ਚੇਅਰਪਰਸਨ ਮਾਧਵੀ ਬੁਚ ਅਤੇ ਉਸ ਦਾ ਪਤੀ ਉਪਰ ਵਿੱਤੀ

ਚੇਅਰਪਰਸਨ ਮਾਧਵੀ ਬੁਚ ਅਤੇ ਉਸ ਦਾ ਪਤੀ ਉਪਰ ਵਿੱਤੀ

ਹਿੰਡਨਬਰਗ ਨੇ ਜਾਰੀ ਕੀਤੀ ਇੱਕ ਹੋਰ ਰਿਪੋਰਟ,ਦੋਸ਼ਾਂ ਨੂੰ ਬੁਚ ਜੋੜੇ ਅਤੇ ਅਡਾਨੀ ਗਰੁੱਪ, ਦੋਵਾਂ ਨੇ ਨਕਾਰਿਆ

*ਨਿਵੇਸ਼ਕਾਂ ਨੂੰ ਖਿੱਚਣ ਦੀਆਂ ਸਰਕਾਰਾਂ ਦੀਆਂ ਕੋਸ਼ਿਸ਼ਾਂ ਨੂੰ ਲਗ ਸਕਦਾ ਏ ਵੱਡਾ ਝਟਕਾ 

ਕਰੀਬ ਡੇਢ ਸਾਲ ਪਹਿਲਾਂ ਅਡਾਨੀ ਗਰੁੱਪ ’ਤੇ ‘ਕਾਰਪੋਰੇਟ ਇਤਿਹਾਸ ਦਾ ਸਭ ਤੋਂ ਵੱਡਾ ਹੇਰ-ਫੇਰ’ ਕਰਨ ਦੇ ਦੋਸ਼ ਲਾ ਕੇ ਤਹਿਲਕਾ ਮਚਾਉਣ ਵਾਲੇ ਅਮਰੀਕੀ ‘ਸ਼ਾਰਟ-ਸੈੱਲਰ’ ਹਿੰਡਨਬਰਗ ਰਿਸਰਚ (ਨਿਵੇਸ਼ ਤੇ ਖੋਜ ਫਰਮ) ਨੇ ਹੁਣ ਆਪਣੀ ਨਵੀਂ ਰਿਪੋਰਟ ’ਚ ਸੇਬੀ (ਸਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ) ਦੀ ਚੇਅਰਪਰਸਨ ਮਾਧਵੀ ਬੁਚ ਅਤੇ ਉਨ੍ਹਾਂ ਦੇ ਪਤੀ ਉੱਤੇ ਨਿਸ਼ਾਨਾ ਸੇਧਿਆ ਹੈ। 

ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਦੀ ਤਾਜ਼ਾ ਰਿਪੋਰਟ ਵਿਚ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਗਏ ਹਨ। ਰਿਪੋਰਟ 'ਚ ਭਾਰਤੀ ਸ਼ੇਅਰ ਬਾਜ਼ਾਰ ਰੈਗੂਲੇਟਰੀ ਸੇਬੀ ਦੇ ਮੁਖੀ ਅਤੇ ਉਨ੍ਹਾਂ ਦੇ ਪਤੀ 'ਤੇ ਗੰਭੀਰ ਦੋਸ਼ ਲਗਾਏ ਗਏ ਹਨ। ਤਾਜਾ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਸੇਬੀ ਦੀ ਮੁਖੀ ਮਾਧਬੀ ਬੁਚ ਅਤੇ ਉਨ੍ਹਾਂ ਦੇ ਪਤੀ ਧਵਲ ਬੁਚ ਦੇ ਨਾਂ ਕਥਿਤ ਅਡਾਨੀ ਘਪਲੇ ਨਾਲ ਜੁੜ ਰਿਹਾ ਹੈ। ਹੁਣੇ ਜਿਹੇ ਆਈ ਰਿਪੋਰਟ ਵਿਚ ਦੋਸ਼ ਲਗਾਇਆ ਗਿਆ ਹੈ ਕਿ ਕਥਿਤ ਅਡਾਨੀ ਧਨ ਹੇਰਾਫੇਰੀ ਘੋਟਾਲੇ 'ਚ ਇਸਤੇਮਾਲ ਕੀਤੇ ਗਏ ਅਸਪਸ਼ਟ ਆਫਸ਼ੋਰ ਫੰਡ 'ਚ ਜੋੜੇ ਦੀ ਹਿੱਸੇਦਾਰੀ ਸੀ। ਹਿੰਡਨਬਰਗ ਨੇ ਦਾਅਵਾ ਕੀਤਾ ਹੈ ਕਿ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਅਤੇ ਉਨ੍ਹਾਂ ਦੇ ਪਤੀ ਧਵਲ ਬੁਚ ਦੀ ਮਾਰੀਸ਼ਸ ਦੀ ਆਫਸ਼ੋਰ ਕੰਪਨੀ 'ਗਲੋਬਲ ਡਾਇਨਾਮਿਕ ਅਪਚੁਰਨਿਟੀ ਫੰਡ' 'ਚ ਹਿੱਸੇਦਾਰੀ ਹੈ। ਹਿੰਡਨਬਰਗ ਨੇ ਦਾਅਵਾ ਕੀਤਾ ਹੈ ਕਿ ਇਸੇ ਕੰਪਨੀ ਵਿਚ ਗੌਤਮ ਅਡਾਨੀ ਦੇ ਭਰਾ ਵਿਨੋਦ ਅਡਾਨੀ ਨੇ ਅਰਬਾਂ ਡਾਲਬ ਦਾ ਨਿਵੇਸ਼ ਕੀਤਾ ਹੈ। ਦੋਸ਼ ਹੈ ਕਿ ਇਸ ਪੈਸੇ ਦਾ ਇਸਤੇਮਾਲ ਹੀ ਸ਼ੇਅਰਾਂ ਦੀ ਕੀਮਤ 'ਚ ਤੇਜੀ ਲਿਆਉਣ ਲਈ ਕੀਤਾ ਗਿਆ ਸੀ

ਇਨ੍ਹਾਂ ਦੋਸ਼ਾਂ ਨੂੰ ਬੁਚ ਜੋੜੇ ਅਤੇ ਅਡਾਨੀ ਗਰੁੱਪ, ਦੋਵਾਂ ਨੇ ਨਕਾਰਿਆ ਹੈ। ਜੋੜੇ ਨੇ ਇਨ੍ਹਾਂ ਨੂੰ ਕਿਰਦਾਰਕੁਸ਼ੀ ਕਰਾਰ ਦਿੱਤਾ ਹੈ। ਜਿ਼ਕਰਯੋਗ ਹੈ ਕਿ ਭਾਰਤ ਦੇ ਸੁਪਰੀਮ ਕੋਰਟ ਨੇ ਜਨਵਰੀ ਵਿੱਚ ਸੇਬੀ ਦੀ ਪਿੱਠ ਥਾਪੜਦਿਆਂ ਕਿਹਾ ਸੀ ਕਿ ਬੋਰਡ ਸਟਾਕ ਕੀਮਤਾਂ ਵਿੱਚ ਕਥਿਤ ਹੇਰ-ਫੇਰ ਦੀ ‘ਵਿਆਪਕ ਪੱਧਰ ਉੱਤੇ ਜਾਂਚ ਕਰ ਰਿਹਾ ਹੈ’ ਅਤੇ ਕੇਸ ਨੂੰ ਵਿਸ਼ੇਸ਼ ਜਾਂਚ ਟੀਮ ਹਵਾਲੇ ਕਰਨ ਦੀ ਕੋਈ ਲੋੜ ਨਹੀਂ। ਸਿਖਰਲੀ ਅਦਾਲਤ ਦੇ ਸੇਬੀ ਬਾਰੇ ਜਤਾਏ ਭਰੋਸੇ ਨੇ ਹਾਲਾਂਕਿ ਸਵਾਲ ਵੀ ਖੜ੍ਹੇ ਕੀਤੇ ਸਨ ਕਿ ਜੇ ਅਦਾਲਤ ਨੂੰ ਬੋਰਡ ਉੱਤੇ ਇੰਨਾ ਹੀ ਵਿਸ਼ਵਾਸ ਸੀ ਤਾਂ ਅਦਾਲਤ ਨੇ ਜਨਵਰੀ 2023 ਦੀ ਹਿੰਡਨਬਰਗ ਰਿਪੋਰਟ ਤੋਂ ਬਾਅਦ ਰੈਗੂਲੇਟਰੀ ਖਾਮੀਆਂ ਦੀ ਜਾਂਚ ਲਈ ਮਾਹਿਰਾਂ ਦੀ ਕਮੇਟੀ ਕਿਉਂ ਬਣਾਈ ਸੀ? 

