ਕੈਪਟਨ ਨੇ ਪੰਜਾਬ ਦੇ ਦਰਿਆਈ ਪਾਣੀ ਦੇ ਨਹਿਰੀਕਰਨ ਲਈ ਮੋਦੀ ਨੂੰ ਕੀਤੀ ਅਪੀਲ

ਕੈਪਟਨ ਨੇ ਪੰਜਾਬ ਦੇ ਦਰਿਆਈ ਪਾਣੀ ਦੇ ਨਹਿਰੀਕਰਨ ਲਈ ਮੋਦੀ ਨੂੰ ਕੀਤੀ ਅਪੀਲ

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਪੰਜਾਬ ਦੀਆਂ ਦਰਿਆਵਾਂ ਦੇ ਨਹਿਰੀਕਰਨ ਦੀ ਨੀਤੀ ਨੂੰ ਰਾਸ਼ਟਰੀ ਕਾਰਜ ਵਿੱਚ ਪਾ ਕੇ ਪੈਸਾ ਜਾਰੀ ਕਰਨ ਦੀ ਅਪੀਲ ਕੀਤੀ ਹੈ। ਕੈਪਟਨ ਵੱਲੋਂ ਕੀਤੀ ਗਈ ਇਸ ਅਪੀਲ 'ਤੇ ਪੰਜਾਬ ਦੇ ਜਲ ਮਾਹਿਰਾਂ ਦੀਆਂ ਕੀ ਟਿਪਣੀਆਂ ਆਉਂਦੀਆਂ ਹਨ ਉਸ ਦੀ ਉਡੀਕ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਮਸਲਾ ਜਿੱਥੇ ਪੰਜਾਬ ਦੇ ਜੀਵਨ ਦੀ ਹੋਂਦ ਨਾਲ ਜੁੜਿਆ ਹੈ ਉੱਥੇ ਲਗਾਤਾਰ ਪੰਜਾਬ ਵਿਰੋਧੀ ਤਾਕਤਾਂ ਸਿੱਧੇ ਅਤੇ ਅਸਿੱਧੇ ਢੰਗਾਂ ਨਾਲ ਪੰਜਾਬ ਦੇ ਦਰਿਆਈ ਪਾਣੀਆਂ 'ਤੇ ਪੰਜਾਬ ਦੇ ਹੱਕ ਨੂੰ ਖੋਰਾ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਅਜਿਹੇ ਵਿੱਚ ਜਿੱਥੇ ਭਾਰਤ ਸਰਕਾਰ ਭਾਰਤ ਦੇ ਪ੍ਰਬੰਧ ਹੇਠਲੇ ਖੇਤਰ ਵਿੱਚ ਪੈਂਦੇ ਸਾਰੇ ਦਰਿਆਵਾਂ ਦਾ ਨਹਿਰੀਕਰਨ ਕਰਕੇ ਉਨ੍ਹਾਂ ਨੂੰ ਆਪਸ ਵਿੱਚ ਜੋੜਨ ਦੀ ਨੀਤੀ 'ਤੇ ਕੰਮ ਕਰ ਰਹੀ ਹੈ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਅਤੇ ਨਰਿੰਦਰ ਮੋਦੀ ਦੀ ਇਸ ਮੁਲਾਕਾਤ ਨੂੰ ਗੰਭੀਰਤਾ ਨਾਲ ਵਾਚਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਦਰਿਆਵਾਂ ਦੇ 985 ਕਿਲੋਮੀਟਰ ਲੰਬੇ ਕੰਢਿਆਂ ਨੂੰ ਪੱਕਾ ਕਰਨ ਦੀ ਤਜ਼ਵੀਜ਼ ਕੇਂਦਰ ਸਾਹਮਣੇ ਰੱਖੀ ਹੈ ਤਾਂ ਕਿ ਇਸ ਸਦਕਾ ਪਾਣੀ ਦੀ ਸਹੀ ਵਰਤੋਂ ਕਰਕੇ ਆਰਥਿਕ ਲਾਭ ਦੇ ਮੌਕੇ ਬਣਾਏ ਜਾ ਸਕਣ ਅਤੇ ਹੜ੍ਹਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ।

ਹਲਾਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਸ਼ ਕੀਤੀ ਗਈ ਇਸ ਤਜਵੀਜ਼ 'ਤੇ ਕੰਮ ਕਰਦਿਆਂ ਪੰਜਾਬ ਦੇ ਦਰਿਆਈ ਪਾਣੀ ਨੂੰ ਪੰਜਾਬ ਦੇ ਖੇਤਾਂ ਦੀ ਸਿੰਚਾਈ ਲਈ ਖੇਤਾਂ ਤੱਕ ਪਹੁੰਚਾਉਣ ਦਾ ਜੁਗਾੜ ਬਣਾਇਆ ਜਾਵੇ ਤਾਂ ਪੰਜਾਬ ਦੇ ਜਲ ਸੰਕਟ ਨੂੰ ਖਤਮ ਕੀਤਾ ਜਾ ਸਕਦਾ ਹੈ ਜੋ ਕਿ ਦਰਿਆਈ ਪਾਣੀ ਦੀ ਘਾਟ ਦੇ ਚਲਦਿਆਂ ਫਸਲਾਂ ਦੀ ਸਿੰਜਾਈ ਲਈ ਜ਼ਮੀਨੀ ਪਾਣੀ ਦੀ ਵਧੇਰੇ ਵਰਤੋਂ ਨਾਲ ਪੈਦਾ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਤਜਵੀਜ਼ ਵਿੱਚ ਇਸ ਪੱਖ ਨੂੰ ਪ੍ਰਮੁੱਖਤਾ ਦਿੱਤੀ ਹੈ।