ਦਿਲਜੀਤ ਦੇ ਸ਼ੋਅ ਵਿਚ ਟਰੂਡੋ ਦੀ ਮਿਲਨੀ ’ਤੇ ਭਗਵੇਂ ਫਿਰਕਾਪ੍ਰਸਤ ਫੈਲਾ ਰਹੇ ਨੇ ਨਫ਼ਰਤੀ ਮੈਸੇਜ!

ਦਿਲਜੀਤ ਦੇ ਸ਼ੋਅ ਵਿਚ  ਟਰੂਡੋ ਦੀ ਮਿਲਨੀ ’ਤੇ ਭਗਵੇਂ ਫਿਰਕਾਪ੍ਰਸਤ ਫੈਲਾ ਰਹੇ ਨੇ ਨਫ਼ਰਤੀ ਮੈਸੇਜ!

ਕੈਨੇਡਾ ਦੇ ਐੱਮਪੀ ਚੰਦਰਾ ਆਰਿਆ ਨੇ ਟਰੰਪ ’ਤੇ ਹੋਏ ਹਮਲੇ ਨੂੰ ‘ਖ਼ਾਲਿਸਤਾਨ’ ਨਾਲ ਜੋੜਿਆ

*ਭਗਵੇਂ ਫਿਰਕੂ ਪੰਜਾਬ ਸ਼ਬਦ ਤੋਂ ਔਖੇ,ਸਿਰਸਾ ਵੀ ਪੰਜਾਬ ਤੋਂ ਨਫਰਤ ਕਰਨ ਲਗਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਟਰਾਂਟੋ – ਕੈਨੇਡਾ ਵਿੱਚ ਪੰਜਾਬੀਆਂ ਨੂੰ ਲੈ ਕੇ ਕੋਈ ਚੰਗੀ ਚੀਜ਼ ਹੋਵੇ ਜਾਂ ਫਿਰ ਕਿਸੇ ਦੂਜੇ ਦੇਸ਼ ਵਿੱਚ ਕੋਈ ਵੀ ਮਾੜੀ ਘਟਨਾ ਹੋਏ ਉਸ ਨੂੰ ਲੈ ਕੇ ਕੁਝ ਫਿਰਕੂ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕਣ ਅਤੇ ਨਫ਼ਰਤੀ ਟਿੱਪਣੀਆਂ ਕਰਨ ਤੋਂ ਬਾਜ਼ ਨਹੀਂ ਆਉਂਦੇ। 24 ਘੰਟੇ ਦੇ ਅੰਦਰ ਕੈਨੇਡਾ ਅਤੇ ਅਮਰੀਕਾ ਤੋਂ 2 ਖ਼ਬਰਾਂ ਆਈਆਂ ਹਨ। ਪਹਿਲੀ ਖ਼ਬਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਇਸ ਵਾਰ ਵੀ ਰਾਸ਼ਟਰਪਤੀ ਦੇ ਉਮੀਦਵਾਰ ਡੌਨਲਡ ਟਰੰਪ ’ਤੇ ਹੋਏ ਹਮਲੇ ਦੀ ਹੈ ਜਦਕਿ ਦੂਜੀ ਖ਼ਬਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਲਜੀਤ ਦੋਸਾਂਝ ਨੂੰ ਗਲੇ ਲਗਾਉਣ ਦੀ ਹੈ। ਦੋਵਾਂ ਖ਼ਬਰਾਂ ਨੂੰ ਮੁਖ ਰੱਖਦੇ ਹੋਏ ਹਿੰਦੂ ਰਾਸ਼ਟਰਵਾਦੀਆਂ ਵਲੋਂ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।

ਕੈਨੇਡਾ ਵਿੱਚ ਦਿਲਜੀਤ ਦੋ ਹੋਣ ਵਾਲੇ ਸ਼ੋਅ ਤੋਂ ਪਹਿਲਾਂ ਜਸਟਿਨ ਟਰੂਡੋ ਸਟੇਜ ‘ਤੇ ਪ੍ਰੈਕਟਿਸ ਦੌਰਾਨ ਉਨ੍ਹਾਂ ਨੂੰ ਮਿਲਣ ਪਹੁੰਚੇ ਅਤੇ ਪੰਜਾਬੀਆਂ ਦੇ ਹੱਕ ਵਿੱਚ ਨਾਅਰਾ ਲਗਾਇਆ ਅਤੇ ਆਪਣੇ ਸੋਸ਼ਲ ਮੀਡੀਆ ਐਕਾਉਂਟ ’ਤੇ ਲਿਖਿਆ ਕਿ ਮੈਂ ਰੋਜਰ ਸੈਂਟਰ ’ਤੇ ਰੁਕਿਆ ਅਤੇ ਦਲਜੀਤ ਦੋਸਾਂਝ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਕੈਨੇਡਾ ਬਹੁਤ ਸ਼ਾਨਦਾਰ ਦੇਸ਼ ਹੈ ਜਿੱਥੇ ਪੰਜਾਬ ਤੋਂ ਆਏ ਮੁੰਡੇ ਨੇ ਸਟੇਡੀਅਮ ਫੁੱਲ ਕਰਕੇ ਇਤਿਹਾਸ ਸਿਰਜਿਆ।