ਕਾਬਿਲ-ਏ-ਗੌਰ ਹੈ ਕਿ ਮਾਮਲੇ ਉੱਤੇ ਵੱਡਾ ਵਿਵਾਦ ਖੜ੍ਹਾ ਹੋਣ ਤੋਂ ਬਾਅਦ ਇਸ ਨੂੰ ਸੁਪਰੀਮ ਕੋਰਟ ’ਚ ਵਿਚਾਰਿਆ ਗਿਆ ਸੀ।

ਇੱਥੇ ਫਿਲਹਾਲ ਸੇਬੀ (ਸਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ) ਦੀ ਭਰੋਸੇਯੋਗਤਾ ਦਾਅ ਉੱਤੇ ਲੱਗੀ ਹੋਈ ਹੈ ਅਤੇ ਸਿਆਸੀ ਅਖਾੜੇ ਵਿੱਚ ਵੀ ਤਿੱਖੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ਨੇ ‘ਘੁਟਾਲੇ ਦੀ ਸੰਪੂਰਨ ਜਾਂਚ’ ਖਾਤਰ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਬਣਾਉਣ ਦੀ ਮੰਗ ਦੁਹਰਾਈ ਹੈ। ਜਿ਼ਕਰਯੋਗ ਹੈ ਕਿ ਦੇਸ਼ ਦੇ ਮੋਹਰੀ ਕਾਰੋਬਾਰੀਆਂ ਦਾ ਲੋੜੋਂ ਵੱਧ ਪੱਖ ਪੂਰਨ ਦੇ ਦੋਸ਼ ਸਰਕਾਰ ’ਤੇ ਕਈ ਵਾਰ ਲੱਗ ਚੁੱਕੇ ਹਨ। ਇਸ ਲਈ ਸਰਕਾਰ ਨੂੰ ਹੁਣ ਚਾਹੀਦਾ ਹੈ ਕਿ ਉਹ ਸਿਰਫ਼ ਮੁੱਖ ਵਿਰੋਧੀ ਧਿਰ ਅਤੇ ਹਿੰਡਨਬਰਗ ਉੱਤੇ ਰਲੇ ਹੋਣ ਦਾ ਦੋਸ਼ ਲਾਉਣ ਦੀ ਥਾਂ ਕੋਈ ਬਿਹਤਰ ਕਾਰਵਾਈ ਕਰੇ। 

ਤੱਥ ਸਪੱਸ਼ਟ ਕਰਨ ਲਈ ਪਾਰਦਰਸ਼ਤਾ ਜ਼ਰੂਰੀ ਹੈ; ਇਹ ਧਾਰਨਾ ਦੂਰ ਹੋਣੀ ਚਾਹੀਦੀ ਹੈ ਕਿ ਸੇਬੀ ਆਪਣੀ ਜਾਂਚ ਹਰ ਪੱਖ ਤੋਂ ਮੁਕੰਮਲ ਕਰਨ ’ਚ ਝਿਜਕ ਰਹੀ ਹੈ। ਹਿੰਡਨਬਰਗ ਦੇ ਦਾਅਵਿਆਂ ਨੂੰ ਐਵੇਂ ਹੀ ਨਕਾਰਿਆ ਨਹੀਂ ਜਾ ਸਕਦਾ, ਇਨ੍ਹਾਂ ਦਾ ਨਿਰਵਿਵਾਦ ਤੱਥਾਂ ਨਾਲ ਸਾਹਮਣਾ ਕਰਨਾ ਪਏਗਾ। ਅਜਿਹਾ ਜਿੰਨਾ ਜਲਦੀ ਕੀਤਾ ਜਾਵੇਗਾ, ਚੰਗਾ ਹੋਵੇਗਾ; ਨਹੀਂ ਤਾਂ ਨਿਵੇਸ਼ਕਾਂ ਨੂੰ ਖਿੱਚਣ ਦੀਆਂ ਸਰਕਾਰਾਂ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

