾਦ ਨਾਲ ਸਬੰਧਿਤ ਹੈ, ਜਿੱਥੇ ਹੋਰ ਨਸਲਾਂ ਖਿਲਾਫ ਨਫਰਤ ਵਿਚ ਵਾਧਾ ਹੋ ਰਿਹਾ ਹੈ। ਹਮਲਾਵਰ ਨੇ ਫੇਸਬੁੱਕ ਖਾਤੇ 'ਤੇ ਇਸ ਹਮਲੇ ਸਬੰਧੀ ਗੋਰੇ ਨਸਲਬਾਦ ਦਾ ਇਕ ਮੈਨੀਫੈਸਟੋ ਵੀ ਸਾਂਝਾ ਕੀਤਾ ਹੈ। 

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਨਾਲ ਸਬੰਧਿਤ ਤਿੰਨ ਬੰਦਿਆਂ ਅਤੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਨੂੰ ਗੱਡੀਆਂ ਵਿਚੋਂ ਵੱਡੀ ਮਾਤਰਾ ਵਿਚ ਧਮਾਕਾਖੇਜ ਸਮਗਰੀ ਮਿਲੀ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਨਸਲੀ ਨਫਰਤ ਵਾਲਾ ਕੋਈ ਵੱਡਾ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਪੁਲਿਸ ਕਮਿਸ਼ਨਰ ਨੇ ਕਰਾਇਸਟਚਰਚ ਦੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ ਅਤੇ ਸਰਕਾਰ ਨੇ ਮਸਜਿਦਾਂ ਨੂੰ ਕੁਝ ਸਮੇਂ ਲਈ ਬੰਦ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਸ਼ੁਕਰਵਾਰ ਵਾਲੇ ਦਿਨ ਮਸਜਿਦਾਂ ਵਿਚ ਜ਼ਿਆਦਾ ਭੀੜ ਹੁੰਦੀ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