​​​​​​

ਜਸਟਿਸ ਟਰੂਡੋ ਦਾ ਇਹ ਬਿਆਨ ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਨੂੰ ਇਤਰਾਜ਼ ਹੈ ਕਿ ਦਿਲਜੀਤ ਦੀ ਤਰੀਫ ਕਰਦੇ ਸਮੇਂ ‘ਪੰਜਾਬ’ ਸ਼ਬਦ ਦੀ ਵਰਤੋਂ ਕਿਉਂ ਕੀਤੀ ਗਈ ਹੈ ਉਸ ਨੂੰ ਭਾਰਤੀ ਕਿਉਂ ਨਹੀਂ ਕਿਹਾ ਗਿਆ ਹੈ। ਆਖ਼ਿਰ ਭਾਰਤੀ ਕਹਿਣ ’ਤੇ ਟਰੂਡੋ ਨੂੰ ਕਿਉਂ ਡਰ ਲੱਗਦਾ ਹੈ?

ਜ਼ਾਹਿਰ ਹੈ ਸੋਸ਼ਲ ਮੀਡੀਆ ’ਤੇ ਕੁਮੈਂਟ ਕਰਨ ਵਾਲੇ ਇਹ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਇਹ ਮਾਣ ਨਹੀਂ ਹੈ ਕਿ ਇਸ ਦੇਸ਼ ਦਾ ਪ੍ਰਧਾਨ ਮੰਤਰੀ ਤੁਹਾਡੇ ਦੇਸ਼ ਦੇ ਨਾਗਰਿਕ ਨੂੰ ਮਿਲਣ ਦੇ ਸਪੈਸ਼ਲ ਸਟੇਜ ’ਤੇ ਆਇਆ ਹੈ। ਪਰ ਉਹ ਇਸ ਵਿੱਚ ਨਫ਼ਰਤ ਦਾ ਬੀਜ ਲੱਭ ਰਹੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਜਦੋਂ ਪਿਛਲੇ ਸਾਲ ਅਮਰੀਕਾ ਗਏ ਸਨ ਤਾਂ ਉੱਥੇ ਦੇ ਵਿਦੇਸ਼ ਮੰਤਰੀ ਐਨਟੋਨੀ ਜੇ. ਬਲਿਨਕਿਨ ਨੇ ਦਿਲਜੀਤ ਦੋ ਸ਼ੋਅ ਦੀ ਤਰੀਫ਼ ਕੀਤੀ ਸੀ। 

ਉੱਧਰ ਅਮਰੀਕਾ ਵਿੱਚ ਡੌਨਲਡ ਟਰੰਪ ’ਤੇ ਹੋਏ ਹਮਲੇ ਨੂੰ ਲੈ ਕੇ ਕੈਨੇਡਾ ਦੇ ਐੱਮਪੀ ਚੰਦਰਾ ਆਰੀਆ ਨੇ ਖ਼ਾਲਿਸਤਾਨ ਨਾਲ ਜੋੜ ਦਿੱਤਾ ਹੈ।