ਕਾਂਗਰਸ ਪ੍ਰਧਾਨ ਖੜਗੇ ਬੋਲੇ- ਸਾਂਝੀ ਸੰਸਦੀ ਕਮੇਟੀ ਤੋਂ ਕਰਵਾਈ ਜਾਵੇ ਘਪਲੇ ਦੀ ਜਾਂਚ

 ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਦੀ ਰਿਸਰਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੇਬੀ 'ਤੇ ਲੱਗੇ ਦੋਸ਼ਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਡਾਨੀ ਸਮੂਹ ਅਤੇ ਸੇਬੀ ਦੀ ਮਿਲੀਭੁਗਤ ਨਾਲ ਹੋਏ ਘਪਲੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ (ਜੇ.ਪੀ.ਸੀ.) ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਮੁੱਦੇ ਦੀ ਜੇ.ਪੀ.ਸੀ. ਤੋਂ ਜਾਂਚ ਕਰਵਾਉਣਾ ਜ਼ਰੂਰੀ ਹੈ। ਨਹੀਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ਨਾਲ ਸਮਝੌਤਾ ਕਰਕੇ ਆਪਣੇ ਸਹਿਯੋਗੀਆਂ ਨੂੰ ਬਚਾਉਂਦੇ ਰਹਿਣਗੇ। 

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੂੰ ਅਡਾਨੀ ਸਮੂਹ ਦੇ ਘਪਲਿਆਂ ਦੀ ਜਾਂਚ ਕਰਵਾ ਕੇ ਸੇਬੀ 'ਤੇ ਲੱਗੇ ਦੋਸ਼ਾਂ 'ਤੇ ਸਥਿਤੀ ਸਪਸ਼ਟ ਕਰਨੀ ਹੋਵੇਗੀ। ਨਾਲ ਹੀ ਤੁਰੰਤ ਕਾਰਵਾਈ ਕਰਨੀ ਹੋਵੇਗੀ। ਐਕਸ 'ਤੇ ਕੀਤੇ ਗਏ ਇਕ ਪੋਸਟ 'ਤੇ ਖੜਗੇ ਨੇ ਕਿਹਾ ਕਿ ਜਨਵਰੀ 2023 'ਚ ਹਿੰਡਨਬਰਗ ਦੀ ਰਿਪੋਰਟ ਆਉਣ ਤੋਂ ਬਾਅਦ ਸੇਬੀ ਨੇ ਸੁਪਰੀਮ ਕੋਰਟ 'ਚ ਅਡਾਨੀ ਸਮੂਹ 'ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। ਹੁਣ ਸੇਬੀ ਮੁਖੀ 'ਤੇ ਦੋਸ਼ ਲੱਗੇ ਹਨ। ਉਨ੍ਹਾਂ ਕਿਹਾ ਕਿ ਮੱਧ ਵਰਗ ਦੇ ਨਿਵੇਸ਼ਕ ਆਪਣੀ ਮਿਹਨਤ ਦੀ ਕਮਾਈ ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਰਦੇ ਹਨ। ਅਜਿਹੇ ਘਪਲਿਆਂ ਅਤੇ ਦੋਸ਼ਾਂ ਤੋਂ ਬਾਅਦ ਨਿਵੇਸ਼ਕ ਚਿੰਤਤ ਹਨ। ਉਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ। ਖੜਕੇ ਨੇ ਕਿਹਾ ਕਿ ਇਸ ਘਪਲੇ ਦੀ ਜਾਂਚ ਜੀ.ਪੀ.ਸੀ. ਤੋਂ ਕਰਵਾਉਣੀ ਜ਼ਰੂਰੀ ਹੈ।