ਜਿਨਪਿੰਗ ਦਾ ਤਖਤਾ ਪਲਟਣ ਤੇ ਨਜ਼ਰਬੰਦ ਕੀਤੇ ਜਾਣ ਦੀ ਚਰਚਾ, ਜਨਰਲ ਲੀ ਵਲੋਂ ਰਾਸ਼ਟਰਪਤੀ ਹੋਣ ਦਾ ਦਾਅਵਾ

ਜਿਨਪਿੰਗ ਦਾ ਤਖਤਾ ਪਲਟਣ ਤੇ  ਨਜ਼ਰਬੰਦ ਕੀਤੇ ਜਾਣ ਦੀ ਚਰਚਾ, ਜਨਰਲ ਲੀ ਵਲੋਂ ਰਾਸ਼ਟਰਪਤੀ ਹੋਣ ਦਾ ਦਾਅਵਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਤਖਤਾ ਪਲਟਣ ਅਤੇ ਉਨ੍ਹਾਂ ਨੂੰ ਨਜ਼ਰਬੰਦ ਕੀਤੇ ਜਾਣ ਦੀ ਚਰਚਾ ਹੈ। ਇੰਟਰਨੈੱਟ ਮੀਡੀਆ ਅਤੇ ਦੁਨੀਆ ਭਰ ਵਿੱਚ ਚੱਲ ਰਹੀ ਇਸ ਚਰਚਾ ਦੀ ਚੀਨ ਨਾ ਤਾਂ ਪੁਸ਼ਟੀ ਕਰ ਰਿਹਾ ਹੈ ਅਤੇ ਨਾ ਹੀ ਇਨਕਾਰ ਕਰ ਰਿਹਾ ਹੈ। ਹਰ ਛੋਟੇ ਜਾਂ ਵੱਡੇ ਮੁੱਦੇ 'ਤੇ ਪ੍ਰਤੀਕਿਰਿਆ ਦੇਣ ਵਾਲਾ ਚੀਨ ਦਾ ਵਿਦੇਸ਼ ਮੰਤਰਾਲਾ ਵੀਬੀਤੇ ਹਫਤੇ ਤੋਂ ਚੱਲ ਰਹੀ ਇਸ ਚਰਚਾ 'ਤੇ ਚੁੱਪ ਹੈ। ਉਜ਼ਬੇਕਿਸਤਾਨ 'ਚ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ 'ਚ ਹਿੱਸਾ ਲੈਣ ਤੋਂ ਬਾਅਦ 16 ਸਤੰਬਰ ਨੂੰ ਬੀਜਿੰਗ ਪਰਤੇ ਜਿਨਪਿੰਗ ਨੂੰ ਉਦੋਂ ਤੋਂ ਦੇਖਿਆ ਨਹੀਂ ਗਿਆ।

ਕੁਝ ਲੋਕਾਂ ਨੇ ਕਿਹਾ, ਚੀਨ ਸਰਕਾਰ ਦੇ ਵਿਦੇਸ਼ ਤੋਂ ਪਰਤੇ ਵਿਅਕਤੀ ਨੂੰ ਕੁਆਰੰਟੀਨ ਕਰਨ ਦੇ ਨਿਯਮ ਕਾਰਨ ਜਿਨਫਿੰਗ ਏਕਾਂਤਵਾਸ ਵਿੱਚ ਹਨ, ਪਰ ਤਿੰਨ ਦਿਨ ਦਾ ਸਮਾਂ ਬੀਤਣ ਦੇ ਬਾਅਦ ਵੀ ਜਿਨਫਿੰਗ ਨਜ਼ਰ ਨਹੀਂ ਆਏ।

ਇਹ ਚਰਚਾ ਉਦੋਂ ਤੇਜ਼ ਹੋ ਗਈ ਹੈ ਜਦੋਂ ਜਿਨਪਿੰਗ ਦਾ ਪੰਜ ਸਾਲਾਂ ਦਾ ਦੂਜਾ ਕਾਰਜਕਾਲ ਖਤਮ ਹੋਣ ਵਾਲਾ ਹੈ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਕਾਂਗਰਸ ਵਿੱਚ ਤੀਜੇ ਕਾਰਜਕਾਲ ਲਈ ਪ੍ਰਸਤਾਵ ਪੇਸ਼ ਕੀਤਾ ਜਾਣ ਵਾਲਾ ਹੈ। ਪੰਜ ਸਾਲਾਂ ਵਿੱਚ ਇੱਕ ਵਾਰ ਹੋਣ ਵਾਲੀ ਕਾਂਗਰਸ ਦੀ ਚੋਣ 16 ਅਕਤੂਬਰ ਨੂੰ ਸ਼ੁਰੂ ਹੋਵੇਗੀ ਅਤੇ ਪਾਰਟੀ ਵਰਕਰਾਂ ਦੁਆਰਾ ਚੁਣੇ ਗਏ 2,296 ਨੁਮਾਇੰਦੇ ਇਸ ਵਿੱਚ ਸ਼ਾਮਲ ਹੋਣਗੇ।

ਜਨਰਲ ਲੀ ਨੂੰ ਕਮਾਂਡ ਸੌਂਪੀ ਜਾ ਸਕਦੀ ਹੈ

ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਪ੍ਰਸਤਾਵਿਤ ਕੀਤੇ ਜਾਣ ਵਾਲੇ ਨਾਂ 'ਤੇ ਇਹੀ ਚੁਣੇ ਹੋਏ ਨੁਮਾਇੰਦੇ ਮੋਹਰ ਲਾਉਂਦੇ ਹਨ। ਇਸ ਵਾਰ ਵੀ ਅਜਿਹਾ ਹੀ ਹੋਣ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਚੀਨ 'ਵਿਚ ਪਰਦੇ ਦੇ ਪਿੱਛੇ ਫੌਜ ਨੇ ਸ਼ਾਸਨ ਨੂੰ ਘੇਰ ਲਿਆ ਹੈ। ਜਨਰਲ ਲੀ ਕੁਆਓ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਲਿਆ ਹੈ। ਇਸ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ ਹੈ। 16 ਅਕਤੂਬਰ ਤੋਂ ਸ਼ੁਰੂ ਹੋ ਰਹੀ ਪਾਰਟੀ ਕਾਂਗਰਸ ਵਿਚ ਜਨਰਲ ਲੀ ਦੇ ਨਾਂ 'ਤੇ ਮੋਹਰ ਲਗਾਈ ਜਾਵੇਗੀ।

ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ

ਟਵਿੱਟਰ 'ਤੇ ਕੀਤੇ ਗਏ ਦਾਅਵੇ ਮੁਤਾਬਕ ਚੀਨ 'ਚ 6,000 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। ਇੰਟਰਨੈੱਟ ਮੀਡੀਆ 'ਤੇ ਚੱਲ ਰਹੀ ਚਰਚਾ ਮੁਤਾਬਕ ਚਿਨਫਿੰਗ ਹਿਰਾਸਤ ਵਿਚ ਸਾਰੇ ਸੰਪਰਕਾਂ ਤੋਂ ਦੂਰ ਹੈ। ਉਹ ਨਾ ਤਾਂ ਪਾਰਟੀ ਦੇ ਕਿਸੇ ਆਗੂ ਨੂੰ ਮਿਲ ਪਾ ਰਹੇ ਹਨ ਅਤੇ ਨਾ ਹੀ ਕਿਸੇ ਨਾਲ ਫ਼ੋਨ 'ਤੇ ਗੱਲ ਕਰ ਸਕਦੇ।