ਕੈਨੇਡਾ ਦੇ ਐੱਮਪੀ ਚੰਦਰਾ ਆਰੀਆ ਨੇ ਕਿਹਾ ਜਿਸ ਤਰ੍ਹਾਂ ਡੌਨਾਲਡ ਟਰੰਪ ’ਤੇ ਹਮਲਾ ਹੋਇਆ ਹੈ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਅੱਖਾਂ ਖੋਲਣ ਵਾਲਾ ਹੈ, ਕਿਉਂਕਿ ਉਨ੍ਹਾਂ ਦਾ ਰਵੱਈਆ ਕੈਨੇਡਾ ਵਿੱਚ ਖ਼ਾਲਿਸਤਾਨੀ ਹਮਾਇਤੀਆਂ ਵੱਲ ਨਰਮ ਹੈ। ਆਰੀਆ ਨੇ ਕਿਹਾ ਕਿਸ ਤਰ੍ਹਾਂ ਜੂਨ ਮਹੀਨੇ ਵਿੱਚ ਸ਼ਰ੍ਹੇਆਮ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਨੂੰ ਦਰਸਾਇਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੌਜੂਦਗੀ ਵਿੱਚ ਖ਼ਾਲਿਸਤਾਨੀ ਪੱਖੀ ਨਾਅਰੇ ਲਗਾਏ ਗਏ। ਐੱਮਪੀ ਚੰਦਰਾ ਆਰੀਆ ਨੇ ਕਿਹਾ ਕੈਨੇਡਾ ਦੇ ਸਿਆਸਤਦਾਨਾਂ ਨੂੰ ਫੌਰਨ ਅਜਿਹੇ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਇਹ ਪਹਿਲਾਂ ਮੌਕਾ ਨਹੀਂ ਹੈ ਕਿ ਆਰੀਆ ਨੇ ਅਜਿਹਾ ਬਿਆਨ ਦਿੱਤਾ ਹੋਵੇ ਉਨ੍ਹਾਂ ਨੇ ਸਿਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਧਮਕੀ ਤੋਂ ਬਾਅਦ ਹਿੰਦੂਆਂ ਨੂੰ ਸ਼ਾਂਤ ਪਰ ਅਲਰਟ ਰਹਿਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਮੈਨੂੰ ਸਮਝ ਨਹੀਂ ਆਉਂਦਾ ਹੈ ਕਿ ਆਖਿਰ ਕਿਵੇਂ ਧਾਰਮਿਕ ਅਤੇ ਬੋਲਣ ਦੀ ਅਜ਼ਾਦੀ ਦੇ ਨਾਂ ’ਤੇ ਦਹਿਸ਼ਤਗਰਦੀ ਅਤੇ ਨਫ਼ਰਤ ਨੂੰ ਹੁੰਗਾਰਾ ਦਿੱਤਾ ਜਾ ਰਿਹਾ ਹੈ

ਸਪਸ਼ਟ ਹੈ ਕਿ ਐੱਮਪੀ ਚੰਦਰਾ ਆਰੀਆ ਹਿੰਦੂਤਵ ਨੂੰ ਭੜਕਾਉਣ ਲਈ ਸਰਗਰਮ ਹਨ।

ਇਸ ਦੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਪੀਐਮ ਜਸਟਿਨ ਟਰੂਡੋ ਦੀ ‘ਪੰਜਾਬ’ ਵਾਲੀ ਗੱਲ ’ਤੇ ਇਤਰਾਜ਼ ਹੈ। ਉਨ੍ਹਾਂ ਵੀ ਟਵੀਟ ਕਰਕੇ ਟਰੂਡੋ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ – ਮੈਨੂੰ ਇਸ ਨੂੰ ਸਹੀ ਕਰਨ ਦਿਓ, ਮਿਸਟਰ ਪ੍ਰਾਈਮ ਮਿਨਿਸਟਰ – ਜਿੱਥੇ ‘ਭਾਰਤ’ ਤੋਂ ਆਇਆ ਇੱਕ ਮੁੰਡਾ ਇਤਿਹਾਸ ਰਚ ਸਕਦਾ ਹੈ ਤੇ ਪੂਰਾ ਸਟੇਡੀਅਮ ਵੇਖ ਸਕਦਾ ਹੈ। ਦਿਲਜੀਤ ਦੁਸਾਂਝ ਵਰਗੇ ਲਾਇਕ ਕਲਾਕਾਰ ਦੀ ਤਾਰੀਫ਼ ਕਰਨ ਦੇ ਤੁਹਾਡੇ ਇਸ਼ਾਰੇ ਨੂੰ ਸ਼ਬਦਾਂ ਦੀ ਖੇਡ ਰਾਹੀਂ ਤੁਹਾਡੀ ਜਾਣਬੁੱਝ ਕੇ ਕੀਤੀ ਸ਼ਰਾਰਤ ਨੇ ਪੂਰੀ ਤਰ੍ਹਾਂ ਕਿਨਾਰੇ ਦਿੱਤਾ ਹੈ।ਹੈਰਾਨੀ ਦੀ ਗਲ ਇਹ ਹੈ ਕਿ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁਕੇ ਸਿਰਸਾ ਦਾ ਕਿਵੇਂ ਭਗਵਾਂਕਰਨ ਹੋ ਚੁਕਾ ਹੈ।ਉਨ੍ਹਾਂ ਨੂੰ ਪੰਜਾਬ ਸ਼ਬਦ ਵੀ ਹਜ਼ਮ ਨਹੀਂ ਹੁੰਦਾ।ਇੰਝ ਜਾਪਦਾ ਹੈ ਕਿ ਉਹ ਪੰਜਾਬ ਸ਼ਬਦ ਨਾਲ ਨਫਰਤ ਕਰਨ ਲਗ ਪਏ ਹਨ।